1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਕੈਨੇਡਾ ਵਿਚ ਮਨਾਇਆ ਜਾ ਰਿਹਾ ਹੈ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ

ਇੱਕ ਡਾਂਸਰ ਨ੍ਰਿਤ ਕਰਦਾ ਹੋਇਆ

ਓਨਟੇਰੀਓ ਦੇ ਗੁਏਲਫ਼ ਸ਼ਹਿਰ ਵਿਚ 2018 ਦੇ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ ਦੌਰਾਨ ਇੱਕ ਡਾਂਸਰ ਨ੍ਰਿਤ ਕਰਦਾ ਹੋਇਆ। ਇਸ ਸਾਲ ਕੋਵਿਡ ਕਰਕੇ ਜ਼ਿਆਦਾਤਰ ਆਯੋਜਨ ਵਰਚੁਅਲ ਰੱਖੇ ਗਏ ਹਨ ।

ਤਸਵੀਰ:  CBC / Kate Bueckert

RCI

21 ਜੂਨ ਦਾ ਦਿਨ ਕੈਨੇਡਾ ਵਿਚ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਕੈਨੇਡਾ ਵਿਚ ਰਹਿੰਦੇ ਫ਼ਸਟ ਨੇਸ਼ਨਜ਼, ਇਨੁਇਟ ਅਤੇ ਮੇਟਿਸ ਭਾਈਚਾਰਿਆਂ ਦੇ ਮੂਲਨਿਵਾਸੀ ਲੋਕਾਂ ਦਾ ਸਨਮਾਨ ਅਤੇ ਕੈਨੇਡੀਅਨ ਸਮਾਜ ਵਿਚ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ।

ਨੈਸ਼ਨਲ ਇੰਡੀਜਨਸ ਪੀਪਲਜ਼ ਡੇ (ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ) ਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਮੂਲਨਿਵਾਸੀ ਕਦਰਾਂ ਕੀਮਤਾਂ, ਰਸਮਾਂ ਅਤੇ ਉਹਨਾਂ ਦੀ ਵਿਰਾਸਤ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਵਿਸ਼ੇਸ਼ ਰੇਡੀਓ ਪ੍ਰੋਗਰਾਮ,  ਵਰਕਸ਼ਾਪਾਂ, ਸੈਮੀਨਾਰ ਅਤੇ ਸੰਗੀਤਕ ਅਤੇ ਮਨੋਰੰਜਨ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। 

ਕੋਵਿਡ 19 ਕਾਰਨ ਲੱਗੀਆਂ ਦੇਸ਼ ਵਿਆਪੀ ਰੋਕਾਂ ਅਤੇ ਪਾਬੰਦੀਆਂ ਕਰਕੇ ਇਸ ਸਾਲ ਜ਼ਿਆਦਾਤਰ ਪ੍ਰੋਗਰਾਮ ਵਰਚੂਅਲ ਮਾਧਿਅਮ ਰਾਹੀਂ ਹੀ ਆਯੋਜਿਤ ਹੋ ਰਹੇ ਹਨ।

ਇੱਕ ਬੱਚਾ ਮੁਲਨਿਵਾਸੀਆਂ ਦੇ ਰਿਵਾਇਤੀ ਲਿਬਾਸ ਚ

ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ ਦੇ ਮੌਕੇ ਤੇ ਪ੍ਰਿੰਸ ਐਲਬਰਟ ਇੰਡੀਅਨ ਐਨ ਮੇਟਿਸ ਫਰੈਂਡਸ਼ਿਪ ਸੈਂਟਰ ਵਿਖੇ ਪਾਉਵਾਉ ਮੂਲਨਿਵਾਸੀ ਨ੍ਰਿਤ ਦੀ ਕਈ ਝਲਕੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ।

ਤਸਵੀਰ:  CBC / Bryan Eneas

ਇਤਿਹਾਸਕ ਪਿਛੋਕੜ

13 ਜੂਨ 1996 ਨੂੰ ਕੈਨੇਡਾ ਦੇ ਗਵਰਨਰ ਜਨਰਲ ਰੋਮੀਓ ਲੇਬਲਾਂਕ ਨੇ 21 ਜੂਨ ਨੂੰ ਰਾਸ਼ਟਰੀ ਆਦਿਵਾਸੀ ਦਿਵਸ ਦੇ ਤੌਰ ਤੇ ਮਨਾਏ ਜਾਣ ਦਾ ਐਲਾਨ ਕੀਤਾ ਸੀ। ਗ਼ੌਰਤਲਬ ਹੈ ਕਿ 21 ਜੂਨ Summer solstice , ਗਰਮੀਆਂ ਦਾ ਸੰਗਰਾਂਦ ਹੁੰਦਾ ਹੈ ਅਤੇ ਮੂਲਨਿਵਾਸੀ ਪਰੰਪਰਾਵਾਂ ਚ ਹਜ਼ਾਰਾਂ ਸਾਲ ਤੋਂ ਇਸ ਦਿਨ ਦੀ ਬੜੀ ਮਹੱਤਤਾ ਹੈ।ਇਸੀ ਕਰਕੇ 21 ਜੂਨ ਨੂੰ ਆਦਿਵਾਸੀ ਦਿਵਸ ਮਨਾਉਣ ਲਈ ਚੁਣਿਆ ਗਿਆ ਸੀ। ਪਰ ਚਾਰ ਸਾਲ ਪਹਿਲਾਂ 21 ਜੂਨ 2017 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਿਵਸ ਦਾ ਨਾਮ ਬਾਦਲ ਕੇ ਇਸਨੂੰ ਬਤੌਰ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ।

ਜੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਕੈਨੇਡਾ ਵਿਚ ਮੂਲਨਿਵਾਸੀ ਲੋਕ ਸਦੀਆਂ ਤੋਂ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਇਸ ਲਿਹਾਜ਼ ਨਾਲ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ ਇਹਨਾਂ ਲੋਕਾਂ ਖ਼ਿਲਾਫ਼ ਬੀਤੀਆਂ ਅਤੇ ਮੌਜੂਦਾ ਵਧੀਕੀਆਂ ਅਤੇ ਬਦਸਲੂਕੀਆਂ ਦੀ ਵੀ ਨਿਸ਼ਾਨਦੇਹੀ ਕਰਨ ਦਾ ਇੱਕ ਜ਼ਰੀਆ ਹੈ। ਇਹ ਦਿਨ ਆਮ ਲੋਕਾਂ ਤੋਂ ਲੈਕੇ ਸਰਕਾਰਾਂ ਤੱਕ ਇਸ ਗੱਲ ਦੀ ਯਾਦ-ਦਹਾਨੀ ਕਰਵਾਉਂਦਾ ਹੈ ਕਿ ਮੂਲਨਿਵਾਸੀਆਂ ਦੇ ਮਾਮਲਿਆਂ ਵਿਚ ਅਜੇ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। 

ਸ਼ੋਕ ਦਾ ਵੀ ਦਿਨ

ਜਿਥੇ ਇੱਕ ਪਾਸੇ ਅੱਜ ਦਾ ਦਿਨ ਮੂਲਨਿਵਾਸੀ ਭਾਈਚਾਰੇ ਦੇ ਜਸ਼ਨ ਮਨਾਉਣ ਦਾ ਦਿਹਾੜਾ ਹੈ ਉਥੇ ਹੀ ਅੱਜ ਕੁਝ ਮੂਲਨਿਵਾਸੀ ਗਰੁਪਾਂ ਵੱਲੋਂ ਨਾਲੋਂ ਨਾਲ ਸ਼ੋਕ ਸਭਾਵਾਂ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਦਰਅਸਲ ਹਾਲ ਹੀ ਵਿਚ ਬੀਸੀ ਦੇ ਕੈਮਲੂਪਸ ਸ਼ਹਿਰ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਵਿਚੋਂ 215 ਬੱਚਿਆਂ ਦੇ ਅਵਸ਼ੇਸ਼ ਅੰਗ ਮਿਲਣ ਤੋਂ ਬਾਅਦ ਮੂਲਨਿਵਾਸੀ ਭਾਈਚਾਰਿਆਂ ਦੇ ਜ਼ਖਮ ਦੁਬਾਰਾ ਹਰੇ ਹੋ ਗਏ ਹਨ। 

ਯਾਦਗਾਰੀ ਸਮਾਰਕ ਵਿਚ ਪਏ ਜੁੱਤਿਆਂ ਦੀ ਤਸਵੀਰ

ਰਿਹਾਇਸ਼ੀ ਸਕੂਲਾਂ ਵਿਚ ਬੱਚਿਆਂ ਦੇ ਅਵਸ਼ੇਸ਼ ਮਿਲਣ ਦੀ ਖ਼ਬਰਾਂ ਤੋਂ ਬਾਅਦ ਮੁਲਕ ਭਰ ਵਿਚ ਇਹਨਾਂ ਬੱਚਿਆਂ ਦੀ ਯਾਦ ਵਿਚ ਕਈ ਸਮਾਰਕ ਬਣਾਏ ਗਏ ਹਨ।

ਤਸਵੀਰ: Radio-Canada / Brian Morris

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਅੱਜ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ ਦੇ ਦਿਨ ਅਸੀਂ ਮੂਲਨਿਵਾਸੀ ਭਾਈਚਾਰਿਆਂ ਦੀ ਭਿੰਨਤਾ ਅਤੇ ਸੱਭਿਆਚਾਰ ਨੂੰ ਮਨਾ ਰਹੇ ਹਾਂ ਪਰ ਸਾਨੂੰ ਇਸ ਗੱਲ ਨੂੰ ਸਵੀਕਾਰ ਕਰਨਾ ਪਵੇਗਾ ਕਿ ਅਜੇ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ।

1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਭਾਈਚਾਰੇ ਦੇ ਬੱਚਿਆਂ ਨੂੰ ਰਿਹਾਇਸ਼ੀ ਸਕੂਲਾਂ ਵਿੱਚ ਰੱਖਿਆ ਗਿਆ ਸੀ । ਕੈਥਲਿਕ ਚਰਚ ਵੱਲੋਂ ਚਲਾਏ ਜਾਂਦੇ ਇਹਨਾਂ ਸਕੂਲ ਵਿਚ ਮੂਲਨਿਵਾਸੀ ਬੱਚਿਆਂ ਨੂੰ ਉਹਨਾਂ ਦੀ ਭਾਸ਼ਾ ਅਤੇ ਸੱਭਿਆਚਾਰ ਤੋਂ ਵੱਖ ਕਰਕੇ ਕੈਥਲਿਕ ਕਦਰਾਂ ਕੀਮਤਾਂ ਅਤੇ ਭਾਸ਼ਾ ਸੀ ਸਿਖਲਾਈ ਦਿੱਤੀ ਜਾਂਦੀ ਸੀ।  ਰੀਕਨਸੀਲੀਏਸ਼ਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਇਹਨਾਂ ਸਕੂਲਾਂ ਵਿੱਚ ਬਹੁਤ ਸਾਰੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਗਿਆ ਅਤੇ ਉਹਨਾਂ ਨਾਲ ਹਰ ਕਿਸਮ ਦਾ ਤਸ਼ੱਦਦ ਕੀਤਾ ਜਾਂਦਾ ਸੀ। 

ਇਨ੍ਹਾਂ ਸਕੂਲਾਂ ਵਿੱਚ ਘੱਟੋ ਘੱਟ 4,100 ਬੱਚਿਆਂ ਦੀ ਮੌਤ ਹੋਈ ਦੱਸੀ ਗਈ ਹੈ। 

ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ