1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੇ ਰੋਕ ਵਧਾਈ , ਪਾਕਿਸਤਾਨ ਨੂੰ ਰਿਆਇਤ

21 ਜੁਲਾਈ ਤੱਕ ਲਾਗੂ ਰਹਿਣਗੀਆਂ ਰੋਕਾਂ

ਟਰਾਂਸਪੋਰਟ ਮੰਤਰੀ ਉਮਰ ਅਲਗ਼ਬਰਾ ਅਨੁਸਾਰ ਹੁਣ ਪਾਕਿਸਤਾਨ ਤੋਂ ਸਿੱਧੀਆਂ ਉਡਾਣਾਂ ਕੈਨੇਡਾ ਆ ਸਕਣਗੀਆਂ ਪਰ ਭਾਰਤ ਲਈ ਇਹ ਪਾਬੰਦੀ 21 ਜੁਲਾਈ ਤੱਕ ਵਧਾ ਦਿੱਤੀ ਗਈ ਹੈ I

ਫੈਡਰਲ ਟਰਾਂਸਪੋਰਟ ਮੰਤਰੀ ਉਮਰ ਅਲਗ਼ਬਰਾ ਅਨੁਸਾਰ ਹੁਣ ਪਾਕਿਸਤਾਨ ਤੋਂ ਸਿੱਧੀਆਂ ਉਡਾਣਾਂ ਕੈਨੇਡਾ ਆ ਸਕਣਗੀਆਂ ਪਰ ਭਾਰਤ ਲਈ ਇਹ ਪਾਬੰਦੀ 21 ਜੁਲਾਈ ਤੱਕ ਵਧਾ ਦਿੱਤੀ ਗਈ ਹੈ I

ਤਸਵੀਰ: Radio-Canada / ਟ੍ਰੈਵਿਸ ਗੋਲਬੀ/ਸੀਬੀਸੀ

Sarbmeet Singh

ਕੈਨੇਡਾ ਤੋਂ ਪੰਜਾਬ ਆਪਣੇ ਪਰਿਵਾਰ ਨੂੰ ਮਿਲਣ ਗਏ ਅਮਰਜੀਤ ਬਾਵਾ ਨੂੰ ਹੁਣ ਵਾਪਿਸ ਕੈਨੇਡਾ ਪਰਤਣ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ I

ਬਾਵਾ ਅਤੇ ਉਸਦੇ ਬੱਚੇ ਇਸ ਸਮੇਂ ਬੀਤੇ ਕਈ ਮਹੀਨਿਆਂ ਤੋਂ ਪੰਜਾਬ ਦੇ ਜਲੰਧਰ ਸ਼ਹਿਰ ਸਥਿੱਤ ਆਪਣੇ ਘਰ ਵਿੱਚ ਰਹਿ ਰਹੇ ਹਨ ਅਤੇ ਵਾਪਿਸ ਆਉਣ ਲਈ ਤਤਪਰ ਹਨ I ਅਮਰਜੀਤ ਵਾਂਗ ਸੈਂਕੜੇ ਵਿਅਕਤੀ ਕੋਵਿਡ-19 ਕਰਕੇ ਲੱਗੀਆਂ ਪਾਬੰਦੀਆਂ ਕਾਰਨ ਖੱਜਲ ਖੁਆਰ ਹੋ ਰਹੇ ਹਨ I

ਕੈਨੇਡਾ ਵੱਲੋਂ ਭਾਰਤ ਤੋਂ ਆਉਣ ਸਿੱਧੀਆਂ ਉਡਾਣਾਂ ਤੇ ਲੱਗੀ ਪਾਬੰਦੀ ਨੂੰ ਇਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ I ਇਸਦਾ ਐਲਾਨ ਫੈਡਰਲ ਟਰਾਂਸਪੋਰਟ ਮੰਤਰੀ ਉਮਰ ਅਲਗ਼ਬਰਾ ਵੱਲੋਂ ਕੀਤਾ ਗਿਆ I ਕੋਵਿਡ -19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਫੈਡਰਲ ਸਰਕਾਰ ਵੱਲੋਂ ਅਪ੍ਰੈਲ ਦੇ ਮਹੀਨੇ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਉੱਪਰ ਇਕ ਮਹੀਨੇ ਲਈ ਪਾਬੰਦੀ ਲਗਾਈ ਗਈ ਸੀ ਅਤੇ ਮਈ ਵਿੱਚ ਇਸਨੂੰ ਫਿਰ ਤੋਂ ਇਕ ਮਹੀਨੇ ਲਈ ਵਧਾਇਆ ਗਿਆ ਸੀ I

ਟਰਾਂਸਪੋਰਟ ਮੰਤਰੀ ਉਮਰ ਅਲਗ਼ਬਰਾ ਅਨੁਸਾਰ ਹੁਣ ਪਾਕਿਸਤਾਨ ਤੋਂ ਸਿੱਧੀਆਂ ਉਡਾਣਾਂ ਕੈਨੇਡਾ ਆ ਸਕਣਗੀਆਂ ਪਰ ਭਾਰਤ ਲਈ ਇਹ ਪਾਬੰਦੀ 21 ਜੁਲਾਈ ਤੱਕ ਵਧਾ ਦਿੱਤੀ ਗਈ ਹੈ I ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਉਮਰ ਅਲਗ਼ਬਰਾ ਨੇ ਕਿਹਾ ਕਿ ਭਾਰਤ ਤੋਂ ਕੈਨੇਡਾ ਆਉਣ ਲਈ ਪਹਿਲਾ ਕਿਸੇ ਹੋਰ ਮੁਲਕ ਦੀ ਯਾਤਰਾ ਕਰਨ ਦੌਰਾਨ ਉਕਤ ਦੇਸ਼ ਵਿਚ ਕੋਵਿਡ-19 ਟੈਸਟ ਕਰਵਾਉਣਾ ਪਵੇਗਾ ਅਤੇ ਟੈਸਟ ਦੀ ਨੇਗਟਿਵ ਰਿਪੋਰਟ ਪ੍ਰਾਪਤ ਕਰਨਾ ਲਾਜ਼ਮੀ ਹੋਵੇਗੀ I

ਅਮਰਜੀਤ ਬਾਵਾ ਨੇ ਦੱਸਿਆ ਕਿ ਉਹ ਫਰਵਰੀ ਵਿੱਚ ਇਕ-ਦੋ ਮਹੀਨੇ ਲਈ ਭਾਰਤ ਗਏ ਸਨ ਅਤੇ ਅਪ੍ਰੈਲ ਦੇ ਅਖ਼ੀਰ ਵਿੱਚ ਵਾਪਿਸ ਆਉਣ ਬਾਰੇ ਸੋਚ ਰਹੇ ਸਨ ਪਰ ਇਸ ਪਾਬੰਦੀ ਦੇ ਚਲਦਿਆਂ ਉਹ ਭਾਰਤ ਵਿੱਚ ਫਸ ਕੇ ਰਹਿ ਗਏ ਹਨ I ਬਾਵਾ ਨਾਲ ਉਹਨਾਂ ਦੇ ਬੱਚੇ ਵੀ ਭਾਰਤ ਗਏ ਸਨ ਅਤੇ ਹੁਣ ਉਹਨਾਂ ਦੀ ਪੜਾਈ ਵੀ ਪ੍ਰਭਾਵਿਤ ਹੋ ਰਹੀ ਹੈ I ਉਹਨਾਂ ਦੱਸਿਆ ਕਿ ਪਰਿਵਾਰ ਨੂੰ ਹੁਣ ਕਿਸੇ ਹੋਰ ਦੇਸ਼ ਰਹੀ ਕੈਨੇਡਾ ਵਾਪਿਸ ਆਉਣਾ ਪਵੇਗਾ ਅਤੇ ਅਜਿਹੇ ਵਿੱਚ ਫਲਾਈਟਸ ਦੀਆਂ ਟਿਕਟਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ I

ਅਮਰਜੀਤ ਬਾਵਾ ਆਪਣੇ ਬੱਚਿਆਂ ਸਮੇਤ I

ਅਮਰਜੀਤ ਬਾਵਾ ਆਪਣੇ ਬੱਚਿਆਂ ਸਮੇਤ I

ਤਸਵੀਰ: ਧੰਨਵਾਦ ਸਾਹਿਤ ਅਮਰਜੀਤ ਬਾਵਾ

ਅਮਰਜੀਤ ਬਾਵਾ ਦੇ ਬੇਟੇ ਗੁਰਵੰਸ਼ ਬਾਵਾ ਨੇ ਕਿਹਾ ਕਿ ਉਸਨੇ ਆਨਲਾਈਨ ਤਰੀਕੇ ਨਾਲ ਪੜ੍ਹਾਈ ਪੂਰੀ ਕੀਤੀ ਪਰ ਭਾਰਤ ਅਤੇ ਕੈਨੇਡਾ ਵਿਚਾਲੇ ਦਿਨ ਰਾਤ ਦਾ ਅੰਤਰ ਹੋਣ ਕਰਕੇ ਕਾਫ਼ੀ ਮੁਸ਼ਕਿਲ ਆਈ ਕਿਉਂਕਿ ਉਹਨਾਂ ਨੂੰ ਦੇਰ ਰਾਤ ਤੱਕ ਜਾਗਣਾ ਪਿਆ I

ਭਾਰਤ ਤੋਂ ਹਜ਼ਾਰਾਂ ਹੀ ਵਿਦਿਆਰਥੀ ਹਰ ਸਾਲ ਕੈਨੇਡਾ ਪੜਨ ਆਉਂਦੇ ਹਨ ਪਰ ਇਹਨਾਂ ਫਲਾਈਟਸ ਦੇ ਬੰਦ ਹੋਣ ਕਰਕੇ ਬਹੁਤੇ ਵਿਦਿਆਰਥੀ ਓਥੋਂ ਹੀ ਆਨਲਾਈਨ ਤਰੀਕੇ ਨਾਲ ਪੜ੍ਹਾਈ ਕਰ ਰਹੇ ਹਨ I ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ ਨਾਲ ਕੰਮ ਕਰਕੇ ਆਪਣੀ ਆਉਣ ਵਾਲੇ ਸਾਲਾਂ ਦੀ ਫੀਸ ਦਾ ਪ੍ਰਬੰਧ ਕਰਦੇ ਸਨ ਪਰ ਹੁਣ ਇਹ ਭਾਰਤ ਰਹਿੰਦੇ ਹੋਏ ਅਗਲੀ ਫੀਸ ਭਰਨ ਬਾਰੇ ਚਿੰਤਤ ਹਨ I

ਪੰਜਾਬ ਦੇ ਰਹਿਣ ਵਾਲੇ ਨਰਿੰਦਰਜੀਤ ਸਿੰਘ ਨੇ ਪਿਛਲੇ ਸਾਲ ਓਨਟੇਰੀਓ ਦੇ ਇਕ ਕਾਲਜ ਵਿੱਚ ਦਾਖ਼ਲਾ ਲਿਆ ਸੀ ਪਰ ਉਹ ਫਿਲਹਾਲ ਤੱਕ ਵੀ ਭਾਰਤ ਹੀ ਹੈI ਨਰਿੰਦਰਜੀਤ ਨੇ ਕਿਹਾ ਅਜਿਹੇ ਵਿੱਚ ਪੜ੍ਹਾਈ ਤੇ ਧਿਆਨ ਦੇ ਪਾਉਣਾ ਕਾਫ਼ੀ ਮੁਸ਼ਕਿਲ ਹੈ ਅਤੇ ਉਹ ਆਪਣੇ ਸਹਿਪਾਠੀਆਂ ਨਾਲ ਤਾਲਮੇਲ ਨਹੀਂ ਬਿਠਾ ਪਾ ਰਹੇ I ਨਰਿੰਦਰਜੀਤ ਅਨੁਸਾਰ ਸਿੱਧੀ ਉਡਾਨ ਨਾ ਹੋਣ ਕਰਕੇ ਪੈਸੇ ਅਤੇ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਖ਼ੱਜਲ਼ - ਖੁਆਰੀ ਵੀ ਹੋਵੇਗੀ I

ਸਰੀ ਵਿੱਚ ਟਰੈਵਲ ਏਜੰਸੀ ਚਲਾ ਰਹੇ ਮਨਪ੍ਰੀਤ ਗੋਰਾਇਆ ਨੇ ਦੱਸਿਆ ਕਿ ਇਸ ਮੌਕੇ ਤੇ ਭਾਰਤ ਤੋਂ ਮੈਕਸੀਕੋ , ਸਰਬੀਆ ਅਤੇ ਮਸਕਟ ਰਾਹੀਂ ਕੈਨੇਡਾ ਆਇਆ ਜਾ ਸਕਦਾ ਹੈ I ਮਨਪ੍ਰੀਤ ਅਨੁਸਾਰ ਇਸ ਸਮੇਂ ਟਿਕਟ ਦਾ ਰੇਟ ਕਰੀਬ 3 ਹਜ਼ਾਰ ਡਾਲਰ ਹੈ ਜੋ ਕਿ ਆਮ ਹਲਾਤਾਂ ਚ 1000 -1200 ਡਾਲਰ ਦਰਮਿਆਨ ਹੁੰਦਾ ਸੀ I ਉਹਨਾਂ ਕਿਹਾ ਕਿ ਮਹਿੰਗੀਆਂ ਟਿਕਟਾਂ ਅਤੇ ਲੰਬੇ ਰੂਟ ਦੇ ਚਲਦਿਆਂ ਮੁਸਾਫ਼ਿਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ I

ਭਾਰਤ ਵਿੱਚ ਬੈਠੇ ਸੈਂਕੜੇ ਹੀ ਅਜਿਹੇ ਵਿਅਕਤੀਆਂ ਵੱਲੋਂ ਜਲਦ ਤੋਂ ਜਲਦ ਫਲਾਈਟਸ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ I

Sarbmeet Singh

ਸੁਰਖੀਆਂ