1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਦਾਖ਼ਲ ਹੋਣ ਵਾਲੇ ਯਾਤਰੀਆਂ ਨੂੰ ਦਿਖਾਉਣਾ ਪਵੇਗਾ ਵੈਕਸੀਨ ਸਰਟੀਫ਼ਿਕੇਟ

ਟ੍ਰੈਵਲ ਰੋਕਾਂ ਨਰਮ ਕੀਤੇ ਜਾਣ ਦਾ ਰਾਹ ਹੋਵੇਗਾ ਪੱਧਰਾ

ਏਅਰਪੋਰਟ ਤੇ ਪਹੁੰਚਦੀ ਇੱਕ ਔਰਤ ਜਿਸਦੇ ਹੱਥ ਵਿਚ ਕੁਝ ਸਮਾਨ ਹੈ

ਫ਼ੈਡਰਲ ਸਰਕਾਰ ਦੇ ਕਈ ਵਿਭਾਗ ਵੈਕਸੀਨ ਸਰਟੀਫ਼ਿਕੇਟ ਦੇ ਦੋ ਪੜਾਵਾਂ ਤੇ ਕੰਮ ਕਰ ਰਹੇ ਹਨ, ਇਹ ਸੰਕੇਤ ਹੈ ਕਿ ਜਲਦੀ ਹੀ ਟ੍ਰੈਵਲ ਰੋਕਾਂ ਵਿਚ ਨਰਮੀ ਦੇਖਣ ਨੂੰ ਮਿਲ ਸਕਦੀ ਹੈ।

ਤਸਵੀਰ: The Canadian Press / David Kawai

RCI

ਫ਼ੈਡਰਲ ਸਰਕਾਰ ਅਗਲੇ ਮਹੀਨੇ ਤੋਂ ਕੈਨੇਡਾ ਦਾਖ਼ਲ ਹੋਣ ਵਾਲੇ ਯਾਤਰੀਆਂ ਲਈ ਵੈਕਸੀਨ ਸਰਟੀਫ਼ਿਕੇਟ ਪ੍ਰੋਗਰਾਮ ਦਾ ਪਹਿਲਾ ਪੜਾਅ ਸ਼ੁਰੂ ਕਰ ਰਹੀ ਹੈ। ਫ਼ੈਡਰਲ ਸਰਕਾਰ ਦੀ ਇਸ ਯੋਜਨਾ ਨਾਲ ਜੁੜੇ ਇਕ ਸੂਤਰ ਨੇ ਸੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਇਹ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ।

ਅਰਾਈਵ ਕੈਨ( ArriveCan) ਐਪ ਵਿਚ ਇੱਕ ਨਵਾਂ ਫ਼ੀਚਰ ਜੋੜਿਆ ਜਾ ਰਿਹਾ ਹੈ ਜਿਸ ਵਿਚ ਕੈਨੇਡਾ ਪਹੁੰਚਣ ਵਾਲੇ ਯਾਤਰੀ ਕਸਟਮਜ਼ (customs) 'ਤੇ ਜਾਣ ਤੋਂ ਪਹਿਲਾਂ ਆਪਣੇ ਵੈਕਸੀਨ ਸਰਟੀਫ਼ਿਕੇਟ ਦੀ ਐਪ ਰਾਹੀਂ ਫ਼ੋਟੋ ਖਿੱਚਣਗੇ ਜਾਂ ਖਿੱਚੀ ਹੋਈ ਫ਼ੋਟੋ ਅਪਲੋਡ ਕਰਨਗੇ। ਸੂਤਰ ਦਾ ਨਾਮ ਇਸ ਕਰਕੇ ਨਸ਼ਰ ਨਹੀਂ ਕੀਤਾ ਗਿਆ ਹੈ ਕਿਉਂਕਿ ਉਸਨੂੰ ਇਸ ਮਾਮਲੇ ਬਾਰੇ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਹੈ।

ਪ੍ਰਾਈਵੇਸੀ ਨੂੰ ਸੁਰੱਖਿਅਤ ਕਰਨ ਲਈ ਐਪ ਵਿਚ ਅਪਲੋਡ ਕੀਤੀ ਜਾਣਕਾਰੀ ਹੋਰ ਕਿਤੇ ਵੀ ਨਹੀਂ ਭੇਜੀ ਜਾਵੇਗੀ।

ਐਪ ਨੂੰ ਅਪਡੇਟ ਕੀਤੇ ਜਾਣ ਅਤੇ ਇਸ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਟ੍ਰੈਵਲ ਪਾਬੰਦੀਆਂ ਨੂੰ ਸੌਖਾ ਕਰਨ ਦਾ ਰਾਹ ਪੱਧਰਾ ਹੋਵੇਗਾ। ਗ਼ੌਰਤਲਬ ਹੈ ਕਿ ਟ੍ਰੈਵਲ ਇੰਡਸਟਰੀ ਪਿਛਲੇ ਲੰਬੇ ਸਮੇਂ ਤੋਂ ਫ਼ੈਡਰਲ ਸਰਕਾਰ ਨੂੰ ਟ੍ਰੈਵਲ ਰੋਕਾਂ ਨਰਮ ਕੀਤੇ ਜਾਣ ਮੰਗ ਕਰ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਫ਼ੈਡਰਲ ਸਰਕਾਰ ਨੇ ਇਹ ਐਲਾਨ ਵੀ ਕੀਤਾ ਸੀ ਦੂਸਰੇ ਮੁਲਕਾਂ ਵਿਚ ਮੌਜੂਦ ਜਿਹੜੇ ਕੈਨੇਡੀਅਨ ਨਾਗਰਿਕ ਅਤੇ ਪਰਮਾਨੈਂਟ ਰੈਜ਼ੀਡੈਂਟ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ ਉਹਨਾਂ ਨੂੰ ਕੈਨੇਡਾ ਪਹੁੰਚਣ ਤੇ ਜਲਦੀ ਹੀ ਹੋਟਲ ਕੁਅਰੰਟੀਨ ਵਿਚ ਰੁਕਣ ਵਾਲੇ ਨਿਯਮ ਤੋਂ ਛੋਟ ਦਿੱਤੀ ਜਾਵੇਗੀ। 

ਵੀਰਵਾਰ ਸ਼ਾਮ ਨੂੰ ਪ੍ਰਾਈਮ ਮਿਨਿਸਟਰ ਨੇ ਮੁਲਕ ਦੇ ਪ੍ਰੀਮੀਅਰਾਂ ਨਾਲ ਮੁਲਾਕਾਤ ਕੀਤੀ। ਇਕ ਸੀਨੀਅਰ ਸਰਕਾਰੀ ਸੂਤਰ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਿਕ ਇਸ ਬੈਠਕ ਵਿਚ ਜ਼ਿਆਦਾਤਰ ਗੱਲਬਾਤ ਬੌਰਡਰ ਨੂੰ ਦੁਬਾਰਾ ਖੋਲ੍ਹੇ ਜਾਣ ਤੇ ਕੇਂਦਰਤ ਰਹੀ।  ਇਹ ਗੱਲਬਾਤ ਕਾਫ਼ੀ ਸਾਰਥਕ ਰਹੀ ਅਤੇ ਸਾਰੇ ਪ੍ਰੀਮੀਅਰਾਂ ਨੇ ਇਸ ਗੱਲ ਨਾਲ ਸਹਿਮਤੀ ਜਤਾਈ ਕਿ ਪੂਰਨ ਟੀਕਾਕਰਨ [ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤਾ ਜਾਣਾ] ਸਭ ਤੋਂ ਅਹਿਮ ਹੈ।  

ਗ਼ੌਰਤਲਬ ਹੈ ਕਿ ਜੀ-7 ਦੇਸ਼ਾਂ ਦੇ ਹੈਲਥ ਮਿਨਿਸਟਰਾਂ ਦੀ ਬੈਠਕ ਤੋਂ ਬਾਅਦ ਫ਼ੈਡਰਲ ਹੈਲਥ ਮਿਨਿਸਟਰ ਪੈਟੀ ਹਾਈਡੂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਇਸ ਬੈਠਕ ਦੌਰਾਨ ਵੈਕਸੀਨ ਪਾਸਪੋਰਟ ਤੇ ਵੀ ਵਿਚਾਰ ਕੀਤਾ ਗਿਆ ਸੀ। ਉਦੋਂ ਤੋਂ ਹੀ ਵੈਕਸੀਨ ਪਾਸਪੋਰਟ ਜਾਂ ਸਰਟੀਫ਼ਿਕੇਟ ਬਾਰੇ ਕੈਨੇਡਾ ਦਾ ਭਾਈਵਾਲ ਦੇਸ਼ਾਂ ਨਾਲ ਵਿਚਾਰ ਵਟਾਂਦਰਾ ਜਾਰੀ ਹੈ ਜਿਸ ਅਧੀਨ ਇੱਕ ਦੂਸਰੇ ਦੇਸ਼ ਜਾਣ ਲੱਗਿਆਂ ਮੁਸਾਫ਼ਰਾਂ ਨੂੰ ਆਪਣੇ ਕੋਵਿਡ ਵੈਕਸੀਨ ਲੈ ਚੁੱਕਣ ਬਾਰੇ ਦਸਤਾਵੇਜ਼ ਦਿਖਾਉਣੇ ਪੈਣਗੇ।

ਸੂਬਿਆਂ ਦੇ ਸਹਿਯੋਗ ਦੀ ਜ਼ਰੂਰਤ 

ਸੂਤਰਾਂ ਨੇ ਦੱਸਿਆ ਕਿ ਕਈ ਸਰਕਾਰੀ ਵਿਭਾਗ ਵੈਕਸੀਨ ਸਰਟੀਫ਼ਿਕੇਟ ਪ੍ਰੋਗਰਾਮ ਦੇ ਦੂਸਰੇ ਪੜਾਅ ਤੇ ਕੰਮ ਕਰ ਰਹੇ ਹਨ। ਇਹ ਡਿਜਿਟਲ ਪ੍ਰੋਜੈਕਟ ਕੈਨੇਡਾ ਦੇ ਈ-ਪਾਸਪੋਰਟ ਵਾਲੀ ਤਕਨੀਕ ਉੱਤੇ ਆਧਾਰਤ ਹੋਵੇਗਾ। 

ਟੋਰੌਂਟੋ ਸਟਾਰ [ਅਖ਼ਬਾਰ] ਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ ਦੇ ਵੈਕਸੀਨ ਸਰਟੀਫ਼ਿਕੇਟ ਪ੍ਰੋਗਰਾਮ ਵਿਚ ਸਿਰਫ ਕੈਨੇਡਾ ਵੱਲੋਂ ਮੰਜ਼ੂਰਸ਼ੁਦਾ ਵੈਕਸੀਨਾਂ ਦੇ ਸਰਟੀਫਿਕੇਟਾਂ ਨੂੰ ਮਾਨਤਾ ਦਿੱਤੀ ਜਾਵੇਗੀ। ਹੈਲਥ ਕੈਨੇਡਾ ਵੱਲੋਂ ਫਾਈਜ਼ਰ, ਮੌਡਰਨਾ, ਐਸਟ੍ਰਾਜ਼ੈਨਕਾ ਅਤੇ ਜੈਨਸਨ ਦੀਆਂ ਵੈਕਸੀਨਾਂ ਨੂੰ ਹੀ ਪ੍ਰਵਾਨਗੀ ਮਿਲੀ ਹੈ।

ਸੂਤਰਾਂ ਮੁਤਾਬਿਕ ਵੈਕਸੀਨ ਸਰਟੀਫ਼ਿਕੇਟ ਪ੍ਰੋਗਰਾਮ ਦੇ ਦੂਸਰੇ ਪੜਾਅ ਵਿਚ ਸੂਬਾ ਅਤੇ ਟੈਰੀਟੋਰੀਅਲ ਸਰਕਾਰਾਂ ਦੇ ਸਹਿਯੋਗ ਦੀ ਵੀ ਜ਼ਰੂਰਤ ਹੋਵੇਗੀ। ਵੈਕਸੀਨ ਦੀ ਪਹਿਲੀ ਅਤੇ ਦੂਸਰੀ ਡੋਜ਼ ਲੈ ਚੁੱਕੇ ਲੋਕਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਫ਼ੈਡਰਲ ਸਰਕਾਰ ਨੂੰ ਸੂਬਿਆਂ ਤੋਂ ਡਾਟਾ ਚਾਹੀਦਾ ਹੋਵੇਗਾ ਜਿਸਦੇ ਲਈ ਸੂਬਾ ਅਤੇ ਟੈਰੀਟੋਰੀਅਲ ਸਰਕਾਰਾਂ ਦੀ ਇਜਾਜ਼ਤ ਲੈਣੀ ਹੋਵੇਗੀ। 

ਐਸ਼ਲੀ ਬਰਕ (ਨਵੀਂ ਵਿੰਡੋ) · ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ