1. ਮੁੱਖ ਪੰਨਾ
  2. ਵਾਤਾਵਰਨ
  3. ਘਟਨਾਵਾਂ ਅਤੇ ਕੁਦਰਤੀ ਆਫ਼ਤ

ਬੀਸੀ ਅਤੇ ਮੈਨੀਟੋਬਾ ਵਿਚ ਜੰਗਲੀ ਅੱਗ ਤੇ ਕਾਬੂ ਪਾਉਣ ਲਈ ਫੈਡਰਲ ਸਰਕਾਰ ਨੇ ਭੇਜੇ ਫ਼ੌਜੀ ਦਸਤੇ

ਬੀਸੀ ਸਰਕਾਰ ਨੇ ਸੂਬੇ ਵਿਚ ਐਮਰਜੈਂਸੀ ਦਾ ਐਲਾਨ ਕੀਤਾ

ਬੀਸੀ ਵਿਚ ਉਕਾਨਾਗਨ ਫੌਲਜ਼ ਦੇ ਨਜ਼ਦੀਕ ਥੋਮਸ ਕ੍ਰੀਕ ਇਲਾਕੇ ਵਿਚ ਲੱਗੀ ਜੰਗਲੀ ਅੱਗ ਦਾ ਦ੍ਰਿਸ਼. ਫੈਡਰਲ ਸਰਕਾਰ ਨੇ ਸੂਬੇ ਵਿਚ ਕਰੀਬ 350 ਫ਼ੌਜੀ ਮੈਂਬਰਾਂ ਨੂੰ ਮਦਦ ਲਈ ਰਵਾਨਾ ਕੀਤਾ ਹੈ।

ਬੀਸੀ ਵਿਚ ਉਕਾਨਾਗਨ ਫੌਲਜ਼ ਦੇ ਨਜ਼ਦੀਕ ਥੋਮਸ ਕ੍ਰੀਕ ਇਲਾਕੇ ਵਿਚ ਲੱਗੀ ਜੰਗਲੀ ਅੱਗ ਦਾ ਦ੍ਰਿਸ਼. ਫੈਡਰਲ ਸਰਕਾਰ ਨੇ ਸੂਬੇ ਵਿਚ ਕਰੀਬ 350 ਫ਼ੌਜੀ ਮੈਂਬਰਾਂ ਨੂੰ ਮਦਦ ਲਈ ਰਵਾਨਾ ਕੀਤਾ ਹੈ।

ਤਸਵੀਰ: Penticton Herald-Mark Brett

RCI

ਬੀਸੀ ਅਤੇ ਮੈਨੀਟੋਬਾ ਸੂਬਿਆਂ ਵਿਚ ਲੱਗੀ ਭਿਆਨਕ ਜੰਗਲੀ ਅੱਗ ਬੇਕਾਬੂ ਹੁੰਦਿਆਂ ਦੇਖ ਫੈਡਰਲ ਸਰਕਾਰ ਵੱਲੋਂ ਦੋਵਾਂ ਸੂਬਿਆਂ ਵਿਚ ਮਿਲਿਟਰੀ ਦੀ ਮਦਦ ਭੇਜੀ ਗਈ ਹੈ।

ਬੀਸੀ ਵੱਲੋਂ ਮੰਗਲਵਾਰ ਨੂੰ ਸੂਬੇ ਵਿਚ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਫੈਡਰਲ ਸਰਕਾਰ ਨੇ ਸੂਬੇ ਵਿਚ ਕਨੇਡੀਅਨ ਆਰਮਡ ਫੋਰਸ ਦੇ ਮੈਂਬਰਾਂ ਨੂੰ ਭੇਜਣ ਦਾ ਐਲਾਨ ਕੀਤਾ ਸੀ। 

ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿਚ ਪੁਸ਼ਟੀ ਕੀਤੀ ਕਿ ਬੀਸੀ ਸਰਕਾਰ ਵੱਲੋਂ ਫ਼ੌਜੀ ਮਦਦ ਪ੍ਰਾਪਤ ਕਰਨ ਦੀ ਅਰਜ਼ੀ ਫੈਡਰਲ ਸਰਕਾਰ ਨੇ ਮਨਜ਼ੂਰ ਕਰ ਲਈ ਹੈ ਅਤੇ ਸੂਬੇ ਵਿਚ ਜੰਗਲੀ ਅੱਗ ਤੇ ਕਾਬੂ ਪਾਉਣ ਅਤੇ ਪੂਰੀ ਸਥਿਤੀ ਤੇ ਨਿਰੰਤਰ ਜਾਇਜ਼ਾ ਲੈਂਦੇ ਰਹਿਣ ਲਈ ਕਰੀਬ 350 ਫੌਜੀਆਂ ਨੂੰ ਭੇਜਿਆ ਜਾ ਰਿਹਾ ਹੈ। 

ਬੀਸੀ ਦੇ ਪੈਨਟਿਕਟਨ ਦੇ ਕਰੀਬ 40 ਕਿਲੋਮੀਟਰ ਦੱਖਣ ਵੱਲ ਔਲਿਵਰ ਅਤੇ ਓਸੋਯੂਸ ਕਸਬਿਆਂ ਦੇ ਦਰਮਿਆਨ ਓਸੋਯੂਸ ਇੰਡੀਅਨ ਬੈਂਡ ਲੈਂਡ (ਮੂਲਨਿਵਾਸੀਆਂ ਦਾ ਖੇਤਰ) ਵਿਚ ਇਹ ਭਿਆਨਕ ਜੰਗਲੀ ਅੱਗ ਲੱਗੀ ਹੋਈ ਹੈ। ਸੋਮਵਾਰ ਰਾਤ ਤੱਕ 7 ਵਰਗ ਕਿਲੋਮੀਟਰ ਵਿਚ ਫੈਲੀ ਇਹ ਅੱਗ ਮੰਗਲਵਾਰ ਤੱਕ 20 ਵਰਗ ਕਿਲੋਮੀਟਰ ਵਿਚ ਫੇਲ ਚੁੱਕੀ ਸੀ। 

ਬੀਸੀ ਵਿਚ ਇਸ ਸਮੇਂ ਸੈਂਕੜੇ ਵਾਈਲਡ ਫਾਇਰਜ਼ (ਜੰਗਲੀ ਅੱਗਾਂ) ਲੱਗੀਆਂ ਹੋਈਆਂ ਹਨ ਅਤੇ ਢਾਈ ਹਜ਼ਾਰ ਤੋਂ ਵੱਧ ਥਾਵਾਂ ਖ਼ਾਲੀ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਹੋ ਚੁੱਕੇ ਹਨ। 15000 ਤੋਂ ਵੱਧ ਥਾਂਵਾਂ ਨੂੰ ਖ਼ਾਲੀ ਕਰਵਾਏ ਜਾਣ ਦੇ ਐਲਰਟ ਤੇ ਹਨ। 

ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ ਹਵਾਵਾਂ ਦੇ ਚਲਦਿਆਂ ਰਾਹਤ ਕਰਮੀਆਂ ਨੂੰ ਅੱਗ ਤੇ ਕਾਬੂ ਪਾਉਣ ਵਿਚ ਵੀ ਦਿੱਕਤ ਪੇਸ਼ ਆ ਰਹੀ ਹੈ ਅਤੇ ਅੱਗ ਜੰਗਲ ਦੇ ਸੁੱਕੇ ਇਲਾਕਿਆਂ ਵੱਲ ਫੈਲਦੀ ਜਾ ਰਹੀ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਘਰ ਖ਼ਾਲੀ ਕਰਵਾਉਣ ਲਈ ਆਖਿਆ ਜਾ ਚੁੱਕਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰ ਖਾਲੀ ਕਰਵਾਉਣ ਦੇ ਨਿਰਦੇਸ਼ ਹਫੜਾ ਦਫੜੀ ਵਿਚ ਲੀਤੇ ਗਏ ਸਨ ਇਸ ਕਰਕੇ ਫਿਲਹਾਲ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਕਿੰਨੀ ਤਾਦਾਦ ਵਿਚ ਲੋਕਾਂ ਕੋਲੋਂ ਉਹਨਾਂ ਦੇ ਘਰ ਖ਼ਾਲੀ ਕਰਵਾਏ ਗਏ ਹਨ । 

ਮੈਨੀਟੋਬਾ-ਉਂਟੇਰੀਓ ਸਰਹੱਦ ਤੇ ਇੱਕ ਵਾਟਰ ਬੌਮਬਰ ਅੱਗ ਤੇ ਕਾਬੂ ਪਾਉਣ ਲਈ ਪਾਣੀ ਦੀ ਬੁਛਾੜ ਮਾਰਦਿਆਂ।

ਮੈਨੀਟੋਬਾ-ਉਂਟੇਰੀਓ ਸਰਹੱਦ ਤੇ ਇੱਕ ਵਾਟਰ ਬੌਮਬਰ ਅੱਗ ਤੇ ਕਾਬੂ ਪਾਉਣ ਲਈ ਪਾਣੀ ਦੀ ਬੁਛਾੜ ਮਾਰਦਿਆਂ।

ਇਸੇ ਤਰ੍ਹਾਂ ਮੈਨੀਟੋਬਾ ਵਿਚ ਵੀ ਕਰੀਬ 120 ਫ਼ੌਜੀ ਮੈਂਬਰਾਂ ਨੂੰ ਜੰਗਲੀ ਅੱਗ ਤੇ ਕਾਬੂ ਪਾਉਣ ਵਿਚ ਮਦਦ ਲਈ ਰਵਾਨਾ ਕੀਤਾ ਗਿਆ ਹੈ। 

ਪਬਲਿਕ ਸੇਫਟੀ ਕੈਨੇਡਾ ਦੀ ਇੱਕ ਮੀਡਿਆ ਰਿਲੀਜ਼ ਮੁਤਾਬਕ ਮੈਨੀਟੋਬਾ ਸਰਕਾਰ ਵੱਲੋਂ ਕੀਤੀ ਗਈ ਮਿਲਿਟਰੀ ਮਦਦ ਦੀ ਗੁਹਾਰ ਨੂੰ ਫੈਡਰਲ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ।

ਮੈਨੀਟੋਬਾ ਵਿਚ ਇਸ ਸਾਲ ਦੀ ਜੰਗਲੀ ਅੱਗ ਨੇ ਪਹਿਲੇ ਸਮਿਆਂ ਨਾਲੋਂ ਵਧੇਰੇ ਬਰਬਾਦੀ ਕੀਤੀ ਹੈ। ਸਰਕਾਰੀ ਬਿਆਨ ਮੁਤਾਬਕ ਇਸ ਸਾਲ ਮੈਨੀਟੋਬਾ ਵਿਚ ਪੰਜ ਲੱਖ ਏਕੜ ਇਲਾਕਾ ਅੱਗ ਦੀ ਲਪੇਟ ਵਿਚ ਆ ਚੁੱਕਾ ਹੈ। 

ਪੀਟਰ ਜ਼ਿਮੋਨਜੀਕ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ