1. ਮੁੱਖ ਪੰਨਾ
  2. ਰਾਜਨੀਤੀ
  3. ਲਿੰਗ ਬਰਾਬਰਤਾ

ਸਟੈਟਿਸਟਿਕਸ ਕੈਨੇਡਾ ਅਨੁਸਾਰ ਕੈਨੇਡਾ 'ਚ ਐਲ.ਜੀ.ਬੀ.ਟੀ.ਕਿਊ ਲੋਕਾਂ ਦੀ ਅਬਾਦੀ ਇੱਕ ਮਿਲੀਅਨ ਹੋਈ

ਪਰ ਨਫ਼ਰਤ ਅਧਾਰਤ ਅਪਰਾਧਾਂ ਵਿਚ ਵੀ ਹੋ ਰਿਹਾ ਹੈ ਵਾਧਾ

ਕੰਧ ਉੱਤੇ ਲਹਿਰਾਉਂਦਾ ਬਹੁਰੰਗੀ ਝੰਡਾ

ਮੌਂਟਰੀਅਲ ਦੇ ਗੇਅ ਵਿਲੇਜ ਵਿਚ ਝੂਲਦਾ ਪ੍ਰਾਇਡ ਚਿਨ੍ਹ ,ਰੇਨਬੋ ਫ਼ਲੈਗ. ਸਟੈਟਿਸਟਿਕਸ ਕੈਨੇਡਾ ਦੀ ਨਵੀਂ ਰਿਪੋਰਟ ਮੁਤਾਬਕ ਕੈਨੇਡਾ ਵਿਚ ਐਲ.ਜੀ.ਬੀ.ਟੀ.ਕਿਊ ਅਬਾਦੀ ਕਰੀਬ ਇੱਕ ਮਿਲੀਅਨ ਹੋ ਗਈ ਹੈ।

ਤਸਵੀਰ: Radio-Canada

RCI

ਕੈਨੇਡਾ ਵਿਚ ਹੁਣ ਐਲ.ਜੀ.ਬੀ.ਟੀ.ਕਿਊ (LGBTQ) ਭਾਈਚਾਰੇ ਦੀ ਅਬਾਦੀ ਤਕਰੀਬਨ ਇੱਕ ਮਿਲੀਅਨ ਹੋ ਗਈ ਹੈ ਅਤੇ ਇਸ ਅਬਾਦੀ ਦਾ ਇੱਕ ਵੱਡਾ ਹਿੱਸਾ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦਾ ਹੈ। 

ਪ੍ਰਾਇਡ ਮੰਥ ਨੂੰ ਮਾਨਤਾ ਦੇ ਤੌਰ ਤੇ ਸਟੈਟਿਸਟਿਕਸ ਕੈਨੇਡਾ ਦੀ ਨਵੀਂ ਰਿਪੋਰਟ ਵਿਚ ਐਲ.ਜੀ.ਬੀ.ਟੀ.ਕਿਊ ਭਾਈਚਾਰੇ ਨਾਲ ਸਬੰਧਤ ਇਹ ਵਿਸ਼ੇਸ਼ ਅੰਕੜੇ ਪੇਸ਼ ਕੀਤੇ ਗਏ ਨੇ।

ਸਮਾਜ ਵਿਚ ਸਮਲਿੰਗਤਾ ਅਤੇ ਵੱਖਰੇ ਜਿਨਸੀ ਝੁਕਾਅ ਦੀ ਆਜ਼ਾਦੀ ਅਤੇ ਇਸ ਵਤੀਰੇ ਨੂੰ ਮਾਨਤਾ ਦੇ ਤੌਰ ਤੇ ਹਰ ਸਾਲ ਜੂਨ ਮਹੀਨਾ ਪ੍ਰਾਇਡ ਮੰਥ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਮਹੀਨੇ ਦੌਰਾਨ ਮੁਲਕ ਭਰ ਵਿਚ ਪਰੇਡ, ਰੈਲੀਆਂ, ਅਤੇ ਐਲ.ਜੀ.ਬੀ.ਟੀ.ਕਿਊ ਭਾਈਚਾਰੇ ਦੇ ਹੱਕਾਂ ਬਾਰੇ ਜਾਗਰੂਕਤਾ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ। 

ਸਟੈਟਿਸਟਿਕਸ ਕੈਨੇਡਾ 2003 ਤੋਂ ਇਸ ਬਾਬਤ ਜਾਣਕਾਰੀ ਇਕੱਠੀ ਕਰ ਰਿਹਾ ਹੈ। ਅੰਕੜਿਆਂ ਵਿਚ ਸਾਹਮਣੇ ਆਇਆ ਹੈ ਕਿ ਐਲ.ਜੀ.ਬੀ.ਟੀ.ਕਿਊ ਅਬਾਦੀ ਵਿਚ ਨੌਜਵਾਨਾਂ ਦੀ ਵੱਡੀ ਗਿਣਤੀ ਹੈ। 

ਕਰੀਬ 30 ਫ਼ੀਸਦੀ ਐਲ.ਜੀ.ਬੀ.ਟੀ.ਕਿਊ ਕੈਨੇਡੀਅਨ ਅਜਿਹੇ ਹਨ ਜਿਹਨਾਂ ਦੀ ਉਮਰ 15 ਤੋਂ 24 ਸਾਲ ਦੇ ਦਰਮਿਆਨ ਹੈ - ਜ਼ਿਕਰਯੋਗ ਹੈ ਕਿ ਇਸ ਉਮਰ ਦੇ ਗ਼ੈਰ-ਐਲ.ਜੀ.ਬੀ.ਟੀ.ਕਿਊ ਕੈਨੇਡੀਅਨਾਂ ਦੀ ਆਬਾਦੀ 14 ਫ਼ੀਸਦੀ ਹੈ। 

ਕੈਨੇਡਾ ਦੀ ਐਲ.ਜੀ.ਬੀ.ਟੀ.ਕਿਊ ਅਬਾਦੀ ਵਿਚ ਸਿਰਫ 7 ਫ਼ੀਸਦੀ ਲੋਕ ਅਜਿਹੇ ਹਨ ਜਿਹਨਾਂ ਦੀ ਉਮਰ 65 ਸਾਲ ਜਾਂ ਉਸਤੋਂ ਵੱਧ ਹੈ ਅਤੇ ਇਸੇ ਉਮਰ ਦੇ ਗ਼ੈਰ-ਐਲ.ਜੀ.ਬੀ.ਟੀ.ਕਿਊ ਕੈਨੇਡੀਅਨਾਂ ਦੀ ਆਬਾਦੀ ਕਰੀਬ 21 ਫ਼ੀਸਦੀ ਹੈ। 

ਇਸ ਰਿਪੋਰਟ ਵਿਚ, 21ਵੀਂ ਸਦੀ ਦੀ ਸ਼ੁਰੂਆਤ ਤੋਂ ਐਲ.ਜੀ.ਬੀ.ਟੀ.ਕਿਊ ਕੈਨੇਡੀਅਨਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਤ ਕਰਨ ਵਾਲੀਆਂ ਕਈ ਅਹਿਮ ਘਟਨਾਵਾਂ ਅਤੇ ਕਾਨੂੰਨੀ ਤਬਦੀਲੀਆਂ ਦਾ ਵੇਰਵਾ ਹੈ, ਜਿਸ ਵਿਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਅਤੇ ਕੈਨੇਡੀਅਨ ਮਨੁੱਖੀ ਅਧਿਕਾਰ ਕਾਨੂੰਨ ਵਿਚ ਲਿੰਗਕ ਪਛਾਣ ਅਤੇ ਪ੍ਰਗਟਾਵੇ ਲਈ ਨਵੀਆਂ ਸੁਰੱਖਿਆਵਾਂ ਨੂੰ ਸ਼ਾਮਲ ਕੀਤੇ ਜਾਣ ਦੇ ਵੇਰਵੇ ਵੀ ਸ਼ਾਮਿਲ ਹਨ। 

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਨੀਤੀਆਂ ਵਿਚ ਕੀਤੀਆਂ ਇਹਨਾਂ ਤਬਦੀਲੀਆਂ ਨੇ ਸਮਲਿੰਗੀ ਜੋੜਿਆਂ ਦੀ ਗਿਣਤੀ ਵਿਚ ਹੋਏ ਵਾਧੇ ਵਿਚ ਅਹਿਮ ਯੋਗਦਾਨ ਪਾਇਆ ਹੈ। 

ਰਿਪੋਰਟ ਮੁਤਾਬਕ,ਇਹ ਵਾਧਾ ਇਸ ਗੱਲ ਦੀ ਝਲਕ ਹੈ ਕਿ ਕੈਨੇਡਾ ਵਿਚ ਜਿਨਸੀ ਭਿੰਨਤਾ ਦੀ ਮਾਨਤਾ ਅਤੇ ਇਸ ਬਾਰੇ ਜਾਗਰੂਕਤਾ ਵਿਚ ਵਾਧਾ ਹੋ ਰਿਹਾ ਹੈ।

ਨਫ਼ਰਤ ਅਧਾਰਤ ਅਪਰਾਧ ਅਤੇ ਆਰਥਿਕ ਕਮਜ਼ੋਰੀ 

ਭਾਵੇਂ ਇਸ ਰਿਪੋਰਟ ਵਿਚ ਐਲ.ਜੀ.ਬੀ.ਟੀ.ਕਿਊ ਅਬਾਦੀ ਵਿਚ ਹੋ ਰਹੇ ਵਾਧੇ ਦੇ ਰੁਝਾਨ ਸਾਹਮਣੇ ਆਏ ਨੇ ਪਰ ਨਾਲ ਹੀ ਇਸ ਰਿਪੋਰਟ ਨੇ ਐਲ.ਜੀ.ਬੀ.ਟੀ.ਕਿਊ ਕੈਨੇਡੀਅਨਾਂ ਨੂੰ ਦਰਪੇਸ਼ ਖ਼ਤਰਿਆਂ ਨੂੰ ਵੀ ਉਜਾਗਰ ਕੀਤਾ ਹੈ - ਜਿਵੇਂ ਇਹਨਾਂ ਲੋਕਾਂ ਦੇ ਜਿਨਸੀ ਰੁਝਾਨ ਦੀ ਵਜ੍ਹਾ ਕਰਕੇ ਇਹਨਾਂ ਨੂੰ ਨਫ਼ਰਤੀ ਹਿੰਸਾ ਦਾ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਵਿਚ ਵਾਧਾ ਹੋਣਾ। 

ਸਾਲ 2019 ਵਿਚ ਪੁਲਿਸ ਨੇ ਐਲ.ਜੀ.ਬੀ.ਟੀ.ਕਿਊ ਲੋਕਾਂ ਨਾਲ ਵਾਪਰੇ 263 ਮਾਮਲੇ ਦਰਜ ਕੀਤੇ ਸੀ, ਜੋ ਕਿ ਉਸਤੋਂ ਪਿਛਲੇ ਸਾਲ ਦੇ ਮੁਕਾਬਲੇ 41 ਫ਼ੀਸਦੀ ਦਾ ਵਾਧਾ ਹੈ ਅਤੇ ਸਾਲ 2009 ਤੋਂ ਬਾਅਦ ਇੱਕੋ ਸਾਲ ਵਿਚ ਵਾਪਰੇ ਸਭ ਤੋਂ ਵੱਧ ਮਾਮਲੇ ਹਨ। 

ਰਿਪੋਰਟ ਕੀਤੇ ਗਏ ਇਹਨਾਂ ਮਾਮਲਿਆਂ ਵਿਚੋਂ ਅੱਧੇ ਤੋਂ ਵੱਧ ਮਾਮਲੇ ਹਿੰਸਕ ਅਪਰਾਧਾਂ ਦੇ ਸਨ। 

ਇਸ ਰਿਪੋਰਟ ਦੇ ਅਨੁਸਾਰ ਐਲ.ਜੀ.ਬੀ.ਟੀ.ਕਿਊ ਕੈਨੇਡੀਅਨਾਂ ਨੂੰ ਗ਼ੈਰ-ਐਲ.ਜੀ.ਬੀ.ਟੀ.ਕਿਊ ਕੈਨੇਡੀਅਨਾਂ ਦੇ ਮੁਕਾਬਲੇ ਕੋਵਿਡ ਕਰਕੇ ਪੈਦਾ ਹੋਏ ਆਰਥਿਕ ਸੰਕਟ ਦੀ ਮਾਰ ਵੀ ਜ਼ਿਆਦਾ ਪਈ ਹੈ।

ਮਹਾਮਾਰੀ ਦੇ ਦੌਰਾਨ ਸਭ ਤੋਂ ਵੱਧ ਨੌਕਰੀਆਂ 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਨੇ ਗੁਆਈਆਂ ਹਨ। ਪਰ ਕਿਉਂਕਿ ਐਲ.ਜੀ.ਬੀ.ਟੀ.ਕਿਊ ਭਾਈਚਾਰੇ ਵਿਚ ਇੱਕ ਵੱਡਾ ਹਿੱਸਾ ਇਸ ਉਮਰ ਵਾਲੇ ਨੌਂਜਵਾਨਾਂ ਦਾ ਹੈ ਇਸ ਕਰਕੇ ਇਹ ਕਾਫੀ ਹੱਦ ਤਕ ਸੰਭਵ ਹੈ ਕਿ ਬਾਕੀਆਂ ਦੇ ਮੁਕਾਬਲੇ ਐਲ.ਜੀ.ਬੀ.ਟੀ.ਕਿਊ ਕੈਨੇਡੀਅਨਾਂ ਨੂੰ ਨੌਕਰੀਆਂ ਦਾ ਘਾਟਾ ਜ਼ਿਆਦਾ ਹੋਇਆ ਹੈ। 

ਐਲ.ਜੀ.ਬੀ.ਟੀ.ਕਿਊ ਦੇ ਤੌਰ ਤੇ ਆਪਣੀ ਪਛਾਣ ਦੱਸਣ ਵਾਲਿਆਂ ਦੀ ਔਸਤ ਸਾਲਾਨਾ ਆਮਦਨ ਗ਼ੈਰ-ਐਲ.ਜੀ.ਬੀ.ਟੀ.ਕਿਊ ਕੈਨੇਡੀਅਨਜ਼ ਦੇ ਮੁਕਾਬਲੇ ਘੱਟ ਹੈ। ਅੰਕੜਿਆਂ ਮੁਤਾਬਕ ਗ਼ੈਰ-ਐਲ.ਜੀ.ਬੀ.ਟੀ.ਕਿਊ ਕੈਨੇਡੀਅਨਜ਼ ਦੀ ਸਾਲਾਨਾ ਔਸਤ ਆਮਦਨ 58,000 ਡਾਲਰ ਹੈ ਜਦਕਿ ਐਲ.ਜੀ.ਬੀ.ਟੀ.ਕਿਊ ਲੋਕਾਂ ਦੀ ਸਾਲਾਨਾ ਔਸਤ ਆਮਦਨ 39,000 ਡਾਲਰ ਦਰਜ ਕੀਤੀ ਗਈ ਹੈ। 

ਇਸ ਫ਼ਰਕ ਨੂੰ ਕੁਝ ਹੱਦ ਤਕ ਇਸ ਤੱਥ ਦੁਆਰਾ ਵੀ ਸਮਝਾਇਆ ਜਾ ਸਕਦਾ ਹੈ ਕਿ ਐਲ.ਜੀ.ਬੀ.ਟੀ.ਕਿਊ ਆਬਾਦੀ ਵਿਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ, ਜੋ ਆਮ ਤੌਰ 'ਤੇ ਬਹੁਤ ਜ਼ਿਆਦਾ ਆਮਦਨ ਵਾਲੇ ਨਹੀਂ ਹੁੰਦੇ। 

ਸਟੈਟਿਸਟਿਕਸ ਕੈਨੇਡਾ ਨੇ ਵਾਅਦਾ ਕੀਤਾ ਹੈ ਕਿ ਉਹ ਐਲ.ਜੀ.ਬੀ.ਟੀ.ਕਿਊ ਆਬਾਦੀ ਬਾਰੇ ਆਪਣੇ ਵੱਲੋਂ ਜਾਣਕਾਰੀ ਦਿੱਤੇ ਜਾਣ ਨੂੰ ਹੋਰ ਬਿਹਤਰ ਬਣਾਏਗਾ ਅਤੇ ਟ੍ਰਾੰਸਜੈਂਡਰ (ਦੁਵਲਿੰਗੀ) ਲੋਕਾਂ ਤੇ ਵਧੇਰੇ ਧਿਆਨ ਕੇਂਦਰਤ ਕਰੇਗਾ।

ਸਾਲ 2021 ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰੀ 'ਜਨਮ ਦੇ ਸਮੇਂ ਦੇ ਲਿੰਗ' ਦੇ ਨਾਲ ਮੌਜੂਦਾ 'ਲਿੰਗ' ਬਾਰੇ ਇੱਕ ਪ੍ਰਸ਼ਨ ਸ਼ਾਮਲ ਕੀਤਾ ਗਿਆ ਹੈ, ਜੋ ਕਿ ਕੈਨੇਡਾ ਵਿਚ ਟ੍ਰਾਂਸਜੈਂਡਰ ਲੋਕਾਂ ਦੀ ਗਿਣਤੀ ਹਾਸਲ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

ਰਿਪੋਰਟ ਦਾ ਕਹਿਣਾ ਹੈ, ਇਸ ਦੋ-ਪੱਖੀ ਉਪਰਾਲੇ ਨਾਲ ਸਟੈਟਿਸਟਿਕਸ ਕੈਨੇਡਾ ਟ੍ਰਾੰਸ ਅਤੇ ਨੌਨ- ਬਾਇਨਰੀ ਲਿੰਗ ( ਜਨਮ ਸਮੇਂ ਦੇ ਲਿੰਗ ਤੋਂ ਜਾਂ ਮਰਦ/ਔਰਤ ਦੇ ਲਿੰਗ ਤੋਂ ਵੱਖਰਾ ਲਿੰਗ ) ਦੀ ਅਬਾਦੀ ਬਾਰੇ ਭਰੋਸੇਯੋਗ ਜਾਣਕਾਰੀ ਜੁਟਾ ਸਕੇਗਾ,ਜਿਸ ਨਾਲ ਕੈਨੇਡਾ ਵਿਚ ਜਿਨਸੀ ਭਿੰਨਤਾ ਬਾਰੇ ਜਾਣਕਾਰੀ ਦੇ ਪਾੜੇ ਨੂੰ ਠੀਕ ਕਰਨ ਵਿਚ ਮਦਦ ਕਰੇਗਾ।

ਨਿੱਕ ਬੋਇਸਵਰਟ · ਸੀਬੀਸੀ

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ 

ਸੁਰਖੀਆਂ