1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਜਸਟਿਸ ਮਹਿਮੂਦ ਜਮਾਲ ਕੈਨੇਡਾ ਦੀ ਸੁਪਰੀਮ ਕੋਰਟ 'ਚ ਨਾਮਜ਼ਦ ਹੋਣ ਵਾਲੇ ਪਹਿਲੇ ਨੌਨ-ਵ੍ਹਾਈਟ ਵਿਅਕਤੀ ਬਣੇ

ਕੀਨੀਆ ਵਿੱਚ ਜੰਮੇ ਜਸਟਿਸ ਮਹਿਮੂਦ ਦੇ ਪਰਿਵਾਰ ਦਾ ਪਿਛੋਕੜ ਭਾਰਤ ਦਾ ਹੈ

ਜਸਟਿਸ ਮਹਿਮੂਦ ਜਮਾਲ

ਓਨਟੇਰੀਓ ਕੋਰਟ ਔਫ਼ ਅਪੀਲ ਦੇ ਜੱਜ, ਜਮਾਲ ਮਹਿਮੂਦ ਸੁਪਰੀਮ ਕੋਰਟ ਔਫ਼ ਕੈਨੇਡਾ ਲਈ ਨਾਮਜ਼ਦ ਹੋਏ ਹਨ।

ਤਸਵੀਰ:  CBC

RCI

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਣਯੋਗ ਮਹਿਮੂਦ ਜਮਾਲ ਨੂੰ ਸੁਪਰੀਮ ਕੋਰਟ ਔਫ਼ ਕੈਨੇਡਾ ਦਾ ਮੈਂਬਰ ਨਿਯੁਕਤ ਕੀਤਾ ਹੈ। 

ਮੈਂ ਜਾਣਦਾ ਹਾਂ ਕਿ ਜਸਟਿਸ ਜਮਾਲ, ਆਪਣੇ ਵਿਲੱਖਣ ਕਾਨੂੰਨੀ ਅਤੇ ਅਕਾਦਮਿਕ ਤਜਰਬੇ ਅਤੇ ਆਪਣੀ ਸੇਵਾ ਭਾਵਨਾ ਕਰਕੇ, ਸਾਡੇ ਦੇਸ਼ ਦੀ ਸਰਵ-ਉੱਚ ਅਦਾਲਤ ਦਾ ਇੱਕ ਅਹਿਮ ਹਿੱਸਾ ਹੋਣਗੇ, ਇਕ ਮੀਡੀਆ ਬਿਆਨ ਵਿਚ ਟਰੂਡੋ ਨੇ ਕਿਹਾ।

ਦੋ ਭਾਸ਼ਾਵਾਂ ਵਿਚ ਮਹਾਰਤ ਵਾਲੇ ਜਸਟਿਸ ਜਮਾਲ 2019 ਵਿਚ ਓਨਟੇਰੀਓ ਦੀ ਕੋਰਟ ਔਫ਼ ਅਪੀਲ ਵਿਚ ਨਿਯੁਕਤ ਹੋਏ ਸਨ ਅਤੇ ਉਹ ਸੁਪਰੀਮ ਕੋਰਟ ਵਿਚ ਸਿਵਿਲ, ਸੰਵਿਧਾਨਕ, ਅਪਰਾਧਕ ਅਤੇ ਰੈਗੂਲੇਟਰੀ ਮਾਮਲਿਆਂ ਦੀਆਂ 35 ਅਪੀਲਾਂ ਵਿਚ ਪੇਸ਼ ਹੋ ਚੁੱਕੇ ਹਨ। 

ਕੈਨੇਡਾ ਦੀ ਸਭ ਤੋਂ ਉੱਚੀ ਅਦਾਲਤ ਵਿਚ ਨਾਮਜ਼ਦ ਹੋਣ ਵਾਲੇ ਪਹਿਲੇ ਨੌਨ-ਵ੍ਹਾਈਟ ਵਿਅਕਤੀ ਜਸਟਿਸ ਮਹਿਮੂਦ ਜਮਾਲ, ਮੈਕਗਿਲ ਯੂਨੀਵਰਸਿਟੀ ਵਿਚ ਸੰਵਿਧਾਨਕ ਕਾਨੂੰਨ ਅਤੇ ਔਸਗੁਡ ਲੌਅ ਹਾਈ ਸਕੂਲ ਵਿਚ ਪ੍ਰਸ਼ਾਸਨਿਕ ਕਨੂੰਨ ਵੀ ਪੜ੍ਹਾਉਂਦੇ ਰਹੇ ਹਨ।

ਜਸਟਿਸ ਜਮਾਲ, ਜਸਟਿਸ ਰੋਜ਼ੈਲੀ ਅਬੈਲਾ ਦੀ ਥਾਂ ਲੈਣਗੇ। ਜਸਟਿਸ ਰੋਜ਼ੈਲੀ 1 ਜੁਲਾਈ ਨੂੰ ਆਪਣੇ 75ਵੇਂ ਜਨਮਦਿਨ ਤੇ ਸੇਵਾ ਮੁਕਤ ਹੋ ਰਹੇ ਹਨ ਅਤੇ ਉਹ ਸੁਪਰੀਮ ਕੋਰਟ ਦੇ ਹੁਣ ਤਕ ਦੇ ਇਤਿਹਾਸ ਵਿਚ ਸਭ ਤੋਂ ਲੰਬੀ ਸੇਵਾ ਨਿਭਾਉਣ ਵਾਲੀ ਵਿਅਕਤੀ ਹਨ।

ਲਿਬਰਲ ਸਰਕਾਰ ਦੀ ਸੁਪਰੀਮ ਕੋਰਟ ਬਾਬਤ ਨਿਯੁਕਤੀ ਦੀ ਪ੍ਰਕਿਰਿਆ ਮੁਤਾਬਕ ਜਸਟਿਸ ਜਮਾਲ ਦਾ ਨਾਂ , ਸਾਬਕਾ ਪ੍ਰਧਾਨ ਮੰਤਰੀ ਕਿਮ ਕੈਮਪਬੇਲ ਦੀ ਅਗਵਾਈ ਵਾਲੀ ਕੋਰਟ ਦੀ ਸਲਾਹਕਾਰ ਕੌਂਸਲ ਦੁਆਰਾ ਤਿਆਰ ਕੀਤੀ ਤਿੰਨ ਤੋਂ ਪੰਜ ਉਮੀਦਵਾਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੋਵੇਗਾ, ਜਿਸਨੂੰ ਫੇਰ ਪ੍ਰਧਾਨ ਮੰਤਰੀ ਟਰੂਡੋ ਨੂੰ ਸੌਂਪਿਆ ਗਿਆ ਹੋਣਾ। 

ਸਰਕਾਰ ਬੋਰਡ ਦੀਆਂ ਸਿਫਾਰਸ਼ਾਂ ਮੰਨਣ ਦੀ ਪਾਬੰਦ ਨਹੀਂ ਹੁੰਦੀ।

ਫ਼ਿਰ ਇਹ ਸੂਚੀ ਸਬੰਧਤ ਵਿਭਾਗਾਂ ਅਤੇ ਅਹੁਦੇਦਾਰਾਂ ਜਿਵੇਂ ਚੀਫ ਜਸਟਿਸ, ਸੂਬਾਈ ਅਤੇ ਟੈਰੀਟੋਰੀਅਲ ਅਟੌਰਨੀ ਜਨਰਲਾਂ, ਸਬੰਧਤ ਕੈਬਿਨੇਟ ਮੰਤਰੀਆਂ, ਵਿਰੋਧੀ ਜਸਟਿਸ ਕ੍ਰਿਟਿਕਸ ਅਤੇ ਹਾਊਸ ਔਫ਼ ਕੌਮਨਜ਼ ਦੀਆਂ ਕੁਝ ਕਮੇਟੀਆਂ ਕੋਲ ਵੀ ਰੀਵਿਊ (ਸਮੀਖਿਆ) ਲਈ ਗਈ ਹੋਣੀ।

ਨਿਯੁਕਤੀ ਦੀ ਇਸ ਪ੍ਰਤਿਕ੍ਰਿਆ ਦੌਰਾਨ ਬਿਨੈਕਾਰਾਂ ਕੋਲੋਂ ਇਕ (ਕੁਐਸ਼ਚਨੇਰ) ਸਵਾਲਨਾਮਾ ਵੀ ਭਰਵਾਇਆ ਜਾਂਦਾ ਹੈ। ਇਹਨਾਂ ਵਿੱਚੋਂ ਕੁਝ ਜਵਾਬਾਂ ਨੂੰ ਜਨਤਕ ਵੀ ਕੀਤਾ ਜਾਂਦਾ ਹੈ।

ਕਨੂੰਨ ਖੇਤਰ ਵਿਚ ਯੋਗਦਾਨ 

ਜਦੋਂ ਜਸਟਿਸ ਜਮਾਲ ਨੂੰ ਉਹਨਾਂ ਦੇ ਕਾਨੂੰਨ ਅਤੇ ਨਿਆਂ ਬਾਬਤ ਸਭ ਤੋਂ ਮਹੱਤਵਪੂਰਨ ਯੋਗਦਾਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਇਸਦਾ ਫ਼ੈਸਲਾ ਦੂਸਰਿਆਂ 'ਤੇ ਛੱਡਣਗੇ।

ਆਪਣੀ ਜ਼ਿੰਦਗੀ ਦੇ ਇਸ ਪੜਾਅ 'ਤੇ, ਮੇਰੇ ਲਈ ਜੱਜ ਵਜੋਂ ਲੋਕਾਂ ਦੀ ਸੇਵਾ ਕਰਨ ਨਾਲੋਂ ਕਾਨੂੰਨ ਅਤੇ ਨਿਆਂ ਦੇ ਖੇਤਰ ਵਿਚ ਯੋਗਦਾਨ ਪਾਉਣ ਦਾ ਕੋਈ ਹੋਰ ਸਾਰਥਕ ਤਰੀਕਾ ਨਹੀਂ ਹੈ, ਉਹਨਾਂ ਨੇ ਆਪਣੇ ਸਵਾਲਨਾਮੇ ਵਿਚ ਲਿਖਿਆ। ਹਰ ਜੱਜ ਜਾਣਦਾ ਹੈ ਕਿ ਜੁਡੀਸ਼ਲ (ਨਿਆਇਕ) ਭੂਮਿਕਾ ਸੌਂਪਿਆ ਜਾਣਾ,ਕਿੰਨਾ ਵੱਡਾ ਸਨਮਾਨ ਅਤੇ ਜ਼ਿੰਮੇਵਾਰੀ ਵਾਲਾ ਕੰਮ ਹੈ।

ਸਕੂਲ ਵਿੱਖੇ ਮੇਰੀ ਪਰਵਰਿਸ਼ ਇਕ ਈਸਾਈ ਵੱਜੋਂ ਹੋਈ, ਜਿਥੇ ਮੈਂ ਈਸਾਈ ਅਰਦਾਸ ਅਤੇ ਇੰਗਲੈਂਡ ਦੀ ਚਰਚ ਦੀਆਂ ਕਦਰਾਂ-ਕੀਮਤਾਂ ਸਿੱਖੀਆਂ ਅਤੇ ਘਰ ਵਿੱਖੇ ਇਕ ਮੁਸਲਮਾਨ ਵੱਜੋਂ ਮੈਂ ਅਰਬੀ ਵਿਚ ਕੁਰਾਨ ਦੀਆਂ ਆਯਤਾਂ ਯਾਦ ਕੀਤੀਆਂ...
ਜਸਟਿਸ ਜਮਾਲ

ਹਰ ਅਦਾਲਤੀ ਕੇਸ ਅਹਿਮ ਹੁੰਦਾ ਹੈ, ਭਾਵੇਂ ਉਹ ਅੱਗੇ ਲਈ ਕੋਈ ਮਿਸਾਲ ਕਾਇਮ ਨਹੀਂ ਵੀ ਕਰਦਾ ਪਰ ਸਬੰਧਤ ਧਿਰਾਂ ਲਈ ਉਸਦੀ ਅਹਿਮੀਅਤ ਹੁੰਦੀ ਹੈ। ਮੈਂ ਹਰੇਕ ਕੇਸ ਨੂੰ ਖੁੱਲੇ ਮਨ ਅਤੇ ਸੁਣਨ ਦੀ ਇੱਛਾ ਨਾਲ ਭੁਗਤਾਉਣ ਦੀ ਕੋਸ਼ਿਸ਼ ਕਰਦਾ ਹਾਂ - ਸੁਣਨਾ ਬੋਲਣ ਨਾਲੋਂ ਹਮੇਸ਼ਾ ਜ਼ਿਆਦਾ ਜ਼ਰੂਰੀ ਹੁੰਦਾ ਹੈ।

ਜਸਟਿਸ ਜਮਾਲ ਦਾ ਜਨਮ 1967 ਵਿੱਚ ਕੀਨੀਆ ਦੇ ਨੈਰੋਬੀ ਵਿੱਚ ਹੋਇਆ ਸੀ। ਉਹਨਾਂ ਦਾ ਪਰਿਵਾਰ ਮੂਲ ਰੂਪ ਵਿੱਚ ਭਾਰਤ ਤੋਂ ਆਇਆ ਸੀ। ਆਪਣੇ ਸਵਾਲਨਾਮੇ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਦਾ ਪਰਿਵਾਰ 1969 ਵਿੱਚ ਇੱਕ ਬਿਹਤਰ ਜਿੰਦਗੀ ਦੀ ਭਾਲ ਵਿਚ ਯੂ.ਕੇ.ਚਲਾ ਗਿਆ ਸੀ। 1981 ਵਿੱਚ, ਉਹਨਾਂ ਦਾ ਪਰਿਵਾਰ ਐਡਮਿੰਟਨ ਵਿੱਚ ਆਕੇ ਵਸ ਗਿਆ ਅਤੇ ਉਹਨਾਂ ਨੇ ਹਾਈ ਸਕੂਲ ਦੀ ਪੜ੍ਹਾਈ ਕੀਤੀ। 

ਉਹਨਾਂ ਕਿਹਾ ਕਿ ਯੂਕੇ ਅਤੇ ਕੈਨੇਡਾ ਵਿੱਚ ਹੋਏ ਉਹਨਾਂ ਦੇ ਮਿਸ਼੍ਰਿਤ ਧਾਰਮਿਕ ਅਤੇ ਸਭਿਆਚਾਰਕ ਪਾਲਣ-ਪੋਸ਼ਣ ਨੇ ਕੈਨੇਡਾ ਦੀ ਵੰਨ-ਸੁਵੰਨਤਾ ਅਤੇ ਵਿਭਿੰਨਤਾ ਨੂੰ ਸਮਝਣ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਹੈ। 

ਹੋਰਾਂ ਵਾਂਗੂ, ਮੈਂ ਵੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਿਤਕਰੇ ਦਾ ਅਨੁਭਵ ਕੀਤਾ ਹੈ। ਬਚਪਨ ਅਤੇ ਜਵਾਨੀ ਵੇਲੇ, ਮੈਨੂੰ ਵੀ ਮੇਰੇ ਨਾਂ, ਧਰਮ ਜਾਂ ਮੇਰੀ ਚਮੜੀ ਦੇ ਰੰਗ ਕਰਕੇ ਤੰਗ ਅਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। 

ਜਮਾਲ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਇਰਾਨ ਵਿੱਚ 1979 ਵਿੱਚ ਆਈ ਕ੍ਰਾਂਤੀ ਦੇ ਦੌਰਾਨ ਬਹਾਈ ਘੱਟ-ਗਿਣਤੀ ਕੌਮ ਨਾਲ ਹੋ ਰਹੇ ਜ਼ੁਲਮ ਤੋਂ ਬਚਦੀ ਕੈਨੇਡਾ ਪਰਵਾਸ ਗਈ ਸੀ।

ਸਾਡੇ ਵਿਆਹ ਤੋਂ ਬਾਅਦ ਬਹਾਈ ਵਿਸ਼ਵਾਸ ਦੇ ਅਧਿਆਤਮਕ ਏਕਤਾ ਅਤੇ ਮਨੁੱਖਤਾ ਦੇ ਸੰਦੇਸ਼ ਤੋਂ ਪ੍ਰਭਾਵਿਤ ਹੋਕੇ ਮੈਂ ਵੀ ਬਹਾਈ ਬਣ ਗਿਆ, ਅਤੇ ਅਸੀਂ ਆਪਣੇ ਦੋਵੇਂ ਬੱਚਿਆਂ ਦੀ ਪਰਵਰਿਸ਼ ਟੋਰੌਂਟੋ ਦੇ ਬਹੁ-ਸਭਿਆਚਾਰਕ ਬਹਾਈ ਭਾਈਚਾਰੇ ਵਿੱਚ ਕੀਤੀ, ਉਹਨਾਂ ਕਿਹਾ। 

ਲੰਡਨ ਸਕੂਲ ਔਫ਼ ਇਕਨੌਮਿਕਸ ਤੋਂ ਯੇਲ ਲੌਅ ਸਕੂਲ ਤੱਕ ਦਾ ਸਫ਼ਰ 

ਜਸਟਿਸ ਜਮਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਵਿੱਚ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਵਾਲੇ ਪਹਿਲੇ ਵਿਅਕਤੀ ਹਨ। ਯੂਨੀਵਰਸਿਟੀ ਔਫ਼ ਟੋਰੌਂਟੋ ਤੋਂ ਅਰਥਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਸਾਲ ਲੰਡਨ ਸਕੂਲ ਔਫ਼ ਇਕਨੌਮਿਕਸ ਵਿੱਚ ਵੀ ਗੁਜ਼ਾਰਿਆ ਸੀ। ਫ਼ਿਰ ਉਹਨਾਂ ਨੇ ਮੈਕਗਿਲ ਯੂਨੀਵਰਸਿਟੀ ਤੋਂ ਕੌਮਨ ਲੌਅ ਅਤੇ ਕਿਊਬੈਕ ਸਿਵਲ ਲੌਅ ਦੀ ਪੜ੍ਹਾਈ ਕੀਤੀ ਤੇ ਬਾਅਦ ਚ ਯੇਲ ਲੌਅ ਸਕੂਲ ਤੋਂ ਡਿਗਰੀ ਪ੍ਰਾਪਤ ਕੀਤੀ। 

ਮੈਂ ਤਿੰਨ ਸੂਬਿਆਂ ਵਿੱਚ ਰਿਹਾ ਹਾਂ ਅਤੇ ਕੰਮ ਕੀਤਾ ਹੈ ਅਤੇ ਰਾਸ਼ਟਰ ਪੱਧਰ ਤੇ ਕੀਤੀ ਮੇਰੀ ਲੌਅ ਪ੍ਰੈਕਟਿਸ ਮੈਨੂੰ ਸੱਤ ਸੂਬਿਆਂ ਦੀਆਂ ਅਦਾਲਤਾਂ ਵਿੱਚ ਲਿਜਾ ਚੁੱਕੀ ਹੈ। 

ਕੈਂਪਬੈਲ ਅਤੇ ਜਸਟਿਸ ਮਿਨਿਸਟਰ ਡੇਵਿਡ ਲਮੇਟੀ ਜਲਦੀ ਹੀ ਇਸ ਚੋਣ ਪ੍ਰਕਿਰਿਆ ਅਤੇ ਨਾਮਜ਼ਦਗੀ ਦੇ ਕਾਰਨ ਦੱਸਣ ਲਈ ਹਾਊਸ ਔਫ਼ ਕੌਮਨਜ਼ ਦੀ ਜਸਟਿਸ ਕਮੇਟੀ ਅੱਗੇ ਪੇਸ਼ ਹੋਣਗੇ। 

ਫ਼ਿਰ ਇਸ ਕਮੇਟੀ ਦੇ ਮੈਂਬਰਾਂ ਦਾ ਜਸਟਿਸ ਜਮਾਲ ਨਾਲ ਸੁਆਲ-ਜਵਾਬ ਸੈਸ਼ਨ ਹੋਵੇਗਾ ਜਿਸ ਵਿੱਚ ਸੈਨੇਟ ਦੀ ਕਾਨੂੰਨੀ ਅਤੇ ਸੰਵਿਧਾਨਕ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਅਤੇ ਇੱਕ ਗ੍ਰੀਨ ਪਾਰਟੀ ਔਫ਼ ਕੈਨੇਡਾ ਦਾ ਮੈਂਬਰ ਵੀ ਸ਼ਾਮਲ ਹੋਵੇਗਾ।

ਔਟਵਾ ਯੂਨੀਵਰਸਿਟੀ ਦੀ ਲੌਅ ਫ਼ੈਕਲਟੀ ਦੀ ਡੀਨ ਮੈਰੀ-ਈਵ ਸਿਲਵੈਸਟਰ ਇਸ ਸੈਸ਼ਨ ਦਾ ਸੰਚਾਲਨ ਕਰਨਗੇ।

ਪੀਟਰ ਜ਼ਿਮੋਨਜਿਕ (ਨਵੀਂ ਵਿੰਡੋ) · ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ