1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਅਮਰੀਕਾ ਨੇ ਕੈਨੇਡਾ ਨੂੰ ਦਾਨ ਕੀਤੀਆਂ ਇੱਕ ਮਿਲੀਅਨ ਕੋਵਿਡ ਵੈਕਸੀਨ ਖੁਰਾਕਾਂ

ਮੌਡਰਨਾ ਡੋਜ਼ਾਂ ਦੀ ਖੇਪ ਅੱਜ ਪਹੁੰਚੇਗੀ ਟੋਰੌਂਟੋ

ਹੱਥ ਵਿਚ ਪਕੜੀ ਮੌਡਰਨਾ ਵੈਕਸੀਨ

ਕੈਨੇਡਾ ਆਉਣ ਵਾਲੀਆਂ ਵੈਕਸੀਨਾਂ ਅਮਰੀਕਾ ਵੱਲੋਂ ਦੁਨੀਆ ਭਰ ਵਿਚ 80 ਮਿਲੀਅਨ ਵੈਕਸੀਨਾਂ ਦਾਨ ਕਰਨ ਦੀ ਨੀਤੀ ਦੇ ਅਧੀਨ ਭੇਜੀਆਂ ਜਾ ਰਹੀਆਂ ਹਨ।

ਤਸਵੀਰ:  CBC / Tyson Koschik

RCI

ਅਮਰੀਕਾ ਵੱਲੋਂ ਕੈਨੇਡਾ ਨੂੰ ਮੌਡਰਨਾ ਦੁਆਰਾ ਤਿਆਰ ਕੀਤੀਆਂ ਕੋਵਿਡ ਦੀਆਂ ਇੱਕ ਮਿਲੀਅਨ ਵਧੇਰੇ ਡੋਜ਼ਾਂ ਦਾਨ ਕੀਤੀਆਂ ਗਈਆਂ ਹਨ। ਅਮਰੀਕੀ ਪ੍ਰਸ਼ਾਸਨ ਦੇ ਇਕ ਬੁਲਾਰੇ ਨੇ ਨਾਮ ਨਾ ਨਸ਼ਰ ਕੀਤੇ ਜਾਣ ਦੀ ਸ਼ਰਤ ਤੇ ਦੱਸਿਆ ਹੈ ਕਿ ਇਹ ਡੋਜ਼ਾਂ ਅੱਜ ਯਾਨੀ ਵੀਰਵਾਰ ਸ਼ਾਮ ਤਕ ਟੋਰੌਂਟੋ ਪਹੁੰਚ ਜਾਣਗੀਆਂ।

ਇਹ ਡਿਲੀਵਰੀ ਬਾਇਡਨ ਪ੍ਰਸ਼ਾਸਨ ਵੱਲੋਂ ਅਪਣਾਈ ਗਈ ਡੋਨੇਸ਼ਨ(ਦਾਨ) ਨੀਤੀ ਦਾ ਹਿੱਸਾ ਹੈ।

ਇਸ ਮਹੀਨੇ ਦੇ ਅੰਤ ਤਕ ਅਮਰੀਕਾ ਵੱਲੋਂ ਦੁਨੀਆਂ ਭਰ ਵਿਚ ਕਰੀਬ 80 ਮਿਲੀਅਨ ਕੋਵਿਡ ਖੁਰਾਕਾਂ ਦਾਨ ਕੀਤੇ ਜਾ ਚੁੱਕਣ ਦੀ ਉਮੀਦ ਹੈ। ਕੈਨੇਡਾ ਨੂੰ ਭੇਜੀਆਂ ਗਈਆਂ ਇੱਕ ਮਿਲੀਅਨ ਡੋਜ਼ਾਂ ਇਸੇ ਸਿਲਸਿਲੇ ਦਾ ਹਿੱਸਾ ਹਨ।

ਇਸ ਤੋਂ ਇਲਾਵਾ, ਯੂਕੇ ਵਿਚ ਹਾਲ ਹੀ ਵਿਚ ਹੋਈ ਜੀ-7 ਦੇਸ਼ਾਂ ਦੀ ਬੈਠਕ ਵਿਚ ਵੀ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਅਗਲੇ ਸਾਲ ਤੱਕ ਫਾਈਜ਼ਰ ਦੀਆਂ 500 ਮਿਲੀਅਨ ਕੋਵਿਡ ਵੈਕਸੀਨ ਡੋਜ਼ਾਂ ਖਰੀਦ ਕੇ ਬਾਕੀ ਦੇਸ਼ਾਂ ਨੂੰ ਦਾਨ ਕਰੇਗਾ।

ਇਸੇ ਬੈਠਕ ਵਿਚ ਕੈਨੇਡਾ ਨੇ ਵੀ ਅਹਿਦ ਕੀਤਾ ਸੀ ਕਿ ਇਸ ਦੁਨੀਆ ਤੋਂ ਮਹਾਮਾਰੀ ਖ਼ਤਮ ਕਰਨ ਦੇ ਜਤਨ ਵਿਚ ਉਹ ਵੀ 100 ਮਿਲੀਅਨ ਤਕ ਕੋਵਿਡ ਡੋਜ਼ਾਂ ਡੋਨੇਟ ਕਰੇਗਾ। 

ਕੈਨੇਡਾ ਦੀ ਪਬਲਿਕ ਸਰਵਿਸਜ਼ ਐਂਡ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਅਨੰਦ ਨੇ ਇਸ ਨਵੀਂ ਸਾਂਝੇਦਾਰੀ ਲਈ ਅਮਰੀਕਾ ਦਾ ਧੰਨਵਾਦ ਕੀਤਾ ਹੈ।

ਸੀਬੀਸੀ ਨੂੰ ਦਿੱਤੇ ਇੱਕ ਇੱਕ ਈ-ਮੇਲ ਬਿਆਨ ਵਿਚ ਉਹਨਾਂ ਕਿਹਾ, ਅਸੀਂ ਅਮਰੀਕਾ ਸਮੇਤ ਦੁਨੀਆ ਭਰ ਵਿਚ ਆਪਣੇ ਭਾਈਵਾਲਾਂ ਨਾਲ ਮਿਲਕੇ, ਕੋਵਿਡ ਵੈਕਸੀਨਾਂ ਦੀ ਮੰਗ ਨੂੰ ਕੈਨੇਡਾ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਪੂਰਾ ਕਰਨ ਲਈ ਲਗਾਤਾਰ ਕਾਰਜਸ਼ੀਲ ਹਾਂ।

ਇਹ ਕਿਉਂ ਮਾਇਨੇ ਰੱਖਦਾ ਹੈ?

ਭਾਵੇਂ ਪਿਛਲੇ ਕੁਝ ਹਫ਼ਤਿਆਂ ਵਿਚ ਕੈਨੇਡਾ ਦੀ ਟੀਕਾਕਰਨ ਮੁਹਿੰਮ ਵਿਚ ਜ਼ਬਰਦਸਤ ਤੇਜ਼ੀ ਆਈ ਹੈ, ਪਰ ਜਿਥੇ ਤੱਕ ਦੂਸਰੀ ਡੋਜ਼ ਦਾ ਸਬੰਧ ਹੈ, ਕੈਨੇਡਾ ਅਮਰੀਕਾ ਤੋਂ ਕਾਫ਼ੀ ਪਿੱਛੇ ਹੈ।

ਅਮਰੀਕਾ ਵਿਚ ਹੁਣ ਤੱਕ ਲੱਗਭਗ 44 ਫ਼ੀਸਦੀ ਅਬਾਦੀ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਹੈ (ਭਾਵ ਜੋ ਲੋਕ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈ ਚੁੱਕੇ ਹਨ)। ਪਰ ਇਸ ਦੇ ਮੁਕਾਬਲੇ ਕੈਨੇਡਾ ਵਿਚ ਫ਼ਿਲਹਾਲ 14 ਫ਼ੀਸਦੀ ਅਬਾਦੀ ਦਾ ਹੀ ਪੂਰੇ ਤੌਰ ਤੇ ਟੀਕਾਕਰਨ ਹੋ ਸਕਿਆ ਹੈ। 

ਉਂਝ ਕੁਲ ਮਿਲਾ ਕੇ ਕੈਨੇਡਾ ਵਿਚ ਵੈਕਸੀਨ ਦਿੱਤੇ ਜਾਣ ਦਾ ਸਿਲਸਿਲਾ ਚੰਗਾ ਨਜ਼ਰ ਆ ਰਿਹਾ ਹੈ ਕਿਉਂਕਿ ਕਰੀਬ 65 ਫ਼ੀਸਦੀ ਅਬਾਦੀ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁਕੀ ਹੈ, ਜਦਕਿ ਅਮਰੀਕਾ ਵਿਚ ਅਜੇ ਤਕ ਵੈਕਸੀਨ ਦੀ ਪਹਿਲੀ ਡੋਜ਼ ਕਰੀਬ 52 ਫ਼ੀਸਦੀ ਅਬਾਦੀ ਨੂੰ ਦਿੱਤੀ ਗਈ ਹੈ। 

ਕੁਝ ਅਮਰੀਕੀ ਸਿਆਸਤਦਾਨ ਚਾਹੁੰਦੇ ਹਨ ਕਿ ਕੈਨੇਡੀਅਨਾਂ ਨੂੰ ਜਲਦੀ ਤੋਂ ਜਲਦੀ ਵੈਕਸੀਨਾਂ ਦਿੱਤੀਆਂ ਜਾਣ ਕਿਉਂਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਟਰੂਡੋ ਸਰਕਾਰ ਬਾਰਡਰ ਤੇ ਲੱਗੀਆਂ ਰੋਕਾਂ ਨੂੰ ਨਰਮ ਕਰਨਾ ਸ਼ੁਰੂ ਕਰ ਦੇਵੇਗੀ।

ਕੈਨੇਡਾ ਸਰਕਾਰ ਨੇ ਉਮੀਦ ਜਤਾਈ ਹੈ ਕਿ ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਕੁਝ ਬੋਰਡਰ ਰੋਕਾਂ ਨਰਮ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਬਾਰੇ ਕੋਈ ਸਪਸ਼ਟ ਸਮੇਂ ਸੀਮਾ ਨਹੀਂ ਦਿੱਤੀ ਗਈ ਹੈ।

ਕੇਟੀ ਸਿਮਪਸਨ · ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ