1. ਮੁੱਖ ਪੰਨਾ
  2. ਖੇਡਾਂ
  3. ਇਮੀਗ੍ਰੇਸ਼ਨ

ਕੈਨੇਡਾ ਨੂੰ 'ਸਮਝਣ' ਵਿਚ ਆਈਸ ਹੌਕੀ ਨੇ ਕਿੱਦਾਂ ਕੀਤੀ ਇੱਕ ਪਰਵਾਸੀ ਪਰਿਵਾਰ ਦੀ ਮਦਦ

ਡਾ ਤਾਹਿਰਾ ਅਹਿਮਦ ਕਹਿੰਦੀ ਹੈ ਕਿ ਮੌਜੂਦਾ ਸੀਜ਼ਨ ਵਿਚ ਮੌਂਟਰੀਅਲ ਕੈਨੇਡੀਅਨਜ਼ ਦੀ ਕਾਰਗੁਜ਼ਾਰੀ ਉਸਨੂੰ 1980 ਅਤੇ 1990 ਵਿਆਂ ਵਿਚ ਟੀਮ ਦੁਆਰਾ ਖੇਡੇ ਜ਼ਬਰਦਸਤ ਮੁਕਾਬਲਵ ਦੀ ਯਾਦ ਦਿਵਾਉਂਦੀ ਹੈ।

ਡਾ ਤਾਹਿਰਾ ਅਹਿਮਦ ਕਹਿੰਦੀ ਹੈ ਕਿ ਮੌਜੂਦਾ ਸੀਜ਼ਨ ਵਿਚ ਮੌਂਟਰੀਅਲ ਕੈਨੇਡੀਅਨਜ਼ ਦੀ ਕਾਰਗੁਜ਼ਾਰੀ ਉਸਨੂੰ 1980 ਅਤੇ 1990 ਵਿਆਂ ਵਿਚ ਟੀਮ ਦੁਆਰਾ ਖੇਡੇ ਜ਼ਬਰਦਸਤ ਮੁਕਾਬਲਵ ਦੀ ਯਾਦ ਦਿਵਾਉਂਦੀ ਹੈ।

ਤਸਵੀਰ: The Canadian Press / Paul Chiasson

RCI

ਡਾ. ਤਾਹਿਰਾ ਅਹਿਮਦ ਸਿਰਫ 6 ਜਾਂ 7 ਸਾਲ ਦੇ ਸਨ ਜਦੋਂ ਪਾਕਿਸਤਾਨ ਵਿਚ ਉਹਨਾਂ ਦੇ ਇਕ ਕਨੇਡੀਅਨ ਦੋਸਤ ਨੇ ਉਹਨਾਂ ਨੂੰ ਆਈਸ ਹੌਕੀ ਬਾਰੇ ਦੱਸਿਆ ਸੀ।

ਡੇ 6 (ਨਵੀਂ ਵਿੰਡੋ) ਨਾਲ ਗੱਲ ਕਰਦਿਆਂ ਉਹਨਾਂ ਕਿਹਾ, ਮੈਂ ਉਸਨੂੰ ਕਿਹਾ ਕਿ ਉਹ ਰੋਲਰ ਸਕੇਟ ਲਿਆ ਸਕਦਾ ਹੈ ਅਤੇ ਆਪਾਂ ਕਲੱਬ ਅਰਿਨਾ ਵਿਚ ਸਕੇਟਿੰਗ ਕਰ ਸਕਦੇ ਹਾਂ। ਉਸਨੇ ਕਿਹਾ, ਮੈਂ ਆਈਸ ਸਕੇਟਿੰਗ ਕਰਦਾ ਹਾਂ। ਮੈਂ ਕਿਹਾ, ਕੀ ਮਤਲਬ ਆਈਸ ਸਕੇਟਿੰਗ ? ਬਰਫ਼ ਤਾਂ ਖ਼ਤਰਨਾਕ ਹੁੰਦੀ ਹੈ। 

ਆਈਸ ਸਕੇਟਿੰਗ ਬਰਫ਼ ਦੇ ਜੰਮੇ ਹੋਏ ਪੱਧਰੇ ਮੈਦਾਨ ਉੱਤੇ ਵਿਸ਼ੇਸ਼ ਸਕੇਟਸ ਨਾਲ ਕੀਤੀ ਜਾਂਦੀ ਹੈ। ਇਹ ਸਕੇਟਸ ਖ਼ਾਸ ਤਰ੍ਹਾਂ ਦੇ ਜੁੱਤੇ ਹੁੰਦੇ ਹਨ ਜਿਹਨਾਂ ਦੇ ਹੇਠਾਂ ਧਾਤ ਦੇ ਬਣੇ ਬਲੇਡ ਲੱਗੇ ਹੁੰਦੇ ਹਨ ਅਤੇ ਇਹ ਬਰਫ਼ ਉੱਤੇ ਰੁੜ੍ਹਨ ਵਿਚ ਮਦਦ ਕਰਦੇ ਹਨ। ਕੈਨੇਡਾ ਵਰਗੇ ਕਈ ਠੰਡੇ ਮੁਲਕਾਂ ਵਿਚ ਆਈਸ ਸਕੇਟਿੰਗ ਕੀਤੀ ਜਾਂਦੀ ਹੈ। ਆਈਸ ਹੌਕੀ ਕੈਨੇਡਾ ਦੀਆਂ ਮੁੱਖ ਖੇਡਾਂ ਵਿਚੋਂ ਇੱਕ ਹੈ ਅਤੇ ਆਈਸ ਹੌਕੀ ਵੀ ਇਹ ਆਈਸ ਸਕੇਟਸ ਪਹਿਨ ਕੇ ਖੇਡੀ ਜਾਂਦੀ ਹੈ। 

ਜਦੋਂ ਉਹ ਦੋਵੇਂ ਅਗਲੀ ਵਾਰੀ ਮਿਲੇ ਤਾਂ ਅਹਿਮਦ ਦੇ ਦੋਸਤ ਨੇ ਉਸਨੂੰ ਆਈਸ ਸਕੇਟਿੰਗ ਦੀਆਂ ਤਸਵੀਰਾਂ ਦਿਖਾਈਆਂ।

ਉਹ ਜੋ ਦੇਖ ਰਹੀ ਸੀ ਉਸਨੂੰ ਬਹੁਤਾ ਸਮਝ ਨਹੀਂ ਲੱਗਿਆ।

ਮੈਂ ਕਹਿੰਦੀ ਰਹੀ ਕਿ ਤੁਸੀਂ ਗਿਰ ਸਕਦੇ ਹੋ। ਤੁਹਾਨੂੰ ਰੋਲਰ ਸਕੇਟਸ ਚਾਹੀਦੇ ਹਨ।

ਉਸਤੋਂ ਬਾਅਦ ਅਹਿਮਦ ਹੌਕੀ ਦੀ ਵੱਡੀ ਪ੍ਰਸ਼ੰਸਕ ਬਣ ਗਈ। ਜਦੋਂ 1972 ਵਿਚ ਉਹ ਔਟਵਾ ਪਰਵਾਸ ਕਰਕੇ ਆਈ ਤਾਂ ਉਹ ਆਪਣੇ ਪਤੀ ਨਾਲ ਆਪਣੇ ਘਰੇ ਬਲੈਕ ਐਂਡ ਵਾਈਟ ਟੀਵੀ ਸਕਰੀਨ ਤੇ ਹੌਕੀ ਗੇਮਾਂ ਦੇਖਿਆ ਕਰਦੀ ਸੀ। ਅਹਿਮਦ ਦੀ ਉਮਰ ਉਦੋਂ 22 ਸਾਲ ਦੀ ਸੀ। 

ਮੈਂ ਉਹਨਾਂ ਲੋਕਾਂ ਨੂੰ ਬਰਫ਼ ਉੱਤੇ ਇੰਨੀ ਸਫ਼ਾਈ ਅਤੇ ਸਹਿਜ ਢੰਗ ਨਾਲ ਸਕੇਟਿੰਗ ਕਰਦੇ ਦੇਖਦੀ ਰਹਿੰਦੀ ਸੀ। ਮੈਂ ਸੱਚੀਂ ਉਹਨਾਂ ਦੇ ਪੈਰਾਂ ਵੱਲ ਦੇਖਦੀ ਰਹਿੰਦੀ ਕਿ ਉਹ ਕਿਸ ਤਰ੍ਹਾਂ ਇਕ ਥਾਂ ਤੋਂ ਦੂਜੀ ਥਾਂ ਇੰਨੀ ਖੂਬਸੂਰਤੀ ਨਾਲ ਤਿਲਕਦੇ ਜਾਂਦੇ ਸਨ।

ਮੈਂ ਤਾਂ ਟੀਵੀ ਨਾਲ ਚਿਪਕ ਜਾਇਆ ਕਰਦੀ ਤੇ ਕਹਿੰਦੀ , ਮੈਂ ਇਹ ਗੇਮ ਦੇਖਣੀ ਹੀ ਦੇਖਣੀ ਹੈ
ਵੱਲੋਂ ਇੱਕ ਕਥਨ ਡਾ. ਤਾਹਿਰਾ ਅਹਿਮਦ

ਅਹਿਮਦ ਦੀ ਪਸੰਦੀਦਾ ਟੀਮ ਮੌਂਟਰੀਅਲ ਕੈਨੇਡੀਅਨਜ਼ ਹੈ।

ਮੌਂਟਰੀਅਲ ਕੈਨੇਡੀਅਨਜ਼, ਐਨ ਐਚ ਐਲ (NHL) ਯਾਨੀ ਨੈਸ਼ਨਲ ਹੌਕੀ ਲੀਗ ਵਿਚ ਹਿੱਸਾ ਲੈਣ ਵਾਲੀ ਮੌਂਟਰੀਅਲ ਦੀ ਪ੍ਰੋਫੈਸ਼ਨਲ ਆਈਸ ਹੌਕੀ ਟੀਮ ਹੈ। ਐਨ ਐਚ ਐਲ ਜਿੱਤਣ ਵਾਲੀ ਟੀਮ ਨੂੰ ਸਟੈਨਲੇ ਕੱਪ ਦਿੱਤਾ ਜਾਂਦਾ ਹੈ। 

ਕਨੇਡੀਅਨ ਸਮਾਜ ਵਿਚ ਢਲਣਾ ਸੌਖਾ ਹੋਇਆ

ਜਦੋਂ ਅਹਿਮਦ ਨੇ ਹੌਕੀ ਵਿਚ ਆਪਣੀ ਰੁਚੀ ਜ਼ਾਹਰ ਕੀਤੀ ਤਾਂ ਉਹਨਾਂ ਦੇ ਪਤੀ ਨੇ ਉਹਨਾਂ ਨੂੰ ਐਨ ਐਚ ਐਲ ਦੀਆਂ ਕਈ ਟੀਮਾਂ ਨਾਲ ਜਾਣੂ ਕਰਵਾਇਆ। ਪਰ ਅਹਿਮਦ ਨੂੰ ਸਿਰਫ਼ ਇੱਕੋ ਟੀਮ ਬਾਕਮਾਲ ਲੱਗੀ : ਮੌਂਟਰੀਅਲ ਕੈਨੇਡੀਅਨਜ਼। 

ਅਹਿਮਦ ਇਸ ਟੀਮ ਨਾਲ ਪਰਿਚਿਤ ਸੀ। ਜਦੋਂ ਉਹ ਪਾਕਿਸਤਾਨ ਵਿਚ ਸੀ ਤਾਂ ਉਸਦੀ ਦੋਸਤ ਨੇ ਇਸ ਟੀਮ ਦਾ ਜ਼ਿਕਰ ਕੀਤਾ ਸੀ। ਪਰ ਉਹ ਪਹਿਲੀ ਵਾਰੀ ਉਹਨਾਂ ਨੂੰ ਖੇਡਦਿਆਂ ਦੇਖ ਰਹੀ ਸੀ।

ਜਲਦੀ ਹੀ ਉਸਨੂੰ ਟੀਮ ਦੇ ਖਿਡਾਰੀਆਂ ਦੇ ਨਾਂ ਵੀ ਯਾਦ ਹੋ ਗਏ ਅਤੇ ਗਾਏ ਲਫ਼ਲਰ ਉਹਨਾਂ ਦੇ ਮਨਪਸੰਦ ਖਿਡਾਰੀ ਬਣ ਗਏ।

ਉਸਨੇ ਕਿਹਾ,ਮੈਨੂੰ ਉਹਨਾਂ ਦੇ ਸਨਮਾਨ ਅਤੇ ਸਤਿਕਾਰ ਨਾਲ ਖੇਡਣ ਦੇ ਢੰਗ ਨਾਲ ਪਿਆਰ ਹੋ ਗਿਆ। ਉਹ ਨਾ ਤਾਂ ਰੁੱਖੇ ਸੁਭਾਅ ਦੇ ਸਨ ਅਤੇ ਨਾ ਹੀ ਆਪਣੇ ਨਾਲ ਦੇ ਖਿਡਾਰੀ ਸਕੇਟਰਾਂ ਨੂੰ ਮੁੱਕੇ ਮਾਰਦੇ ਸਨ।

ਅਹਿਮਦ ਨੇ ਦੱਸਿਆ ਕਿ ਮੌਂਟਰੀਅਲ ਕੈਨੇਡੀਅਨਜ਼ ਨੇ ਉਸਨੂੰ ਬਤੌਰ ਇੱਕ ਪਰਵਾਸੀ ਨਵੇਂ ਮਾਹੌਲ ਵਿਚ ਢਲਣ ਵਿਚ ਮਦਦ ਕੀਤੀ। ਉਹਨਾਂ ਦੇ ਇਤਿਹਾਸ ਬਾਰੇ ਜਾਨਣ ਨਾਲ ਕੈਨੇਡਾ ਦੇ ਸੱਭਿਆਚਾਰ ਨੂੰ ਸਮਝਣ ਵਿਚ ਮਦਦ ਮਿਲੀ। ਖਿਡਾਰੀਆਂ ਅਤੇ ਉਹਨਾਂ ਦੇ ਵੱਖਰੇ ਵੱਖਰੇ ਪਿਛੋਕੜ ਕੈਨੇਡਾ ਦਾ ਭੂਗੋਲ ਅਤੇ ਭੂਮੀ-ਬਿਰਤਾਂਤ ਸਮਝਾਉਣ ਵਿਚ ਮਦਦਗਾਰ ਸਾਬਤ ਹੋਏ।

ਹੌਕੀ ਅਤੇ ਪਰਿਵਾਰ

ਔਟਵਾ ਪਰਵਾਸ ਕਰਨ ਦੇ ਕੁਝ ਸਾਲ ਬਾਅਦ ਅਹਿਮਦ ਦਾ ਪਰਿਵਾਰ ਹੈਲੀਫੈਕਸ ਜਾਕੇ ਵੱਸ ਗਿਆ।

ਅਹਿਮਦ ਨੇ ਦੱਸਿਆ ਕਿ ਹੈਲੀਫੈਕਸ ਵਿਚ ਮੁਸਲਿਮ ਭਾਈਚਾਰੇ ਦੀ ਗਿਣਤੀ ਮੁਕਾਬਲਤਨ ਛੋਟੀ ਸੀ ਪਰ ਉਥੇ ਇੱਕ ਛੋਟੀ ਜਿਹੀ ਇਮਾਰਤ ਸੀ ਜਿਸਨੂੰ ਮਸਜਿਦ ਬਣਾਇਆ ਗਿਆ ਸੀ। ਉਸ ਮਸਜਿਦ ਦੇ ਪਿਛਲੇ ਪਾਸੇ ਇਕ ਝੀਲ ਸੀ ਜਿਥੇ ਅਹਿਮਦ ਨੇ ਆਈਸ ਹੌਕੀ ਨਾਲ ਆਪਣੇ ਇਸ਼ਕ ਦੀ ਦਾਸਤਾਨ ਨੂੰ ਆਪਣੇ ਬੱਚਿਆਂ ਸੁਲੇਮਾਨ ਅਤੇ ਸ਼ੀਰੀਂ ਰਾਹੀਂ ਅੱਗੇ ਤੋਰਿਆ।

ਉਸਨੇ ਕਿਹਾ, ਉਹ ਝੀਲ ਸਰਦੀਆਂ ਵਿਚ ਜੰਮ ਜਾਂਦੀ ਸੀ। ਅਸੀਂ ਆਪਣੇ ਬੱਚਿਆਂ ਨੂੰ ਸਕੇਟਸ ਖਰੀਦ ਕੇ ਦੇਣ ਦਾ ਫ਼ੈਸਲਾ ਕੀਤਾ ਤਾਂ ਕਿ ਉਹ ਮਸਜਿਦ ਦੇ ਪਿੱਛੇ [ਜੰਮੀ ਝੀਲ ਵਿਚ] ਸਕੇਟਿੰਗ ਕਰ ਸਕਣ।

(ਖੱਬੇ ਤੋਂ ਸੱਜੇ) ਡਾ ਤਾਹਿਰਾ ਅਹਿਮਦ ਆਪਣੇ ਬੇਟੇ ਸੁਲੇਮਾਨ ਅਤੇ ਬੇਟੀ ਸ਼ੀਰੀਂ ਨਾਲ।

(ਖੱਬੇ ਤੋਂ ਸੱਜੇ) ਡਾ ਤਾਹਿਰਾ ਅਹਿਮਦ ਆਪਣੇ ਬੇਟੇ ਸੁਲੇਮਾਨ ਅਤੇ ਬੇਟੀ ਸ਼ੀਰੀਂ ਨਾਲ।

ਤਸਵੀਰ:  CBC

ਨਾ ਸਿਰਫ਼ ਆਈਸ ਹੌਕੀ ਬਲਕਿ ਅਹਿਮਦ ਦੀ ਮਨਪਸੰਦ ਟੀਮ ਮੌਂਟਰੀਅਲ ਕੈਨੇਡੀਅਨਜ਼ ਨਾਲ ਪਿਆਰ ਵੀ ਉਹਨਾਂ ਦੀ ਅਗਲੀ ਪੀੜ੍ਹੀ ਵਿਚ ਦੇਖਿਆ ਜਾ ਸਕਦਾ ਹੈ। ਉਹਨਾਂ ਦੇ ਬੱਚਿਆਂ ਨੇ ਪਹਿਲੀਆਂ ਜਰਸੀਆਂ ਵੀ ਮੌਂਟਰੀਅਲ ਕੈਨੇਡੀਅਨਜ਼ ਵਾਲਿਆਂ ਖਰੀਦੀਆਂ ਸਨ। 

ਜਦੋਂ ਅਸੀਂ ਗੇਮ ਦੇਖਦੇ ਹੁੰਦੇ ਸੀ ਤਾਂ ਦੋਵੇਂ ਬੱਚੇ ਸਾਨੂੰ ਪੁੱਛਦੇ ਹੁੰਦੇ ਸੀ , ਕੀ ਅਸੀਂ ਆਪਣਾ ਹੋਮਵਰਕ ਜਲਦੀ ਖ਼ਤਮ ਕਰ ਲਈਏ ਅਤੇ ਗੇਮ ਦੇਖ ਲਈਏ? ਅਸੀਂ ਉਹਨਾਂ ਨੂੰ ਗੇਮ ਦੇਖਣ ਲਈ ਹਮੇਸ਼ਾ ਉਤਸ਼ਾਹਤ ਕਰਦੇ ਸੀ ਪਰ ਉਦੋਂ ਜਦੋਂ ਉਹਨਾਂ ਨੇ ਆਪਣਾ [ਸਕੂਲ ਅਤੇ ਪੜ੍ਹਾਈ ਦਾ] ਕੰਮ ਪੂਰਾ ਕਰ ਲਿਆ ਹੋਵੇ।

ਸਟੈਨਲੇ ਕਪ ਲਈ ਦੁਆਵਾਂ

ਅਹਿਮਦ ਹੁਣ ਤੱਕ ਕਈ ਸਟੈਨਲੇ ਕਪ ਚੈਂਪੀਅਨਸ਼ਿਪ ਦੇਖ ਚੁੱਕੀ ਹੈ। ਉਸਦੀ ਮਨਪਸੰਦ ਟੀਮ ਮੌਂਟਰੀਅਲ ਕੈਨੇਡੀਅਨਜ਼ ਨੇ ਆਖਰੀ ਵਾਰੀ 1993 ਵਿਚ ਇਹ ਕਪ ਜਿੱਤਿਆ ਸੀ।

ਉਸਨੂੰ ਲਗਦਾ ਹੈ ਕਿ ਇਸ ਸੀਜ਼ਨ ਵਿਚ ਉਸਦੀ ਟੀਮ ਨੇ ਜ਼ਬਰਦਸਤ ਗੇਮ ਖੇਡੀ ਹੈ ਅਤੇ ਉਸਨੂੰ ਉਮੀਦ ਹੈ ਕਿ ਇਸ ਵਾਰ ਦਾ ਕਪ ਇਹੀ ਜਿੱਤਣਗੇ।

ਮੇਰੇ ਪਤੀ ਮੈਨੂੰ ਪੁੱਛਦੇ ਹਨ ਕਿ ਕੀ ਮੈਂ ਇਸ ਲਈ ਦੁਆ ਵੀ ਕਰਦੀ ਹਾਂ। ਮੈਂ ਕਹਿੰਦੀ ਹਾਂ ਕਿ ਹਾਂ ਮੈਂ ਦੁਆਵਾਂ ਮੰਗਦੀ ਹਾਂ ਅਤੇ ਇਸ ਵਿਚ ਕੁਝ ਗ਼ਲਤ ਵੀ ਨਹੀਂ ਹੈ।

ਮੁਹੰਮਦ ਰਾਚੀਨੀ · ਸੀਬੀਸੀ ਰੇਡੀਓ

ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ