1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਸੈਰ-ਸਪਾਟਾ

ਅਮਰੀਕਾ ਨੇ ਏਅਰ ਕੈਨੇਡਾ ਤੋਂ ਕੀਤੀ 25 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ

ਟਰਾਂਸਪੋਰਟੇਸ਼ਨ ਵਿਭਾਗ ਦੀ ਮੰਗ ਹੈ ਕਿ ਟਿਕਟਾਂ ਦੇ ਪੈਸੇ ਰਿਫੰਡ ਕਰਨ ਵਿਚ ਹੋਈ ਦੇਰੀ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ

ਚਾਰ ਜਣੇ ਅਸਮਾਨ ਵਿਚ ਉੱਡਦੇ ਜਹਾਜ਼ ਨੂੰ ਤੱਕਦੇ ਹੋਏ

ਅਮਰੀਕਾ ਦਾ ਡਿਪਾਰਟਮੈਂਟ ਔਫ਼ ਟ੍ਰਾਂਸਨਪੋਰਟੇਸ਼ਨ ਚਾਹੁੰਦਾ ਹੈ ਕਿ ਏਅਰ ਕੈਨੇਡਾ ਰੱਦ ਕੀਤੀਆਂ ਫਲਾਈਟਾਂ ਦੇ ਟਿਕਟਾਂ ਦੇ ਪੈਸੇ ਰਿਫੰਡ ਕਰਨ ਵਿਚ ਹੋਈ ਦੇਰੀ ਦਾ 25.5 ਮਿਲੀਅਨ ਡਾਲਰ ਮੁਆਵਜ਼ਾ ਅਦਾ ਕਰੇ

ਤਸਵੀਰ: Bloomberg / Bing Guan

RCI

ਅਮਰੀਕਾ ਦਾ ਡਿਪਾਰਟਮੈਂਟ ਔਫ਼ ਟ੍ਰਾਂਸਨਪੋਰਟੇਸ਼ਨ ਏਅਰ ਕੈਨੇਡਾ ਤੋਂ 25.5 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕਰ ਰਿਹਾ ਹੈ। ਕੋਵਿਡ 19 ਕਰਕੇ ਰੱਦ ਹੋਈਆਂ ਫਲਾਈਟਾਂ ਤੋਂ ਬਾਅਦ ਗਾਹਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਮਿਲਣ ਵਿਚ ਹੋਈ ਦੇਰੀ ਕਾਰਨ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ। 

ਡਿਪਾਰਟਮੈਂਟ ਵੱਲੋਂ ਇਸ ਬਾਬਤ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ, ਏਵੀਏਸ਼ਨ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਦਫਤਰ ਨੇ ਕਿਹਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਰੱਦ ਹੋਈਆਂ ਜਾਂ ਬਦਲੀਆਂ ਗਈਆਂ ਫਲਾਈਟਾਂ ਲਈ ਏਅਰ ਕੈਨੇਡਾ ਸਮੇਂ ਸਿਰ ਰਿਫੰਡ ਮੁਹਈਆ ਕਰਵਾਉਣ ਵਿਚ ਅਸਫ਼ਲ ਰਿਹਾ ਹੈ।

ਏਜੰਸੀ ਦਾ ਕਹਿਣਾ ਹੈ 1 ਮਾਰਚ 2020 ਤੋਂ ਬਾਅਦ ਉਸਨੂੰ ਰਿਫੰਡ ਨਾਲ ਸਬੰਧਤ 6000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਉਸਨੇ ਪਿਛਲੇ ਸਾਲ ਏਅਰ ਕੈਨੇਡਾ ਨੂੰ ਵੀ ਇਸ ਬਾਰੇ ਕਈ ਵਾਰੀ ਸੂਚਿਤ ਕੀਤਾ ਸੀ ਕਿ ਇਸ ਮਾਮਲੇ ਵਿਚ ਉਹ (ਏਅਰ ਕੈਨੇਡਾ) ਸਹੀ ਢੰਗ ਨਾਲ ਕਾਰਵਾਈ ਨਹੀਂ ਕਰ ਰਹੇ। 

ਇਕ ਰਿਲੀਜ਼ ਵਿਚ ਡਿਪਾਰਟਮੈਂਟ ਨੇ ਕਿਹਾ ,ਏਵੀਏਸ਼ਨ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਦਫਤਰ ਦਾ ਮੰਨਣਾ ਹੈ ਕਿ ਏਅਰ ਕੈਨੇਡਾ ਨੇ ਘੱਟੋ ਘੱਟ 5110 ਉਲੰਘਣਾਵਾਂ ਕੀਤੀਆਂ ਹਨ ਅਤੇ ਯਾਤਰੀਆਂ ਨੂੰ ਆਪਣੇ ਪੈਸੇ ਵਾਪਸ ਪ੍ਰਾਪਤ ਕਰਨ ਲਈ 5 ਤੋਂ 13 ਮਹੀਨਿਆਂ ਦੇ ਦਰਮਿਆਨ ਤੱਕ ਉਡੀਕ ਕਰਨੀ ਪਈ ਹੈ। 

ਡਿਪਾਰਟਮੈਂਟ ਨੇ ਕਿਹਾ ਕਿ ਏਅਰ ਕੈਨੇਡਾ ਇਹ ਦਲੀਲ ਦੇ ਚੁੱਕਾ ਹੈ ਕਿ ਅਸਾਧਾਰਨ ਸਥਿਤੀ ਕਰਕੇ ਪੈਦਾ ਹੋਏ ਹਾਲਾਤ ਕਾਰਨ ਉਹ ਭੁਗਤਾਨ ਕਰਨ ਲਈ ਪਾਬੰਦ ਨਹੀਂ ਹੈ।

ਅਪ੍ਰੈਲ ਮਹੀਨੇ ਵਿਚ ਫ਼ੈਡਰਲ ਸਰਕਾਰ ਕੋਲੋਂ $5.9 ਬਿਲੀਅਨ ਡਾਲਰ ਤੱਕ ਦਾ ਰਾਹਤ ਪੈਕੇਜ ਮਿਲਣ ਤੋਂ ਬਾਅਦ ਏਅਰ ਕੈਨੇਡਾ ਨੇ ਰੱਦ ਹੋਈਆਂ ਫਲਾਈਟਾਂ ਦੇ ਯਾਤਰੀਆਂ ਨੂੰ ਪੈਸੇ ਰਿਫੰਡ ਕਰਨ ਬਾਬਤ ਸਹਿਮਤੀ ਜਤਾਈ ਸੀ। 

ਗ਼ੌਰਤਲਬ ਹੈ ਕਿ ਬਹੁਤ ਸਾਰੀਆਂ ਏਅਰਲਾਈਨਾਂ ਕਈ ਮਹੀਨਿਆਂ ਤੱਕ ਮੁਸਾਫ਼ਰਾਂ ਦੇ ਪੈਸੇ ਰਿਫੰਡ ਕਰਨ ਤੋਂ ਇਨਕਾਰ ਕਰਦੀ ਰਹੀਆਂ ਹਨ ਕਿਉਂਕਿ ਟ੍ਰੈਵਲ ਰੋਕਾਂ ਅਤੇ ਬੌਰਡਰ ਪਾਬੰਦੀਆਂ ਨੇ ਏਅਰਲਾਈਨ ਇੰਡਸਟ੍ਰੀ ਦੀ ਕਮਰ ਤੋੜ ਦਿੱਤੀ ਹੈ। 

ਦ ਕੈਨੇਡੀਅਨ ਪ੍ਰੈਸ

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ