- ਮੁੱਖ ਪੰਨਾ
- ਰਾਜਨੀਤੀ
- ਅੰਤਰਰਾਸ਼ਟਰੀ ਰਾਜਨੀਤੀ
ਚੀਨ ਦਾ ਕੈਨੇਡਾ ਤੇ ਪਲਟਵਾਰ, ਕਿਹਾ ਸੰਯੁਕਤ ਰਾਸ਼ਟਰ ਕਰੇ ਮੂਲਨਿਵਾਸੀਆਂ ਖ਼ਿਲਾਫ਼ ਹੋਏ ਅਪਰਾਧਾਂ ਦੀ ਜਾਂਚ

2016 ਵਿਚ ਚੀਨ ਦੇ ਹਾਂਗਜ਼ੂ ਵਿਚ ਜੀ-20 ਦੇਸ਼ਾਂ ਦੇ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੀਨ ਦੇ ਰਾਸ਼ਟਰਪਤੀ ਚੀ ਜਿਨਪਿੰਗ ਨਾਲ ਹੱਥ ਮਿਲਾਉਂਦੇ ਹੋਏ।
ਤਸਵੀਰ: Damir Sagolj
ਜਿਸ ਦਿਨ ਕੈਨੇਡਾ ਨੇ ਸੰਯੁਕਤ ਰਾਸ਼ਟਰ ਵਿਚ ਇਹ ਮੰਗ ਕੀਤੀ ਕਿ ਚੀਨ ਵਿਚ ਕਥਿਤ ਤੌਰ ਤੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਬਤ ਸ਼ਿਨਜਾਂਗ ਸੂਬੇ ਵਿਚ ਜਾ ਕੇ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਐਨ ਉਸੇ ਦਿਨ ਚੀਨ ਨੇ ਵੀ ਸੰਯੁਕਤ ਰਾਸ਼ਟਰ ਨੂੰ ਕੈਨੇਡਾ ਵਿਚ ਮੂਲਨਿਵਾਸੀ ਲੋਕਾਂ ਖ਼ਿਲਾਫ਼ ਹੋਏ ਅਪਰਾਧਾਂ ਦੀ ਜਾਂਚ ਕਰਨ ਦੀ ਮੰਗ ਕਰ ਦਿੱਤੀ।
ਸੰਯੁਕਤ ਰਾਸ਼ਟਰ ਵਿਖੇ ਚੀਨ ਦੇ ਇਕ ਸੀਨੀਅਰ ਅਧਿਕਾਰੀ ਜਿਅੰਗ ਦੁਆਨ ਨੇ ਕਿਹਾ, ਕੈਨੇਡਾ ਵਿਚ ਮੂਲਨਿਵਾਸੀ ਲੋਕਾਂ ਖ਼ਿਲਾਫ਼ ਹੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈਕੇ ਅਸੀਂ ਬਹੁਤ ਚਿੰਤਤ ਹਾਂ। ਇਤਿਹਾਸ ਦੇ ਪੱਖ ਤੋਂ, ਕੈਨੇਡਾ ਨੇ ਮੂਲਨਿਵਾਸੀਆਂ ਨੂੰ ਲੁੱਟਿਆ, ਉਹਨਾਂ ਨੂੰ ਮਾਰਿਆ ਅਤੇ ਉਹਨਾਂ ਦੇ ਸੱਭਿਆਚਾਰ ਨੂੰ ਖ਼ਤਮ ਕੀਤਾ ਹੈ।
ਅਸੀਂ ਮੂਲਨਿਵਾਸੀ ਲੋਕਾਂ ਅਤੇ ਖ਼ਾਸ ਤੌਰ ਤੇ ਉਹਨਾਂ ਦੇ ਬੱਚਿਆਂ ਖ਼ਿਲਾਫ਼ ਵਾਪਰੇ ਸਾਰੇ ਅਪਰਾਧਕ ਮਾਮਲਿਆਂ ਦੀ ਨਿਰਪੱਖ ਅਤੇ ਤਫ਼ਸੀਲੀ ਜਾਂਚ ਕੀਤੇ ਜਾਂ ਦੀ ਮੰਗ ਕਰਦੇ ਹਾਂ
, ਜਿਅੰਗ ਨੇ ਬੀਤੇ ਮਹੀਨੇ ਕੈਨੇਡਾ ਵਿਚ ਕੈਮਲੂਪਸ ਦੇ ਇਕ ਸਾਬਕਾ ਸਕੂਲ ਵਿਚ ਬਚਿਆਂ ਦੇ ਅਵਸ਼ੇਸ਼ ਅੰਗ ਮਿਲਣ ਵਾਲੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ।
ਜਿਆਂਗ ਨੇ ਜਿਹਨਾਂ ਦੇਸ਼ਾਂ ਦੇ ਸਮੂਹ ਦੀ ਤਰਫੋਂ ਇਹ ਬਿਆਨ ਦਿੱਤਾ ਹੈ ਉਹਨਾਂ ਵਿਚ ਰੂਸ, ਬੇਲਾਰੂਸ, ਇਰਾਨ, ਉੱਤਰੀ ਕੋਰੀਆ, ਸੀਰੀਆ ਅਤੇ ਵੈਨਜ਼ੂਏਲਾ ਸ਼ਾਮਲ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਚੀਨ ਦੀ ਇਸ ਕਾਰਵਾਈ ਦੇ ਜਵਾਬ ਵਿਚ ਦੋਵੇਂ ਦੇਸ਼ਾਂ ਵੱਲੋਂ ਅਨਿਆਂ ਦੇ ਮਾਮਲਿਆਂ ਨਾਲ ਨਜਿੱਠਣ ਬਾਬਤ ਉਠਾਏ ਗਏ ਕਦਮਾਂ ਦੀ ਤੁਲਨਾ ਕੀਤੀ।
ਸਮਾਧਾਨ ਦਾ ਸਫ਼ਰ ਬਹੁਤ ਲੰਬਾ ਹੈ, ਪਰ ਅਸੀਂ ਇਹ ਸਫ਼ਰ ਸ਼ੁਰੂ ਕੀਤਾ ਹੋਇਆ ਹੈ। ਚੀਨ ਤਾਂ ਇਹ ਵੀ ਨਹੀਂ ਮੰਨਦਾ ਕਿ ਉੱਥੇ ਕੋਈ ਸਮੱਸਿਆ ਹੈ। ਇਹਨਾਂ ਗੱਲਾਂ ਵਿਚ ਬਹੁਤ ਫ਼ਰਕ ਹੈ,
ਟਰੂਡੋ ਨੇ ਕਿਹਾ।
ਕੈਨੇਡਾ ਵਿਚ ਤਾਂ ਦ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਸੀ। ਚੀਨ ਦਾ ਦ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਕਿੱਥੇ ਹੈ? ਉਹਨਾਂ ਦਾ ਸੱਚ ਕਿੱਥੇ ਹੈ? ਉਹ ਖੁੱਲ੍ਹਾਪਣ ਕਿੱਥੇ ਹੈ ਜੋ ਕੈਨੇਡਾ ਨੇ ਹਮੇਸ਼ਾ ਦਿਖਾਇਆ ਹੈ, ਜਿਸ ਵਿਚ ਕੈਨੇਡਾ ਨੇ ਅਤੀਤ ਵਿਚ ਕੀਤੀਆਂ ਆਪਣੀਆਂ ਗ਼ਲਤੀਆਂ ਦੀ ਜ਼ਿੰਮੇਵਾਰੀ ਲਈ ਹੈ?
ਟਰੂਡੋ ਨੇ ਕਿਹਾ ਕਿ ਕੈਨੇਡੀਅਨਾਂ ਅਤੇ ਪੂਰੀ ਦੁਨੀਆ ਨੂੰ ਵੀਗਰ ਲੋਕਾਂ ਖ਼ਿਲਾਫ਼ ਹੋ ਰਹੇ ਧੱਕੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ
ਤਵੱਜੋ ਦੇਣ ਦੀ ਲੋੜ ਹੈ।
ਕੈਨੇਡਾ ਦੀ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਅਤੇ ਪਰਮਾਨੈਂਟ ਰਿਪ੍ਰੈਜ਼ੈਂਟੇਟਿਵ ਲੈਜ਼ਲੀ ਈ ਨੌਰਟਨ ਨੇ ਚੀਨ ਦੇ ਉਸ ਬਿਆਨ ਤੋਂ ਤੁਰੰਤ ਬਾਅਦ 44 ਦੇਸ਼ਾਂ ਦੀ ਤਰਫੋਂ ਇੱਕ ਬਿਆਨ ਦਿੱਤਾ ਜਿਸ ਵਿੱਚ ਚੀਨੀ ਸਰਕਾਰ ਨੂੰ ਇਹ ਮੰਗ ਕੀਤੀ ਗਈ ਕਿ ਉਹ ਸ਼ਿਨਜੰਗ ਸੂਬੇ ਵਿਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਸਮੇਤ ਸੁਤੰਤਰ ਜਾਂਚ ਅਧਿਕਾਰੀਆਂ ਨੂੰ "ਤੁਰੰਤ, ਸਾਰਥਕ ਅਤੇ ਨਿਰਵਿਘਨ ਜਾਂਚ ਕਰਨ ਦੀ ਆਗਿਆ ਦੇਵੇ।
ਅਸੀਂ ਸ਼ਿਨਜਾਂਗ ਵੀਗਰ ਖੇਤਰ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਨੂੰ ਲੈਕੇ ਕਾਫ਼ੀ ਫ਼ਿਕਰਮੰਦ ਹਾਂ,
ਨੌਰਟਨ ਨੇ ਕਿਹਾ।
ਭਰੋਸੇਯੋਗ ਰਿਪੋਰਟਾਂ ਤੋਂ ਸੰਕੇਤ ਮਿਲੇ ਹਨ ਕਿ ਸ਼ਿਨਜਾਂਗ ਵਿਚ ਇੱਕ ਮਿਲੀਅਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਵੀਗਰ ਲੋਕਾਂ ਦੀ ਵੱਡੇ ਪੱਧਰ ਤੇ [ਕੈਮਰਿਆਂ ਰਾਹੀਂ] ਨਿਗਰਾਨੀ ਕੀਤੀ ਜਾਂਦੀ ਹੈ ਅਤੇ ਹੋਰ ਘੱਟ-ਗਿਣਤੀਆਂ ਦੇ ਬੁਨਿਆਦੀ ਅਧਿਕਾਰਾਂ ਤੇ ਵੀ ਪਾਬੰਦੀਆਂ ਹਨ।
ਨੌਰਟਨ ਨੇ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਚੀਨੀ ਅਧਿਕਾਰੀਆਂ ਵਲੋਂ "ਤਸ਼ੱਦਦ, ਅਣਮਨੁੱਖੀ ਅਤੇ ਘਟੀਆ ਸਲੂਕ, ਜ਼ਬਰਦਸਤੀ ਨਸਲਬੰਦੀ, ਜਿਨਸੀ ਅਤੇ ਲਿੰਗ-ਅਧਾਰਤ ਹਿੰਸਾ ਅਤੇ ਅਧਿਕਾਰੀਆਂ ਦੁਆਰਾ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕੀਤੇ ਜਾਣ ਦਾ ਜ਼ਿਕਰ ਕੀਤਾ।
ਨੌਰਟਨ ਦਾ ਇਹ ਬਿਆਨ ਜਿਹਨਾਂ ਦੇਸ਼ਾਂ ਦੀ ਨੁਮਾਇੰਦਗੀ ਕਰਦਾ ਹੈ ਉਹਨਾਂ ਵਿਚ ਆਸਟ੍ਰੇਲੀਆ, ਫਰਾਂਸ, ਜਰਮਨੀ, ਸਪੇਨ, ਯੂਕੇ ਅਤੇ ਯੂਐਸ ਸ਼ਾਮਿਲ ਹਨ।
ਚੀਨ ਦੇ ਸੰਯੁਕਤ ਰਾਸ਼ਟਰ ਵਿਚ ਦਿੱਤੇ ਇਸ ਬਿਆਨ ਨੂੰ, ਕੈਨੇਡਾ ਅਤੇ ਉਸਦੇ ਭਾਈਵਾਲਾਂ ਵੱਲੋਂ ਯੂਐਨ ਵਿਚ ਲਗਾਤਾਰ ਸ਼ਿਨਜਾਂਗ ਵਿੱਚ ਵੀਗਰ ਮਾਮਲੇ ਦੀ ਜਾਂਚ ਦੀ ਮੰਗ ਨੂੰ ਰੋਕਣ ਦੀ ਕੋਸ਼ਿਸ਼ ਵੱਜੋਂ ਦੇਖਿਆ ਜਾ ਰਿਹਾ ਹੈ।
ਇਸ ਸਾਲ ਦੇ ਸ਼ੁਰੂਆਤ ਵਿਚ ਮੌਂਟਰੀਅਲ ਅਧਾਰਿਤ ਰਾਊਲ ਵੌਲੰਬਰਗ ਸੈਂਟਰ ਫ਼ੌਰ ਹਿਊਮਨ ਰਾਈਟਸ ਅਤੇ ਵਾਸ਼ਿੰਗਟਨ ਦੇ ਇਕ ਥਿੰਕ ਟੈਂਕ ਦੀ ਇਕ ਰਿਪੋਰਟ ਮੁਤਾਬਕ ਚੀਨ ਵੱਲੋਂ ਸ਼ਿਨਜਾਂਗ ਸੂਬੇ ਵਿਚ ਰਹਿੰਦੀ ਵੀਗਰ ਮੁਸਲਿਮ ਅਬਾਦੀ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ।
ਕੈਨੇਡਾ ਮੂਲਨਿਵਾਸੀ ਲੋਕਾਂ ਨਾਲ ਹੋਈ ਬੇਇਨਸਾਫ਼ੀ ਨੂੰ ਸਵੀਕਾਰ ਕਰਦਾ ਹੈ
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਚੀਨ ਨੇ ਕੈਨੇਡਾ ਵਿਚ ਮੂਲਨਿਵਾਸੀ ਲੋਕਾਂ ਨਾਲ ਹੋਏ ਵਿਹਾਰ ਦਾ ਮੁੱਦਾ ਚੁੱਕਿਆ ਹੈ। ਦਰਅਸਲ ਕੈਨੇਡਾ ਜਦੋਂ ਵੀ ਚੀਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਗੱਲ ਕਰਦਾ ਹੈ ਤਾਂ ਚੀਨ ਉਦੋਂ ਕੈਨੇਡਾ ਤੇ ਦਬਾਅ ਪਾਉਣ ਲਈ ਇਹ ਮੁੱਦਾ ਚੁੱਕ ਲੈਂਦਾ ਹੈ।
ਅਕਤੂਬਰ ਮਹੀਨੇ ਵਿਚ ਕੈਨੇਡਾ ਦੇ ਸੰਯੁਕਤ ਰਾਸ਼ਟਰ ਲਈ ਰਾਜਦੂਤ ਬੌਬ ਰੇ ਨੇ ਸੀਰੀਆ ਅਤੇ ਚੀਨ ਦੇ ਨੁਮਾਇੰਦਿਆਂ ਵੱਲੋਂ ਦਿੱਤੇ ਬਿਆਨਾਂ ਦਾ ਹਾਲ ਹੀ ਵਿਚ ਟਰੂਡੋ ਵੱਲੋਂ ਚੀਨ ਨੂੰ ਦਿੱਤੇ ਜਵਾਬ ਵਰਗਾ ਹੀ ਜਵਾਬ ਦਿੱਤਾ ਸੀ।
ਉਹ ਕਹਿੰਦੇ ਨੇ ਕਿ ਕੈਨੇਡਾ ਵਿਚ ਮੁਲਨਿਵਾਸੀਆਂ ਨੂੰ ਕਿੰਨੀਆਂ ਸਮੱਸਿਆਵਾਂ ਹਨ। ਮੂਲਨਿਵਾਸੀ ਲੋਕਾਂ ਖ਼ਿਲਾਫ਼ ਕਿੰਨਾ ਅਨਿਆ ਹੋਇਆ ਹੈ, ਇਸ ਕਰਕੇ ਤੁਹਾਨੂੰ ਸ਼ਿਨਜਾਂਗ, ਤਿੱਬਤ, ਹਾੰਗਕਾੰਗ ਜਾਂ ਸੀਰੀਆ ਵਿਚ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਅਤੇ ਲੱਖਾਂ ਲੋਕਾਂ ਦੇ ਸ਼ਰਨਾਨਰਥੀ ਹੋਣ ਦੀ ਤ੍ਰਾਸਦੀ ਬਾਰੇ ਬੋਲਣ ਦਾ ਕੋਈ ਹੱਕ ਨਹੀਂ। ਪਰ ਮੈਂ ਉਹਨਾਂ ਨਾਲ ਸਹਿਮਤ ਨਹੀਂ,
ਰੇ ਨੇ ਕਿਹਾ।
ਬੌਬ ਰੇ ਨੇ ਕਿਹਾ, ਅਸੀਂ ਜਵਾਬਦੇਹੀ ਨਿਰਧਾਰਿਤ ਕਰਨ ਲਈ ਕਮੀਸ਼ਨਾਂ ਦਾ ਗਠਨ ਕੀਤਾ ਹੈ। ਅਸੀਂ ਦ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਣਾਇਆ ਹੈ, ਚੀਨ ਦੇ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਕਿੱਥੇ ਹਨ? ਸੀਰੀਆ ਦੇ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਕਿੱਥੇ ਹਨ?
ਬ੍ਰੈਨਨ ਮੈਕਡੌਨਲਡ · ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ