1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਜੇ ਸਭ ਠੀਕ ਰਿਹਾ ਤਾਂ ਬੌਰਡਰ ਰੋਕਾਂ ਹੋਰ ਨਰਮ ਕੀਤੀਆਂ ਜਾਣਗੀਆਂ : ਟਰੂਡੋ

ਰੋਕਾਂ ਦੀ ਨਰਮਾਈ ਟੀਕਾਕਰਨ ਦੀ ਦਰ ਅਤੇ ਕੋਵਿਡ ਦੀ ਸਥਿਤੀ ਤੇ ਨਿਰਭਰ ਕਰੇਗੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ

22 ਜੂਨ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਟਵਾ ਵਿਚ ਸਥਿਤ ਪ੍ਰਧਾਨ ਮੰਤਰੀ ਨਿਵਾਸ ਰਾਇਡੋ ਕੌਟੇਜ ਤੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ।

ਤਸਵੀਰ: The Canadian Press / Sean Kilpatrick

RCI

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸੰਕੇਤ ਦਿੱਤੇ ਹਨ ਕਿ ਅਗਲੇ ਕੁਝ ਦਿਨਾਂ ਵਿਚ ਸਰਕਾਰ ਬੌਰਡਰ ਤੇ ਲੱਗੀਆਂ ਰੋਕਾਂ ਨੂੰ ਸੌਖਾ ਕਰਨ ਤੇ ਵਿਚਾਰ ਕਰ ਰਹੀ ਹੈ। ਪਰ ਨਾਲ ਹੀ ਇਹ ਵੀ ਸਪਸ਼ਟ ਹੈ ਕਿ ਜੇ ਯਾਤਰੀਆਂ ਦੇ ਵਾਧੇ ਕਾਰਨ ਕੈਨੇਡੀਅਨਾਂ ਦੀ ਸਿਹਤ ਨੂੰ ਕੋਈ ਖ਼ਤਰਾ ਜਾਪਿਆ ਤਾਂ ਰੋਕਾਂ ਲੰਬੇ ਸਮੇਂ ਲਈ ਵਧਾਈਆਂ ਵੀ ਜਾ ਸਕਦੀਆਂ ਹਨ।

ਸੋਮਵਾਰ ਨੂੰ ਫ਼ੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹਨਾਂ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੇਜ਼ੀਡੈਂਟਾਂ ਦਾ ਟੀਕਾਕਰਨ ਪੂਰਾ ਹੋ ਗਿਆ ਹੈ ਉਹਨਾਂ ਨੂੰ ਕੈਨੇਡਾ ਪਹੁੰਚਣ ਤੋਂ ਬਾਅਦ ਹੋਟਲ ਵਿਚ ਕੁਆਰੰਟੀਨ ਕਰਨ ਦੇ ਨਿਯਮ ਤੋਂ ਛੋਟ ਮਿਲੇਗੀ। ਇਹ ਨਿਯਮ 5 ਜੁਲਾਈ ਤੋਂ ਲਾਗੂ ਹੋ ਜਾਣਗੇ। ਪਰ ਟ੍ਰੈਵਲ ਨਿਯਮਾਂ ਵਿਚ ਇਹ ਨਰਮਾਈ ਵਿਦੇਸ਼ੀ ਨਾਗਰਿਕਾਂ ਤੇ ਲਾਗੂ ਨਹੀਂ ਹੁੰਦੀ। 

ਬੌਰਡਰ ਤੇ ਲੱਗੀਆਂ ਰੋਕਾਂ ਨੂੰ ਲਗਾਤਾਰ ਵਧਾਏ ਜਾਣ ਨੂੰ ਲੈਕੇ ਕਈ ਅਮਰੀਕੀ ਸਿਆਸਤਦਾਨਾਂ ਵਿਚ ਨਾਰਾਜ਼ਗੀ ਵੀ ਹੈ। ਬਹੁਤ ਸਾਰੇ ਵਪਾਰੀ ਵੀ ਇਹਨਾਂ ਰੋਕਾਂ ਤੋਂ ਪ੍ਰਭਾਵਿਤ ਨੇ ਅਤੇ ਅਜਿਹੇ ਲੋਕਾਂ ਦੀ ਵੀ ਵੱਡੀ ਗਿਣਤੀ ਹੈ ਜੋ ਬੌਰਡਰ ਪਾਰ ਰਹਿ ਰਹੇ ਆਪਣੇ ਅਜ਼ੀਜ਼ਾਂ-ਮਿੱਤਰਾਂ ਨੂੰ ਮਿਲਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਟਰੂਡੋ ਨੇ ਕਿਹਾ ਕਿ ਇੱਕ ਵਾਰੀ ਜ਼ਿਆਦਾਤਰ ਆਬਾਦੀ ਦਾ ਟੀਕਾਕਰਨ ਹੋ ਜਾਵੇ, ਕੈਨੇਡਾ ਤਕਰੀਬਨ ਸਾਰੀਆਂ ਯਾਤਰਾ ਰੋਕਾਂ ਨੂੰ ਹਟਾਉਣ ਲਈ ਤਿਆਰ ਹੈ। ਉਹਨਾਂ ਕਿਹਾ, ਅਸੀਂ ਮਹੀਨਿਆਂ ਦੀ ਨਹੀਂ ਹਫਤਿਆਂ ਦੀ ਗੱਲ ਕਰ ਰਹੇ ਹਾਂ।

ਅਸੀਂ ਨਿਸ਼ਚਿਤ ਤੌਰ ਤੇ ਉਮੀਦ ਕਰਦੇ ਹਾਂ ਕਿ [ਬੌਰਡਰ] ਦੁਬਾਰਾ ਖੋਲ੍ਹੇ ਜਾਣ ਬਾਰੇ ਅਗਲੇ ਕੁਝ ਦਿਨਾਂ ਵਿਚ ਹੀ ਚੰਗੀ ਖ਼ਬਰ ਆਏਗੀ, ਪਰ ਇਹ ਸਭ ਵੈਕਸੀਨੇਸ਼ਨ(ਟੀਕਾਕਰਨ) ਦੀ ਦਰ, ਕੋਵਿਡ ਵੇਰੀਐਂਟ ਅਤੇ ਕੋਵਿਡ ਦੀ ਸਥਿਤੀ ਤੇ ਨਿਰਭਰ ਕਰੇਗਾ।

ਕੈਨੇਡਾ ਇਹ ਸਪਸ਼ਟ ਕਰ ਚੁੱਕਾ ਹੈ ਕਿ ਜਦੋਂ ਤਕ ਉਸਦੀ ਅਬਾਦੀ ਦੇ 75 ਫ਼ੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ (ਵੈਕਸੀਨ ਦੀਆਂ ਦੋਵੇਂ ਡੋਜ਼ਾਂ ਮਿਲਣਾ) ਨਹੀਂ ਹੋ ਜਾਂਦਾ ਉਦੋਂ ਤਕ ਉਹ ਮੁਲਕ ਵਿਚ ਗ਼ੈਰ-ਜ਼ਰੂਰੀ ਵਿਦੇਸ਼ੀ ਯਾਤਰਾ ਦੀ ਇਜਾਜ਼ਤ ਨਹੀਂ ਦਵੇਗਾ। ਕੁਝ ਹੈਲਥ ਮਾਹਰਾਂ ਦਾ ਕਹਿਣਾ ਹੈ ਕਿ ਇੰਨਾ ਲੰਬਾ ਇੰਤਜ਼ਾਰ ਕਰਨ ਦੀ ਲੋੜ ਨਹੀਂ। 

ਕੈਨੇਡਾ ਬੌਰਡਰ ਖੋਲਣ ਵਿਚ ਜਲਦਬਾਜ਼ੀ ਨਹੀਂ ਕਰੇਗਾ: ਟਰੂਡੋ 

ਜਦੋਂ ਟਰੂਡੋ ਨੂੰ ਪੁੱਛਿਆ ਗਿਆ ਕਿ ਉਹ ਯਾਤਰਾ ਮੁੜ ਬਹਾਲ ਕਰਨ ਤੋਂ ਪਹਿਲਾਂ ਕਿੰਨੀ ਗਿਣਤੀ ਵਿਚ ਕੈਨੇਡੀਅਨਾਂ ਦਾ ਟੀਕਾਕਰਨ ਜ਼ਰੂਰੀ ਸਮਝਦੇ ਹਨ ਤਾਂ ਉਹਨਾਂ ਕਿਹਾ ਕਿ ਇਹੀ ਇਕਲੌਤੀ ਚੀਜ਼ ਨਹੀਂ ਜਿਸ ਨੂੰ ਵਿਚਾਰਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਕੈਨੇਡਾ ਬੌਰਡਰ ਖੋਲਣ ਦੇ ਮਾਮਲੇ ਵਿਚ ਬਹੁਤ ਸਾਵਧਾਨੀ ਵਰਤੇਗਾ ਅਤੇ ਇਸ ਮਾਮਲੇ ਵਿਚ ਅਮਰੀਕਾ ਦੇ ਦਬਾਅ ਹੇਠ ਨਹੀਂ ਝੁਕੇਗਾ ਅਤੇ ਕੋਈ ਜਲਦਬਾਜ਼ੀ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸਰਕਾਰ ਕੋਵਿਡ ਦਾ ਖ਼ਤਰਾ ਖਤਮ ਹੋਣ ਤੋਂ ਪਹਿਲਾਂ ਬੌਰਡਰ ਖੋਲਣ ਦੀ ਬਜਾਏ ਅਹਿਤਿਆਤ ਵਰਤਣ ਨੂੰ ਤਰਜੀਹ ਦਿੰਦੀ ਹੈ।

ਭਾਵੇਂ ਕਿ ਡਾਟਾ ਅਨੁਸਾਰ ਦੋਵੇਂ ਖੁਰਾਕਾਂ ਲੈ ਚੁੱਕੇ ਲੋਕ ਕੋਵਿਡ ਤੋਂ ਬਿਹਤਰ ਤਰੀਕੇ ਨਾਲ ਸੁਰੱਖਿਅਤ ਹੁੰਦੇ ਹਨ ਪਰ ਉਹਨਾਂ ਕਿਹਾ ਕਿ ਅਜਿਹੇ ਲੋਕ ਵਾਇਰਸ ਦਾ ਵਾਹਕ (ਕੈਰੀਅਰ) ਹੋ ਸਕਦੇ ਹਨ ਜਿਹਨਾਂ ਦੇ ਜ਼ਰੀਏ ਕੈਨੇਡਾ ਵਿਚ ਵਾਇਰਸ ਫ਼ੈਲ ਸਕਦਾ ਹੈ। 

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ੀਸਰ ਡਾ ਟਰੀਜ਼ਾ ਟੈਮ ਨੇ ਕਿਹਾ ਕਿ ਕੈਨੇਡਾ ਸਿਰਫ ਉਦੋਂ ਵਿਦੇਸ਼ੀ ਯਾਤਰੀਆਂ ਨੂੰ ਇਜਾਜ਼ਤ ਦੇਵੇਗਾ ਜਦੋਂ ਕੈਨੇਡੀਅਨ ਅਬਾਦੀ ਵਿਚ ਕੋਵਿਡ ਦਾ ਮੁਕਾਬਲਾ ਕਰਨ ਦੀ ਬਿਹਤਰ ਸਮਰੱਥਾ ਹੋਵੇਗੀ। 

ਉਹਨਾਂ ਕਿਹਾ ਕਿ ਇਸ ਵੇਲੇ ਕੈਨੇਡਾ ਵਿਚ 20 ਫ਼ੀਸਦੀ ਲੋਕ ਵੀ ਪੂਰੀ ਤਰ੍ਹਾਂ ਨਾਲ ਵੈਕਸਿਨੇਟ ਨਹੀਂ ਹੋਏ ਹਨ ਇਸ ਕਰਕੇ ਕੈਨੇਡਾ ਫ਼ਿਲਹਾਲ ਅਹਿਤਿਆਤ ਨੂੰ ਹੀ ਜਾਰੀ ਰੱਖੇਗਾ।

ਹਾਲਾਂਕਿ ਡਾ ਟੈਮ ਨੇ ਪਹਿਲਾਂ ਕਿਹਾ ਸੀ ਕਿ ਜਦੋਂ 75 ਫ਼ੀਸਦੀ ਆਬਾਦੀ ਨੂੰ ਕੋਵਿਡ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਅਤੇ 20 ਫ਼ੀਸਦੀ ਅਬਾਦੀ ਨੂੰ ਦੋਵੇਂ ਖੁਰਾਕਾਂ ਮਿਲ ਜਾਣਗੀਆਂ ਉਦੋਂ ਰੋਕਾਂ ਨੂੰ ਨਰਮ ਕੀਤਾ ਜਾ ਸਕਦਾ ਹੈ ਪਰ ਉਹਨਾਂ ਨੇ ਕਿਹਾ ਕਿ ਇਹ ਸਿਫਾਰਸ਼ਾਂ ਘਰੇਲੂ ਸੰਦਰਭ ਲਈ ਸਨ ਅਤੇ ਬੌਰਡਰ ਨਾਲ ਸਬੰਧਤ ਫ਼ੈਸਲਾ ਟੀਕਾਕਰਨ ਬਾਬਤ ਅੰਤਰਰਾਸ਼ਟਰੀ ਪਰਸੰਗ ਤੇ ਨਿਰਭਰ ਕਰੇਗਾ। 

ਰੋਕਾਂ ਵਿਚ ਨਰਮਾਈ ਲਿਆਉਣ ਤੋਂ ਪਹਿਲਾਂ ਸਰਕਾਰ ਇਹ ਵੀ ਸੁਨਿਸ਼ਚਿਤ ਕਰਨਾ ਚਾਹੁੰਦੀ ਹੈ ਕਿ ਮੌਜੂਦਾ ਵੈਕਸੀਨਾਂ ਕਿਸੇ ਵੀ ਸੰਭਾਵਿਤ ਕੋਵਿਡ ਵੇਰੀਐਂਟ ਦੇ ਖ਼ਿਲਾਫ਼ ਕਾਰਗਰ ਸਾਬਤ ਹੋਣ।

ਟੈਮ ਨੇ ਕਿਹਾ, ਸਭ ਤੋਂ ਪ੍ਰਭਾਵਸ਼ਾਲੀ ਵੈਕਸੀਨਾਂ ਵੀ ਅਤਿਅੰਤ ਉੱਤਮ ਨਹੀਂ ਹਨ

ਯੂ ਐਸ ਦੀ ਕੋਵਿਡ ਦੀ ਸਥਿਤੀ ਵਿਚ ਪਿਛਲੇ 6 ਮਹੀਨਿਆਂ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ। ਜਨਵਰੀ ਮਹੀਨੇ ਵਿਚ ਯੂ ਐਸ ਵਿਚ ਇੱਕ ਦਿਨ ਵਿਚ 250,000 ਕੋਵਿਡ ਕੇਸ ਵੀ ਰਿਪੋਰਟ ਹੋਏ ਸਨ ਅਤੇ ਹੁਣ ਰੁਜ਼ਾਨਾ ਔਸਤਨ 11,000 ਕੇਸ ਰਿਪੋਰਟ ਹੋ ਰਹੇ ਹਨ- ਪਰ ਵੈਕਸੀਨ ਦਿੱਤੇ ਜਾਣ ਦੀ ਦਰ ਵਿਚ ਖੜੌਤ ਆ ਗਈ ਹੈ।

ਬਾਇਡਨ ਪ੍ਰਸ਼ਾਸਨ ਨੇ ਅੱਜ ਮੰਨਿਆ ਕਿ ਉਹ 4 ਜੁਲਾਈ ਤਕ ਤਕਰੀਬਨ 70 ਫ਼ੀਸਦੀ ਆਬਾਦੀ ਦਾ ਟੀਕਾਕਰਨ ਕਰਨ ਦੇ ਆਪਣੇ ਟੀਚੇ ਵਿਚ ਸਫਲ ਨਹੀਂ ਹੋ ਸਕਣਗੇ। ਯੂ ਐਸ ਵਿਚ ਵੈਕਸੀਨਾਂ ਦੀ ਭਰਮਾਰ ਹੈ ਪਰ ਹੁਣ ਤਕ ਸਿਰਫ 45 ਫ਼ੀਸਦੀ ਅਬਾਦੀ ਦਾ ਹੀ ਟੀਕਾਕਰਨ ਹੋਇਆ ਹੈ।

ਸੰਭਵ ਹੈ ਕਿ ਰੋਕਾਂ ਵਿਚ ਹੋਣ ਵਾਲੀ ਅਗਲੀ ਨਰਮਾਈ ਵਿਦੇਸ਼ੀ ਯਾਤਰੀਆਂ ਵੱਲੋ ਆਪਣੇ ਵੈਕਸੀਨ ਪ੍ਰਾਪਤ ਕਰ ਚੁੱਕੇ ਹੋਣ ਦਾ ਸਬੂਤ ਦਿਖਾਏ ਜਾਣ ਤੇ ਵੀ ਨਿਰਭਰ ਕਰੇ। ਅੰਤਰਰਾਸ਼ਟਰੀ ਯਾਤਰਾ ਤੇ ਪਾਬੰਦੀਆਂ ਨੂੰ ਸੌਖਾ ਕਰਨ ਲਈ ਕੈਨੇਡਾ ਯੂ ਐਸ ਅਤੇ ਬਾਕੀ ਭਾਈਵਾਲਾਂ ਨਾਲ ਮਿਲਕੇ ਆਪਣੇ ਵੈਕਸੀਨ ਸਰਟੀਫਿਕੇਟ ਪ੍ਰੋਗਰਾਮ ਦੇ ਪਹਿਲੇ ਪੜਾਅ ਤੇ ਕੰਮ ਕਰ ਰਿਹਾ ਹੈ। 

ਜੌਨ ਪੌਲ ਟੈਸਕਰ · ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ