1. ਮੁੱਖ ਪੰਨਾ
  2. ਸਮਾਜ
  3. ਜੁਰਮ ਅਤੇ ਅਪਰਾਧ

ਟੋਰੌਂਟੋ ਦੀ ਇਕ ਮਸਜਿਦ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਮਾਮਲੇ ਵਿਚ ਦੋ ਲੋਕ ਚਾਰਜ

ਇਕ ਮਰਦ ਅਤੇ ਔਰਤ ਨੂੰ ਸੰਪਤੀ ਵਿਚ ਧੱਕੇ ਨਾਲ ਦਾਖ਼ਲ ਹੋਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਸਮੇਤ ਕਈ ਮਾਮਲਿਆਂ ਲਈ ਕੀਤਾ ਗਿਆ ਚਾਰਜ

ਤਫਤੀਸ਼ ਕਰਦੇ 6 ਪੁਲਿਸ ਮੁਲਾਜ਼ਮ

ਇਸਲਾਮਿਕ ਇੰਸਟੀਟਿਊਟ ਔਫ਼ ਟੋਰੌਂਟੋ ਵਿੱਖੇ 15 ਜੂਨ ਨੂੰ ਵਾਪਰੀ ਘਟਨਾ ਦੇ ਸਬੰਧ ਵਿਚ ਟੋਰੌਂਟੋ ਪੁਲਿਸ ਨੇ ਦੋ ਲੋਕਾਂ ਨੂੰ ਚਾਰਜ ਕੀਤਾ ਹੈ।

ਤਸਵੀਰ:  CBC

RCI

ਟੋਰੌਂਟੋ ਪੁਲਿਸ ਨੇ ਦੋ ਲੋਕਾਂ ਨੂੰ ਕਥਿਤ ਤੌਰ ਤੇ ਟੋਰੌਂਟੋ ਦੀ ਇੱਕ ਮਸਜਿਦ ਵਿਚ ਜਬਰੀਂ ਦਾਖ਼ਲ ਹੋਣ ਦੀ ਕੋਸ਼ਿਸ਼ ਅਤੇ ਉਥੇ ਮੌਜੂਦ ਮੁਲਾਜ਼ਮ ਨੂੰ ਧਮਕਾਉਣ ਸਬੰਧੀ ਮਾਮਲਿਆਂ ਲਈ ਚਾਰਜ ਕੀਤਾ ਹੈ। 

ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 11:50 ਵਜੇ , ਮੌਰਨਿੰਗ ਸਾਈਡ ਐਵਨਿਊ ਅਤੇ ਫਿੰਚ ਐਵਨਿਊ ਈਸਟ ਦੇ ਨਜ਼ਦੀਕ 1630 ਨੀਲਸਨ ਰੋਡ ਤੇ ਸਥਿਤ ਇਸਲਾਮਿਕ ਇੰਸਟੀਟਿਊਟ ਔਫ਼ ਟੋਰੌਂਟੋ ਵਿਚ ਵਾਪਰੀ ਸੀ। 

ਬੁਧਵਾਰ ਨੂੰ ਜਾਰੀ ਇਕ ਪ੍ਰੈਸ ਰਿਲੀਜ਼ ਵਿਚ ਪੁਲਿਸ ਨੇ ਦੱਸਿਆ ਕਿ ਇੱਕ ਮਰਦ ਅਤੇ ਔਰਤ ਗ਼ੈਰਕਾਨੂੰਨੀ ਡਰੱਗ ਦੇ ਨਸ਼ੇ ਦੀ ਹਾਲਾਤ ਵਿਚ ਸਨ ਜਦੋਂ ਉਹਨਾਂ ਨੇ ਮਸਜਿਦ ਦੇ ਦਰਵਾਜ਼ੇ ਵਿਚ ਚਾਬੀ ਲੱਗੀ ਹੋਈ ਦੇਖੀ ਅਤੇ ਫ਼ੇਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਉਥੋਂ ਦੇ ਮੁਲਾਜ਼ਮ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੇ ਦੱਸਣ ਮੁਤਾਬਿਕ ਕਥਿਤ ਦੋਸ਼ੀ ਨੇ ਇੱਕ ਚੀਜ਼ ਉਠਾਈ ਅਤੇ ਇਮਾਰਤ ਨੂੰ ਉਡਾ ਦੇਣ ਦੀ ਧਮਕੀ ਦਿੱਤੀ। ਪੁਲਿਸ ਰਿਲੀਜ਼ ਮੁਤਾਬਿਕ ਬਾਅਦ ਚ ਪਤਾ ਲੱਗਿਆ ਕਿ ਉਹ ਉਠਾਈ ਹੋਈ ਚੀਜ਼ ਚਾਬੀਆਂ ਦਾ ਸੈੱਟ ਸੀ।

ਪੁਲਿਸ ਨੇ ਦੱਸਿਆ ਕਿ ਉਸ ਔਰਤ ਨੇ ਵੀ ਆਪਣੀਆਂ ਉਂਗਲਾਂ ਨੂੰ ਬੰਦੂਕ ਦੀ ਸ਼ਕਲ ਬਣਾ ਕੇ ਉਸ ਮੁਲਾਜ਼ਮ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।

ਉਮਰ ਇਸਾਵੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਜਦੋਂ ਇਹ ਸਾਰੀ ਘਟਨਾ ਵਾਪਰੀ ਉਸ ਸਮੇਂ ਉਹ ਆਪਣੇ ਇਕ ਬਿਜ਼ਨਸ ਪਾਰਟਨਰ ਨਾਲ ਮਸਜਿਦ ਵਿੱਖੇ ਗਿਆ ਹੋਇਆ ਸੀ। 

ਅਸੀਂ ਦੋ ਲੋਕਾਂ ਨੂੰ ਦੇਖਿਆ- ਇੱਕ ਗੋਰਾ ਮਰਦ ਅਤੇ ਇੱਕ ਗੋਰੀ ਔਰਤ- ਜੋ ਇਮਾਰਤ ਦੇ ਅਗਲੇ ਪਾਸਿਉਂ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਇਸਾਵੀ ਨੇ ਕਿਹਾ।

ਉਹ ਇਮਾਰਤ ਵਿਚ ਦਾਖ਼ਲ ਹੋਣ ਲਈ ਕਾਫ਼ੀ ਹਿੰਸਕ ਹੋ ਗਏ ਅਤੇ ਦਰਵਾਜ਼ਿਆਂ ਨੂੰ ਲੱਤਾਂ ਮਾਰਨ ਲੱਗ ਪਏ।

ਮੇਰਾ ਬਿਜ਼ਨਸ ਪਾਰਟਨਰ ਗੱਡੀ ਚਲਾ ਕੇ ਉਹਨਾਂ ਨੂੰ ਕਿਸੇ ਮਦਦ ਵਗ਼ੈਰਾ ਬਾਰੇ ਪੁੱਛਣ ਗਿਆ, ਜਿਸ ਤੇ ਉਸ ਵਿਅਕਤੀ ਨੇ ਜੁਆਬ ਦਿੱਤਾ ਕਿ ਉਹ ਇਸ ਜਗ੍ਹਾ ਨੂੰ ਧਮਾਕਾਖੇਜ਼ ਸਮੱਗਰੀ ਨਾਲ ਉਡਾਉਣ ਆਇਆ ਹੈ।

ਇਸ ਗੱਲ ਤੋਂ ਬਾਅਦ ਇਸਾਵੀ ਨੇ ਪੁਲਿਸ ਨੂੰ ਕਾਲ ਕੀਤੀ। 

ਜਦੋਂ ਉਹ ਪੁਲਿਸ ਨਾਲ ਫ਼ੋਨ ਤੇ ਗੱਲ ਕਰ ਰਿਹਾ ਸੀ, ਤਾਂ ਉਹ ਔਰਤ ਆਪਣੀਆਂ ਉਂਗਲਾਂ ਨਾਲ ਬੰਦੂਕ ਦਾ ਇਸ਼ਾਰਾ ਕਰਦਿਆਂ ਇਸਾਵੀ ਦੇ ਕਰੀਬ ਆਉਣ ਲੱਗ ਪਈ। 

ਸ਼ੁਕਰ ਹੈ ਪੁਲਿਸ ਪਹੁੰਚ ਗਈ, ਉਸਨੂੰ ਰੋਕਿਆ ਅਤੇ ਦੋਵਾਂ ਨੂੰ ਗਿਰਫ਼ਤਾਰ ਕੀਤਾ, ਉਸਨੇ ਕਿਹਾ।

ਪੁਲਿਸ ਨੇ ਬੁਧਵਾਰ ਨੂੰ ਐਲਾਨਿਆ ਕਿ ਟੋਰੌਂਟੋ ਦੇ 24 ਸਾਲ ਦੇ ਮਰਦ ਅਤੇ 22 ਸਾਲ ਦੀ ਔਰਤ , ਜਿਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ, ਨੂੰ ਕਿਸੇ ਇਮਾਰਤ ਵਿਚ ਜਬਰੀਂ ਦਾਖ਼ਲ ਹੋਣ, ਜਾਨੋਂ ਮਾਰਨ ਦੀ ਧਮਕੀ ਦੇਣ, ਅਤੇ ਸੰਪਤੀ ਵਿਚ ਨੁਕਸਾਨਦੇਹ ਖ਼ਰਾਬੀਆਂ ਕਰਨ ਦੇ ਮਾਮਲਿਆਂ ਲਈ ਚਾਰਜ ਕਰ ਦਿੱਤਾ ਗਿਆ ਹੈ। 

ਇਸ ਮਾਮਲੇ ਦੀ ਜਾਂਚ ਫਿਲਹਾਲ ਜਾਰੀ ਹੈ ਅਤੇ ਜਦੋਂ ਤਕ ਸਾਰੇ ਤੱਥ ਸਾਹਮਣੇ ਨਹੀਂ ਆ ਜਾਂਦੇ ਉਦੋਂ ਤੱਕ ਇਸ ਘਟਨਾ ਦੇ ਮਕਸਦ ਬਾਰੇ ਅੰਦਾਜ਼ੇ ਨਾ ਲਗਾਏ ਜਾਣ, ਪੁਲਿਸ ਨੇ ਇੱਕ ਬਿਆਨ ਵਿਚ ਕਿਹਾ।

ਫ਼ਿਲਹਾਲ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਇਹ ਸੰਕੇਤ ਮਿਲੇ ਕਿ ਇਹ ਇਕ ਨਫ਼ਰਤ ਅਧਾਰਤ ਘਟਨਾ ਸੀ, ਪਰ ਪੁਲਿਸ ਮੰਨਦੀ ਹੈ ਕਿ ਇਸ ਘਟਨਾ ਨੇ ਭਾਈਚਾਰੇ ਅੰਦਰ ਚਿੰਤਾ ਜ਼ਰੂਰ ਪੈਦਾ ਕੀਤੀ ਹੈ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਅਹਿਤਿਆਤ ਦੇ ਤੌਰ ਤੇ ਨਫਰਤੀ ਅਪਰਾਧ ਦੀ ਜਾਂਚ ਕਰਨ ਵਾਲੇ ਯੂਨਿਟ ਨੂੰ [ਤਫਤੀਸ਼ ਵਿਚ] ਸ਼ਾਮਿਲ ਕਰ ਲਿਆ ਗਿਆ ਹੈ ਅਤੇ ਅਸੀਂ ਇਸ ਸੰਸਥਾ ਅਤੇ ਪੂਰੇ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਹਾਂ।

ਮਸਜਿਦ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਇਸ ਘਟਨਾ ਦੀ ਨਫ਼ਰਤ ਅਧਾਰਿਤ ਅਪਰਾਧ ਦੇ ਤੌਰ ਤੇ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਸੀ।

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ