1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਕੋਰੋਨਾਵਾਇਰਸ

ਭਾਰਤ ਵਿਚ ਕੋਵਿਡ ਨਾਲ ਹੋਈਆਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਦਸ ਗੁਣਾ ਵੱਧ - ਰਿਪੋਰਟ

ਰਿਪੋਰਟ ਮੁਤਾਬਕ ਅਸਲ ਮੌਤਾਂ ਦੀ ਗਿਣਤੀ ਕਈ ਮਿਲੀਅਨ ਹੋ ਸਕਦੀ ਹੈ

28 ਅਪ੍ਰੈਲ 2021 ਨੂੰ ਨਵੀਂ ਦਿੱਲੀ ਵਿਚ ਕੋਵਿਡ ਪੀੜਤਾਂ ਦੇ ਸਮੂਹਿਕ ਅੰਤਿਮ-ਸੰਸਕਾਰ ਦੀ ਇੱਕ ਤਸਵੀਰ

28 ਅਪ੍ਰੈਲ 2021 ਨੂੰ ਨਵੀਂ ਦਿੱਲੀ ਵਿਚ ਕੋਵਿਡ ਪੀੜਤਾਂ ਦੇ ਸਮੂਹਿਕ ਅੰਤਿਮ-ਸੰਸਕਾਰ ਦੀ ਇੱਕ ਤਸਵੀਰ

ਤਸਵੀਰ: Danish Siddiqui

RCI

ਇੱਕ ਰਿਪੋਰਟ ਦੇ ਅਨੁਮਾਨਾਂ ਮੁਤਾਬਕ ਭਾਰਤ ਵਿਚ ਕਰੋਨਾਵਾਇਰਸ ਨਾਲ ਹੋਈਆਂ ਜਿੰਨੀਆਂ ਮੌਤਾਂ ਦਾ ਅੰਕੜਾ ਸਰਕਾਰੀ ਰਿਕਾਰਡਾਂ ਵਿਚ ਦਰਜ ਹੋਇਆ ਹੈ, ਅਸਲ ਮੌਤਾਂ ਦੀ ਤਾਦਾਦ ਉਸ ਨਾਲੋਂ 10 ਗੁਣਾ ਤੋਂ ਵੀ ਵੱਧ ਹੋ ਸਕਦੀ ਹੈ। ਇਸ ਰਿਪੋਰਟ ਦੇ ਦਾਅਵਿਆਂ ਅਨੁਸਾਰ ਆਧੁਨਿਕ ਕਾਲ ਵਿਚ ਇਹ ਭਾਰਤ ਦੀ ਸਭ ਤੋਂ ਵੱਡੀ ਤ੍ਰਾਸਦੀ ਹੋਵੇਗੀ।

ਜ਼ਿਆਦਾਤਰ ਮਾਹਰਾਂ ਨੂੰ ਲੱਗਦਾ ਹੈ ਕਿ ਭਾਰਤ ਦੇ ਸਰਕਾਰੀ ਅੰਕੜਿਆਂ ਮੁਤਾਬਕ ਹੋਈਆਂ 414,000 ਮੌਤਾਂ ਸਹੀ ਗਿਣਤੀ ਨਹੀਂ ਹੈ ਅਤੇ ਇਸ ਨਾਲੋਂ ਕਿਤੇ ਵੱਧ ਜਾਨਾਂ ਇਹ ਵਾਇਰਸ ਲੈ ਚੁੱਕਾ ਹੈ, ਪਰ ਸਰਕਾਰ ਇਹਨਾਂ ਦਾਅਵਿਆਂ ਅਤੇ ਅਨੁਮਾਨਾਂ ਨੂੰ ਗੁਮਰਾਹ ਕਰਨ ਵਾਲੇ ਭਰਮ ਦਸਦਿਆਂ ਖੰਡਨ ਕਰ ਚੁੱਕੀ ਹੈ।

ਇਸ ਰਿਪੋਰਟ ਮੁਤਾਬਕ ਜਨਵਰੀ 2020 ਤੋਂ ਜੂਨ 2021 ਦੇ ਦਰਮਿਆਨ ਦਰਜ ਹੋਈਆਂ ਮੌਤਾਂ ਬਾਰੇ ਸਰਕਾਰੀ ਅੰਕੜਿਆਂ ਅਤੇ ਅਸਲ ਗਿਣਤੀ ਵਿਚ 3.4 ਮਿਲੀਅਨ ਤੋਂ 4.7 ਮਿਲੀਅਨ ਮੌਤਾਂ ਦਾ ਫਰਕ ਹੋਣ ਦਾ ਅਨੁਮਾਨ ਹੈ। ਰਿਪੋਰਟ ਅਨੁਸਾਰ ਮੌਤਾਂ ਦੀ ਬਿਲਕੁਲ ਸਟੀਕ ਗਿਣਤੀ ਲੱਭਣਾ ਤਾਂ ਬਹੁਤ ਮੁਸ਼ਕਿਲ ਹੈ ਪਰ ਅਸਲ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਹੋਣਾ ਬਿਲਕੁਲ ਸਪਸ਼ਟ ਹੈ। 

ਇਹ ਰਿਪੋਰਟ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਨ ਅਤੇ ਹਾਰਵਰਡ ਯੂਨੀਵਰਸਿਟੀ ਨਾਲ ਸਬੰਧਤ ਅਦਾਰੇ ਸੈਂਟਰ ਫ਼ੌਰ ਗਲੋਬਲ ਡਿਵੈਲਪਮੈਂਟ ਨਾਲ ਜੁੜੇ ਦੋ ਹੋਰ ਖੋਜੀਆਂ ਨੇ ਤਿਆਰ ਕੀਤੀ ਹੈ। 

ਭਾਰਤ ਦੀ ਤਕਸੀਮ ਤੋਂ ਬਾਅਦ ਦਾ ਸਭ ਤੋਂ ਵੱਡਾ ਦੁਖਾਂਤ 

ਰਿਪੋਰਟ ਮੁਤਾਬਕ , ਅਸਲ ਮੌਤਾਂ ਦੇ ਕਈ ਲੱਖਾਂ ਦੀ ਗਿਣਤੀ ਵਿਚ ਹੋਣ ਦੀ ਬਜਾਏ ਕਈ ਮਿਲੀਅਨ ਵਿਚ ਹੋਣ ਦੀ ਸੰਭਾਵਨਾ ਹੈ ਜਿਸ ਕਰਕੇ ਇਹ ਭਾਰਤ ਦੀ ਤਕਸੀਮ ਅਤੇ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਮਨੁੱਖੀ ਦੁਖਾਂਤ ਜਾਪ ਰਿਹਾ ਹੈ।

ਅੰਗਰੇਜ਼ਾਂ ਦੀ ਹੁਕੂਮਤ ਤੋਂ ਬਾਅਦ 1947 ਵਿਚ ਜਦੋਂ ਭਾਰਤ ਦੀ ਵੰਡ ਹੋਈ ਸੀ ਅਤੇ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਬਣੇ ਸਨ ਉਦੋਂ ਫ਼ਿਰਕੂ ਦੰਗਿਆਂ ਵਿਚ ਕਰੀਬ 1 ਮਿਲੀਅਨ ਲੋਕ ਮਾਰੇ ਗਏ ਸਨ। 

ਇੱਕ ਕਨੇਡੀਅਨ ਮਾਹਰ ਦਾ ਕਹਿਣਾ ਹੈ ਕਿ ਰਿਪੋਰਟ ਦੇ ਨਤੀਜੇ ਤਾਂ ਦੁਰੁਸਤ ਹੋਣ ਦੀ ਸੰਭਾਵਨਾ ਹੈ ਪਰ ਇਸ ਰਿਪੋਰਟ ਦਾ ਵਿਧੀ-ਵਿਗਿਆਨ ਸਮੱਸਿਆਤਮਿਕ ਲੱਗਦਾ ਹੈ। 

ਟੋਰੌਂਟੋ ਦੇ ਸੇਂਟ ਮਾਇਕਲ ਹੌਸਪੀਟਲ ਦੇ ਡਾਕਟਰ ਅਤੇ ਐਪੀਡੈਮੀਉਲੋਜਿਸਟ ਪ੍ਰਭਾਤ ਝਾਅ ਨੇ ਕਿਹਾ, ਉਹਨਾਂ ਨੇ ਜੋ ਵੀ ਮੁਮਕਿਨ ਹੋ ਸਕਦਾ ਸੀ ਉਹ ਕਰਨ ਵਿਚ ਪੂਰੀ ਵਾਹ ਲਾਈ ਹੈ।

ਉਹਨਾਂ ਨੇ ਬੜੇ ਵੱਡੇ ਨੰਬਰ ਦਾ ਨਿਸ਼ਕਰਸ਼ ਕੱਢਿਆ ਹੈ, ਤਿੰਨ ਮਿਲੀਅਨ ਤੋਂ ਵੱਧ ਮੌਤਾਂ, ਪਰ ਉਹਨਾਂ ਦਾ ਇਹ ਸਿੱਟਾ ਕਿ ਪਿਛਲੇ ਸਤੰਬਰ ਵਿਚ ਆਈ ਕੋਵਿਡ ਦੀ ਪਹਿਲੀ ਵੇਵ, ਅਪ੍ਰੈਲ ਤੋਂ ਜੂਨ ਦੇ ਦਰਮਿਆਨ ਦੀ ਮੌਜੂਦਾ ਵੇਵ ਨਾਲੋਂ ਕਿਤੇ ਵੱਡੀ ਸੀ, ਇਹ ਅਨੁਚਿਤ ਅਤੇ ਬੇਤੁਕਾ ਲੱਗਦਾ ਹੈ।

ਉਹਨਾਂ ਕਿਹਾ ਕਿ ਖੋਜੀਆਂ ਨੇ ਬੇਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਵੀ ਸ਼ਾਮਲ ਕੀਤੀ ਹੈ ਜਿਸ ਕਰਕੇ ਭਾਰਤ ਸਰਕਾਰ ਵੀ ਇਸ ਰਿਪੋਰਟ ਦੇ ਨਤੀਜਿਆਂ ਦਾ ਖੰਡਨ ਕਰੇਗੀ। 

ਟੋਰੌਂਟੋ ਦੇ ਸੇਂਟ ਮਾਇਕਲ ਹੌਸਪੀਟਲ ਦੇ ਡਾਕਟਰ ਅਤੇ ਐਪੀਡੈਮੀਉਲੋਜਿਸਟ ਪ੍ਰਭਾਤ ਝਾਅ

ਟੋਰੌਂਟੋ ਦੇ ਸੇਂਟ ਮਾਇਕਲ ਹੌਸਪੀਟਲ ਦੇ ਡਾਕਟਰ ਅਤੇ ਐਪੀਡੈਮੀਉਲੋਜਿਸਟ ਪ੍ਰਭਾਤ ਝਾਅ

ਤਸਵੀਰ:  CBC

ਪਰ ਡਾਕਟਰ ਝਾਅ ਇਸ ਨਾਲ ਸਹਿਮਤ ਹਨ ਕਿ ਭਾਰਤ ਵਿਚ ਕੋਵਿਡ ਕਰਕੇ ਹੋਈਆਂ ਮੌਤਾਂ ਦੀ ਗਿਣਤੀ 4 ਲੱਖ ਨਾਲੋਂ ਵੱਧ ਹੋਵੇਗੀ। 

ਕਿਸੇ ਨੂੰ ਯਕੀਨ ਨਹੀਂ ਹੁੰਦਾ ਕਿ ਭਾਰਤ ਵਿਚ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਇੰਨੀ ਘੱਟ ਹੈ।

ਭਾਰਤ ਵਿਚ ਵਾਇਰਸ ਨਾਲ ਹੋਈਆਂ ਮੌਤਾਂ ਨੂੰ ਮਿਣਨ ਲਈ ਤਿੰਨ ਤਰੀਕਿਆਂ ਦੀ ਵਰਤੋਂ ਕੀਤੀ ਗਈ ਹੈ: ਸਿਵਲ ਰਜਿਸਟ੍ਰੇਸ਼ਨ ਪ੍ਰਣਾਲੀ ਦਾ ਅੰਕੜਾ ਜੋ ਸੱਤ ਰਾਜਾਂ ਵਿੱਚ ਜਨਮ ਅਤੇ ਮੌਤਾਂ ਨੂੰ ਰਿਕਾਰਡ ਕਰਦਾ ਹੈ, ਦੁਨੀਆਂ ਭਰ ਵਿਚ ਕੋਵਿਡ ਨਾਲ ਸਬੰਧਤ ਮੌਤ ਦਰ ਦੇ ਅੰਕੜਿਆਂ ਨਾਲ ਭਾਰਤ ਵਿਚ ਬਲੱਡ ਟੈਸਟ (ਖੂਨ ਦੀ ਜਾਂਚ) ਦੇ ਅੰਕੜੇ , ਅਤੇ ਸਾਲ ਵਿਚ ਤਿੰਨ ਵਾਰੀ 900,000 ਲੋਕਾਂ ਦਾ ਆਰਥਿਕ ਸਰਵੇਖਣ। 

ਖੋਜੀਆਂ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਹਰੇਕ ਵਿਧੀ ਅਤੇ ਤਰੀਕੇ ਦੀਆਂ ਆਪਣੀਆਂ ਕੁਝ ਕਮਜ਼ੋਰੀਆਂ ਹੁੰਦੀਆਂ ਹਨ। 

ਖੋਜੀਆਂ ਨੇ ਇਸ ਗੱਲ ਬਾਰੇ ਵੀ ਸਪਸ਼ਟ ਕੀਤਾ ਹੈ ਕਿ ਭਾਰਤ ਦੇ ਸੱਤ ਰਾਜਾਂ ਵਿਚ ਹੋਈਆਂ ਕੋਵਿਡ ਮੌਤਾਂ ਦੇਸ਼ ਭਰ ਦੀਆਂ ਮੌਤਾਂ ਦੀ ਤਰਜਮਾਨੀ ਨਹੀਂ ਕਰ ਸਕਦੀਆਂ ਕਿਉਂਕਿ ਦੇਸ਼ ਵਿਚ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਵਾਇਰਸ ਦਾ ਪਾਸਾਰ ਵੱਖੋ ਵੱਖਰਾ ਰਿਹਾ ਹੈ ਅਤੇ ਅੱਡ ਅੱਡ ਇਲਾਕਿਆਂ ਵਿਚ ਸਿਹਤ ਸੁਵਿਧਾਵਾਂ ਵਿਚ ਵੀ ਬਹੁਤ ਅੰਤਰ ਹੈ। 

ਬਾਕੀ ਦੇਸ਼ਾਂ ਵਿਚ ਵੀ ਕੋਵਿਡ ਨਾਲ ਹੋਈਆਂ ਮੌਤਾਂ ਦਾ ਸਹੀ ਅੰਕੜਾ ਨਾ ਮੌਜੂਦ ਹੋਣ ਦੀ ਸੰਭਾਵਨਾ ਹੈ। ਪਰ ਭਾਰਤ ਵਿਚ ਸਰਕਾਰੀ ਅੰਕੜਿਆਂ ਅਤੇ ਅਸਲ ਗਿਣਤੀ ਵਿਚ ਅੰਕੜਾ ਇਸ ਕਰਕੇ ਵੱਧ ਲੱਗਦਾ ਹੈ ਕਿਉਂਕਿ 140 ਕਰੋੜ ਦੀ ਆਬਾਦੀ ਵਾਲੇ ਇਸ ਮੁਲਕ ਵਿਚ ਮਹਾਮਾਰੀ ਤੋਂ ਪਹਿਲਾਂ ਵੀ ਸਾਰੀਆਂ ਮੌਤਾਂ ਰਿਕਾਰਡ ਵਿਚ ਦਰਜ ਨਹੀਂ ਸੀ ਹੁੰਦੀਆਂ। 

ਦੱਖਣੀ ਭਾਰਤ ਵਿਚ ਵੈਲੋਰ ਦੇ ਕ੍ਰਿਸ਼ਚਨ ਮੈਡੀਕਲ ਕਾਲਜ ਵਿਚ ਪ੍ਰੋਫੈਸਰ ਜੈਕਬ ਜੌਨ ਦਾ ਕਹਿਣਾ ਹੈ ਕਿ ਇਹ ਰਿਪੋਰਟ ਭਾਰਤ ਵਿਚ ਕੋਵਿਡ ਦੇ ਵਿਨਾਸ਼ਕਾਰੀ ਪ੍ਰਭਾਵ ਅਤੇ ਸਿਹਤ ਪ੍ਰਣਾਲੀ ਦੀ ਮੰਦੀ ਹਾਲਤ ਨੂੰ ਦਰਸਾਉਂਦੀ ਹੈ। 

ਇਸ ਰਿਪੋਰਟ ਮੁਤਾਬਕ ਬੀਤੇ ਸਾਲ ਕੋਵਿਡ ਦੀ ਪਹਿਲੀ ਵੇਵ ਦੌਰਾਨ 2 ਮਿਲੀਅਨ ਲੋਕਾਂ ਦੀ ਮੌਤ ਹੋਈ ਸੀ ਅਤੇ ਸਹੀ ਸਮੇਂ ਤੇ ਮੌਤਾਂ ਦੀ ਸਹੀ ਗਿਣਤੀ ਬਾਰੇ ਅੰਦਾਜ਼ਾ ਨਾ ਹੋਣ ਕਰਕੇ ਆਉਣ ਵਾਲੇ ਸਮਿਆਂ ਵਿਚ ਵੀ ਕੋਵਿਡ ਦਾ ਪਸਾਰ ਹੁੰਦਾ ਗਿਆ। 

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਵੇਂ ਡਾਟਾ ਨਾਲ ਭਾਰਤ ਵਿਚ ਵਾਇਰਸ ਫੈਲਣ ਦੇ ਕਾਰਨਾਂ ਨੂੰ ਬਿਹਤਰ ਜਾਨਣ ਵਿੱਚ ਮਦਦ ਮਿਲੇਗੀ। 

5 ਜੁਲਾਈ 2021 ਨੂੰ ਮੁੰਬਈ ਦੇ ਇੱਕ ਕੋਵਿਡ ਸੈਂਟਰ ਵਿਖੇ ਇਕ ਮਰੀਜ਼ ਨੂੰ ਲਿਜਾਂਦੇ ਹੈਲਥ ਵਰਕਰ

5 ਜੁਲਾਈ 2021 ਨੂੰ ਮੁੰਬਈ ਦੇ ਇੱਕ ਕੋਵਿਡ ਸੈਂਟਰ ਵਿਖੇ ਇਕ ਮਰੀਜ਼ ਨੂੰ ਲਿਜਾਂਦੇ ਹੈਲਥ ਵਰਕਰ

ਤਸਵੀਰ: Associated Press / Rafiq Maqbool

ਭਾਰਤ ਵਿਚ ਕੋਵਿਡ ਨਾਲ ਸਬੰਧਤ ਮੌਤਾਂ ਦਾ ਬਹੁਤ ਬਾਰੀਕੀ ਨਾਲ ਜਾਇਜ਼ਾ ਲੈ ਰਹੇ ਮਿਡਲਸੈਕਸ ਯੂਨੀਵਰਸਿਟੀ ਵਿਚ ਗਣਿਤ ਦੇ ਪ੍ਰੋਫੈਸਰ ਮੁਰਾਦ ਬਾਨਾਜੀ ਨੇ ਕਿਹਾ ਕਿ ਇਸ ਤਾਜ਼ਾ ਜਾਣਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਵਿਚ ਕੋਵਿਡ ਕਰਕੇ ਅਸਲ ਵਿਚ ਮੌਤਾਂ ਦੀ ਗਿਣਤੀ ਰਿਪੋਰਟ ਹੋਈਆਂ ਮੌਤਾਂ ਨਾਲੋਂ ਕਾਫੀ ਵੱਧ ਹੈ। ਉਹਨਾਂ ਕਿਹਾ ਕਿ ਇਸ ਡਾਟਾ ਤੋਂ ਇਹ ਪਤਾ ਚਲਦਾ ਹੈ ਕਿ ਕੋਵਿਡ ਦਾ ਪਸਾਰ ਸਿਰਫ਼ ਸ਼ਹਿਰਾਂ ਤਕ ਹੀ ਸੀਮਤ ਨਹੀਂ ਸੀ ਸਗੋਂ ਭਾਰਤ ਦੇ ਪੇਂਡੂ ਇਲਾਕਿਆਂ ਵਿਚ ਵੀ ਵਾਇਰਸ ਦਾ ਖ਼ਾਸਾ ਪ੍ਰਕੋਪ ਰਿਹਾ ਹੈ। 

ਸਾਨੂੰ ਇਹ ਸੁਆਲ ਪੁੱਛਣਾ ਚਾਹੀਦਾ ਹੈ ਕਿ ਕੀ ਇਹਨਾਂ ਵਿਚੋਂ ਕੁਝ ਮੌਤਾਂ ਨੂੰ ਵਾਪਰਨੋਂ ਟਾਲਿਆ ਜਾ ਸਕਦਾ ਸੀ?

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Associated Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ