1. ਮੁੱਖ ਪੰਨਾ
  2. ਸਿਹਤ
  3. ਕੋਰੋਨਾਵਾਇਰਸ

ਕੈਨੇਡਾ ਵਿਚ ਕੋਵਿਡ ਵੈਕਸੀਨਾਂ ਦੀ ਮੰਗ ਚ ਗਿਰਾਵਟ-ਮਾਹਰਾਂ ਅਨੁਸਾਰ ਵੈਕਸੀਨ ਮਿਕਸ ਕਰਨਾ ਹੈ ਇਸਦਾ ਕਾਰਨ

ਲੋਕਾਂ ਦੀ ਸਿਰਫ਼ ਫਾਇਜ਼ਰ ਵੈਕਸੀਨ ਦੀ ਪਸੰਦ ਕਰਕੇ ਹੋਰ ਵੈਕਸੀਨਾਂ ਜ਼ਾਇਆ

17 ਜੁਲਾਈ ਨੂੰ ਇੱਕ ਔਰਤ ਮੌਂਟਰੀਅਲ ਦੇ ਇਕ ਵੈਕਸੀਨੇਸ਼ਨ ਕਲੀਨਿਕ ਤੋਂ ਬਾਹਰ ਆਉਂਦੀ ਹੋਈ. ਕੈਨੇਡਾ ਵਿਚ ਕੋਵਿਡ ਟੀਕੇ ਲਗਵਾਉਣ ਦੀ ਮੰਗ ਵਿਚ ਕਮੀ ਆਈ ਹੈ।

17 ਜੁਲਾਈ ਨੂੰ ਇੱਕ ਔਰਤ ਮੌਂਟਰੀਅਲ ਦੇ ਇਕ ਵੈਕਸੀਨੇਸ਼ਨ ਕਲੀਨਿਕ ਤੋਂ ਬਾਹਰ ਆਉਂਦੀ ਹੋਈ. ਕੈਨੇਡਾ ਵਿਚ ਕੋਵਿਡ ਟੀਕੇ ਲਗਵਾਉਣ ਦੀ ਮੰਗ ਵਿਚ ਕਮੀ ਆਈ ਹੈ।

ਤਸਵੀਰ: Radio-Canada / Jean-Claude Taliana

RCI

ਕੁਝ ਹੈਲਥ ਮਾਹਰਾਂ ਦਾ ਕਹਿਣਾ ਹੈ ਕੈਨੇਡਾ ਵਿਚ ਕੋਵਿਡ ਵੈਕਸੀਨ ਲਗਵਾਉਣ ਦੀ ਮੰਗ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ।

ਉਹਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਲੋਕ ਕੋਵਿਡ ਕੇਸਾਂ ਦੇ ਵਧਣ ਵਰਗੀ ਸਥਿਤੀ ਵਿਚ ਹੀ ਦੂਸਰੀ ਡੋਜ਼ ਲੈਣ ਦਾ ਪਲੈਨ ਕਰ ਰਹੇ ਹਨ ਉਹ ਦਰਅਸਲ ਆਪਣੀ ਇਮਿਊਨਿਟੀ (ਬਿਮਾਰੀ ਤੋਂ ਬਚਾਅ ਦੀ ਸਮਰੱਥਾ) ਨੂੰ ਕਮਜ਼ੋਰ ਕਰ ਰਹੇ ਹਨ। 

ਨਵੇਂ ਅੰਕੜਿਆਂ ਮੁਤਾਬਕ ਬੀਤੇ ਹਫਤੇ ਕੈਨੇਡਾ ਵਿਚ ਹਰ ਰੋਜ਼ ਅਬਾਦੀ ਦੇ 1 ਫ਼ੀਸਦੀ ਹਿੱਸਾ ਨੂੰ ਵੈਕਸੀਨ ਦਿੱਤੀ ਗਈ ਹੈ। ਜੂਨ ਮਹੀਨੇ ਦੇ ਅੰਤ ਤਕ ਹਰ ਰੋਜ਼ ਦੀ ਔਸਤਨ 1।44 ਫ਼ੀਸਦੀ ਦਰਜ ਹੋਈ ਸੀ। 

ਯੂਨੀਵਰਸਿਟੀ ਔਫ ਸਸਕੈਚਵਨ ਵੱਲੋਂ ਤਿਆਰ ਕੀਤੇ ਇਕ ਵੈਕਸੀਨ ਟ੍ਰੈਕਰ ਅਨੁਸਾਰ ਵੀ ਵੈਕਸੀਨ ਦੀਆਂ ਪਹਿਲੀਆਂ ਡੋਜ਼ਾਂ ਦੀ ਰੁਜ਼ਾਨਾ ਔਸਤ ਵੀ 96000 ਤੋਂ ਘਟ ਕੇ 40000 ਦੇ ਕਰੀਬ ਆ ਗਈ ਹੈ। 

ਹਾਲਾਂਕਿ ਇਹ ਗਿਰਾਵਟ ਆਉਣੀ ਤੈਅ ਸੀ ਕਿਉਂਕਿ ਕੈਨੇਡਾ ਵਿਚ 80 ਫ਼ੀਸਦੀ ਤੋਂ ਵੱਧ ਯੋਗ ਅਬਾਦੀ ਨੂੰ ਕੋਵਿਡ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਤਕਰੀਬਨ 60 ਫ਼ੀਸਦੀ ਅਬਾਦੀ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੀ ਹੈ।

ਵੇਰੀਐਂਟ ਕਾਰਨ ਚਿੰਤਾ

ਯੂਨੀਵਰਸਿਟੀ ਔਫ ਵਾਟਰਲੂ ਦੇ ਫਾਰਮੈਸੀ ਦੇ ਪ੍ਰੋਫੈਸਰ ਕੈਲੀ ਗ੍ਰੀਨਡੋਰਡ ਵੈਕਸੀਨੇਸ਼ਨ ਦੀ ਘਟ ਰਹੀ ਡਰ ਨੂੰ ਲੈਕੇ ਚਿੰਤਤ ਹਨ। ਉਹਨਾਂ ਦਾ ਕਹਿਣਾ ਹੈ ਕਿ ਵਾਇਰਸ ਦੇ ਵੇਰੀਐਂਟ ਮੌਜੂਦ ਹੋਣ ਕਰਕੇ ਵਧੇਰੇ ਲੋਕਾਂ ਦਾ ਵੈਕਸੀਨ ਲਗਵਾਉਣਾ ਹੋਰ ਵੀ ਅਹਿਮ ਹੋ ਜਾਂਦਾ ਹੈ। 

ਉਹਨਾਂ ਦੱਸਿਆ ਕਿ ਯੂਕੇ, ਨੀਦਰਲੈਂਡਜ਼ ਵਰਗੇ ਦੇਸ਼ਾਂ ਵਿਚ ਵਾਇਰਸ ਦੀਆਂ ਨਵੀਆਂ ਵੇਵ ਆਈਆਂ ਹਨ ਅਤੇ ਉਹ ਲੋਕ ਵਾਇਰਸ ਦਾ ਵਧੇਰੇ ਸ਼ਿਕਾਰ ਹੋਏ ਹਨ ਜਿਹਨਾਂ ਦਾ ਟੀਕਾਕਰਨ ਨਹੀਂ ਸੀ ਹੋਇਆ। 

 ਵੈਕਸੀਨ ਡੋਜ਼ਾਂ ਦਾ ਮਿਕਸ ਹੋਣਾ ਵੀ ਦੁਚਿੱਤੀ ਦਾ ਕਾਰਨ 

ਗ੍ਰੀਨਡੋਰਡ ਦਾ ਕਹਿਣਾ ਹੈ ਕਿ ਵੈਕਸੀਨ ਦੀ ਮੰਗ ਵਿਚ ਆਈ ਕਮੀ ਦਾ ਇੱਕ ਕਾਰਨ ਡੋਜ਼ਾਂ ਦਾ ਮਿਕਸ ਹੋਣਾ ਵੀ ਹੋ ਸਕਦਾ ਹੈ। ਬਹੁਤ ਸਾਰੇ ਲੋਕ ਦੂਸਰੀ ਡੋਜ਼ ਲੈਣ ਨੂੰ ਇਸ ਕਰਕੇ ਟਾਲ ਰਹੇ ਹਨ ਕਿਉਂਕਿ ਉਹਨਾਂ ਨੂੰ ਫਾਇਜ਼ਰ ਵੈਕਸੀਨ ਦਾ ਇੰਤਜ਼ਾਰ ਹੈ ਅਤੇ ਕਲੀਨਿਕਾਂ ਵਿਚ ਮੌਡਰਨਾ ਵੈਕਸੀਨ ਉਪਲਬਦ ਹੈ। 

ਉਹਨਾਂ ਕਿਹਾ ਕਿ ਪਹਿਲੀ ਅਤੇ ਦੂਸਰੀ ਡੋਜ਼ ਦਰਮਿਆਨ ਘੱਟੋ ਘੱਟ 4 ਹਫਤਿਆਂ ਦਾ ਸਮਾਂ ਜ਼ਰੂਰੀ ਹੈ ਤਾਂ ਕਿ ਸਰੀਰ ਸਹੀ ਤਰੀਕੇ ਨਾਲ ਐਂਟੀਬੌਡੀਜ਼ ਬਣਾ ਸਕੇ। ਇਸ ਕਰਕੇ ਜੋ ਲੋਕ ਪਹਿਲੀ ਡੋਜ਼ ਲੈਣ ਵਿਚ ਹੀ ਗੁਰੇਜ਼ ਕਰ ਰਹੇ ਹਨ ਉਹ ਆਪਣੇ ਆਪ ਨੂੰ ਜੋਖਮ ਵਿਚ ਪਾ ਰਹੇ ਹਨ। 

ਭਾਵੇਂ ਕਿ ਸਿਹਤ ਅਧਿਕਾਰੀਆਂ ਵੱਲੋਂ ਵੈਕਸੀਨ ਡੋਜ਼ਾਂ ਮਿਕਸ ਕਰਕੇ ਦਿੱਤੇ ਜਾਣ ਨੂੰ ਹਰਿ ਝੰਡੀ ਮਿਲ ਚੁੱਕੀ ਹੈ ਪਰ ਇਸ ਬਾਬਤ ਅਤੇ ਵੀ ਆਮ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਬਰਕਰਾਰ ਹਨ। 

ਟੋਰੌਂਟੋ ਦੀ ਇਕ ਫਾਰਮਾਸਿਸਟ ਕਾਇਰੋ ਮਸੇਹ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਇਕੱਲੀ ਫਾਇਜ਼ਰ ਨੂੰ ਤਰਜੀਹ ਦਿੱਤੇ ਜਾਣ ਨਾਲ ਬਾਕੀ ਵੈਕਸੀਨਾਂ ਦੀ ਬਰਬਾਦੀ ਹੋਵੇਗੀ। 

ਮੈਂ ਮੌਡਰਨਾ ਦੀਆਂ ਕਰੀਬ 350 ਖ਼ੁਰਾਕਾਂ ਸੁੱਟਣ ਲੱਗੀ ਹਾਂ। ਕੋਈ ਹੋਰ ਦੇਸ਼ ਇਹਨਾਂ ਨੂੰ ਖੁਸ਼ੀ ਖੁਸ਼ੀ ਲੈ ਲੈਂਦਾ।

ਇੱਕ ਹੈਲਥ ਵਰਕਰ ਕੋਵਿਡ ਵੈਕਸੀਨ ਸ਼ੀਸ਼ੀਆਂ ਚੋਣ ਖੁਰਾਕ ਕੱਢਦੇ ਹੋਏ।

ਇੱਕ ਹੈਲਥ ਵਰਕਰ ਕੋਵਿਡ ਵੈਕਸੀਨ ਸ਼ੀਸ਼ੀਆਂ ਚੋਣ ਖੁਰਾਕ ਕੱਢਦੇ ਹੋਏ।

ਤਸਵੀਰ: Nathan Denette

ਮਸੇਹ ਨੇ ਕਿਹਾ ਕਿ ਮੌਡਰਨਾ ਦੀਆਂ ਸ਼ੀਸ਼ੀਆਂ ਵਿਚ 14 ਖ਼ੁਰਾਕਾਂ ਹੁੰਦੀਆਂ ਹਨ ਅਤੇ ਫਾਇਜ਼ਰ ਦੀਆਂ ਸ਼ੀਸ਼ੀਆਂ ਵਿਚ 6 ਖ਼ੁਰਾਕਾਂ। ਹੁਣ ਮਸਲਾ ਇਹ ਹੈ ਕਿ ਇੱਕ ਵਾਰੀ ਇੱਕ ਸ਼ੀਸ਼ੀ ਨੂੰ ਜੇ ਇਸਤੇਮਾਲ ਕਰਨ ਲਈ ਖੋਲ ਲਿਆ ਤਾਂ ਉਸਨੂੰ 24 ਘੰਟਿਆਂ ਦੇ ਅੰਦਰ ਅੰਦਰ ਖਤਮ ਕਰਨਾ ਹੁੰਦਾ ਹੈ। 

ਲੋਕਾਂ ਵਿਚ ਇਹ ਵੀ ਖਦਸ਼ੇ ਹਨ ਕਿ ਵੈਕਸੀਨ ਖ਼ੁਰਾਕਾਂ ਮਿਕਸ ਕਰਕੇ ਲੈਣ ਤੋਂ ਬਾਅਦ ਉਹਨਾਂ ਨੂੰ ਭਵਿੱਖ ਵਿਚ ਕਿਤੇ ਅੰਤਰਰਾਸ਼ਟਰੀ ਯਾਤਰਾ ਵਿਚ ਦਿੱਕਤਾਂ ਨਾ ਪੇਸ਼ ਆਉਣ। ਹਾਲ ਹੀ ਵਿਚ ਬਾਰਬਾਡੋਸ ਨੇ ਕੈਨੇਡਾ ਦੀ ਵੈਕਸੀਨ ਮਿਕਸ ਕਰਨ ਦੀ ਨੀਤੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਵਿਚ ਉਹ ਇਸ ਇਨਕਾਰ ਤੋਂ ਪਲਟ ਵੀ ਗਿਆ ਸੀ। ਪਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਖਬਰਾਂ ਲੋਕਾਂ ਦੇ ਮਨਾਂ ਵਿਚ ਵੈਕਸੀਨ ਦੇ ਮਿਕਸ ਕਰਨ ਨੂੰ ਲੈਕੇ ਸ਼ੰਕੇ ਜ਼ਰੂਰ ਪੈਦਾ ਕਰਦਿਆਂ ਹਨ ।

ਬੀਤੇ ਹਫਤੇ ਵਿਸ਼ਵ ਸਿਹਤ ਸੰਗਠਨ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਆਪਣੇ ਹਿਸਾਬ ਨਾਲ ਤੀਸਰੀ ਅਤੇ ਚੌਥੀ ਖੁਰਾਕ ਨਾ ਲਈ ਜਾਣ। ਪਰ ਇਸ ਬਿਆਨ ਨੂੰ ਵੈਕਸੀਨ ਮਿਕਸ ਨਾ ਕਰਨ ਦੀ ਚਿਤਾਵਨੀ ਵੱਜੋਂ ਵੀ ਲਿਆ ਗਿਆ ਸੀ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ