1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਕੈਨੇਡੀਅਨਾਂ ਨੂੰ ਮਿਲੇਗੀ ਹੋਟਲ ਕੁਆਰੰਟੀਨ ਤੋਂ ਛੋਟ

5 ਜੁਲਾਈ ਤੋਂ ਲਾਗੂ ਹੋ ਰਹੇ ਹਨ ਨਵੇਂ ਨਿਯਮ

ਟੋਰੌਂਟੋ ਦੇ ਪੀਅਰਸਨ ਏਅਰਪੋਰਟ ਤੇ ਕੁਝ ਲੋਕ ਆਪਣੇ ਸਮਾਨ ਨਾਲ

9 ਜੂਨ ਨੂੰ ਟੋਰੌਂਟੋ ਦੇ ਪੀਅਰਸਨ ਏਅਰਪੋਰਟ ਤੇ ਕੁਝ ਲੋਕ ਆਪਣੇ ਸਮਾਨ ਨਾਲ ਅਮਰੀਕਾ ਦਾ ਸਫ਼ਰ ਕਰਦਿਆਂ. ਫ਼ੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹਨਾਂ ਕੈਨੇਡੀਅਨਾਂ ਦਾ ਟੀਕਾਕਰਨ ਪੂਰਾ ਹੋ ਗਿਆ ਹੈ ਉਹਨਾਂ ਨੂੰ ਕੈਨੇਡਾ ਪਹੁੰਚਣ ਤੇ ਹੋਟਲ ਕੁਆਰੰਟੀਨ ਨਿਯਮ ਤੋਂ ਛੋਟ ਮਿਲੇਗੀ।

ਤਸਵੀਰ: The Canadian Press / Nathan Denette

RCI

ਫ਼ੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹਨਾਂ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੇਜ਼ੀਡੈਂਟਾਂ ਦਾ ਟੀਕਾਕਰਨ ਪੂਰਾ ਹੋ ਗਿਆ ਹੈ ਉਹਨਾਂ ਨੂੰ ਕੈਨੇਡਾ ਪਹੁੰਚਣ ਤੋਂ ਬਾਅਦ ਹੋਟਲ ਵਿਚ ਕੁਆਰੰਟੀਨ ਕਰਨ ਦੇ ਨਿਯਮ ਤੋਂ ਛੋਟ ਮਿਲੇਗੀ। ਇਹ ਨਿਯਮ 5 ਜੁਲਾਈ ਤੋਂ ਲਾਗੂ ਹੋ ਜਾਣਗੇ। 

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਇਸ ਸਮੇਂ ਤਕ 75 ਫ਼ੀਸਦੀ ਤੋਂ ਵੱਧ ਅਬਾਦੀ ਨੂੰ ਕੋਵਿਡ ਵੈਕਸੀਨ ਦੀ ਘੱਟੋ ਘੱਟ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ 20 ਫ਼ੀਸਦੀ ਤੋਂ ਵੱਧ ਅਬਾਦੀ ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ ਭਾਵ ਉਹਨਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ। 

ਹਾਲਾਂਕਿ ਵੈਕਸੀਨ ਲੈ ਚੁੱਕੇ ਕੈਨੇਡੀਅਨ ਅੰਤਰਰਾਸ਼ਟਰੀ ਯਾਤਰੀਆਂ ਲਈ ਇਹ ਜ਼ਰੂਰੀ ਕੀਤਾ ਗਿਆ ਹੈ ਕਿ ਉਹ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਘੱਟੋ ਘੱਟ 14 ਦਿਨ ਪਹਿਲਾਂ ਇਹ ਸੁਨਿਸ਼ਚਿਤ ਕਰਨ ਕਿ ਉਹਨਾਂ ਨੇ ਕੈਨੇਡਾ ਸਰਕਾਰ ਦੁਆਰਾ ਮੰਜ਼ੂਰਸ਼ੁਦਾ ਕੋਵਿਡ ਵੈਕਸੀਨ ਪ੍ਰਾਪਤ ਕੀਤੀ ਹੈ। 

ਅਧਿਕਾਰੀਆਂ ਦੇ ਦੱਸਣ ਮੁਤਾਬਕ ਯਾਤਰੀਆਂ ਨੂੰ ਕੋਵਿਡ 19 ਸਬੰਧੀ ਜਾਣਕਾਰੀ ਆਪਣੇ ਪਹੁੰਚਣ ਤੋਂ ਪਹਿਲਾ ਅਰਾਈਵ ਕੈਨ(ArriveCan (ਨਵੀਂ ਵਿੰਡੋ)) ਐਪ ਵਿਚ ਭਰਨੀ ਹੋਵੇਗੀ, ਆਉਣ ਤੋਂ ਪਹਿਲਾਂ ਅਤੇ ਕੈਨੇਡਾ ਪਹੁੰਚਣ ਤੇ ਆਪਣੇ ਕੋਵਿਡ ਟੈਸਟ ਕਰਵਾਉਣਾ ਹੋਵੇਗਾ ਅਤੇ ਉਹਨਾਂ ਕੋਲ ਕੁਆਰੰਟੀਨ ਵਾਸਤੇ ਵੀ ਕੋਈ ਢੁੱਕਵਾਂ ਪਲਾਨ ਹੋਣਾ ਲਾਜ਼ਮੀ ਹੋਵੇਗਾ। 

ਹੋਟਲ ਕੁਆਰੰਟੀਨ ਤੋਂ ਛੋਟ ਦਿੱਤੇ ਜਾਣ ਦਾ ਅੰਤਿਮ ਫ਼ੈਸਲਾ ਯਾਤਰੀ ਵੱਲੋਂ ਅਪਲੋਡ ਕੀਤੀ ਜਾਣਕਾਰੀ ਦੇ ਆਧਾਰ ਤੇ ਏਅਰਪੋਰਟ ਤੇ ਮੌਜੂਦ ਸਰਕਾਰੀ ਅਧਿਕਾਰੀਆਂ ਵੱਲੋ ਕੀਤਾ ਜਾਵੇਗਾ। ਮਨਜ਼ੂਰੀ ਮਿਲਣ ਤੋਂ ਬਾਅਦ ਇਹਨਾਂ ਯਾਤਰੀਆਂ ਨੂੰ ਹੋਟਲ ਕੁਆਰੰਟੀਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜੇ ਇਹਨਾਂ ਯਾਤਰੀਆਂ ਨਾਲ ਬੱਚੇ ਹਨ ਜਿਹਨਾਂ ਨੇ ਕੋਵਿਡ ਵੈਕਸੀਨ ਨਹੀਂ ਲਈ ਹੈ ਤਾਂ ਉਹਨਾਂ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਨਾਲ ਘਰ ਜਾਣ ਦੀ ਇਜਾਜ਼ਤ ਹੋਵੇਗੀ ਬਸ਼ਰਤੇ ਕਿ ਉਹ ਘਰ ਜਾਕੇ 2 ਹਫ਼ਤਿਆਂ ਲਈ ਕੁਆਰੰਟੀਨ ਕਰਨ।

ਜਿਹਨਾਂ ਯਾਤਰੀਆਂ ਦਾ ਮੁਕੰਮਲ ਟੀਕਾਕਰਨ ਨਹੀਂ ਹੋਇਆ ਹੈ ਉਹਨਾਂ ਲਈ ਨਿਯਮਾਂ ਵਿਚ ਕੋਈ ਛੋਟ ਨਹੀਂ ਦਿਤੀ ਗਈ ਹੈ। ​ਜੋ ਵੀ ਅੰਤਰਰਾਸ਼ਟਰੀ ਯਾਤਰੀ ਕੈਨੇਡਾ ਦਾਖ਼ਲ ਹੋਵੇਗਾ, ਉਸਦਾ ਕੈਨੇਡਾ ਪਹੁੰਚਣ ਤੇ ਕੋਵਿਡ ਟੈਸਟ ਕੀਤਾ ਜਾਵੇਗਾ ਅਤੇ ਜਦੋਂ ਤੱਕ ਉਸਦਾ ਕੋਵਿਡ ਰਿਜ਼ਲਟ ਨਹੀਂ ਆ ਜਾਂਦਾ, ਉਸਨੂੰ ਆਪਣੇ 14 ਦਿਨਾਂ ਦੇ ਕੁਆਰੰਟੀਨ ਪੀਰੀਅਡ ਵਿਚੋਂ ਤਿੰਨ ਦਿਨ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਹੋਟਲ ਵਿਚ ਬਿਤਾਉਣੇ ਪੈਣਗੇ। ਜ਼ਮੀਨੀ ਸਰਹੱਦਾਂ ਤੋਂ ਕੈਨੇਡਾ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਵੀ ਕੋਵਿਡ ਟੈਸਟ ਦੇਣਾ ਲਾਜ਼ਮੀ ਹੈ ਅਤੇ 14 ਦਿਨਾਂ ਦੇ ਕੁਆਰੰਟੀਨ ਪੀਰੀਅਡ ਦੌਰਾਨ ਦੁਬਾਰਾ ਉਹਨਾਂ ਦਾ ਕੋਵਿਡ ਟੈਸਟ ਕੀਤਾ ਜਾਂਦਾ ਹੈ। 

ਕੈਨੇਡੀਅਨਾਂ ਨੂੰ ਅਜੇ ਵੀ ਗ਼ੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ 

ਟ੍ਰੈਵਲ ਨਿਯਮਾਂ ਵਿਚ ਇਹ ਨਰਮਾਈ ਵਿਦੇਸ਼ੀ ਨਾਗਰਿਕਾਂ ਤੇ ਲਾਗੂ ਨਹੀਂ ਹੁੰਦੀ। ਕੈਨੇਡਾ ਸਰਕਾਰ ਨੇ ਬੀਤੇ ਸ਼ੁਕਰਵਾਰ ਯੂ.ਐਸ. ਕੈਨੇਡਾ ਬਾਰਡਰ ਉੱਤੇ ਗ਼ੈਰ-ਜ਼ਰੂਰੀ ਯਾਤਰਾ ਸਬੰਧੀ ਲੱਗੀਆਂ ਰੋਕਾਂ ਨੂੰ ਇੱਕ ਹੋਰ ਮਹੀਨੇ ਲਈ ਵਧਾਏ ਜਾਣ ਦਾ ਐਲਾਨ ਕੀਤਾ ਸੀ। 

ਪਬਲਿਕ ਸੇਫਟੀ ਮਨਿਸਟਰ ਬਿਲ ਬਲੇਅਰ ਨੇ ਕਿਹਾ, ਇਸ ਸਮੇਂ ਕੈਨੇਡਾ ਸਰਕਾਰ ਪੁਰਜ਼ੋਰ ਤਰੀਕੇ ਨਾਲ ਕੈਨੇਡੀਅਨਾਂ ਨੂੰ ਗ਼ੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੀ ਹੈ।

ਭਾਵੇਂ ਕਿ ਆਉਣ ਵਾਲਾ ਸਮਾਂ ਬੀਤੇ ਸਮੇਂ ਦੇ ਮੁਕਾਬਲੇ ਬਿਹਤਰ ਨਜ਼ਰ ਆ ਰਿਹਾ ਹੈ, ਅਤੇ ਵੈਕਸੀਨੇਸ਼ਨ ਦੇ ਨਾਲ ਨਾਲ ਕੋਵਿਡ ਕੇਸਾਂ ਦੀ ਗਿਣਤੀ ਵੀ ਘਟ ਰਹੀ ਹੈ, ਪਰ ਅਸੀਂ ਲਾਪਰਵਾਹੀ ਨਹੀਂ ਵਰਤ ਸਕਦੇ।

ਪਰ ਕੈਨੇਡਾ ਅਮਰੀਕਾ ਬਿਜ਼ਨਸ ਕਾਉਂਸਿਲ ਦੀ ਸੀਈਉ ਮੈਰਿਸਕੌਟ ਗ੍ਰੀਨਵੁੱਡ ਫ਼ੈਡਰਲ ਸਰਕਾਰ ਦੇ ਇਸ ਫੈਸਲੇ ਤੋਂ ਕਾਫੀ ਨਾਖੁਸ਼ ਹਨ। 

ਉਹਨਾਂ ਕਿਹਾ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਕੈਨੇਡੀਅਨਾਂ ਅਤੇ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਅਮਰੀਕੀਆਂ ਵਿਚ ਕੀ ਫ਼ਰਕ ਹੈ?

ਇਹ ਨਿਰਾਸ਼ਾਜਨਕ ਹੈ, ਨਾ ਸਿਰਫ ਅਮਰੀਕੀ ਬਲਕਿ ਕੈਨੇਡੀਅਨ ਕਾਰੋਬਾਰਾਂ ਲਈ ਵੀ, ਜਿਨ੍ਹਾਂ ਨਾਲ ਅਸੀਂ ਰੋਜ਼ਾਨਾ ਕੰਮ ਕਰਦੇ ਹਾਂ। ਸਾਨੂੰ ਅਜਿਹੀ ਨੀਤੀ ਦੀ ਜ਼ਰੂਰਤ ਹੈ ਜਿੱਥੇ ਅਸੀਂ ਸੁਰੱਖਿਅਤ ਢੰਗ ਨਾਲ ਕਾਰੋਬਾਰ ਕਰ ਸਕੀਏ, ਪਰ ਕੈਨੇਡਾ ਇਸ ਲਈ ਕਿਉਂ ਝਿਝਕ ਰਿਹਾ ਹੈ, ਇਹ ਗੱਲ ਸਮਝ ਤੋਂ ਬਾਹਰ ਹੈ।

ਹੈਲਥ ਮਨਿਸਟਰ ਪੈਟੀ ਹਾਈਡੂ ਨੇ ਕਿਹਾ ਹੈ ਕਿ ਟ੍ਰੈਵਲ ਰੋਕਾਂ ਦੀ ਨਰਮਾਈ ਦੇ ਅਗਲੇ ਪੜਾਅ ਬਾਰੇ ਉਹ ਸੂਬਾ ਸਰਕਾਰਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ।

ਇਮੀਗ੍ਰੇਸ਼ਨ ਮਨਿਸਟਰ ਨੇ ਇਹ ਐਲਾਨ ਵੀ ਕੀਤਾ ਹੈ ਕਿ ਜਿਹਨਾਂ ਲੋਕਾਂ ਦੀ ਕੈਨੇਡਾ ਵਿਚ ਪਰਮਾਨੈਂਟ ਰੇਜ਼ੀਡੈਂਸੀ ਦੀ ਅਰਜ਼ੀ ਮਨਜ਼ੂਰ ਹੋ ਚੁੱਕੀ ਹੈ ਉਹ 21 ਜੂਨ ਤੋਂ ਕੈਨੇਡਾ ਆ ਸਕਦੇ ਹਨ। ਇਸ ਤੋਂ ਪਹਿਲਾਂ ਸਿਰਫ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਟ੍ਰੈਵਲ ਰੋਕਾਂ ਤੋਂ ਛੋਟ ਮਿਲੀ ਸੀ ਜਿਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਹੋਣ ਦਾ ਪੁਸ਼ਟੀਕਰਨ ਪੱਤਰ 18 ਮਾਰਚ 2020 ਤੋਂ ਪਹਿਲਾਂ ਮਿਲ ਚੁੱਕਾ ਸੀ।

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ