1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਰੁਜ਼ਗਾਰ

ਡਰਾਈਵਾਲ ਵਰਕਰਜ਼ ਵੱਲੋਂ ਵਾਜਬ ਭਾਅ ਨਾ ਮਿਲਣ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ

ਮਿਹਨਤਾਨਾ 30 ਸੈਂਟ ਪ੍ਰਤੀ ਵਰਗ ਫੁੱਟ ਕੀਤੇ ਜਾਣ ਦੀ ਮੰਗ

ਡਰਾਈਵਾਲ ਵਰਕਰਜ਼ ਪ੍ਰਦਰਸ਼ਨ ਕਰਦੇ ਹੋਏ I

ਡਰਾਈਵਾਲ ਵਰਕਰਜ਼ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ ਜਾਰੀ ਰੱਖਣ ਦਾ ਅਹਿਦ ਵੀ ਕੀਤਾ ਗਿਆ ਹੈ I

ਤਸਵੀਰ: ਧੰਨਵਾਦ ਸਾਹਿਤ ਓਂਕਾਰ ਸਿੰਘ I

Sarbmeet Singh

ਬੀ ਸੀ ਵਿੱਚ ਕੰਮ ਕਰਦੇ ਡਰਾਈਵਾਲ ਵਰਕਰਜ਼ ਵੱਲੋਂ ਵਾਜਬ ਭਾਅ ਨਾ ਮਿਲਣ ਕਰਕੇ ਸਰੀ ਸ਼ਹਿਰ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ I

ਡਰਾਈਵਾਲ ਵਰਕਰਜ਼ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ ਜਾਰੀ ਰੱਖਣ ਦਾ ਅਹਿਦ ਵੀ ਕੀਤਾ ਗਿਆ ਹੈ I ਇਹਨਾਂ ਕਾਮਿਆਂ ਵੱਲੋਂ ਇਸ ਕਿੱਤੇ ਸੰਬੰਧੀ ਕੋਈ ਕਾਨੂੰਨ ਬਣਾ ਕੇ ਰੈਗੂਲੇਟ ਕਰਨ ਦੀ ਮੰਗ ਵੀ ਚੱਕੀ ਜਾ ਰਹੀ ਹੈ I

ਡਰਾਈਵਾਲ ਕਾਮੇ ਵਜੋਂ ਕੰਮ ਕਰਦੇ, ਓਂਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਘੱਟ ਮਿਹਨਤਾਨਾ ਮਿਲਦਾ ਹੈ ਜਿਸਦੇ ਚਲਦਿਆਂ ਉਹ ਆਪਣੇ ਰੋਜ਼ਮਰਾ ਦੇ ਖਰਚੇ ਚਲਾਉਣ ਤੋਂ ਅਸਮਰੱਥ ਹਨ I 

ਇਹਨਾਂ ਵਰਕਰਜ਼ ਦਾ ਦੋਸ਼ ਹੈ ਕਿ ਵੱਡੇ ਕੰਟ੍ਰੈਕਟਰਜ਼ ਜਿਆਦਾ ਮੁਨਾਫ਼ਾ ਕਮਾ ਰਹੇ ਹਨ I ਡਰਾਈਵਾਲ ਕਾਮੇ , ਨੀਰਜ ਵਾਲੀਆ ਨੇ ਕਿਹਾ ਕੰਟ੍ਰੈਕਟਰਜ਼ ਵੱਡੀਆਂ ਇਮਾਰਤਾਂ ਦਾ ਠੇਕਾ ਹਾਸਿਲ ਕਰਨ ਸਮੇਂ ਵੱਖ ਵੱਖ ਕੰਮਾਂ ਦਾ ਭਾਅ ਪਹਿਲਾਂ ਹੀ ਪ੍ਰਦਾਨ ਕਰਦੇ ਹਨ ਪਰ ਡਰਾਈਵਾਲ ਕਾਮਿਆਂ ਨੂੰ ਇਹਨਾਂ ਕੀਮਤਾਂ ਦਾ ਕੋਈ ਇਲਮ ਨਹੀਂ ਹੁੰਦਾ I ਸਰਕਾਰ ਨੂੰ ਇਸ ਸੰਬੰਧੀ ਕੋਈ ਕਾਨੂੰਨ ਬਣਾਉਣ ਦੀ ਲੋੜ ਹੈ I

ਬੀ ਸੀ ਵਿੱਚ ਘਰਾਂ ਦੀ ਵਿਕਰੀ ਅਤੇ ਕੀਮਤਾਂ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਨਵੇਂ ਘਰਾਂ ਦੀ ਉਸਾਰੀ ਦਾ ਕੰਮ ਵੀ ਵੱਡੇ ਪੱਧਰ 'ਤੇ ਚੱਲ ਰਿਹਾ ਹੈ I ਸੂਬੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਡਰਾਈਵਾਲ ਵਰਕਰਜ਼ ਕੰਮ ਕਰਦੇ ਹਨ I ਪ੍ਰਾਪਤ ਜਾਣਕਾਰੀ ਮੁਤਾਬਿਕ ਡਰਾਈਵਾਲ ਦਾ ਕੰਮ ਕਾਰਨ ਵਾਲੇ ਕਾਮੇ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਪੈਸੇ ਪ੍ਰਾਪਤ ਕਰਦੇ ਹਨ ਅਤੇ ਇਸ ਸਮੇਂ ਉਹਨਾਂ ਨੂੰ 22 ਸੈਂਟ ਪ੍ਰਤੀ ਵਰਗ ਫੁੱਟ ਮਿਹਨਤਾਨਾ ਮਿਲਦਾ ਹੈ I ਇੱਕ ਕਾਮਾ ਇੱਕ ਦਿਨ ਦੌਰਾਨ ਔਸਤਨ ਇਕ ਹਜ਼ਾਰ ਡਰਾਈਵਾਲ ਬੋਰਡ ਲਗਾਉਂਦਾ ਹੈ I 8 ਘੰਟਿਆ ਦੀ ਸ਼ਿਫਟ ਦੌਰਾਨ, ਕਰੀਬ 220 ਡਾਲਰ ਬਣਦੇ ਹਨ I ਕੰਮ ਬੇਹੱਦ ਮੁਸ਼ੱਕਤ ਵਾਲਾ ਹੈ ਅਤੇ ਬਹੁਤੇ ਨੌਜਵਾਨ ਹੁਣ ਇਸਤੋਂ ਟਾਲਾ ਵੱਟਣ ਲੱਗੇ ਹਨ I 

ਮਿਲਦੇ ਮਿਹਨਤਾਨੇ 'ਤੇ ਨਿਰਾਸ਼ਾ ਜ਼ਾਹਿਰ ਕਰਦਿਆਂ , ਨੀਰਜ ਵਾਲੀਆ ਨੇ ਦੱਸਿਆ ਕਿ 2007 ਦੇ ਦੌਰਾਨ ਵੀ ਡਰਾਈਵਾਲ ਕਾਮਿਆਂ ਨੂੰ ਕਰੀਬ 22 ਸੈਂਟ ਪ੍ਰਤੀ ਵਰਗ ਫੁੱਟ ਮਿਲਦੇ ਸਨ ਅਤੇ ਅੱਜ 14 ਸਾਲ ਬੀਤਣ ਤੇ ਵੀ ਏਨੀ ਹੀ ਰਾਸ਼ੀ ਮਿਲਦੀ ਹੈ , ਇਸ ਕਰਕੇ ਵਾਧੇ ਦੀ ਇਹ ਮੰਗ ਜਾਇਜ਼ ਹੈ I ਜ਼ਿਕਰਯੋਗ ਹੈ ਕਿ ਬੀ ਸੀ ਵਿੱਚ ਘੱਟੋ ਘੱਟ ਉਜਰਤਾ ਵਿੱਚ ਹਾਲ ਵਿੱਚ ਹੀ ਵਾਧਾ ਕੀਤਾ ਗਿਆ ਹੈ I 1 ਜੂਨ ਤੋਂ ਘੱਟੋ ਘੱਟ ਉਜਰਤਾ ਨੂੰ 14.60 ਡਾਲਰ ਪ੍ਰਤੀ ਘੰਟੇ ਤੋਂ ਵਧਾ ਕੇ 15 .20 ਡਾਲਰ ਪ੍ਰਤੀ ਘੰਟਾ ਕੀਤਾ ਗਿਆ ਹੈ I 

ਨੀਰਜ ਨੇ ਦੱਸਿਆ ਕਿ ਇਹ ਇਕ ਸਕਿਲਡ ਟਰੇਡ (ਮੁਹਾਰਤ ਵਾਲਾ ਕਿੱਤਾ ) ਹੈ ਅਤੇ ਉਹ ਆਪਣੇ ਨਾਲ ਰੱਖੇ ਸਹਾਇਕ ਕਾਮੇ ਨੂੰ ਪਹਿਲੇ ਕੁਝ ਮਹੀਨੇ ਟ੍ਰੇਨਿੰਗ ਵੀ ਦਿੰਦੇ ਹਨ ਜਿਸ ਦੌਰਾਨ ਉਸਨੂੰ ਬਣਦਾ ਮਿਹਨਤਾਨਾ ਦਿੱਤਾ ਜਾਂਦਾ ਹੈ I 

ਸਾਨੂੰ 22 ਸੈਂਟ ਤੋਂ ਵਧਾ ਕੇ 30 ਸੈਂਟ ਪ੍ਰਤੀ ਵਰਗ ਫੁੱਟ ਦਿੱਤੇ ਜਾਣ ਅਤੇ ਹਰ ਸਾਲ ਇਸ ਵਿਚ ਇਕ ਸੈਂਟ ਪ੍ਰਤੀ ਵਰਗ ਫੁੱਟ ਦਾ ਵਾਧਾ ਕੀਤਾ ਜਾਵੇ
ਨੀਰਜ ਵਾਲੀਆ , ਡਰਾਈਵਾਲ ਵਰਕਰ
ਪ੍ਰਦਰਸ਼ਨ ਕਰਦੇ ਹੋਏ ਡਰਾਈਵਾਲ ਵਰਕਰਜ਼ I

ਪ੍ਰਦਰਸ਼ਨ ਕਰਦੇ ਹੋਏ ਡਰਾਈਵਾਲ ਵਰਕਰਜ਼ I

ਤਸਵੀਰ: ਧੰਨਵਾਦ ਸਾਹਿਤ ਓਂਕਾਰ ਸਿੰਘ I

ਇੱਕ ਹੋਰ ਕਾਮੇ, ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੱਛਲੇ ਬਹੁਤ ਸਾਰੇ ਸਾਲਾਂ  ਤੋਂ ਕਰੀਬ 22 ਸੈਂਟ ਪ੍ਰਤੀ ਵਰਗ ਫੁੱਟ  ਹੀ ਮਿਲ ਰਹੇ ਹਨ ਅਤੇ ਇਸ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਜਦਕਿ ਹੋਰਨਾਂ ਵਸਤਾਂ ਦੀ ਮਹਿੰਗਾਈ ਬਹੁਤ ਵੱਧ ਗਈ ਹੈ I ਪਰਮਜੀਤ ਸਿੰਘ ਮੁਤਾਬਿਕ ਅਜਿਹੇ ਵਿੱਚ ਉਹਨਾਂ ਦਾ ਗੁਜ਼ਾਰਾ ਅਸੰਭਵ ਹੈ ਅਤੇ ਉਹ ਇਹ ਕੰਮ ਛੱਡਣ ਲਈ ਮਜਬੂਰ ਹੋਣਗੇ I 

ਡਰਾਈਵਾਲ ਵਰਕਰਜ਼ ਵੱਲੋਂ ਸੂਬਾਈ ਸਰਕਾਰ ਤੱਕ ਵੀ ਪਹੁੰਚ ਬਣਾਈ ਜਾ ਰਹੀ ਹੈ I ਪਰ ਇਹਨਾਂ ਵਰਕਰਜ਼ ਮੁਤਾਬਿਕ ਉਹਨਾਂ ਨੂੰ ਫਿਲਹਾਲ ਤੱਕ ਇਹ ਹੀ ਸਪਸ਼ਟ ਨਹੀ ਹੋ ਸਕਿਆ ਹੈ ਕਿ ਉਹ ਕਿਸ ਮੰਤਰਾਲੇ ਦੇ ਅਧਿਕਾਰ ਖੇਤਰ 'ਚ ਆਉਂਦੇ ਹਨ I ਕਾਮਿਆਂ ਦਾ ਕਹਿਣਾ ਹੈ ਕਿ ਕਾਨੂੰਨਾਂ 'ਚ ਸੋਧ ਕਰਕੇ ਇਸ ਕਿੱਤੇ ਨੂੰ ਰੈਗੂਲੇਟ ਕੀਤਾ ਜਾਵੇ I 

ਡਰਾਈਵਾਲ ਵਰਕਰਜ਼ ਦੀ ਇਸ ਹੜਤਾਲ ਨਾਲ ਘਰਾਂ ਅਤੇ ਦਫਤਰਾਂ ਦੀ ਉਸਾਰੀ ਦੇ ਕੰਮ ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਕੰਮ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਹੈ I 

ਕਾਫੀ ਸਾਰੇ ਕੰਟ੍ਰੈਕਟਰਜ਼, ਡਰਾਈਵਾਲ ਵਰਕਰਜ਼ ਦੀ ਇਸ ਹੜਤਾਲ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ I ਸ਼ਹਿਰ 'ਚ ਕੰਮ ਕਰਦੇ ਇਕ ਕੰਟ੍ਰੈਕਟਰ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਇਸ ਹੜਤਾਲ ਨਾਲ ਉਹਨਾਂ ਦੇ ਕੰਮ ਸਮੇਂ ਤੇ ਨਹੀ ਨਿਬੜ ਰਹੇ ਜਿਸ ਨਾਲ ਆਉਣ ਵਾਲੇ ਦਿਨਾਂ 'ਚ ਕੰਟ੍ਰੈਕਟਰਜ਼ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ I ਡਰਾਈਵਾਲ ਵਰਕਰਜ਼ ਤੋਂ ਬਾਅਦ ਕੰਮ ਕਰਦੇ ਕਾਮੇ ਜਿਵੇਂ ਕਿ ਪੇਂਟਰ, ਕੈਬਿਨੇਟ ਬਣਾਉਣ ਵਾਲੇ ਆਦਿ ਤੇ ਵੀ ਇਸ ਹੜਤਾਲ ਦਾ ਅਸਰ ਆਉਂਦੇ ਦਿਨਾਂ 'ਚ ਪੈ ਸਕਦਾ ਹੈ I ਉਹਨਾਂ ਕਿਹਾ ਕਿ ਹੋਰ ਬਹੁਤ ਸਾਰੀਆਂ ਵਸਤਾਂ ਦੇ ਭਾਅ ਵਧੇ ਹਨ ਜਿਸਨੂੰ ਸਭ ਨੇ ਸਵੀਕਾਰ ਕੀਤਾ ਹੈ ਸੋ ਇਹਨਾਂ ਕਾਮਿਆਂ ਦੀਆਂ ਵਾਜਬ ਮੰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ I  

ਪ੍ਰੇਮ ਸਿੰਘ ਦਾ ਕਹਿਣਾ ਕੰਟ੍ਰੈਕਟਰਜ਼ ਅਤੇ ਵਰਕਰਜ਼ ਨੂੰ ਮਿਲ ਬੈਠ ਕਿ ਮਸਲਾ ਸੁਲਝਾ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਧਿਰ ਦਾ ਨੁਕਸਾਨ ਨਾ ਹੋਵੇ I 

ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ I

Sarbmeet Singh

ਸੁਰਖੀਆਂ