1. ਮੁੱਖ ਪੰਨਾ
  2. ਖੇਡਾਂ
  3. ਹਾਕੀ

ਓਲੰਪਿਕਸ ਵਿੱਚ ਕੈਨੇਡਾ ਦੀ ਹਾਕੀ ਟੀਮ 'ਚ ਖੇਡੇਗਾ ਪੰਜਾਬੀ ਮੂਲ ਦਾ ਸੁੱਖੀ ਪਨੇਸਰ

ਸੱਟ ਕਾਰਨ ਓਲੰਪਿਕਸ ਜਾਣ ਤੋਂ ਖੁੰਝਿਆ ਛੋਟਾ ਭਰਾ ਬਲਰਾਜ

ਕੈਨੇਡਾ ਦੀ ਪੁਰਸ਼ਾਂ ਦੀ ਫ਼ੀਲਡ ਹਾਕੀ ਟੀਮ ਦੀ ਤਸਵੀਰ I

ਕੈਨੇਡਾ ਦੀ ਪੁਰਸ਼ਾਂ ਦੀ ਫ਼ੀਲਡ ਹਾਕੀ ਟੀਮ ਦੀ ਤਸਵੀਰ I

ਤਸਵੀਰ: fieldhockey.ca

Sarbmeet Singh

ਪੰਜਾਬੀ ਮੂਲ ਦਾ 27 ਸਾਲਾ ਸੁਖਪਾਲ (ਸੁੱਖੀ) ਪਨੇਸਰ ਕੈਨੇਡਾ ਦੀ ਫ਼ੀਲਡ ਹਾਕੀ ਟੀਮ ਵੱਲੋਂ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਲਈ ਰਵਾਨਾ ਹੋ ਚੁੱਕਾ ਹੈ I ਪਨੇਸਰ ਇਸਤੋਂ ਪਹਿਲਾਂ , 2016 ਦੀਆਂ ਓਲੰਪਿਕਸ ਖੇਡਾਂ ਵਿੱਚ ਵੀ ਹਿੱਸਾ ਲੈ ਚੁੱਕਾ ਹੈ I ਸੁੱਖੀ ਦਾ ਛੋਟਾ ਭਰਾ ਬਲਰਾਜ ਵੀ ਫ਼ੀਲਡ ਹਾਕੀ ਦਾ ਵਧੀਆ ਖਿਡਾਰੀ ਹੈ I

ਕੈਨੇਡਾ ਦੀ ਪੁਰਸ਼ਾਂ ਦੀ ਫ਼ੀਲਡ ਹਾਕੀ ਟੀਮ ਨੇ ਪਹਿਲੀ ਵਾਰ 1964 ਦੀਆਂ ਟੋਕਿਓ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ I ਇਹ ਟੀਮ ਹੁਣ ਤੱਕ 8 ਓਲੰਪਿਕ ਖੇਡਾਂ, 6 ਵਿਸ਼ਵ ਕੱਪ, 14 ਪੈਨ ਅਮਰੀਕਨ ਖੇਡਾਂ ਅਤੇ 6 ਪੈਨ ਅਮਰੀਕਨ ਕੱਪਾਂ ਵਿਚ ਹਿੱਸਾ ਲੈ ਚੁੱਕੀ ਹੈ I ਫ਼ੀਲਡ ਹਾਕੀ ਟੀਮ ਨੇ 2019 ਦੀਆਂ ਪੈਨ ਅਮਰੀਕਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ I

ਸੁਖਪਾਲ ਦੇ ਤਾਇਆ ਜਰਨੈਲ ਸਿੰਘ ਪਨੇਸਰ ਅਨੁਸਾਰ , ਸੁੱਖੀ ਪਨੇਸਰ ਦੇ ਦਾਦਾ ਵਰਿਆਮ ਸਿੰਘ 1972 ਵਿੱਚ ਕੈਨੇਡਾ ਆਏ ਸਨ ਅਤੇ ਸੁਖਪਾਲ ਦੇ ਪਿਤਾ ਬਲਵੀਰ ਸਿੰਘ ਕਿੱਤੇ ਵਜੋਂ ਇੱਕ ਮਕੈਨਿਕ ਹਨ I ਪਨੇਸਰ ਪਰਿਵਾਰ ਪੰਜਾਬ ਵਿੱਚ ਜਗਰਾਓਂ ਇਲਾਕੇ ਨਾਲ ਸੰਬੰਧ ਰੱਖਦਾ ਹੈ I

ਆਈਸ ਹਾਕੀ ਦੀ ਜਗ੍ਹਾ ਫ਼ੀਲਡ ਹਾਕੀ ਚੁਣੀ

ਜਰਨੈਲ ਸਿੰਘ ਪਨੇਸਰ ਨੇ ਦੱਸਿਆ ਕਿ ਸੁੱਖੀ ਅਤੇ ਬਲਰਾਜ ਨੇ ਆਈਸ ਹਾਕੀ ਦੀ ਜਗ੍ਹਾ ਫ਼ੀਲਡ ਹਾਕੀ ਵਿੱਚ ਆਪਣਾ ਭਵਿੱਖ ਬਣਾਉਣ ਦਾ ਸੋਚਿਆ I  ਜਰਨੈਲ ਸਿੰਘ ਨੇ ਦੱਸਿਆ ਕਿ ਸੁੱਖੀ ਅਤੇ ਬਲਰਾਜ ਦੇ ਪਿਤਾ ਬਲਵੀਰ ਸਿੰਘ ਭਾਰਤ ਵਿੱਚ ਹਾਕੀ ਖੇਡਦੇ ਸਨ ਅਤੇ ਬਲਵੀਰ ਨੇ ਕੈਨੇਡਾ ਵਿੱਚ ਵੀ ਹਾਕੀ ਖੇਡਣੀ ਜਾਰੀ ਰੱਖੀ ਜਿਥੋਂ ਦੋਵਾਂ ਬੱਚਿਆਂ ਨੂੰ ਹਾਕੀ ਦੀ ਚੇਟਕ ਲੱਗੀ I  ਉਹਨਾਂ ਦੱਸਿਆ ਕਿ ਸੁੱਖੀ ਅਤੇ ਬਲਰਾਜ ਨੇ ਸ਼ੁਰੂਆਤ ਵਿੱਚ ਥੋੜਾ ਚਿਰ ਆਈਸ ਹਾਕੀ ਖੇਡੀ I

ਪਨੇਸਰ ਇਸਤੋਂ ਪਹਿਲਾਂ , 2016 ਦੀਆਂ ਓਲੰਪਿਕਸ ਖੇਡਾਂ ਵਿੱਚ ਵੀ ਭਾਗ ਲੈ ਚੁੱਕਾ ਹੈ I

ਪਨੇਸਰ ਇਸਤੋਂ ਪਹਿਲਾਂ , 2016 ਦੀਆਂ ਓਲੰਪਿਕਸ ਖੇਡਾਂ ਵਿੱਚ ਵੀ ਭਾਗ ਲੈ ਚੁੱਕਾ ਹੈ I

ਤਸਵੀਰ: fieldhockey.ca

ਸੁੱਖੀ ਦੇ ਭਰਾ ਬਲਰਾਜ ਪਨੇਸਰ ਨੇ ਦੱਸਿਆ ਕਿ ਉਹ ਬਚਪਨ ਵਿੱਚ ਆਪਣੇ ਪਿਤਾ ਨੂੰ ਖੇਡਦੇ ਹੋਏ ਦੇਖਦੇ ਸਨ ਅਤੇ ਇਕ ਦਿਨ ਉਹਨਾਂ ਸਭ ਨੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਦਾ ਫ਼ੈਸਲਾ ਕੀਤਾ I  ਬਲਰਾਜ ਨੇ ਕਿਹਾ ਕਿ ਇਸ ਫ਼ੈਸਲੇ ਤੋਂ ਬਾਅਦ ਉਹਨਾਂ ਦਾ ਫ਼ੀਲਡ ਹਾਕੀ ਵੱਲ ਰੁਝਾਨ ਹੋਰ ਵੀ ਵਧਿਆ I

ਜਰਨੈਲ ਸਿੰਘ ਮੁਤਾਬਿਕ ਦੋਵਾਂ ਭਰਾਵਾਂ ਦੀ ਮੁੱਢਲੀ ਟ੍ਰੇਨਿੰਗ , ਸਰੀ ਸ਼ਹਿਰ ਵਿੱਚ ਸਥਿਤ ਯੂਨਾਈਟਡ ਬ੍ਰਦਰਜ਼ ਕਲੱਬ ਤੋਂ ਹੋਈ I ਉਹਨਾਂ ਕਿਹਾ ਕਿ ਬੀ ਸੀ ਵਿੱਚ ਵਾਤਾਵਰਨ ਅਨੁਕੂਲ ਹੋਣ ਕਰਕੇ ਫ਼ੀਲਡ ਹਾਕੀ ਦੀ ਲੋਕਪ੍ਰਿਯਤਾ ਵਧੀ ਹੈ I

ਓਲੰਪਿਕਸ ਜਾਣ ਤੋਂ ਖੁੰਝਿਆ ਬਲਰਾਜ

 ਸੁਖਪਾਲ ਦੇ ਭਰਾ ਬਲਰਾਜ ਪਨੇਸਰ ਨੂੰ ਵੀ ਇਸ ਵਾਰ ਓਲੰਪਿਕਸ ਟੀਮ ਵਿੱਚ ਚੋਣ ਦੀ ਉਮੀਦ ਸੀ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਟਰਾਇਲਜ਼ ਤੋਂ ਕੁਝ ਦਿਨ ਪਹਿਲਾਂ ਜ਼ਖਮੀ ਹੋਣ ਕਾਰਨ ਬਲਰਾਜ ਟੋਕੀਓ ਜਾਣ ਤੋਂ ਖੁੰਝ ਗਿਆ I  ਗੱਲਬਾਤ ਦੌਰਾਨ ਬਲਰਾਜ ਨੇ ਦੱਸਿਆ ਕਿ ਜਿੱਥੇ ਉਹ ਆਪਣੇ ਭਰਾ ਸੁੱਖੀ ਦੇ ਓਲੰਪਿਕਸ ਵਿੱਚ ਜਾਣ 'ਤੇ ਖੁਸ਼ ਹੈ ਉਥੇ ਹੀ ਸੱਟ ਕਾਰਨ ਆਪਣੇ ਰਹਿ ਜਾਣ 'ਤੇ ਨਿਰਾਸ਼ ਵੀ ਹੈ I  ਬਲਰਾਜ ਮੁਤਾਬਿਕ ਟੀਮ ਦੇ ਬਹੁਤ ਸਾਰੇ ਖਿਡਾਰੀਆਂ ਨੇ ਉਸਨੂੰ ਫ਼ੋਨ ਕਰਕੇ ਉਸਦਾ ਹੋਂਸਲਾ ਵਧਾਇਆ ਅਤੇ ਉਹ ਆਉਂਦੇ ਦਿਨਾਂ ਵਿੱਚ ਠੀਕ ਹੋਣ ਉਪਰੰਤ ਦੁਬਾਰਾ ਖੇਡ ਸ਼ੁਰੂ ਕਰੇਗਾ I

ਇਕ ਮੈਚ ਦੌਰਾਨ ਸੁਖਪਾਲ ਅਤੇ ਬਲਰਾਜ ਪਨੇਸਰ I

ਇਕ ਮੈਚ ਦੌਰਾਨ ਸੁਖਪਾਲ ਅਤੇ ਬਲਰਾਜ ਪਨੇਸਰ I

ਤਸਵੀਰ: ਧੰਨਵਾਦ ਸਾਹਿਤ ਬਲਰਾਜ ਪਨੇਸਰ

ਆਪਣੇ ਬਚਪਨ ਬਾਰੇ ਗੱਲਬਾਤ ਕਰਦਿਆਂ ਬਲਰਾਜ ਨੇ ਦੱਸਿਆ ਕਿ ਉਹ ਅਤੇ ਸੁੱਖੀ ਰੋਜ਼ਾਨਾ ਕਰੀਬ ਪੰਜ ਘੰਟੇ ਪ੍ਰੈਕਟਿਸ ਕਰਦੇ ਸਨ ਅਤੇ ਉਹ ਦੋਵੇਂ ਹੁਣ ਤੱਕ ਕਰੀਬ 70 ਅੰਤਰ-ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈ ਚੁੱਕੇ ਹਨ I ਉਹਨਾਂ ਦੱਸਿਆ ਕਿ ਸੁੱਖੀ ਹੁਣ ਤੱਕ 2016 ਰੀਓ ਓਲੰਪਿਕਸ ਤੋਂ ਇਲਾਵਾ 2013 ਜੂਨੀਅਰ ਹਾਕੀ ਵਰਲਡ ਕੱਪ ਸਮੇਤ 2019 ਪੈਨ ਅਮਰੀਕਨ ਖੇਡਾਂ ਵਿੱਚ ਭਾਗ ਲੈ ਚੁੱਕਾ ਹੈ I

ਜਰਨੈਲ ਸਿੰਘ ਪਨੇਸਰ ਨੇ ਕਿਹਾ ਕਿ ਉਹਨਾਂ ਦੇ ਪੰਜਾਬ ਵਿਚਲੇ ਪਿੰਡ ਵਿੱਚ ਜਸ਼ਨਾਂ ਦਾ ਮਾਹੌਲ ਹੈ I ਜਰਨੈਲ ਸਿੰਘ ਨੇ ਕਿਹਾ ਕਿ ਉਹ ਸੁਖਪਾਲ ਦੇ ਟੀਮ ਵਿੱਚ ਜਾਣ 'ਤੇ ਮਾਣ ਮਹਿਸੂਸ ਕਰਦੇ ਹਨ ਅਤੇ ਕਨੇਡੀਅਨ ਹਾਕੀ ਟੀਮ ਦੇ ਬਿਹਤਰੀਨ ਪ੍ਰਦਰਸ਼ਨ ਲਈ ਆਸਵੰਦ ਹਨ I

Sarbmeet Singh

ਸੁਰਖੀਆਂ