1. ਮੁੱਖ ਪੰਨਾ
  2. ਸਮਾਜ
  3. ਜੁਰਮ ਅਤੇ ਅਪਰਾਧ

ਐਡਮੰਟਨ ਦੀ ਇੱਕ ਮਸਜਿਦ ਨਾਲ ਵਾਪਰੀ ਨਫ਼ਰਤ ਅਧਾਰਤ ਘਟਨਾ

ਕੁਝ ਦਿਨ ਪਹਿਲਾਂ ਐਡਮੰਟਨ ਵਿਚ ਇੱਕ ਸਿਆਹ ਨਸਲ ਦੀ ਹਿਜਾਬ ਪਹਿਨੇ ਮੁਸਲਿਮ ਔਰਤ ਉੱਤੇ ਵੀ ਹੋਇਆ ਸੀ ਹਮਲਾ

ਇੱਕ ਮਸਜਿਦ ਤੇ ਲਾਲ ਰੰਗ ਨਾਲ ਬਣਿਆ ਸਵਾਸਤਿਕ ਦਾ ਨਿਸ਼ਾਨ

ਬੈਤੁਲ ਹਾਦੀ ਮਸਜਿਦ ਦੀ ਕੰਧ ਉੱਤੇ ਬੀਤੇ ਮੰਗਲਵਾਰ ਇੱਕ ਸਵਾਸਤਿਕ ਦਾ ਨਿਸ਼ਾਨ ਬਣਿਆ ਦੇਖਿਆ ਗਿਆ।

ਤਸਵੀਰ:  CBC

RCI

ਐਡਮੰਟਨ ਦੀ ਇੱਕ ਮਸਜਿਦ 'ਤੇ ਸਵਾਸਤਿਕ ਦਾ ਨਿਸ਼ਾਨ ਬਣਾ ਕੇ ਨੁਕਸਾਨ ਪਹੁੰਚਾਉਣ ਦੀ ਘਟਨਾ ਦੀ ਪੁਲਿਸ ਜਾਂਚ ਕਰ ਰਹੀ ਹੈ - ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਇਲਾਕੇ ਵਿਚ ਹਾਲ ਹੀ ਵਿਚ ਵਾਪਰੀਆਂ ਦੋ ਹੋਰ ਨਫਰਤ ਅਧਾਰਤ ਘਟਨਾਵਾਂ ਨਾਲ ਸਬੰਧਤ ਹੋ ਸਕਦੀ ਹੈ।

ਔਟਵੈੱਲ ਇਲਾਕੇ ਵਿਚ 98th ਐਵਨਿਊ ਤੇ ਪੈਂਦੀ ਬੈਤੁਲ ਹਾਦੀ ਮਸਜਿਦ ਦੀ ਕੰਧ ਉੱਤੇ ਬੀਤੇ ਮੰਗਲਵਾਰ ਇੱਕ ਸਵਾਸਤਿਕ ਦਾ ਨਿਸ਼ਾਨ ਬਣਿਆ ਦੇਖਿਆ ਗਿਆ ਸੀ। 

ਸਵਾਸਤਿਕ ਨਾਜ਼ੀਵਾਦ ਦੇ ਮੁਖ ਚਿੰਨ੍ਹਾਂਂ ਵਿਚੋਂ ਇੱਕ ਹੈ ਜਿਸਨੂੰ ਕਿਸੇ ਵਿਸ਼ੇਸ਼ ਸਮੂਹ ਨਾਲ ਨਫ਼ਰਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਉਂਟੇਰੀਓ ਦੇ ਲੰਡਨ ਸ਼ਹਿਰ ਵਿਚ ਇੱਕ ਮੁਸਲਿਮ ਪਰਿਵਾਰ ਤੇ ਹੋਏ ਘਾਤਕ ਹਮਲੇ ਦੇ 9 ਦਿਨ ਬਾਅਦ ਹੁਣ ਇਹ ਘਟਨਾ ਵਾਪਰੀ ਹੈ। 

ਬੈਤੁਲ ਹਾਦੀ ਮਸਜਿਦ ਦੇ ਇਮਾਮ ਨਾਸਿਰ ਬੱਟ ਨੇ ਇਕ ਬਿਆਨ ਵਿਚ ਕਿਹਾ, ਅਸੀਂ ਮੁਸਲਿਮ ਭਾਈਚਾਰੇ ਦੇ ਖ਼ਿਲਾਫ਼ ਵੱਧ ਰਹੀਆਂ ਨਫ਼ਰਤੀ ਹਿੰਸਾ ਦੀਆਂ ਘਟਨਾਵਾਂ ਨੂੰ ਲੈਕੇ ਕਾਫ਼ੀ ਚਿੰਤਤ ਹਾਂ। 

ਪੁਲਿਸ ਦਾ ਕਹਿਣਾ ਹੈ ਕਿ ਇਹ ਸਵਾਸਤਿਕ ਮਸਜਿਦ ਦੀ ਕੰਧ ਉੱਤੇ ਅਪ੍ਰੈਲ ਮਹੀਨੇ ਵਿਚ ਹੀ ਬਣਾਇਆ ਗਿਆ ਹੋ ਸਕਦਾ ਹੈ ਕਿਉਂਕਿ ਉਦੋਂ ਹੀ ਇਸ ਇਲਾਕੇ ਵਿਚ ਦੋ ਹੋਰ ਅਜਿਹੀਆਂ ਸਵਾਸਤਿਕ ਬਣਾਉਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਸਨ ਜਿਹਨਾਂ ਵਿਚ ਇਕ ਵਾਹਨ ਅਤੇ ਇਕ ਵਾੜ ਉੱਤੇ ਇਹ ਨਫ਼ਰਤੀ ਚਿੰਨ੍ਹ ਬਣਾਏ ਗਏ ਸਨ। 

ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਤਿੰਨੇ ਘਟਨਾਵਾਂ ਪਿਛੇ ਇੱਕੋ ਮਸ਼ਕੂਕ ਜ਼ਿੰਮੇਵਾਰ ਹੋ ਸਕਦਾ ਹੈ। 

ਮਸਜਿਦ ਦੇ ਪ੍ਰਧਾਨ ਹੁਮਾਯੂੰ ਅਹਿਮਦ ਨੇ ਕਿਹਾ ਕਿ ਇਹ ਚਿੰਨ੍ਹ ਮਸਜਿਦ ਦੇ ਪਿਛਲੇ ਪਾਸਿਉਂ ਨਜ਼ਰ ਆਉਂਦਾ ਹੈ ਇਸ ਕਰਕੇ ਇਹ ਪਹਿਲਾਂ ਨਜ਼ਰ ਨਹੀਂ ਆਇਆ, ਪਰ ਜਿਵੇਂ ਹੀ ਇਸ ਉੱਤੇ ਨਜ਼ਰ ਗਈ ਉਦੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। 

ਉਹਨਾਂ ਕਿਹਾ ਕਿ ਪੁਲਿਸ ਬਣਦਾ ਸਹਿਯੋਗ ਕਰ ਰਹੀ ਪਰ ਉਹ ਮੰਨਦੇ ਹਨ ਕਿ ਇਸ ਮਾਮਲੇ ਦੀ ਜਾਂਚ ਹੇਟ ਕ੍ਰਾਈਮ ਯੂਨਿਟ (ਨਫ਼ਰਤ ਅਧਾਰਤ ਅਪਰਾਧਾਂ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਇਕਾਈ) ਨੂੰ ਕਰਨੀ ਚਾਹੀਦੀ ਹੈ। 

ਇੱਕ ਇੰਟਰਵਿਊ ਦੌਰਾਨ ਉਹਨਾਂ ਕਿਹਾ, ਇਸ ਵਾਰਦਾਤ ਨੇ ਸਾਨੂੰ ਅਤੇ ਪੂਰੇ ਇਲਾਕੇ ਨੂੰ ਬਹੁਤ ਉਦਾਸ ਅਤੇ ਪ੍ਰੇਸ਼ਾਨ ਕੀਤਾ ਹੈ। ਸਾਡਾ ਮੰਨਣਾ ਹੈ ਕਿ ਇਸ ਕਿਸਮ ਦੇ ਧਰਮ ਅਧਾਰਤ ਨਫ਼ਰਤੀ ਅਪਰਾਧ ਦੀ ਕੈਨੇਡਾ ਵਿਚ ਕੋਈ ਜਗ੍ਹਾ ਨਹੀਂ।

ਅਹਿਮਦ ਨੇ ਦੱਸਿਆ ਕਿ ਸਿਟੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਮਸਜਿਦ ਦੇ ਮੈਂਬਰਾਂ ਨੂੰ ਕਾਊਂਸਲਿੰਗ ਸੇਵਾਵਾਂ ਦੀ ਵੀ ਪੇਸ਼ਕਸ਼ ਕੀਤੀ ਗਈ ਹੈ ਅਤੇ ਨਾਲ ਹੀ ਸੁਮਸਜਿਦ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਮਸਜਿਦ ਵੱਲੋਂ ਸਾਰੇ ਭਾਈਚਾਰਿਆਂ ਤੱਕ ਸ਼ਾਂਤੀ ਦਾ ਸੁਨੇਹਾ ਪਹੁੰਚਾਣਾ ਜਾਰੀ ਰਹੇਗਾ ਤਾਂ ਕਿ ਇਸਲਾਮ ਧਰਮ ਬਾਰੇ ਭੁਲੇਖਿਆਂ ਅਤੇ ਨਫ਼ਰਤ ਨੂੰ ਖਤਮ ਕੀਤਾ ਜਾ ਸਕੇ।

ਇਸਲਾਮ ਦਾ ਅਸਲ ਪੈਗ਼ਾਮ ਸ਼ਾਂਤੀ ਅਤੇ ਵੱਖ ਵੱਖ ਧਰਮਾਂ ਦਰਮਿਆਨ ਆਪਸੀ ਸਾਂਝ ਨੂੰ ਉਤਸਾਹਿਤ ਕਰਨਾ ਹੈ। 

ਕੁਝ ਦਿਨ ਪਹਿਲਾਂ ਉੱਤਰੀ ਐਡਮੰਟਨ ਵਿਚ ਵੀ ਹਿਜਾਬ ਪਹਿਨੇ ਇਕ ਸਿਆਹ ਨਸਲ ਦੀ ਔਰਤ ਨਾਲ ਵੀ ਹਿੰਸਕ ਹਮਲੇ ਦੀ ਘਟਨਾ ਵਾਪਰੀ ਸੀ। ਬੀਤੇ ਕੁਝ ਮਹੀਨਿਆਂ ਵਿਚ ਸਿਆਹ ਅਤੇ ਹੋਰ ਨਸਲ ਦੀਆਂ ਮੁਸਲਮਾਨ ਔਰਤਾਂ ਨਾਲ ਨਫ਼ਰਤੀ ਹਿੰਸਾ ਦੀਆਂ ਘੱਟੋ ਘੱਟ 6 ਵਾਰਦਾਤਾਂ ਵਾਪਰ ਚੁੱਕੀਆਂ ਹਨ। 

ਐਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਕਿ ਮਸਜਿਦ ਨਾਲ ਹੋਈ ਇਸ ਘਟਨਾ ਨੇ ਉਹਨਾਂ ਨੂੰ ਤਕਲੀਫ ਪਹੁੰਚਾਈ ਹੈ।

ਕੈਨੀ ਨੇ ਟਵਿੱਟਰ ਤੇ ਲਿਖਿਆ ਕਿ ਉਹ ਵੀ ਇਸ ਮਸਜਿਦ ਵਿਚ ਕਈ ਵਾਰੀ ਗਏ ਹਨ। ਉਹਨਾਂ ਕਿਹਾ ਕਿ ਇਹ ਭਾਈਚਾਰਾ ਲਗਾਤਾਰ ਸਮੁੱਚੇ ਸਮਾਜ ਦੀ ਬਿਹਤਰੀ ਲਈ ਲਗਾਤਾਰ ਯੋਗਦਾਨ ਪਾਉਂਦਾ ਰਿਹਾ ਹੈ ਅਤੇ ਉਹਨਾਂ ਨੇ ਉਮੀਦ ਜਤਾਈ ਹੈ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਲਦੀ ਪਛਾਣੇ ਜਾਣਗੇ ਤੇ ਉਹਨਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਅਹਿਮਦੀਆ ਮੁਸਲਿਮ ਜਮਾਤ ਕੈਨੇਡਾ ਦੀ ਨੈਸ਼ਨਲ ਕੌਂਸਲ ਦੇ ਬੁਲਾਰੇ ਸਫ਼ਵਾਨ ਚੌਧਰੀ ਨੇ ਕਿਹਾ ਕਿ ਇਹ ਘਟਨਾ ਐਡਮੰਟਨ ਅਤੇ ਪੂਰੇ ਅਲਬਰਟਾ ਲਈ ਸ਼ਰਮਿੰਦਗੀ ਦੀ ਗੱਲ ਹੈ।

ਚੌਧਰੀ ਨੇ ਕਿਹਾ ਕਿ ਕੈਨੇਡਾ ਵਿਚ ਰਹਿੰਦੇ ਮੁਸਲਮਾਨਾਂ ਖ਼ਿਲਾਫ਼ ਹਿੰਸਕ ਵਾਰਦਾਤਾਂ ਵੱਧ ਰਹੀਆਂ ਹਨ ਅਤੇ ਐਡਮੰਟਨ ਵਿਚ ਰਹਿੰਦੇ ਲੋਕਾਂ [ਮੁਸਲਮਾਨਾਂ] ਵਿਚ ਵੀ ਕਾਫ਼ੀ ਡਰ ਹੈ।

ਜੋ ਲੋਕ ਇਸ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇੱਕ ਦੂਸਰੇ ਬਾਰੇ ਡਰ ਪੈਦਾ ਕਰ ਰਹੇ ਹਨ, ਉਹ ਕਦੇ ਕਾਮਯਾਬ ਨਹੀਂ ਹੋਣਗੇ।

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ