1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਕੋਰੋਨਾਵਾਇਰਸ

ਕੈਨੇਡਾ- ਅਮਰੀਕਾ ਦਰਮਿਆਨ ਯਾਤਰਾ ਪਾਬੰਦੀਆਂ 'ਚ ਇਕ ਮਹੀਨੇ ਦਾ ਵਾਧਾ

21 ਜੁਲਾਈ ਤੱਕ ਬਾਰਡਰ ਗੈਰ ਜ਼ਰੂਰੀ ਯਾਤਰਾ ਲਈ ਬੰਦ

 ਬਾਰਡਰ ਨੂੰ ਗੈਰ ਜ਼ਰੂਰੀ ਯਾਤਰਾ ਲਈ 21 ਜੁਲਾਈ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ I

ਬਾਰਡਰ ਨੂੰ ਗੈਰ ਜ਼ਰੂਰੀ ਯਾਤਰਾ ਲਈ 21 ਜੁਲਾਈ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ I

ਤਸਵੀਰ: Reuters / Lars Hagberg

Sarbmeet Singh

ਕੈਨੇਡਾ ਅਮਰੀਕਾ ਵਿਚਲੇ ਬਾਰਡਰ ਨੂੰ ਇਕ ਹੋਰ ਮਹੀਨੇ ਲਈ ਬੰਦ ਕੀਤਾ ਜਾ ਰਿਹਾ ਹੈ I

ਇਸਦਾ ਐਲਾਨ ਫੈਡਰਲ ਪਬਲਿਕ ਸੇਫ਼ਟੀ ਮਨਿਸਟਰ ਬਿੱਲ ਬਲੇਅਰ ਵੱਲੋਂ ਕੀਤਾ ਗਿਆ I ਸਰਕਾਰ ਵੱਲੋਂ ਯਾਤਰਾ ਸੰਬੰਧੀ ਪਹਿਲਾਂ ਲਗਾਈ ਪਾਬੰਦੀ 21 ਜੂਨ ਨੂੰ ਖ਼ਤਮ ਹੋ ਰਹੀ ਹੈ ਜਿਸ ਵਿੱਚ ਅੱਜ ਇਕ ਹੋਰ ਮਹੀਨੇ ਦਾ ਵਾਧਾ ਕਰ ਦਿੱਤਾ ਗਿਆ ਹੈ I

ਇਸ ਸੰਬੰਧੀ ਇਕ ਟਵੀਟ ਕਰਦਿਆਂ ,ਬਿੱਲ ਬਲੇਅਰ ਨੇ ਕਿਹਾ ਕਿ ਯੂ ਐਸ ਨਾਲ ਤਾਲਮੇਲ ਕਰਨ ਤੋਂ ਬਾਅਦ , ਬਾਰਡਰ ਨੂੰ ਗੈਰ ਜ਼ਰੂਰੀ ਯਾਤਰਾ ਲਈ 21 ਜੁਲਾਈ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ I ਉਹਨਾਂ ਇਸ ਸਬੰਧੀ ਵਧੇਰੇ ਜਾਣਕਾਰੀ ਸੋਮਵਾਰ ਨੂੰ ਦੇਣ ਦੀ ਗੱਲ ਆਖੀ ਹੈ I ਉਹਨਾਂ ਕਿਹਾ ਕਿ ਸਰਕਾਰ ਵੈਕਸੀਨ ਪ੍ਰੋਗਰਾਮ ਬਾਰੇ ਲੋੜੀਂਦੇ ਕਦਮ ਚੱਕ ਰਹੀ ਹੈ I

ਜ਼ਿਕਰਯੋਗ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਬਾਰਡਰ ਖੁੱਲਣ ਦੀ ਉਮੀਦ ਜਤਾਈ ਜਾ ਰਹੀ ਸੀ I ਕਿਆਸ ਅਰਾਈਆਂ ਲੱਗ ਰਹੀਆਂ ਸਨ ਕਿ ਇਸ ਮਹੀਨੇ ਬਾਰਡਰ ਖੁੱਲ ਜਾਵੇਗਾ ਤੇ ਲੋਕ ਆ ਜਾ ਸਕਣਗੇ I ਇਸੇ ਹਫਤੇ ਦੋਵੇਂ ਦੇਸ਼ਾ ਦੇ ਟੂਰਿਜ਼ਮ ਗਰੁੱਪ ਦੇ ਮੈਂਬਰਾ ਵੱਲੋਂ ਰਾਜਨੇਤਾਵਾਂ ਨਾਲ ਇਸ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ I ਕੈਨੇਡਾ-ਅਮਰੀਕਾ ਸਰਹੱਦ ਨੂੰ ਪਿਛਲੇ ਸਾਲ ਮਾਰਚ 'ਚ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ ਜਿਸ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ I ਇਹ ਬਾਰਡਰ ਵਪਾਰ ਆਦਿ ਲਈ ਖੁੱਲਾ ਹੈ I

ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਓਟਵਾ 'ਚ ਇਕ ਪ੍ਰੈਸ ਵਾਰਤਾ ਦੌਰਾਨ ਕੋਵਿਡ-19 ਵੈਕਸੀਨ ਬਾਰੇ ਜਾਣਕਾਰੀ ਦਿੱਤੀ ਗਈ I ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਕੈਨੇਡਾ- ਅਮਰੀਕਾ ਸਰਹੱਦ ਤੇ ਪਾਬੰਦੀਆਂ ਬਾਰੇ ਵੀ ਗੱਲਬਾਤ ਕੀਤੀ I ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 75 ਫ਼ੀਸਦੀ ਕੈਨੇਡੀਅਨਜ਼ ਨੂੰ ਵੈਕਸੀਨ ਦੀ ਇਕ ਡੋਜ਼ ਅਤੇ 20 ਫ਼ੀਸਦੀ ਅਬਾਦੀ ਨੂੰ ਦੂਸਰੀ ਡੋਜ਼ ਲੱਗਣ 'ਤੇ ਪਾਬੰਦੀਆਂ 'ਚ ਢਿੱਲ ਦੇਣ ਦੇ ਸੰਕੇਤ ਦਿੱਤੇ ਹਨ I

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਪ੍ਰੈਸ ਵਾਰਤਾ ਦੌਰਾਨ I

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਪ੍ਰੈਸ ਵਾਰਤਾ ਦੌਰਾਨ I

ਤਸਵੀਰ: La Presse canadienne / JUSTIN TANG

ਟਰੂਡੋ ਨੇ ਕਿਹਾ ਕਿ ਅਸੀਂ ਅਜੇ ਇਸ ਮਹਾਂਮਾਰੀ ਤੋਂ ਬਾਹਰ ਨਹੀਂ ਆਏ ਹਾਂ ਸੋ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈ I ਪ੍ਰੈਸ ਵਾਰਤਾ ਦੌਰਾਨ ਟਰੂਡੋ ਨੇ ਦੱਸਿਆ ਕਿ ਉਹਨਾਂ ਵੱਲੋਂ ਬਾਰਡਰ ਬੰਦ ਰੱਖਣ ਨੂੰ ਲਈ ਵੱਖ ਵੱਖ ਸੂਬਿਆਂ ਦੇ ਪ੍ਰੀਮੀਅਰਜ਼ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ I

ਇਸੇ ਦਰਮਿਆਨ ਫ਼ੈਡਰਲ ਸਰਕਾਰ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਇਕ ਵੈਕਸੀਨ ਸਰਟੀਫ਼ਿਕੇਟ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ Iਇਸ ਪ੍ਰੋਗਰਾਮ ਦੇ ਜੁਲਾਈ ਮਹੀਨੇ 'ਚ ਸ਼ੁਰੂ ਹੋਣ ਦੀ ਗੱਲ ਆਖੀ ਜਾ ਰਹੀ ਹੈ I

Sarbmeet Singh

ਸੁਰਖੀਆਂ