1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

'ਕੈਨੇਡਾ ਡੇ' ਰੱਦ ਕੀਤੇ ਜਾਣ ਦੇ ਸਖ਼ਤ ਖ਼ਿਲਾਫ਼ ਹਨ ਕੰਜ਼ਰਵੇਟਿਵ ਲੀਡਰ ਐਰਿਨ ਉ'ਟੂਲ

ਕੈਮਲੂਪਸ ਦੀ ਘਟਨਾ ਕਰਕੇ ਕਈ ਸ਼ਹਿਰਾਂ ਨੇ ਲਿਆ ਇਸ ਸਾਲ 'ਕੈਨੇਡਾ ਡੇ' ਨਾ ਮਨਾਉਣ ਦਾ ਫ਼ੈਸਲਾ

ਐਰਿਨ ਉ'ਟੂਲ।

23 ਜੂਨ ਨੂੰ ਹਾਊਸ ਔਫ ਕੌਮਨਜ਼ ਵਿਚ ਸਮਰ ਬ੍ਰੇਕ ਹੋਣ ਤੋਂ ਪਹਿਲਾਂ ਦੀ ਆਖ਼ਰੀ ਕੰਜ਼ਰਵੇਟਿਵ ਕੌਕਸ ਮੀਟਿੰਗ ਦੌਰਾਨ ਬੋਲਦਿਆਂ ਐਰਿਨ ਉ'ਟੂਲ।

ਤਸਵੀਰ: The Canadian Press / Sean Kilpatrick

RCI

ਕੰਜ਼ਰਵੇਟਿਵ ਲੀਡਰ ਐਰਿਨ ਉ'ਟੂਲ ਨੇ ਕੁਝ ਮਿਊਨਿਸਪੈਲਟੀਆਂ ਵੱਲੋਂ ਇਸ ਸਾਲ ਕੈਨੇਡਾ ਡੇ ਜਸ਼ਨਾਂ ਨੂੰ ਰੱਦ ਕੀਤੇ ਜਾਣ ਤੇ ਦੁੱਖ ਜ਼ਾਹਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਰਕੁੰਨਾਂ ਦਾ ਇੱਕ ਛੋਟਾ ਜਿਹਾ ਸਮੂਹ ਕੈਨੇਡਾ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਅਤੇ ਮਨਾਉਣ ਦੀ ਬਜਾਏ ਲਗਾਤਾਰ ਮੁਲਕ ਦੀ ਹੇਠੀ ਬਾਰੇ ਗੱਲ ਕਰ ਰਿਹਾ ਹੈ।

ਹਾਊਸ ਔਫ ਕੌਮਨਜ਼ ਵਿਚ ਸਮਰ ਬ੍ਰੇਕ (ਗਰਮੀਆਂ ਦੀਆਂ ਛੁੱਟੀਆਂ) ਹੋਣ ਤੋਂ ਪਹਿਲਾਂ ਦੀ ਆਖ਼ਰੀ ਕੰਜ਼ਰਵੇਟਿਵ ਕੌਕਸ ਮੀਟਿੰਗ ਦੌਰਾਨ ਬੋਲਦਿਆਂ ਐਰਿਨ ਉ'ਟੂਲ ਨੇ ਕਿਹਾ ਕਿ ਭਾਵੇਂ ਕੈਨੇਡਾ ਦਾ ਇਤਿਹਾਸ ਬੇਇਨਸਾਫ਼ੀ ਅਤੇ ਵਧੀਕੀਆਂ ਤੋਂ ਦਾਗ਼ਦਾਰ ਹੈ ਪਰ ਫਿਰ ਵੀ ਇਸ ਨਾਲ ਮੁਲਕ ਦੇ ਹੋਂਦ ਵਿਚ ਆਉਣ ਵਾਲੇ ਦਿਨ ਨੂੰ ਰੱਦ ਕੀਤਾ ਜਾਣਾ ਉਚਿਤ ਸਿੱਧ ਨਹੀਂ ਹੁੰਦਾ - ਸਗੋਂ ਇਹ ਦਿਨ ਸ਼ੁਕਰਾਨੇ ਕਰਨ ਦਾ ਹੈ ਕਿ ਆਪਾਂ ਦੁਨੀਆ ਦੇ ਸਭ ਤੋਂ ਬਿਹਤਰੀਨ ਮੁਲਕ ਵਿਚ ਰਹਿੰਦੇ ਹਾਂ। 

ਐਰਿਨ ਉ'ਟੂਲ ਨੇ ਕਿਹਾ ਕਿ ਹਾਲ ਹੀ ਵਿਚ ਕੈਂਪਲੂਪਸ ਦੇ ਸਾਬਕਾ ਰੇਜ਼ੀਡੈਂਸ਼ੀਅਲ ਸਕੂਲ ਬਾਰੇ ਸਾਹਮਣੇ ਆਈ ਘਟਨਾ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਅਤੇ ਡਰਾਉਣੀ ਹੈ। ਉਹਨਾਂ ਕਿਹਾ ਕਿ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਮੂਲਨਿਵਾਸੀ ਲੋਕਾਂ ਨਾਲ ਕਿੰਨੀ ਬੇਇਨਸਾਫ਼ੀ ਹੋਈ ਹੈ।

ਪਰ ਫਿਰ ਵੀ ਇਸ ਮਾਮਲੇ ਕਰਕੇ ਬੀ ਸੀ ਦੇ ਵਿਕਟੋਰੀਆ ਅਤੇ ਪੇਂਟਿਕਟਨ ਅਤੇ ਸਸਕੈਚਵਨ ਦੇ ਲਾ ਰੌਨਜ ਵਰਗੇ ਸ਼ਹਿਰਾਂ ਨੂੰ 1 ਜੁਲਾਈ ਨੂੰ ਕੈਨੇਡਾ ਡੇ ਮੌਕੇ ਹੋਣ ਵਾਲੇ ਜਸ਼ਨਾਂ ਨੂੰ ਰੱਦ ਨਹੀਂ ਕਰਨਾ ਚਾਹੀਦਾ ਸੀ, ਐਰਿਨ ਉ'ਟੂਲ ਨੇ ਕਿਹਾ।

ਉਹਨਾਂ ਕਿਹਾ, ਕੈਨੇਡਾ ਡੇ ਰੱਦ ਕੀਤੇ ਜਾਣ ਤੇ ਮੈਂ ਚੁੱਪ ਨਹੀਂ ਰਹਿ ਸਕਦਾ। ਮੈਨੂੰ ਕੈਨੇਡੀਅਨ ਹੋਣ ਤੇ ਮਾਣ ਹੈ ਅਤੇ ਮੈਂ ਜਾਣਦਾ ਹਾਂ ਕਿ ਜ਼ਿਆਦਾਤਰ ਲੋਕਾਂ ਨੂੰ ਵੀ ਮਾਣ ਹੋਣਾ।

ਉਹਨਾਂ ਕਿਹਾ ਕਿ 1 ਜੁਲਾਈ ਇਕ ਅਜਿਹਾ ਦਿਨ ਹੋਣਾ ਚਾਹੀਦਾ ਹੈ ਜਦੋਂ ਕੈਨੇਡੀਅਨ ਖ਼ੁਦ ਨੂੰ ਮੁਲਕ ਵਾਸਤੇ ਦੁਬਾਰਾ ਸਮਰਪਿਤ ਕਰਦੇ ਹਨ ਅਤੇ ਮੁਲਕ ਨੂੰ ਦਰਪੇਸ਼ ਚੁਣੌਤੀਆਂ ਅਤੇ ਅਸਮਾਨਤਾਵਾਂ ਦਾ ਸਾਮ੍ਹਣਾ ਕਰਦੇ ਹਨ। ਇਹ ਕੈਨੇਡਾ ਨੂੰ ਹੋਰ ਉੱਪਰ ਲਿਜਾਣ ਦਾ ਸਮਾਂ ਹੈ। 

ਉ'ਟੂਲ ਨੇ ਮਿਊਨਿਸਪੈਲਟੀਆਂ ਵੱਲੋਂ ਕੈਨੇਡਾ ਡੇ ਰੱਦ ਕੀਤੇ ਜਾਣ ਨੂੰ ਪ੍ਰਧਾਨ ਮੰਤਰੀ ਟਰੂਡੋ ਨਾਲ ਵੀ ਜੋੜਿਆ। ਉਹਨਾਂ ਨੇ ਲਿਬਰਲ ਸਰਕਾਰ ਤੇ ਕੈਨੇਡਾ ਡੇ ਰੱਦ ਕੀਤੇ ਜਾਣ ਦੇ ਮੌਕੇ ਖ਼ਾਮੋਸ਼ ਰਹਿਣ ਦਾ ਇਲਜ਼ਾਮ ਲਗਾਇਆ। 

ਹਾਲਾਂਕਿ ਕੁਝ ਸ਼ਹਿਰਾਂ ਨੇ ਕੈਨੇਡਾ ਡੇ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ ਪਰ ਫੈਡਰਲ ਸਰਕਾਰ ਦੁਆਰਾ ਕੈਨੇਡਾ ਦੀ 154 ਵੀਂ ਵਰ੍ਹੇਗੰਢ ਦੇ ਮੌਕੇ ਤੇ 2 ਘੰਟਿਆਂ ਦਾ ਇੱਕ ਵਿਸ਼ੇਸ਼ ਵਰਚੂਅਲ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਵੱਡੀ ਤਾਦਾਦ ਵਿਚ ਸੰਗੀਤਕਾਰ ਹਿੱਸਾ ਲੈਣਗੇ।

ਕੈਨੇਡਾ ਦੇ ਹੈਰੀਟੇਜ ਵਿਭਾਗ ਨੇ ਇੱਕ ਖਾਸ 'ਸੈਲੀਬ੍ਰੇਸ਼ਨ ਕਿੱਟ' ਤਿਆਰ ਕੀਤੀ ਹੈ ਤਾਂ ਕਿ ਕੋਵਿਡ ਦੀਆਂ ਪਾਬੰਦੀਆਂ ਕਰਕੇ ਆਪਣੇ ਘਰਾਂ ਤੋਂ ਕੈਨੇਡਾ ਡੇ ਜਸ਼ਨਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਆਸਾਨੀ ਹੋ ਸਕੇ। 

ਪਰ ਪ੍ਰਧਾਨ ਮੰਤਰੀ ਦੀ ਕੈਬਿਨੇਟ ਦੇ ਕੁਝ ਮੈਂਬਰ ਜਸ਼ਨ ਮਨਾਉਣ ਦੇ ਮੂਡ ਵਿਚ ਨਹੀਂ ਹਨ। ਇੰਡੈਜਨਸ ਸਰਵਿਸੇਜ਼ ਮਿਨਿਸਟਰ ਮਾਰਕ ਮਿੱਲਰ ਨੇ ਕਿਹਾ ਕਿ ਕੈਨੇਡੀਅਨ ਇਤਿਹਾਸ ਦੀ ਬਸਤੀਵਾਦ ਦੌਰਾਨ ਹੋਈ ਹਿੰਸਾ ਕਰਕੇ ਕੁਝ ਮੂਲਨਿਵਾਸੀ ਲੋਕਾਂ ਲਈ 1 ਜੁਲਾਈ ਦਾ ਸਮਾਂ ਉਹਨਾਂ ਦੇ ਜ਼ਖਮਾਂ ਨੂੰ ਹਰਾ ਕਰਨ ਵਰਗਾ ਹੋ ਸਕਦਾ ਹੈ। 

ਮੇਰਾ ਇਸਦੇ ਬਾਰੇ ਮਿਸ਼੍ਰਿਤ ਨਜ਼ਰੀਆ ਹੈ, ਸਾਡੀ ਸਰਜ਼ਮੀਨ ਤੇ ਜ਼ੁਲਮ ਵੀ ਹੋਇਆ ਹੈ ਅਤੇ ਉਸਨੂੰ ਯਾਦ ਵੀ ਕੀਤਾ ਜਾਣਾ ਚਾਹੀਦਾ ਹੈ। 

ਕਰਾਊਨ ਇੰਡੇਜਨਸ ਰਿਲੇਸ਼ਨਜ਼ ਮਿਨਿਸਟਰ ਕੈਰੋਲੀਨ ਬੈਨੇਟ ਨੇ ਕਿਹਾ ਕਿ ਉਹ 1 ਜੁਲਾਈ ਨੂੰ ਸੰਤਰੀ ਰੰਗ ਦੀ ਕ਼ਮੀਜ਼ ਪਹਿਨਣਗੇ - ਸੰਤਰੀ ਰੰਗ ਅਕਸਰ ਰੇਜ਼ੀਡੈਂਸ਼ੀਅਲ ਸਕੂਲ ਸਿਸਟਮ ਦੀਆਂ ਕੁਰੀਤੀਆਂ ਨੂੰ ਯਾਦ ਕਰਨ ਦੇ ਤੌਰ ਤੇ ਪਹਿਨਿਆ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਅਜਿਹੇ ਮਹਾਨ ਦੇਸ਼ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ ਜਿਸਨੇ ਕੁਝ 'ਵੱਡੀਆਂ ਗ਼ਲਤੀਆਂ' ਵੀ ਕੀਤੀਆਂ ਹਨ। 

ਕੈਮਲੂਪਸ ਦੀ ਘਟਨਾ ਦੇ ਚਲਦਿਆਂ, ਵਿਕਟੋਰੀਆ ਸਿਟੀ ਕੌਂਸਲ ਨੇ ਇਸ ਸਾਲ ਦੇ ਕੈਨੇਡਾ ਡੇ ਨੂੰ ਰੱਦ ਕਰਨ ਲਈ ਸਰਬਸੰਮਤੀ ਨਾਲ ਵੋਟ ਪਾਈ। ਸਿਟੀ ਦੀ ਮੇਅਰ ਲੀਜ਼ਾ ਹੈਲਪ੍ਸ ਨੇ ਦੱਸਿਆ ਕਿ ਕਈ ਫਸਟ ਨੇਸ਼ਨਜ਼ ਦੇ ਲੋਕ ਬੇਹੱਦ ਦੁਖੀ ਹਨ ਅਤੇ ਉਹ ਇਸ ਸਾਲ ਦੇ ਜਸ਼ਨਾਂ ਵਿਚ ਹਿੱਸਾ ਵੀ ਨਹੀਂ ਲੈ ਸਕਦੇੇ। ਉਹਨਾਂ ਦੱਸਿਆ ਕਿ ਪਲਾਨ ਕੀਤੇ ਗਏ ਵਰਚੁਅਲ ਇਕੱਠ ਨੂੰ ਵੀ ਰੱਦ ਕੀਤਾ ਜਾਵੇਗਾ।

ਲੋਕਾਂ ਦੇ ਇਕੱਠ ਤੋਂ ਬਣਿਆ ਕੈਨੇਡਾ ਦਾ ਝੰਡਾ

ਬੀਸੀ ਦੇ ਵਿਕਟੋਰੀਆ ਵਿਚ ਲੋਕਾਂ ਨੇ ਇਕੱਠੇ ਹੋਕੇ ਬਣਾਇਆ ਕੈਨੇਡਾ ਦਾ ਝੰਡਾ

ਤਸਵੀਰ:  CBC

ਪੇਂਟਿਕਟਨ ਦੇ ਮੇਅਰ ਜੌਨ ਵੈਸਿਲਾਕੀ ਨੇ ਕਿਹਾ ਕਿ ਇਸ ਸਾਲ ਦਾ ਕੈਨੇਡਾ ਡੇ ਰੱਦ ਕਰਕੇ ਸਿਟੀ ਇਹ ਸੰਕੇਤ ਦੇਣਾ ਚਾਹੁੰਦਾ ਸੀ ਕੀ ਉਹ ਕੈਮਲੂਪਸ ਦੀ ਘਟਨਾ ਵਿਚ [ਮੂਲਨਿਵਾਸੀਆਂ] ਦੇ ਨਾਲ ਸਮਰਥਨ ਵਿਚ ਹੈ। 

ਜਸ਼ਨਾਂ ਖ਼ਿਲਾਫ਼ ਪ੍ਰਦਰਸ਼ਨ ਦਾ ਸੱਦਾ

ਆਈਡਲ ਨੋ ਮੋਰ ਮੁਹਿੰਮ, ਮੂਲਨਿਵਾਸੀ ਲੋਕਾਂ ਦੇ ਅਧਿਕਾਰਾਂ ਨਾਲ ਸਬੰਧਤ ਕਾਰਕੁੰਨਾਂ ਦਾ ਇੱਕ ਗਰੁੱਪ ਹੈ ਜਿਸਨੇ ਆਪਣੇ ਸਮਰਥਕਾਂ ਨੂੰ ਇਸ ਸਾਲ ਮੁਲਕ ਭਰ ਵਿਚ ਕੈਨੇਡਾ ਦੇ ਜਸ਼ਨਾਂ ਵਿਚ ਵਿਘਨ ਪਾਉਣ ਅਤੇ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।

ਇੱਕ ਮੀਡੀਆ ਬਿਆਨ ਵਿਚ ਇਸ ਗਰੁੱਪ ਨੇ ਕਿਹਾ, ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿਸਦੀ ਨੀਂਹ ਮੂਲਨਿਵਾਸੀ ਲੋਕਾਂ ਦਾ ਖ਼ਾਤਮਾ ਕਰਕੇ ਅਤੇ ਉਹਨਾਂ ਦੇ ਬੱਚਿਆਂ ਦੀ ਨਸਲਕੁਸ਼ੀ ਕਰਕੇ ਰੱਖੀ ਗਈ ਹੈ।

ਅਸੀਂ ਕੈਨੇਡਾ ਦੇ ਹਿੰਸਕ ਇਤਿਹਾਸ ਨੂੰ ਮਨਾਉਣ ਤੇ ਖ਼ਾਮੋਸ਼ ਰਹਿਣ ਤੋਂ ਇਨਕਾਰ ਕਰਦੇ ਹਾਂ। 

ਜੌਨ ਪੌਲ ਟੈਸਕਰ · ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ