1. ਮੁੱਖ ਪੰਨਾ
  2. ਸਮਾਜ
  3. ਨਫ਼ਰਤ ਅਧਾਰਤ ਅਪਰਾਧ

ਟੋਰੌਂਟੋ ਪੁਲਿਸ ਵੱਲੋ ਡਰੱਗ ਰੈਕੇਟ ਦਾ ਭਾਂਡਾ ਫੋੜ : ਵੱਡੀ ਗਿਣਤੀ 'ਚ ਪੰਜਾਬੀ ਮੂਲ ਦੇ ਵਿਅਕਤੀ ਗ੍ਰਿਫਤਾਰ

22 ਵਿਅਕਤੀਆਂ ਤੇ 182 ਚਾਰਜਜ਼ ਲਗਾਏ

ਟੋਰੌਂਟੋ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ I

ਟੋਰੌਂਟੋ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ I

ਤਸਵੀਰ: ਟੋਰੌਂਟੋ ਪੁਲਿਸ

Sarbmeet Singh

ਪ੍ਰੋਜੈਕਟ ਬਰਿਸਾ ਅਧੀਨ ਨਸ਼ਿਆ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ , ਟੋਰੌਂਟੋ ਪੁਲਿਸ ਨੇ ਕੋਕੇਨ , ਕ੍ਰਿਸਟਲ ਮੈਂਥ ਅਤੇ ਭੰਗ ਸਮੇਤ 1000 ਕਿਲੋਗ੍ਰਾਮ ਤੋਂ ਵਧੇਰੇ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ I

ਪੁਲਿਸ ਮੁਤਾਬਿਕ ਇਹਨਾਂ ਦੀ ਕੀਮਤ 61 ਮਿਲੀਅਨ ਡਾਲਰ ਤੋਂ ਵਧੇਰੇ ਦੀ ਹੈ I ਇਸ ਜਾਂਚ ਦੌਰਾਨ ਪੁਲਿਸ ਨੇ ਵੱਖ ਵੱਖ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ I

ਪੁਲਿਸ ਨੇ ਪਿਛਲੇ ਸਾਲ ਨਵੰਬਰ ਤੋਂ ਲੈ ਕੇ ਇਸ ਸਾਲ ਮਈ ਤੱਕ ਵੱਖ ਵੱਖ ਸਰਹੱਦਾਂ ਰਾਹੀਂ ਅਜਿਹੇ ਨਸ਼ੀਲੇ ਪਦਾਰਥ ਕੈਨੇਡਾ ਲੈ ਕੇ ਆਉਣ ਵਾਲੇ ਵਿਅਕਤੀਆਂ ਤੇ ਤਿੱਖੀ ਨਜ਼ਰ ਰੱਖਦਿਆਂ ਉਹਨਾਂ ਦੀ ਸਨਾਖ਼ਤ ਕੀਤੀ I ਪੁਲਿਸ ਮੁਤਾਬਿਕ ਇਹਨਾਂ ਵੱਲੋਂ ਟਰੱਕਾਂ ਵਿੱਚ ਅਜਿਹੇ ਸਿਸਟਮ ਦੀ ਵਿਵਸਥਾ ਕੀਤੀ ਗਈ ਸੀ ਜਿਸ ਨਾਲ ਇੱਕੋ ਵਾਰ ਵਿੱਚ ਹੀ 100 ਕਿਲੋਗ੍ਰਾਮ ਤੋਂ ਵਧੇਰੇ ਨਸ਼ੀਲੇ ਪਦਾਰਥ ਲਿਆਂਦੇ ਜਾ ਸਕਦੇ ਸਨ I

ਜਾਂਚ ਏਜੰਸੀਆਂ ਨੇ ਟ੍ਰੈਪ ਮੇਕਰ ਵਜੋਂ ਕੰਮ ਕਰਦੇ ਇਕ ਵਿਅਕਤੀ ਦੀ ਪਹਿਚਾਣ ਕੀਤੀ ਜੋ ਕਿ ਕਥਿਤ ਤੌਰ 'ਤੇ ਸਮੱਗਲਿੰਗ ਦੇ ਇਰਾਦੇ ਲਈ ਟਰੈਕਟਰ ਟ੍ਰੇਲਰਾਂ ( ਟਰੱਕਾਂ ) ਦੇ ਅੰਦਰ ਲੁਕਵੇਂ ਕੰਪਾਰਟਮੈਂਟਸ ਬਣਾਉਣ ਲਈ ਜ਼ਿੰਮੇਵਾਰ ਸੀ। ਪੁਲਿਸ ਵੱਲੋਂ ਜਾਰੀ ਸੂਚਨਾ ਮੁਤਾਬਿਕ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦਾ 43 ਸਾਲਾ ਜੇਸਨ ਹਾਲ, ਪਿਛਲੇ ਹਫਤੇ ਪੁਲਿਸ ਸਾਮਣੇ ਪੇਸ਼ ਹੋ ਗਿਆ ਅਤੇ ਉਸ ਉੱਪਰ 2 ਚਾਰਜਜ਼ ਲਗਾਏ ਗਏ ਹਨ I

ਟੋਰੌਂਟੋ ਪੁਲਿਸ ਵੱਲੋਂ 444 ਕਿੱਲੋਗ੍ਰਾਮ ਕੋਕੇਨ ,182 ਕਿੱਲੋਗ੍ਰਾਮ ਕ੍ਰਿਸਟਲ ਮੈਂਥ, 427 ਕਿੱਲੋਗ੍ਰਾਮ ਭੰਗ , 9 ਲੱਖ 66 ਹਜ਼ਾਰ ਕੈਨੇਡੀਅਨ ਡਾਲਰ , 5 ਟਰੈਕਟਰ ਟ੍ਰੇਲਰਾਂ ਸਮੇਤ 21 ਵਾਹਨ ਬਰਾਮਦ ਕੀਤੇ ਗਏ ਹਨ I

ਪੁਲਿਸ ਵੱਲੋਂ ਜ਼ਬਤ ਕੀਤੇ ਗਏ ਵਾਹਨ I

ਪੁਲਿਸ ਵੱਲੋਂ ਜ਼ਬਤ ਕੀਤੇ ਗਏ ਵਾਹਨ I

ਤਸਵੀਰ: ਟੋਰੌਂਟੋ ਪੁਲਿਸ

ਪੁਲਿਸ ਵੱਲੋਂ 20 ਵਿਅਕਤੀ ਫੜੇ ਗਏ ਹਨ ਜਦਕਿ 2 ਫਿਲਹਾਲ ਫਰਾਰ ਹਨ I ਫੜੇ ਗਏ ਵਿਅਕਤੀਆਂ ਵਿੱਚੋ ਵੱਡੀ ਗਿਣਤੀ ਵਿੱਚ ਵਿਅਕਤੀ ਪੰਜਾਬੀ ਮੂਲ ਨਾਲ ਸਬੰਧ ਰੱਖਦੇ ਹਨ I ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ 37 ਸਾਲਾਂ ਗੁਰਬਖਸ਼ ਸਿੰਘ ਗਰੇਵਾਲ 25 ਸਾਲਾਂ ਅਮਰਬੀਰ ਸਿੰਘ ਸਰਕਾਰੀਆ , 46 ਸਾਲਾਂ ਹਾਰਬਲਜੀਤ ਸਿੰਘ ਤੂਰ , 43 ਸਾਲਾਂ ਦੀ ਹਰਵਿੰਦਰ ਭੁੱਲਰ , 37 ਸਾਲਾਂ ਸਰਜੰਟ ਸਿੰਘ ਧਾਲੀਵਾਲ , 26 ਸਾਲਾਂ ਗੁਰਵੀਰ ਧਾਲੀਵਾਲ , 26 ਸਾਲਾਂ ਗੁਰਮਨਪ੍ਰੀਤ ਗਰੇਵਾਲ , 37 ਸਾਲਾਂ ਸੁਖਵੰਤ ਬਰਾੜ ਅਤੇ 33 ਸਾਲਾਂ ਪਰਮਿੰਦਰ ਗਿੱਲ ਸ਼ਾਮਿਲ ਹਨ I

ਇਥੇ ਜ਼ਿਕਰਯੋਗ ਹੈ ਕਿ ਓਨਟੇਰੀਓ ਵਿੱਚ ਅਪ੍ਰੈਲ ਮਹੀਨੇ ਦੌਰਾਨ ਯੌਰਕ ਪੁਲਿਸ ਨੇ ਵੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 2.3 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ ਜਿਨ੍ਹਾਂ ਵਿੱਚ 10 ਕਿਲੋਗ੍ਰਾਮ ਕੋਕੇਨ , 3 ਕਿਲੋਗ੍ਰਾਮ ਹੈਰੋਇਨ ਅਤੇ 2.5 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ ਸੀ I ਪੁਲਿਸ ਵੱਲੋਂ ਉਸ ਸਮੇ 33 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚੋ 25 ਪੰਜਾਬੀ ਮੂਲ ਦੇ ਸਨ I

Sarbmeet Singh

ਸੁਰਖੀਆਂ