1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਮੂਲਨਿਵਾਸੀ ਸਬੰਧਾਂ ਦੀ ਮਿਨਿਸਟਰ ਦੇ ਸਾਬਕਾ ਮੁਲਾਜ਼ਮਾਂ ਨੇ ਦਫਤਰ ਦੇ ਮਾਹੌਲ ਨੂੰ 'ਜ਼ਹਿਰੀਲਾ' ਆਖਿਆ

'ਮੈਂ ਹਮੇਸ਼ਾ ਇਕਸਾਰਤਾ ਦਾ ਮਾਹੌਲ ਸਿਰਜਣ ਨੂੰ ਤਰਜੀਹ ਦਿੱਤੀ', ਮਿਨਿਸਟਰ ਕੈਰੋਲੀਨ ਬੈਨੇਟ

ਮਿਨਿਸਟਰ ਕੈਰੋਲੀਨ ਬੈਨੇਟ ਦੇ ਸਾਬਕਾ ਮੁਲਾਜ਼ਮਾਂ ਨੇ ਮਿਨਿਸਟਰ ਦੇ ਦਫ਼ਤਰੀ ਮਾਹੌਲ ਨੂੰ ਜ਼ਹਿਰੀਲਾ ਅਤੇ ਪੱਖਪਾਤੀ ਆਖਿਆ।

ਮਿਨਿਸਟਰ ਕੈਰੋਲੀਨ ਬੈਨੇਟ ਦੇ ਸਾਬਕਾ ਮੁਲਾਜ਼ਮਾਂ ਨੇ ਮਿਨਿਸਟਰ ਦੇ ਦਫ਼ਤਰੀ ਮਾਹੌਲ ਨੂੰ ਜ਼ਹਿਰੀਲਾ ਅਤੇ ਪੱਖਪਾਤੀ ਆਖਿਆ।

ਤਸਵੀਰ: La Presse canadienne / Sean Kilpatrick

RCI

ਕ੍ਰਾਊਨ-ਇੰਡਿਜਿਨਸ ਰਿਲੇਸ਼ਨਜ਼ ਮਿਨਿਸਟਰ ਕੈਰੋਲੀਨ ਬੈਨੇਟ ਦੇ ਕੁਝ ਸਾਬਕਾ ਮੁਲਾਜ਼ਮਾਂ ਨੇ ਸੀਬੀਸੀ ਨੂੰ ਦੱਸਿਆ ਕਿ ਮਿਨਿਸਟਰ ਦੇ ਦਫ਼ਤਰ ਦਾ ਮਹੌਲ ਕਾਫੀ ਜ਼ਹਿਰੀਲਾ ਭਾਵ ਭੈੜਾ ਹੈ ਅਤੇ ਇਸ ਬਾਬਤ ਮੁਲਾਜ਼ਮਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਨੂੰ ਵੀ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਹੈ।

ਸਾਬਕਾ ਮੁਲਾਜ਼ਮਾਂ ਦੇ ਕਹਿਣ ਮੁਤਾਬਕ ਦਫ਼ਤਰ ਦੇ ਮਾਹੌਲ ਬਾਰੇ ਘੱਟੋ ਘੱਟ ਇਕ ਸ਼ਿਕਾਇਤ ਤਾਂ ਜ਼ਬਾਨੀ ਤੌਰ ਤੇ ਮਿਨਿਸਟਰ ਬੈਨੇਟ ਨੂੰ ਦੱਸੀ ਗਈ ਸੀ ਅਤੇ ਇੱਕ ਹੋਰ ਸ਼ਿਕਾਇਤ ਉਹਨਾਂ ਦੀ ਚੀਫ ਔਫ ਸਟਾਫ ਸੈਰਾ ਵੇਲਚ ਤੱਕ ਪਹੁੰਚਦੀ ਕੀਤੀ ਗਈ ਸੀ। ਇਸਤੋਂ ਇਲਾਵਾ ਤਿੰਨ ਹੋਰ ਜ਼ਬਾਨੀ ਸ਼ਿਕਾਇਤਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਵੀ ਪਹੁੰਚਾਈਆਂ ਗਈਆਂ ਪਰ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। 

ਇਸ ਸਾਬਕਾ ਮੁਲਾਜ਼ਮ ਨੇ ਕਿਹਾ, ਬੈਨੇਟ ਇਹਨਾਂ [ਸ਼ਿਕਾਇਤਾਂ] ਬਾਰੇ ਸੁਣਨਾ ਹੀ ਨਹੀਂ ਚਾਹੁੰਦੀ ਸੀ।

ਸੀਬੀਸੀ ਨੇ ਅਜਿਹੇ ਕਈ ਮੂਲਨਿਵਾਸੀ ਅਤੇ ਗ਼ੈਰ-ਮੂਲਨਿਵਾਸੀ ਸਟਾਫਰਜ਼ ਨਾਲ ਗੱਲ ਕੀਤੀ ਹੈ ਜੋ ਸਾਲ 2016 ਤੋਂ 2020 ਤੱਕ ਮਨਿਸਟਰ ਬੈਨੇਟ ਦੇ ਦਫ਼ਤਰ ਵਿਚ ਕੰਮ ਕਰਦੇ ਰਹੇ ਹਨ। 

ਫ਼ਸਟ ਨੇਸ਼ਨ ਚੀਫ ਪੈਰੀ ਬੈਲਿਗਾਰ੍ਡ ਅਤੇ ਕੈਰੋਲੀਨ ਬੈਨੇਟ ਦੀ 2016 ਦੀ ਇਕ ਤਸਵੀਰ. ਬੈਨੇਟ ਉਸ ਸਮੇਂ ਇੰਡਿਜਿਨਸ ਐਂਡ ਨੌਰਦਰਨ ਅਫੇਅਰਜ਼ ਮਿਨਿਸਟਰ ਸਨ।

ਫ਼ਸਟ ਨੇਸ਼ਨ ਚੀਫ ਪੈਰੀ ਬੈਲਿਗਾਰ੍ਡ ਅਤੇ ਕੈਰੋਲੀਨ ਬੈਨੇਟ ਦੀ 2016 ਦੀ ਇਕ ਤਸਵੀਰ. ਬੈਨੇਟ ਉਸ ਸਮੇਂ ਇੰਡਿਜਿਨਸ ਐਂਡ ਨੌਰਦਰਨ ਅਫੇਅਰਜ਼ ਮਿਨਿਸਟਰ ਸਨ।

ਤਸਵੀਰ: La Presse canadienne / Adrian Wyld

ਜ਼ਹਿਰੀਲੇ ਮਾਹੌਲ ਨੇ ਦਫ਼ਤਰ ਦੀ ਸਮਰੱਥਾ ਪ੍ਰਭਾਵਿਤ ਕੀਤੀ 

ਭਵਿੱਖ ਵਿਚ ਕਿਸੇ ਅਣਚਾਹੇ ਪ੍ਰਭਾਵ ਨੂੰ ਧਿਆਨ ਵਿਚ ਰੱਖਦਿਆਂ ਸੀਬੀਸੀ ਨੇ ਇਹਨਾਂ ਸਾਬਕਾ ਮੁਲਾਜ਼ਮਾਂ ਦੀ ਪਛਾਣ ਗੁਪਤ ਰੱਖੀ ਹੈ।

ਇਕ ਸਾਬਕਾ ਕਰਮਚਾਰੀ ਦੇ ਕਹਿਣ ਮੁਤਾਬਕ, ਦਫ਼ਤਰ ਦਾ ਮਾਹੌਲ ਬਹੁਤ ਹੀ ਜ਼ਹਿਰੀਲਾ ਸੀ। ਇਸ ਮਾਹੌਲ ਨੇ ਦਫ਼ਤਰ ਦੀ ਕਿਸੇ ਚੰਗੇ ਕੰਮ ਕਰਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਦਿੱਤਾ।

ਸਾਬਕਾ ਮੁਲਾਜ਼ਮਾਂ ਦੇ ਦੱਸਣ ਮੁਤਾਬਕ ਬੈਨੇਟ ਦੇ ਦਫ਼ਤਰ ਵਿਚ ਮੂਲਨਿਵਾਸੀ ਸਟਾਫ ਮੈਂਬਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ - ਉਹਨਾਂ ਦੇ ਨਜ਼ਰੀਏ ਅਤੇ ਵਿਚਾਰਾਂ ਨੂੰ ਖ਼ਾਰਜ ਕਰ ਦਿੱਤਾ ਜਾਂਦਾ ਸੀ ਅਤੇ ਉਹਨਾ ਨੂੰ ਅਕਸਰ ਕਈ ਅਹਿਮ ਫੈਸਲਿਆਂ ਤੋਂ ਵੀ ਬਾਹਰ ਕਰ ਦਿੱਤਾ ਜਾਂਦਾ ਸੀ।

ਗ਼ੌਰਤਲਬ ਹੈ ਕਿ ਕੈਰੋਲੀਨ ਬੈਨੇਟ ਮੂਲਨਿਵਾਸੀ ਲੋਕਾਂ ਦੀ ਅਧਿਕਾਰਾਂ ਦੀ ਹਿਮਾਇਤੀ ਰਹੇ ਹਨ ਅਤੇ 2012 ਤੋਂ 2013 ਦਰਮਿਆਨ ਚੱਲੀ ਆਈਡਲ ਨੋ ਮੋਰ ਮੁਹਿੰਮ ਵਿਚ ਉਹਨਾਂ ਦਾ ਨਾਮ ਕਾਫੀ ਉਜਾਗਰ ਹੋਇਆ ਸੀ। ਇਸੇ ਮੁਹਿੰਮ ਨੇ ਉਹਨਾਂ ਨੂੰ ਮੂਲਨਿਵਾਸੀ ਅਧਿਕਾਰਾਂ ਦੀ ਹਿਮਾਇਤੀ ਸਥਾਪਿਤ ਕਰਦਿਆਂ ਕੈਬਿਨੇਟ ਲਈ ਉਹਨਾਂ ਦਾ ਰਾਹ ਪੱਧਰਾ ਕੀਤਾ ਸੀ। 

2015 ਵਿਚ ਬੈਨੇਟ ਨੂੰ ਇੰਡਿਜਿਨਸ ਅਫੇਅਰਜ਼ ਮਿਨਿਸਟਰ ਬਣਾਇਆ ਗਿਆ ਸੀ ਅਤੇ ਅਗਸਤ 2017 ਵਿਚ ਉਹਨਾਂ ਨੂੰ ਇਸ ਵਿਭਾਗ ਦੇ ਦੋ ਹਿੱਸੇ ਹੋ ਜਾਣ ਤੋਂ ਬਾਅਦ ਕ੍ਰਾਊਨ ਇੰਡਿਜਿਨਸ ਰਿਲੇਸ਼ਨਜ਼ ਮਿਨਿਸਟਰ ਨਿਯੁਕਤ ਕੀਤਾ ਗਿਆ ਸੀ। 

ਪੈਤਰਿਕਤਾਵਾਦ ਅਤੇ ਭੈੜਾ ਦਫ਼ਤਰੀ ਮਾਹੌਲ

ਕੁਝ ਸਾਬਕਾ ਸਟਾਫਰਜ਼ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਬੈਨੇਟ ਨੂੰ ਅਸਲੀਅਤ ਵਿਚ ਮੂਲਨਿਵਾਸੀ ਲੋਕਾਂ ਦੀ ਪਰਵਾਹ ਸੀ ਅਤੇ ਉਹ ਇਹਨਾਂ ਲੋਕਾਂ ਲਈ ਕੋਈ ਸਾਰਥਕ ਤਬਦੀਲੀ ਵੀ ਲਿਆਉਣਾ ਚਾਹੁੰਦੇ ਸਨ ਪਰ ਪੈਤਰਿਕਤਾਵਾਦ ਅਤੇ ਦਫ਼ਤਰ ਦਾ ਭੈੜਾ ਮਾਹੌਲ ਤੇ ਨਿਕੰਮਪੁਣਾ ਅਜਿਹਾ ਕਰਨ ਵਿਚ ਰੁਕਾਵਟ ਬਣ ਜਾਂਦੇ ਸਨ। 

ਕੁਝ ਸਟਾਫਰਜ਼ ਮੁਤਾਬਕ ਉਹ ਆਪਣੇ ਮੁਲਾਜ਼ਮਾਂ ਨੂੰ ਕੰਮ ਕਰਨ ਦੀ ਖੁੱਲ ਦਿੰਦੇ ਸਨ ਅਤੇ ਇਸ ਖੁੱਲ ਕਰਕੇ ਹੀ ਅਕਸਰ ਬਦਸਲੂਕੀ ਵਰਗੇ ਵਰਤਾਰਿਆਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਪਾਂਦੀ ਸੀ। 

ਸਾਬਕਾ ਸਟਾਫਰਜ਼ ਨੇ ਦੱਸਿਆ ਕਿ ਬੈਨੇਟ ਦੇ ਕੁਝ ਖ਼ਾਸ ਅਤੇ ਨਜ਼ਦੀਕੀ ਮੁਲਾਜ਼ਮ ਦਫ਼ਤਰ ਦੇ ਭੈੜੇ ਮਾਹੌਲ ਅਤੇ ਨਿਕੰਮਪੁਣੇ ਦਾ ਕਾਰਨ ਹਨ ਜੋ ਹੋਰ ਮੂਲਨਿਵਾਸੀ ਸਟਾਫਰਜ਼ ਨੂੰ ਵੀ ਅਣਡਿੱਠ ਕਰਦੇ ਰਹੇ ਹਨ। 

ਇੱਕ ਸਾਬਕਾ ਮੁਲਾਜ਼ਮ ਨੇ ਦੱਸਿਆ ਕਿ ਇੱਕ ਵਾਰੀ ਐਮਲਿਨ ਇੰਗਲਿਸ਼ ਨਾਮ ਦੀ ਇੱਕ ਸਟਾਫ਼ਰ ਨੇ ਇੱਕ ਮੂਲਨਿਵਾਸੀ ਸਟਾਫ਼ਰ ਨੂੰ ਕਿਹਾ ਕਿ ਉਹ [ਇੰਡਿਜਿਨਸ] ਲੋਕ ਕੈਨੇਡਾ ਵੱਲੋਂ ਮੂਲਨਿਵਾਸੀਆਂ ਤੇ ਜ਼ੁਲਮ ਕੀਤੇ ਜਾਣ ਦੇ ਮਾਮਲਿਆਂ ਤੋਂ 'ਉੱਪਰ ਉੱਠ' ਕੇ 'ਅੱਗੇ' ਕਿਉਂ ਨਹੀਂ ਵੱਧਦੇ।

ਐਮਲਿਨ ਇੰਗਲਿਸ਼ ਉਸ ਸਮੇਂ ਪੌਲੀਸੀ ਸਲਾਹਕਾਰ ਦੀ ਜਿਸਨੂੰ ਬਾਅਦ ਵਿਚ ਡਾਇਰੈਕਟਰ ਔਫ ਪੌਲੀਸੀ ਨਿਯੁਕਤ ਕੀਤਾ ਗਿਆ ਸੀ। 

ਲਾਪਤਾ ਹੋਈਆਂ ਅਤੇ ਮਾਰੀਆਂ ਗਈਆਂ ਮੂਲਨਿਵਾਸੀ ਔਰਤਾਂ ਅਤੇ ਲੜਕੀਆਂ ਬਾਰੇ ਚਲ ਰਹੀ ਇਕ ਮੀਟਿੰਗ ਵਿਚ ਜਦੋਂ ਇਕ ਮੁਲਾਜ਼ਮ ਨੇ ਆਪਣੇ ਇਕ ਰਿਸ਼ਤੇਦਾਰ ਦੇ ਮਾਰੇ ਜਾਣ ਦਾ ਵੀ ਜ਼ਿਕਰ ਕੀਤਾ ਤਾਂ ਐਮਲਿਨ ਇੰਗਲਿਸ਼ ਨੇ ਇਸ ਗੱਲ ਨੂੰ ਬੇਬੁਨਿਆਦ ਆਖਿਆ ਸੀ। 

ਸਾਬਕਾ ਮੁਲਾਜ਼ਮਾਂ ਨੇ ਦੱਸਿਆ ਕਿ ਇਹਨਾਂ ਮਸਲਿਆਂ ਬਾਰੇ ਚੀਫ ਔਫ ਸਟਾਫ ਸੈਰਾ ਵੇਲਚ ਨੂੰ ਸੂਚਿਤ ਕੀਤਾ ਗਿਆ ਸੀ ਪਰ ਉਹਨਾਂ ਨੇ ਇਸ ਬਾਰੇ ਸੁਣਨ ਤੋਂ ਹੀ ਇਨਕਾਰ ਕਰ ਦਿੱਤਾ ਸੀ। 

ਇਸ ਮਸਲੇ ਨੂੰ ਪ੍ਰਧਾਨ ਮੰਤਰੀ ਦੇ ਔਫਿਸ ਵੀ ਲਿਜਾਇਆ ਗਿਆ ਪਰ ਇਸਤੇ ਕੋਈ ਕਾਰਵਾਈ ਨਹੀਂ ਹੋਈ। 

ਇਸ ਪੂਰੇ ਮਾਮਲੇ ਦੇ ਸਬੰਧ ਵਿਚ ਐਮਲਿਨ ਇੰਗਲਿਸ਼ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਫਿਲਹਾਲ ਈਮੇਲਾਂ ਅਤੇ ਸੋਸ਼ਲ ਮੀਡੀਆ ਤੇ ਭੇਜੀਆਂ ਰਿਕੁਐਸਟਾਂ ਦਾ ਕੋਈ ਜਵਾਬ ਨਹੀਂ ਦਿੱਤਾ ਹੈ। 

ਬੈਨੇਟ ਨੇ ਕਿਹਾ ਕਿ ਉਹ ਇਹ ਜਾਣਕੇ ਬਹੁਤ ਫ਼ਿਕਰਮੰਦ ਹਨ ਕਿ ਉਹਨਾਂ ਦੇ ਕੁਝ ਟੀਮ ਮੈਂਬਰਾਂ ਨੇ ਖ਼ੁਦ ਨੂੰ ਨਜ਼ਰਅੰਦਾਜ਼ ਮਹਿਸੂਸ ਕੀਤਾ।

ਬੈਨੇਟ ਨੇ ਕਿਹਾ ਕਿ ਉਹ ਇਹ ਜਾਣਕੇ ਬਹੁਤ ਫ਼ਿਕਰਮੰਦ ਹਨ ਕਿ ਉਹਨਾਂ ਦੇ ਕੁਝ ਟੀਮ ਮੈਂਬਰਾਂ ਨੇ ਖ਼ੁਦ ਨੂੰ ਨਜ਼ਰਅੰਦਾਜ਼ ਮਹਿਸੂਸ ਕੀਤਾ।

'ਮੈਂ ਬਹੁਤ ਫ਼ਿਕਰਮੰਦ ਹਾਂ'

ਸੀਬੀਸੀ ਨੇ ਮਿਨਿਸਟਰ ਬੈਨੇਟ ਅਤੇ ਸੈਰਾ ਵੇਲਚ ਨੂੰ ਇਹਨਾਂ ਇਲਜ਼ਾਮਾਂ ਨਾਲ ਸਬੰਧਤ ਸੁਆਲਾਂ ਦੀ ਇਕ ਲੰਬੀ ਸੂਚੀ ਭੇਜੀ ਸੀ। 

ਸੀਬੀਸੀ ਨੂੰ ਭੇਜੇ ਇੱਕ ਬਿਆਨ ਵਿਚ ਬੈਨੇਟ ਨੇ ਕਿਹਾ ਕਿ ਉਹਨਾਂ ਨੇ ਦਫ਼ਤਰ ਵਿਚ ਹਮੇਸ਼ਾ ਇੱਕ ਅਜਿਹਾ ਬਰਾਬਰਤਾ ਅਤੇ ਇਕਸਾਰਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਥੇ ਸਭ ਦੇ ਵਿਚਾਰਾਂ ਨੂੰ ਸਤਿਕਾਰ ਨਾਲ ਸ਼ਾਮਲ ਕੀਤਾ ਜਾ ਸਕੇ।

ਇਹ ਮੇਰੇ ਲਈ ਹਮੇਸ਼ਾ ਬਹੁਤ ਅਹਿਮ ਰਿਹਾ ਹੈ ਕਿ ਮੂਲਨਿਵਾਸੀ ਮੈਂਬਰਾਂ ਦੀ ਆਵਾਜ਼ ਸੁਣੀ ਜਾਵੇ। ਮੈਂ ਬਹੁਤ ਫ਼ਿਕਰਮੰਦ ਹਾਂ ਕਿ ਮੇਰੇ ਸਟਾਫ ਦੇ ਕੁਝ ਮੈਂਬਰਾਂ ਨੂੰ ਇੰਝ ਮਹਿਸੂਸ ਹੋਇਆ ਕਿ ਉਹ ਸਾਡੀ ਟੀਮ ਦਾ ਮੁਖ ਹਿੱਸਾ ਨਹੀਂ ਹਨ ਅਤੇ ਉਹਨਾਂ ਦੇ ਵਿਚਾਰਾਂ ਦਾ ਕੋਈ ਮਹੱਤਵ ਨਹੀਂ ਸਮਝਿਆ ਜਾਂਦਾ। ਮੈਂ ਆਪਣੇ ਦਫ਼ਤਰ ਵਿਚ ਮੂਲਨਿਵਾਸੀ ਅਤੇ ਗ਼ੈਰ ਮੁਲਨਿਵਾਸੀ ਮੁਲਾਜ਼ਮਾਂ ਦੀ ਸ਼ੁਕਰਗੁਜ਼ਾਰ ਹਾਂ।

ਬੈਨੇਟ ਨੇ ਕਿਹਾ ਕਿ ਜਦੋਂ ਵੀ ਉਹਨਾਂ ਦੇ ਸਨਮੁੱਖ ਅਜਿਹਾ ਕੋਈ ਮਾਮਲਾ ਰੱਖਿਆ ਗਿਆ ਤਾਂ ਉਸਨੂੰ ਸੰਜੀਦਗੀ ਅਤੇ ਪਹਿਲ ਦੇ ਆਧਾਰ ਤੇ ਨੇਪਰੇ ਚਾੜ੍ਹਿਆ ਗਿਆ ਹੈ। 

ਪੀਐਮਓ [ਪ੍ਰਧਾਨ ਮੰਤਰੀ ਦਫ਼ਤਰ] ਨੇ ਇਸ ਵਿਸ਼ੇ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਇਕ ਸਰਕਾਰੀ ਸੂਤਰ ਨੇ ਸੀਬੀਸੀ ਨੂੰ ਦੱਸਿਆ ਕਿ ਪੀਐਮਓ ਕੋਲ ਬੈਨੇਟ ਦੇ ਦਫ਼ਤਰ ਤੋਂ ਪ੍ਰਾਪਤ ਕਿਸੇ ਸ਼ਿਕਾਇਤ ਬਾਰੇ ਕੋਈ ਰਿਕਾਰਡ ਨਹੀਂ ਹੈ। 

ਜੋਰਗਾ ਬਾਰੇਰਾ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ