- ਮੁੱਖ ਪੰਨਾ
- ਸਮਾਜ
- ਮੂਲਨਿਵਾਸੀ
ਸਸਕੈਚਵਨ ਦੇ ਇੱਕ ਪੁਰਾਣੇ ਰਿਹਾਇਸ਼ੀ ਸਕੂਲ ਵਿਚ ਮਿਲੀਆਂ 751 ਨਿਸ਼ਾਨ-ਰਹਿਤ ਕਬਰਾਂ
ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ 1899 ਤੋਂ 1977 ਤਕ ਚਲਾਇਆ ਜਾ ਰਿਹਾ ਸੀ

ਕਾਉਐਸੇਸ ਫ਼ਸਟ ਨੇਸ਼ਨ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਸਾਬਕਾ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿੱਖੇ ਸੈਂਕੜੇ ਨਿਸ਼ਾਨ-ਰਹਿਤ ਕਬਰਾਂ ਮਿਲੀਆਂ ਹਨ. ਇਸ ਜਗ੍ਹਾ ਤੇ ਕੁਝ ਨਾਮ-ਨਿਸ਼ਾਨ ਵਾਲਿਆਂ ਕਬਰਾਂ ਵੀ ਮੌਜੂਦ ਹਨ।
ਤਸਵੀਰ: CBC
ਕਾਉਐਸੇਸ ਫ਼ਸਟ ਨੇਸ਼ਨ ਨੂੰ ਸਸਕੈਚਵਨ ਦੇ ਪੁਰਾਣੇ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ ਸੈਂਕੜੇ ਕਬਰਾਂ ਮਿਲੀਆਂ ਹਨ। ਇਹ ਕਬਰਾਂ ਨਿਸ਼ਾਨ-ਰਹਿਤ ਹਨ ਭਾਵ ਇਹਨਾਂ ਉੱਤੇ ਕਿਸੇ ਦੇ ਦਫ਼ਨਾਏ ਜਾਣ ਬਾਰੇ ਕੋਈ ਨਾਮ-ਨਿਸ਼ਾਨ ਮੌਜੂਦ ਨਹੀਂ ਹੈ।
ਕਾਉਐਸੇਸ ਅਤੇ ਫੈਡਰੇਸ਼ਨ ਔਫ਼ ਸੌਵਰੇਨ ਇੰਡੀਜੀਨਸ ਨੇਸ਼ਨਜ਼ ( ਐਫ ਐਸ ਆਈ ਐਨ) ਅਨੁਸਾਰ ਇਸ ਸਕੂਲ ਦੇ ਅਹਾਤੇ ਵਿਚ 751 ਕਬਰਾਂ ਦਾ ਪਤਾ ਚੱਲਿਆ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੈਂ ਕਿ ਇਹ ਸਾਰੀਆਂ ਕਬਰਾਂ ਬੱਚਿਆਂ ਦੀਆਂ ਹਨ ਜਾ ਇਹਨਾਂ ਵਿਚ ਵੱਡੀ ਉਮਰ ਦੇ ਲੋਕਾਂ ਦੀਆਂ ਕਬਰਾਂ ਵੀ ਸ਼ਮਲ ਹਨ।
ਰੇਜਾਇਨਾ ਤੋਂ ਤਕਰੀਬਨ 140 ਕਿਲੋਮੀਟਰ ਦੂਰ ਪੈਂਦਾ ਸਾਬਕਾ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ 1899 ਤੋਂ 1977 ਤਕ ਚਲਾਇਆ ਜਾ ਰਿਹਾ ਸੀ ਅਤੇ ਹੁਣ ਇਸ ਥਾਂ ਤੇ ਕਾਉਐਸੇਸ ਸਥਿਤ ਹੈ। ਸਕੂਲ ਦਾ ਪ੍ਰਬੰਧ ਕੈਥਲਿਕ ਚਰਚ ਕੋਲ ਸੀ ਪਰ 1970 ਵਿਚ ਇਹ ਕੰਮਕਾਜ ਫ਼ਸਟ ਨੇਸ਼ਨ ਨੇ ਆਪਣੇ ਹੱਥ ਵਿਚ ਲੈ ਲਿਆ ਸੀ।
ਇਸ ਮਹੀਨੇ ਦੀ ਸ਼ੁਰੂਆਤ ਵਿਚ ਕਾਉਐਸੇਸ ਨੇ ਜ਼ਮੀਨ ਦੇ ਹੇਠਾਂ ਤੱਕ ਜਾਣ ਵਾਲੇ ਰਾਡਾਰ ਦੀ ਮਦਦ ਨਾਲ ਇਹਨਾਂ ਨਿਸ਼ਾਨ-ਰਹਿਤ ਕਬਰਾਂ ਦੀ ਖੋਜ ਕੀਤੀ ਸੀ।

ਸਾਬਕਾ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ 1899 ਤੋਂ 1977 ਤਕ ਚਲਾਇਆ ਜਾ ਰਿਹਾ ਸੀ ਅਤੇ ਹੁਣ ਇਸ ਥਾਂ ਤੇ ਕਾਉਐਸੇਸ ਸਥਿਤ ਹੈ।
ਤਸਵੀਰ: CBC
ਪਿਛਲੇ ਮਹੀਨੇ ਬੀਸੀ ਦੇ ਕੈਮਲੂਪਸ ਸ਼ਹਿਰ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਵਿਚੋਂ ਵੀ 215 ਕਬਰਾਂ ਮਿਲੀਆਂ ਸਨ ਅਤੇ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹਨਾਂ ਵਿਚ ਮਿਲੇ ਅਵਸ਼ੇਸ਼ ਅੰਗ ਬੱਚਿਆਂ ਦੇ ਸਨ।
ਅਸੈਂਬਲੀ ਔਫ਼ ਫ਼ਸਟ ਨੇਸ਼ਨਜ਼ ਦੇ ਨੈਸ਼ਨਲ ਚੀਫ ਪੈਰੀ ਬੈਲਿਗਾਰ੍ਡ ਨੇ ਕਿਹਾ ਕਿ ਇਹ ਖ਼ਬਰ ਦੁਖਦਾਈ ਹੈ ਪਰ ਹੈਰਾਨੀ ਵਾਲੀ ਨਹੀਂ ਹੈ।
ਉਹਨਾਂ ਟਵੀਟ ਕੀਤਾ, ਮੈਂ ਸਾਰੇ ਕੈਨੇਡੀਅਨਾਂ ਨੂੰ ਇਸ ਬਹੁਤ ਹੀ ਮੁਸ਼ਕਲ ਅਤੇ ਭਾਵੁਕ ਸਮੇਂ ਵਿੱਚ ਫ਼ਸਟ ਨੇਸ਼ਨਜ਼ ਦੇ ਨਾਲ ਖੜੇ ਹੋਣ ਦੀ ਅਪੀਲ ਕਰਦਾ ਹਾਂ।
ਰੈਜ਼ੀਡੈਂਸ਼ੀਅਲ ਸਕੂਲ 'ਚੋਂ ਮੇਰਾ ਦੋਸਤ ਮੁੜ ਕੇ ਨਹੀਂ ਆਇਆ
ਬੈਰੀ ਕੈਨੇਡੀ ਨੂੰ ਇਸ ਖ਼ਬਰ ਤੋਂ ਝਟਕਾ ਲੱਗਿਆ ਹੈ ਪਰ ਉਹ ਹੈਰਾਨ ਨਹੀਂ ਹੈ। ਬੈਰੀ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਚ ਰਹਿ ਚੁੱਕਾ ਹੈ।
ਉਸਨੇ ਕਿਹਾ, ਜਦੋਂ ਮੈਂ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਚ ਸੀ ਤਾਂ ਇੱਕ ਰਾਤ ਮੇਰੇ ਇੱਕ ਨੌਜਵਾਨ ਦੋਸਤ ਨੂੰ ਖਿੱਚ ਕੇ ਲਿਜਾਇਆ ਜਾ ਰਿਹਾ ਸੀ ਅਤੇ ਉਹ ਚੀਕ ਰਿਹਾ ਸੀ।
ਬੈਰੀ ਨੇ ਮੁੜ ਕੇ ਆਪਣਾ ਦੋਸਤ ਕਦੇ ਨਹੀਂ ਦੇਖਿਆ।
ਉਸਦਾ ਨਾਂ ਬ੍ਰਾਈਨ ਸੀ....ਮੈਂ ਜਾਨਣਾ ਚਾਹੁੰਦਾ ਹਾਂ ਕਿ ਬ੍ਰਾਈਨ ਕਿੱਥੇ ਹੈ।
ਬੈਰੀ ਦਾ ਕਹਿਣਾ ਹੈ ਕਿ ਕਾਉਐਸੇਸ ਤੋਂ ਆਈ ਇਹ ਖ਼ਬਰ ਤਾਂ ਅਜੇ ਸ਼ੁਰੂਆਤ
ਹੈ।
ਸਾਨੂੰ ਅਫ਼ਸੋਸ ਕਰਨ ਦਾ ਅਧਿਕਾਰ ਵੀ ਨਹੀਂ ਦਿੰਦੇ
ਲਿਟਲ ਪਾਇਨ ਫ਼ਸਟ ਨੇਸ਼ਨ ਦੇ ਚੀਫ਼ ਵੈਨ ਸੇਮਗਾਨਿਸ ਇਸ ਖ਼ਬਰ ਤੋਂ ਬਾਅਦ ਬਹੁਤ ਦੁੱਖ ਵਿਚ ਹਨ।
ਅੱਜ ਵੀ ਆਮ ਲੋਕਾਂ ਵੱਲੋਂ ਇਸ ਨੂੰ ਖ਼ਾਰਜ ਕੀਤਾ ਜਾਂਦਾ ਹੈ - ਕਿ ਇਹ ਸਾਡਾ ਇਤਿਹਾਸ ਹੈ, ਇਹ ਸਾਡਾ ਅਤੀਤ ਹੈ,
ਸੀਬੀਸੀ ਨਾਲ ਗੱਲ ਕਰਦਿਆਂ ਉਹਨਾਂ ਕਿਹਾ।
ਨਹੀਂ ਇਹ ਅਤੀਤ ਨਹੀਂ ਸਗੋਂ ਇਹ ਅਜੇ ਵੀ ਜਾਰੀ ਹੈ। [ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਦਫ਼ਨਾਏ ਬੱਚਿਆਂ ਦਾ] ਕਤਲ ਕੀਤਾ ਗਿਆ ਸੀ - ਕਿਉਂਕਿ ਜੇ ਇਹ ਹਾਦਸਾ ਹੁੰਦਾ ਤਾਂ ਕਿਸੇ ਨੂੰ ਤਾਂ ਸੂਚਿਤ ਕੀਤਾ ਜਾਂਦਾ।
ਸੇਮਗਾਨਿਸ ਨੇ ਕਿਹਾ ਕਿ ਅਜੇ ਵੀ ਬਹੁ-ਗਿਣਤੀ ਕੈਨੇਡੀਅਨ ਅਜਿਹੇ ਹਨ ਜੋ ਸਾਡੀ ਤਕਲੀਫ਼ ਨਹੀਂ ਸਮਝਦੇ।
ਉਹ ਸਾਨੂੰ ਅਫ਼ਸੋਸ ਕਰਨ ਦਾ ਅਧਿਕਾਰ ਵੀ ਨਹੀਂ ਦਿੰਦੇ। ਇਸ ਨਾਲ ਵਾਕਈ ਬਹੁਤ ਦੁੱਖ ਹੁੰਦਾ ਹੈ।
ਸਕੂਲਾਂ ਦਾ 'ਭਿਆਨਕ ਸੱਚ' : ਸਸਕਾਟੂਨ ਮੇਅਰ
ਬੁੱਧਵਾਰ ਸ਼ਾਮ ਨੂੰ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਇਸ ਘਟਨਾ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ, ਅੱਜ ਸਾਰਾ ਸਸਕੈਚਵਨ ਉਹਨਾਂ ਲਈ ਸੋਗ ਮਨਾ ਰਿਹਾ ਹੈ ਜਿਹਨਾਂ ਦੀਆਂ ਨਿਸ਼ਾਨ-ਰਹਿਤ ਕਬਰਾਂ ਪੁਰਾਣੇ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਚ ਮਿਲੀਆਂ ਹਨ।
ਸਿਟੀ ਔਫ਼ ਸਸਕਾਟੂਨ ਨੇ ਵੀ ਐਲਾਨ ਕੀਤਾ ਹੈ ਕਿ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਚ ਮਿਲੀਆਂ ਕਬਰਾਂ ਵਿਚ ਦਫ਼ਨਾਏ ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਵੀਰਵਾਰ ਨੂੰ ਸਿਟੀ ਦੇ ਝੰਡਿਆਂ ਨੂੰ ਅੱਧ ਤੱਕ ਝੁਕਾਇਆ ਜਾਵੇਗਾ।
ਸਸਕਾਟੂਨ ਦੇ ਮੇਅਰ ਚਾਰਲੀ ਕਲਾਰਕ ਨੇ ਇਕ ਨਿਊਜ਼ ਰਿਲੀਜ਼ ਵਿਚ ਕਿਹਾ, ਇਸ ਖ਼ਬਰ ਨਾਲ ਸਾਡੇ ਸਕੂਲਾਂ ਦਾ ਭਿਆਨਕ ਸੱਚ ਸਾਹਮਣੇ ਆਇਆ ਹੈ।
ਇਹ ਉਹ ਬੱਚੇ ਹਨ ਜਿਹਨਾਂ ਦੇ ਪਰਿਵਾਰ ਇਹਨਾਂ ਨੂੰ ਕਈ ਦਹਾਕਿਆਂ ਤੋਂ ਤਲਾਸ਼ ਕਰ ਰਹੇ ਹੋਣੇ।
ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ