1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਇਆ ਪੰਜਾਬੀ ਭਾਈਚਾਰਾ

ਕੱਪੜੇ , ਭੋਜਨ ਅਤੇ ਦਵਾਈਆਂ ਸਮੇਤ ਵੱਡੀ ਮਾਤਰਾ 'ਚ ਪਹੁੰਚਾਈ ਰਾਹਤ ਸਮੱਗਰੀ

ਪੰਜਾਬੀ ਭਾਈਚਾਰੇ ਵੱਲੋਂ ਪਹੁੰਚਾਈ ਗਈ ਰਾਹਤ ਸਮੱਗਰੀ I

ਪੰਜਾਬੀ ਭਾਈਚਾਰੇ ਵੱਲੋਂ ਪਹੁੰਚਾਈ ਗਈ ਰਾਹਤ ਸਮੱਗਰੀ I

ਤਸਵੀਰ: ਧੰਨਵਾਦ ਸਾਹਿਤ ਮਨਵੀਰ ਗਰੇਵਾਲ

Sarbmeet Singh

ਕੈਨੇਡਾ ਦੇ ਸੂਬੇ ਬੀਸੀ ਦੇ ਇੱਕ ਛੋਟੇ ਜਿਹੇ ਪਿੰਡ ਲਿਟਨ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ , ਸਥਾਨਕ ਲੋਕਾਂ ਦੀ ਮਦਦ ਲਈ ਪੰਜਾਬੀ ਭਾਈਚਾਰਾ ਅੱਗੇ ਆਇਆ ਹੈ I ਪੀੜਤਾਂ ਦੀ ਮਦਦ ਲਈ ਭੋਜਨ ,ਕੱਪੜੇ ਅਤੇ ਜੂਸ ਆਦਿ ਚੀਜ਼ਾਂ ਸਮੇਤ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਸੂਬੇ ਦੇ ਮੈਰਿਟ ਸ਼ਹਿਰ ਵਿੱਚ ਪਹੁੰਚਾਈ ਗਈ I 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੂਬੇ ਵਿੱਚ ਅੱਤ ਦੀ ਗਰਮੀ ਪੈ ਰਹੀ ਸੀ ਅਤੇ ਲਿਟਨ ਸਭ ਤੋਂ ਗਰਮ ਥਾਂ ਸੀ , ਜਿੱਥੇ ਤਾਪਮਾਨ 49 ਡਿਗਰੀ ਦੇ ਪਾਰ ਪਹੁੰਚ ਗਿਆ ਸੀ I ਇਸੇ ਦਰਮਿਆਨ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਹ ਪਿੰਡ 90 ਫ਼ੀਸਦੀ ਤਕ ਸੜ ਕੇ ਸੁਆਹ ਹੋ ਗਿਆ ਅਤੇ ਐਮਰਜੈਂਸੀ ਦਸਤਿਆਂ ਵੱਲੋਂ ਇਲਾਕੇ ਨੂੰ ਖ਼ਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ I ਪਿੰਡ ਦੇ ਲੋਕ ਜਾਨਾਂ ਬਚਾਉਣ ਲਈ ਹੋਰ ਇਲਾਕਿਆਂ ਵੱਲ ਭੱਜੇI

ਇਹ ਉੱਦਮ ਲੈਣ ਵਾਲੇ ਨੌਜਵਾਨ ਮਨਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਲਿਟਨ ਗਏ ਸਨ ਜਿੱਥੇ ਉਹਨਾਂ ਨੇ ਅੱਤ ਦੀ ਪੈ ਰਹੀ ਗਰਮੀ ਦੌਰਾਨ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ I ਮਨਵੀਰ ਨੇ ਕਿਹਾ ਮੈਨੂੰ ਪਤਾ ਲੱਗਾ ਕਿ ਉਹ ਲੋਕ ਪੱਖੇ ਅਤੇ ਏਸੀ ਤੋਂ ਬਿਨ੍ਹਾਂ ਗੁਜ਼ਾਰਾ ਕਰ ਰਹੇ ਸਨ ਅਤੇ ਘਰ ਕਾਫ਼ੀ ਪੁਰਾਣੇ ਜ਼ਮਾਨੇ ਦੇ ਬਣੇ ਹੋਏ ਜਾਪਦੇ ਸਨ ਜੋ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਨਹੀਂ ਸਨ I ਉਹਨਾਂ ਕਿਹਾ ਕਿ ਵਾਪਿਸ ਆਉਣ 'ਤੇ ਜਦੋਂ ਉਹਨਾਂ ਨੂੰ ਉੱਕਤ ਪਿੰਡ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਤਾਂ ਉਹ ਪ੍ਰੇਸ਼ਾਨ ਹੋ ਗਏ I

ਰਾਹਤ ਸਮੱਗਰੀ ਇੱਕਤਰ ਕਰਨ ਸਮੇਂ ਮਨਵੀਰ ਗਰੇਵਾਲ ਅਤੇ ਹੋਰ ਟੀਮ ਮੈਂਬਰ I

ਰਾਹਤ ਸਮੱਗਰੀ ਇੱਕਤਰ ਕਰਨ ਸਮੇਂ ਮਨਵੀਰ ਗਰੇਵਾਲ ਅਤੇ ਹੋਰ ਟੀਮ ਮੈਂਬਰ I

ਤਸਵੀਰ: ਧੰਨਵਾਦ ਸਾਹਿਤ ਮਨਵੀਰ ਗਰੇਵਾਲ

ਮਨਵੀਰ ਨੇ ਕਿਹਾ ,ਆਪਣੇ ਦੋਸਤਾਂ-ਮਿੱਤਰਾਂ ਨਾਲ ਇਸ ਬਾਰੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਸੀਂ ਰਾਹਤ ਸਮੱਗਰੀ ਇਕੱਤਰ ਕਰਨ ਦਾ ਫ਼ੈਸਲਾ ਲਿਆ ਜਿਸਨੂੰ ਭਾਈਚਾਰੇ ਵੱਲੋਂ ਭਰਪੂਰ ਹੁੰਗਾਰਾ ਮਿਲਿਆ I ਉਹਨਾਂ ਦੱਸਿਆ ਕਿ ਰਾਹਤ ਸਮੱਗਰੀ ਐਬਟਸਫੋਰਡ ਅਤੇ ਸਰੀ ਸ਼ਹਿਰ ਵਿੱਚੋ ਇੱਕਤਰ ਕੀਤੀ ਗਈ ਜਿਸ ਵਿੱਚ ਕੱਪੜੇ , ਪਾਣੀ , ਜੂਸ ,ਸੈਨੀਟਾਈਜ਼ਰ ਅਤੇ ਭੋਜਨ ਆਦਿ ਸ਼ਾਮਿਲ ਸੀ I ਮਨਵੀਰ ਮੁਤਾਬਿਕ ਪਹਿਲਾਂ ਉਹਨਾਂ ਦਾ ਲਿਟਨ ਲਾਗਲੇ ਸ਼ਹਿਰ ਲਲੂਏਟ ਜਾਣ ਦਾ ਪ੍ਰੋਗਰਾਮ ਸੀ ਪਰ ਓਥੋਂ ਦੇ ਮੇਅਰ ਤੋਂ ਪਤਾ ਲੱਗਾ ਕਿ ਉੱਥੇ ਵੀ ਥਾਂ ਖ਼ਾਲੀ ਕਰਨ ਲਈ ਚੇਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਫਿਰ ਉਹਨਾਂ ਨੇ ਮੈਰਿਟ ਸ਼ਹਿਰ ਵੱਲ ਨੂੰ ਚਾਲੇ ਪਾ ਦਿੱਤੇ I

ਸਾਨੂੰ ਜਾਪਿਆ ਕਿ ਸਥਾਨਕ ਭਾਈਚਾਰਾ ਬੇਹੱਦ ਇਕੱਲਾਪਨ ਮਹਿਸੂਸ ਕਰ ਰਿਹਾ ਸੀ ਅਤੇ ਜਦੋਂ ਅਸੀਂ ਰਾਹਤ ਸਮੱਗਰੀ ਲਈ ਕੇ ਪਹੁੰਚੇ ਤਾਂ ਉਹ ਕਾਫ਼ੀ ਭਾਵੁਕ ਹੋ ਗਏ I
ਵੱਲੋਂ ਇੱਕ ਕਥਨ ਮਨਵੀਰ ਗਰੇਵਾਲ

ਅਮਰ ਟਰੱਕਿੰਗ ਕੰਪਨੀ ਲਈ ਕੰਮ ਕਰਦੇ ਲੱਕੀ ਧਾਲੀਵਾਲ ਨੇ ਦੱਸਿਆ ਕਿ ਉਹਨਾਂ ਨੂੰ ਜਦੋਂ ਇਸ ਨੇਕ ਕਾਰਜ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਆਪਣਾ ਇਕ ਟ੍ਰੇਲਰ ਇਸ ਕੰਮ ਲਈ ਲਗਾਉਣ ਦਾ ਫ਼ੈਸਲਾ ਕੀਤਾ I ਲੱਕੀ ਧਾਲੀਵਾਲ ਨੇ ਕਿਹਾ ਕਿ ਉਹਨਾਂ ਆਪਣੇ ਟ੍ਰੇਲਰ ਵਿੱਚ ਰਾਹਤ ਸਮੱਗਰੀ ਲੱਦ ਕੇ ਲੋੜਵੰਦਾਂ ਤੱਕ ਪੁੱਜਦੀ ਕੀਤੀ ਜਿਸ ਨਾਲ ਉਹਨਾਂ ਨੂੰ ਬੇਹੱਦ ਸਕੂਨ ਪ੍ਰਾਪਤ ਹੋਇਆ I

ਇਸ ਕਾਰਜ ਵਿੱਚ ਯੋਗਦਾਨ ਪਾਉਣ ਵਾਲੇ ਐਬਟਸਫੋਰਡ ਨਿਵਾਸੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਕਿਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬੀ ਭਾਈਚਾਰਾ ਹਮੇਸ਼ਾ ਹੀ ਅੱਗੇ ਵਧ ਕੇ ਆਪਣਾ ਯੋਗਦਾਨ ਪਾਉਂਦਾ ਹੈ ਅਤੇ ਇਹ ਉਪਰਾਲਾ ਵੀ ਸ਼ਲਾਘਾਯੋਗ ਹੈ I

ਰਾਹਤ ਕਾਰਜਾਂ ਲਈ ਕੰਮ ਕਰਦੀ ਸੰਸਥਾ , ਖਾਲਸਾ ਏਡ ਵੱਲੋਂ ਵੀ ਰਾਹਤ ਸਮੱਗਰੀ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ I ਖਾਲਸਾ ਏਡ ਤੋਂ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਲੋਨਾ ਅਤੇ ਕੈਮਲੂਪਸ ਸ਼ਹਿਰਾਂ ਵਿਚਲੇ ਆਪਣੇ ਟੀਮ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ I ਬਲਜੀਤ ਕੌਰ ਨੇ ਕਿਹਾ ਕਿ ਅਸੀਂ ਕੱਪੜੇ , ਕੰਬਲ , ਦਵਾਈਆਂ ਅਤੇ ਘਰੇਲੂ ਜ਼ਰੂਰਤ ਦਾ ਸਮਾਨ ਪੀੜਤਾਂ ਤੱਕ ਪੁੱਜਦਾ ਕੀਤਾ ਹੈ I

ਰਾਹਤ ਸਮੱਗਰੀ ਇੱਕਤਰ ਕਰਦੀ ਖਾਲਸਾ ਏਡ ਦੀ ਟੀਮ I

ਰਾਹਤ ਸਮੱਗਰੀ ਇੱਕਤਰ ਕਰਦੀ ਖਾਲਸਾ ਏਡ ਦੀ ਟੀਮ I

ਤਸਵੀਰ: ਧੰਨਵਾਦ ਸਾਹਿਤ ਬਲਜੀਤ ਕੌਰ

ਅਸੀਂ ਸਥਾਨਕ ਨਿਵਾਸੀਆਂ , ਅੱਗ ਬੁਝਾਊ ਦਸਤਿਆਂ ਅਤੇ ਹੋਰਨਾਂ ਲਈ ਮੈਰਿਟ ਦੇ ਗੁਰੂਦੁਆਰੇ ਵਿੱਚ ਲੰਗਰ ਦੀ ਸੇਵਾ ਦਾ ਕੰਮ ਸ਼ੁਰੂ ਕਰ ਰਹੇ ਹਾਂ I ਇਸਤੋਂ ਇਲਾਵਾ ਅੱਗ ਬੁਝਾਊ ਦਸਤਿਆਂ ਲਈ ਪਾਣੀ ਦੀ ਸਪਲਾਈ ਲਈ ਵੀ ਯਤਨ ਕੀਤੇ ਜਾ ਰਹੇ ਹਨ I
ਵੱਲੋਂ ਇੱਕ ਕਥਨ ਬਲਜੀਤ ਕੌਰ , ਖਾਲਸਾ ਏਡ

ਮਨਵੀਰ ਨੇ ਦੱਸਿਆ ਕਿ ਉਹਨਾਂ ਵੱਲੋਂ ਹੋਰ ਰਾਹਤ ਸਮੱਗਰੀ ਇੱਕਤਰ ਕੀਤੀ ਜਾ ਰਹੀ ਹੈ ਜਿਸਨੂੰ ਆਉਂਦੇ ਦਿਨਾਂ ਵਿੱਚ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾਵੇਗਾ I ਪੰਜਾਬੀ ਭਾਈਚਾਰੇ ਵੱਲੋਂ ਕੀਤੇ ਇਸ ਕਾਰਜ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ I ਸਥਾਨਕ ਨਿਵਾਸੀਆਂ ਵੱਲੋਂ ਪੰਜਾਬੀ ਭਾਈਚਾਰੇ ਦਾ ਧੰਨਵਾਦ ਵੀ ਕੀਤਾ ਗਿਆ I

ਹਾਲਾਤ ਚਿੰਤਾਜਨਕ

ਜੰਗਲੀ ਅੱਗਾਂ ਦੇ ਚਲਦਿਆਂ ਬੀਸੀ ਵਿੱਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ I ਪ੍ਰਾਪਤ ਜਾਣਕਾਰੀ ਮੁਤਾਬਿਕ ਸੂਬੇ ਵਿੱਚ ਇਸ ਸਮੇਂ 200 ਦੇ ਕਰੀਬ ਐਕਟਿਵ ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ I ਬੀਸੀ ਕੋਰੋਨਰਸ ਸਰਵਿਸਜ਼ ਮੁਤਾਬਿਕ ਲਿਟਨ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ I ਉਧਰ ਸੂਬੇ ਵਿੱਚ ਲੱਗੀਆਂ ਜੰਗਲੀ ਅੱਗਾਂ ਦੇ ਚਲਦਿਆਂ, ਓਨਟੇਰੀਓ ਅਤੇ ਹੋਰਨਾਂ ਸੂਬਿਆਂ ਤੋਂ ਵੀ ਅੱਗ ਬੁਝਾਊ ਦਸਤੇ ਬੀਸੀ ਪਹੁੰਚ ਰਹੇ ਹਨ I ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਆਰਮਡ ਫੋਰਸਜ਼ ਦੀਆਂ ਸੇਵਾਵਾਂ ਉਪਲਬਧ ਕਰਾਉਣ ਦੀ ਗੱਲ ਆਖੀ ਗਈ ਹੈ I

ਬੀ ਸੀ ਦੇ ਪ੍ਰੀਮੀਅਰ ਜੌਨ ਹੋਰਗਨ ਵੱਲੋਂ ਫੈਡਰਲ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਹੈ I

Sarbmeet Singh

ਸੁਰਖੀਆਂ