1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਇਮੀਗ੍ਰੇਸ਼ਨ

ਕੈਨੇਡਾ ਸਰਕਾਰ ਵੱਲੋਂ 2021 ਦੌਰਾਨ ਪੱਕੇ ਕੀਤੇ ਜਾਣਗੇ 40,000 ਮਾਪੇ

ਨਵੇਂ ਵਿਅਕਤੀ ਨਹੀਂ ਕਰ ਸਕਣਗੇ ਅਪਲਾਈ

ਫੈਡਰਲ ਇੰਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਚੀਨੋ ਮੁਤਾਬਿਕ ਕੈਨੇਡਾ ਦਾ ਪੇਰੇਂਟਸ ਐਂਡ ਗ੍ਰੈਂਡ ਪੇਰੇਂਟਸ ਪ੍ਰੋਗਰਾਮ ਦੁਨੀਆ ਭਰ ਵਿੱਚ ਵਿਲੱਖਣ ਹੈ I

ਫੈਡਰਲ ਇੰਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਚੀਨੋ ਮੁਤਾਬਿਕ ਕੈਨੇਡਾ ਦਾ ਪੇਰੇਂਟਸ ਐਂਡ ਗ੍ਰੈਂਡ ਪੇਰੇਂਟਸ ਪ੍ਰੋਗਰਾਮ ਦੁਨੀਆ ਭਰ ਵਿੱਚ ਵਿਲੱਖਣ ਹੈ I

ਤਸਵੀਰ: La Presse canadienne / Sean Kilpatrick

Sarbmeet Singh

ਕੈਨੇਡਾ ਦੀ ਸਰਕਾਰ ਵੱਲੋਂ ਸਾਲ 2021 ਦੌਰਾਨ 40,000 ਮਾਪਿਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਹੈI ਇਸਦਾ ਐਲਾਨ ਕੈਨੇਡਾ ਦੇ ਫੈਡਰਲ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਵੱਲੋਂ ਕੀਤਾ ਗਿਆ I ਇਸ ਤਹਿਤ ਸਾਲ 2020 ਦੇ ਦੌਰਾਨ ਅਪਲਾਈ ਕਰ ਚੁੱਕੇ 10,000 ਅਤੇ 2021 ਦੌਰਾਨ 30,000 ਮਾਪੇ ਪੱਕੇ ਕੀਤੇ ਜਾਣਗੇ ਜਿਸ ਸਦਕਾ ਕੁੱਲ 40,000 ਵਿਅਕਤੀ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ ਆਰ ) ਪ੍ਰਾਪਤ ਕਰ ਸਕਣਗੇ I

ਸਰਕਾਰ ਦੇ ਇਸ ਪ੍ਰੋਗਰਾਮ ਤੋਂ ਜਿੱਥੇ ਕੁੱਝ ਵਿਅਕਤੀ ਖੁਸ਼ ਨਜ਼ਰ ਆ ਰਹੇ ਹਨ ਉੱਥੇ ਹੀ ਬਹੁਤੇ ਨਿਰਾਸ਼ ਵੀ ਹਨI ਸਰਕਾਰ ਵੱਲੋਂ ਭਾਵੇ ਕਿ ਵੱਡੀ ਪੱਧਰ 'ਤੇ ਵਿਅਕਤੀਆਂ ਨੂੰ ਪੀ ਆਰ ਦੇਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਸ ਵਾਰ ਪੁਰਾਣੀਆ ਫਾਇਲਜ਼ 'ਤੇ ਹੀ ਕੰਮ ਕੀਤਾ ਜਾਵੇਗਾ ਜਦਕਿ ਨਵੇਂ ਵਿਅਕਤੀ ਅਪਲਾਈ ਨਹੀਂ ਕਰ ਸਕਣਗੇ I ਇਸ ਵਾਰ ਵੀ ਲਾਟਰੀ ਸਿਸਟਮ ਤਹਿਤ 20 ਸਤੰਬਰ, 2021 ਤੋਂ 2 ਹਫ਼ਤਿਆਂ ਦੇ ਸਮੇਂ ਵਿੱਚ ਇਨਵੀਟੇਸ਼ਨ ਭੇਜੇ ਜਾਣਗੇ I ਜਿਸਤੋ ਬਾਅਦ ਬਾਕੀ ਸਾਰੇ ਦਸਤਾਵੇਜ਼ ਜਮਾਂ ਕਰਨ ਲਈ 60 ਦਿਨ ਦਾ ਸਮਾਂ ਹੋਵੇਗਾ I

ਫੈਡਰਲ ਇੰਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਚੀਨੋ ਮੁਤਾਬਿਕ ਕੈਨੇਡਾ ਦਾ ਪੇਰੇਂਟਸ ਐਂਡ ਗ੍ਰੈਂਡ ਪੇਰੇਂਟਸ ਪ੍ਰੋਗਰਾਮ ਦੁਨੀਆ ਭਰ ਵਿੱਚ ਵਿਲੱਖਣ ਹੈ ਅਤੇ ਇਹ ਪਰਿਵਾਰ ਨੂੰ ਇਕੱਠੇ ਰਹਿਣ ਦਾ ਮੌਕਾ ਪ੍ਰਦਾਨ ਕਰਦਾ ਹੈ I

ਮਹਾਂਮਾਰੀ ਦੇ ਸਮੇਂ ਵਿੱਚ ਪਰਿਵਾਰ ਦੀ ਮਹੱਤਤਾ ਹੋਰ ਵੀ ਵਧੀ ਹੈ I ਅਸੀਂ ਪਰਿਵਾਰਾਂ ਦੇ ਕੈਨੇਡਾ ਵਿੱਚ ਇਕੱਠੇ ਹੋਣ ਸੰਬੰਧੀ ਆਪਣੀ ਵਚਨਬੱਧਤਾ ਨੂੰ ਪੂਰਾ ਕਰ ਰਹੇ ਹਾਂ I
ਮਾਰਕੋ ਮੈਂਡੀਚੀਨੋ , ਫੈਡਰਲ ਇੰਮੀਗ੍ਰੇਸ਼ਨ ਮਿਨਿਸਟਰ

ਥੋੜਾ ਅਲੱਗ ਹੋਵੇਗਾ ਪ੍ਰੋਗਰਾਮ

2021 ਦਾ ਇਹ ਪ੍ਰੋਗਰਾਮ ਪਿੱਛਲੇ ਸਾਲਾਂ ਨਾਲੋਂ ਥੋੜਾ ਅਲੱਗ ਹੋਵੇਗਾ I ਇਸ ਵਾਰ ਨਵੇਂ ਬਿਨੈਕਾਰ ਅਪਲਾਈ ਨਹੀਂ ਕਰ ਸਕਣਗੇ I ਇਸਤੋਂ ਪਹਿਲਾਂ ਹਰ ਸਾਲ ਨਵੀਆਂ ਅਰਜ਼ੀਆਂ ਲਈਆਂ ਜਾਂਦੀਆਂ ਸਨ I

2020 ਦੌਰਾਨ ਕਰੀਬ 2 ਲੱਖ ਵਿਅਕਤੀਆਂ ਨੇ ਅਪਲਾਈ ਕੀਤਾ ਸੀ ਅਤੇ 10,000 ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ I ਇਸ ਵਾਰ ਨਵੇਂ ਵਿਅਕਤੀ ਅਪਲਾਈ ਨਹੀਂ ਕਰ ਸਕਣਗੇ I ਜਿੰਨ੍ਹਾਂ ਨੇ 2020 ਦੌਰਾਨ ਅਪਲਾਈ ਕੀਤਾ ਸੀ ਉਹਨਾਂ ਵਿੱਚੋ 30,000 ਹੋਰ ਇਨਵੀਟੇਸ਼ਨ ਭੇਜੇ ਜਾਣਗੇ I
ਅਮਨਦੀਪ ਢਿੱਲੋਂ , ਇੰਮੀਗ੍ਰੇਸ਼ਨ ਮਾਹਿਰ

ਸਰਕਾਰ ਵੱਲੋਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਗਿਆ ਹੈ ਕਿ ਕੋਵਿਡ-19 ਦੇ ਕਾਰਨ ਕੋਈ ਵਿਅਕਤੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਬੁਲਾਉਣ ਤੋਂ ਵਾਂਝਾ ਨਾ ਰਹੇ I ਸਰਕਾਰ ਵੱਲੋਂ ਚਲਾਏ ਗਏ , ਕੈਨੇਡੀਅਨ ਐਮਰਜੈਂਸੀ ਰਿਸਪਾਂਸ ਬੈਨੇਫਿਟ (ਸੀ ਈ ਆਰ ਬੀ) ਅਤੇ ਹੋਰ ਸਕੀਮਾਂ ਅਧੀਨ ਪ੍ਰਾਪਤ ਕੀਤੇ ਲਾਭ ਨੂੰ ਵੀ ਆਮਦਨ ਵਿੱਚ ਮੰਨਿਆ ਜਾਵੇਗਾ I

ਕੌਣ ਕਰ ਸਕਦਾ ਹੈ ਸਪੌਂਸਰ

18 ਸਾਲ ਤੋਂ ਵੱਡੀ ਉਮਰ ਦੇ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਅਤੇ ਨਾਗਰਿਕ ਆਪਣੇ ਮਾਤਾ-ਪਿਤਾ , ਦਾਦਾ- ਦਾਦੀ ਜਾਂ ਨਾਨਾ-ਨਾਨੀ ਨੂੰ ਸਪੌਂਸਰ ਕਰ ਸਕਦੇ ਹਨ I ਇਸ ਪ੍ਰੋਗਰਾਮ ਸਦਕਾ ਮਾਪੇ , ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਬਣ ਸਕਦੇ ਹਨ I ਸਪੌਂਸਰ ਕਰਨ ਵਾਲੇ ਨੂੰ ਪਿੱਛਲੇ ਤਿੰਨ ਸਾਲਾਂ ਲਈ ਕੁੱਝ ਆਮਦਨ ਦਿਖਾਉਣੀ ਪੈਂਦੀ ਹੈ I ਇਹ ਆਮਦਨ ਸਪੌਂਸਰ ਕੀਤੇ ਜਾਣ ਵਾਲੇ ਵਿਅਕਤੀਆਂ 'ਤੇ ਨਿਰਭਰ ਕਰਦੀ ਹੈ I ਸਪੌਂਸਰ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ 20 ਸਾਲਾਂ ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੁੰਦਾ ਹੈ I ਇਸ ਦੌਰਾਨ ਉਕਤ ਪਰਿਵਾਰਿਕ ਮੈਂਬਰ ਜੇਕਰ ਕੋਈ ਸਰਕਾਰੀ ਸਹਾਇਤਾ ਲੈਂਦਾ ਹੈ ਤਾਂ ਸਪੌਂਸਰ ਕਰਨ ਵਾਲੇ ਵਿਅਕਤੀ ਨੂੰ ਉਹ ਰਕਮ ਅਦਾ ਕਰਨੀ ਪੈਂਦੀ ਹੈ I

ਸਪੌਂਸਰ ਕਰਨ ਵਾਲੇ ਨੂੰ ਪਿੱਛਲੇ ਤਿੰਨ ਸਾਲਾਂ ਲਈ ਕੁੱਝ ਆਮਦਨ ਦਿਖਾਉਣੀ ਪੈਂਦੀ ਹੈ I ਇਹ ਆਮਦਨ ਸਪੌਂਸਰ ਕੀਤੇ ਜਾਣ ਵਾਲੇ ਵਿਅਕਤੀਆਂ 'ਤੇ ਨਿਰਭਰ ਕਰਦੀ ਹੈ I

ਸਪੌਂਸਰ ਕਰਨ ਵਾਲੇ ਨੂੰ ਪਿੱਛਲੇ ਤਿੰਨ ਸਾਲਾਂ ਲਈ ਕੁੱਝ ਆਮਦਨ ਦਿਖਾਉਣੀ ਪੈਂਦੀ ਹੈ I ਇਹ ਆਮਦਨ ਸਪੌਂਸਰ ਕੀਤੇ ਜਾਣ ਵਾਲੇ ਵਿਅਕਤੀਆਂ 'ਤੇ ਨਿਰਭਰ ਕਰਦੀ ਹੈ I

ਤਸਵੀਰ: canada.ca

ਜ਼ਿਕਰਯੋਗ ਹੈ ਕਿ ਇਸਤੋਂ ਇਲਾਵਾ ਕੈਨੇਡਾ ਰਹਿੰਦੇ ਵਿਅਕਤੀ ਆਪਣੇ ਮਾਪਿਆਂ ਨੂੰ ਵਿਜ਼ਿਟਰ ਦੇ ਤੌਰ 'ਤੇ ਬੁਲਾ ਸਕਦੇ ਹਨ ਪਰ ਉਹਨਾਂ ਹਲਾਤਾਂ ਵਿੱਚ ਉਹ ਸਿਹਤ ਅਤੇ ਹੋਰ ਸਹੂਲਤਾਂ ਦੇ ਹੱਕਦਾਰ ਨਹੀਂ ਹੁੰਦੇ I

ਬਿਨੈਕਾਰਾਂ ਦੀ ਵੱਖੋ - ਵੱਖ ਰਾਏ

ਇਸ ਪ੍ਰੋਗਰਾਮ ਨੂੰ ਲੈ ਕੇ ਅਪਲਾਈ ਕਰਨ ਵਾਲਿਆਂ ਦੀ ਵੱਖੋ - ਵੱਖ ਰਾਏ ਹੈ I ਕੁੱਝ ਲੋਕ ਪੁਰਾਣੇ ਸਿਸਟਮ ਦੀ ਵਕਾਲਤ ਕਰਦੇ ਹਨ ਜਦਕਿ ਨਵੇਂ ਆਏ ਲਾਟਰੀ ਸਿਸਟਮ ਨੂੰ ਪਸੰਦ ਕਰਦੇ ਹਨ I

ਕੈਨੇਡਾ ਵਿੱਚ ਇੱਕ ਦਹਾਕੇ ਤੋਂ ਵੀ ਜਿਆਦਾ ਸਮੇਂ ਤੋਂ ਰਹਿ ਰਹੇ ਅਮਨ ਅਤੇ ਹਰਪ੍ਰੀਤ ਬਰਾੜ ਦਾ ਕਹਿਣਾ ਹੈ ਕਿ ਸਰਕਾਰ ਨੂੰ ਲਾਟਰੀ ਸਿਸਟਮ ਦੀ ਬਜਾਏ 'ਪਹਿਲਾਂ ਆਓ , ਪਹਿਲਾਂ ਪਾਓ ' ਤਹਿਤ ਬਹੁਤ ਸਾਲ ਪਹਿਲਾਂ ਅਪਲਾਈ ਕਰਨ ਵਾਲਿਆ ਨੂੰ ਪਹਿਲ ਦੇਣੀ ਚਾਹੀਦੀ ਹੈ I ਅਮਨ ਬਰਾੜ ਨੇ ਕਿਹਾ ਲਾਟਰੀ ਸਿਸਟਮ ਵਿੱਚ ਹਰ ਸਾਲ ਦੁਬਾਰਾ ਅਪਲਾਈ ਕਰਨਾ ਪੈਂਦਾ ਹੈ ਅਤੇ ਬਹੁਤ ਸਾਰੇ ਵਿਅਕਤੀਆਂ ਦੇ ਮਾਪੇ ਪੀ ਆਰ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਨਾਲ ਬਹੁਤ ਖੱਜਲ ਖੁਆਰੀ ਹੁੰਦੀ ਹੈ I ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੈ , ਉਹਨਾਂ ਦੇ ਕੇਸ ਨੂੰ ਪਹਿਲ ਦੇ ਅਧਾਰ 'ਤੇ ਵਿਚਾਰੇ I

ਆਪਣੇ ਪਿਤਾ ਨਾਲ ਅਮਨ ਬਰਾੜ I

ਆਪਣੇ ਪਿਤਾ ਨਾਲ ਅਮਨ ਬਰਾੜ I

ਤਸਵੀਰ: ਧੰਨਵਾਦ ਸਾਹਿਤ ਹਰਪ੍ਰੀਤ ਬਰਾੜ

ਕੈਨੇਡਾ ਦੇ ਸ਼ਹਿਰ ਵਿੰਨੀਪੈਗ ਦੇ ਵਸਨੀਕ ਲਾਲੀ ਬਰਾੜ ਮੁਤਾਬਿਕ ਲਾਟਰੀ ਸਿਸਟਮ ਨਾਲ ਨਵੇਂ ਵਿਅਕਤੀਆਂ ਨੂੰ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੱਕੇ ਤੌਰ 'ਤੇ ਕੈਨੇਡਾ ਬੁਲਾਉਣ ਦਾ ਮੌਕਾ ਮਿਲਦਾ ਹੈ ਪਰ ਸਰਕਾਰ ਨੂੰ ਗਿਣਤੀ ਵਿੱਚ ਵਾਧਾ ਕਰਨਾ ਚਾਹੀਦਾ ਹੈ I

ਪੰਜਾਬੀ ਮੂਲ ਦੇ ਕਰੀਬ 67 ਸਾਲ ਦੇ ਨੱਛਤਰ ਸਿੰਘ , ਜੋ ਕਿ ਕੈਨੇਡਾ ਵਿੱਚ ਸੁਪਰ ਵੀਜ਼ੇ ਤੇ ਹਨ , ਦਾ ਕਹਿਣਾ ਹੈ ਕਿ ਜੋ ਵਿਅਕਤੀ ਪਿੱਛਲੇ ਕੁੱਝ ਸਾਲਾਂ ਤੋਂ ਲਗਾਤਾਰ ਅਪਲਾਈ ਕਰ ਰਹੇ ਹਨ ਉਹਨਾਂ ਨੂੰ ਕੁੱਝ ਵਿਸ਼ੇਸ ਰਿਆਇਤ ਮਿਲਣੀ ਚਾਹੀਦੀ ਹੈ I

Sarbmeet Singh

ਸੁਰਖੀਆਂ