1. ਮੁੱਖ ਪੰਨਾ
  2. ਸਮਾਜ
  3. ਕੋਰੋਨਾਵਾਇਰਸ

ਕੋਵਿਡ -19 ਦੇ ਚਲਦਿਆਂ ਡਰਾਈਵਿੰਗ ਲਾਈਸੈਂਸ ਲੈਣ ਤੋਂ ਵਾਂਝੇ ਹਜ਼ਾਰਾਂ ਨੌਜਵਾਨ

ਮਹਾਂਮਾਰੀ ਦੇ ਕਾਰਨ 4 ਲੱਖ ਤੋਂ ਵਧੇਰੇ ਰੋਡ ਟੈਸਟ ਹੋਏ ਰੱਦ

An ICBC driver examiner, left, wears a face mask, safety glasses and gloves while speaking to a driver after a road test in Richmond, B.C., on Monday, July 20, 2020. Non-commercial road tests resumed in the province on Monday after approximately 55,000 appointments were cancelled due to COVID-19. ICBC is planning on hiring and training more examiners and opening additional testing locations to deal with the backlog. THE CANADIAN PRESS/Darryl Dyck

ਹਾਲਾਂਕਿ ਸਰਕਾਰ ਵੱਲੋਂ ਰੋਡ ਟੈਸਟ ਦੁਬਾਰਾ ਸ਼ੁਰੂ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਪਰ ਹੁਣ ਲਾਈਸੈਂਸ ਲੈਣ ਵਾਲਿਆਂ ਨੂੰ ਰੋਡ ਟੈਸਟ ਲਈ ਆਪਣੀ ਵਾਰੀ ਆਉਣ ਦਾ ਕਈ ਮਹੀਨੇ ਇੰਤਜ਼ਾਰ ਕਰਨਾ ਪੈ ਰਿਹਾ ਹੈ I

ਤਸਵੀਰ: The Canadian Press / DARRYL DYCK

Sarbmeet Singh

ਕੋਵਿਡ-19 ਨਾਲ ਜਿੱਥੇ ਆਮ ਜਨਤਾ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਉੱਥੇ ਹੀ ਓਨਟੇਰੀਓ ਦੇ ਹਜ਼ਾਰਾਂ ਨੌਜਵਾਨ ਡਰਾਈਵਿੰਗ ਲਾਈਸੈਂਸ ਲੈਣ ਤੋਂ ਵਾਂਝੇ ਹਨ I ਮਹਾਂਮਾਰੀ  ਦੇ ਦੌਰਾਨ ਬਹੁਤ ਸਾਰੇ ਰੋਡ ਟੈਸਟ ਰੱਦ ਕਰ ਦਿੱਤੇ ਗਏ ਜਿਸਦੇ ਚਲਦਿਆਂ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਲਾਈਸੈਂਸ ਲੈਣ ਦੀ ਉਡੀਕ 'ਚ ਹਨ I 

ਓਨਟੇਰੀਓ ਦੀ ਟਰਾਂਸਪੋਰਟ ਮਿਨਿਸਟਰੀ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਮਾਰਚ 2020 ਦੌਰਾਨ ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਕਰੀਬ 421,827 ਟੈਸਟ ਰੱਦ ਕੀਤੇ ਗਏ ਹਨ I 

ਹਾਲਾਂਕਿ ਸਰਕਾਰ ਵੱਲੋਂ ਰੋਡ ਟੈਸਟ ਦੁਬਾਰਾ ਸ਼ੁਰੂ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਪਰ ਹੁਣ ਲਾਈਸੈਂਸ ਲੈਣ ਵਾਲਿਆਂ ਨੂੰ ਰੋਡ ਟੈਸਟ ਲਈ ਆਪਣੀ ਵਾਰੀ ਆਉਣ ਦਾ ਕਈ ਮਹੀਨੇ ਇੰਤਜ਼ਾਰ ਕਰਨਾ ਪੈ ਰਿਹਾ ਹੈ I  

ਬਰੈਮਪਟਨ ਨਿਵਾਸੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ ਕੁਝ ਮਹੀਨਿਆਂ ਤੋਂ ਰੋਡ ਟੈਸਟ ਦੇਣ ਲਈ ਇੰਤਜ਼ਾਰ ਕਰ ਰਹੀ ਹੈ I ਸਿਮਰਨ ਮੁਤਾਬਿਕ ਡਰਾਈਵਿੰਗ ਲਾਈਸੈਂਸ ਨਾ ਹੋਣ ਦੀ ਸੂਰਤ 'ਚ ਜਿੱਥੇ ਉਸਨੂੰ ਬੱਸ ਰਾਹੀ ਸਫ਼ਰ ਕਰਨਾ ਪੈਂਦਾ ਹੈ ਉੱਥੇ ਹੀ ਉਸਨੂੰ ਕੁੱਝ ਨੌਕਰੀਆਂ ਵੀ ਗਵਾਉਣੀਆਂ ਪਈਆਂ I ਸਿਮਰਨ ਮੁਤਾਬਿਕ ਬੱਸ ਤੇ ਸਫ਼ਰ ਕਰਨ ਕਰਕੇ ਉਸਨੂੰ ਕੰਮ 'ਤੇ ਪਹੁੰਚਣ 'ਚ ਕਾਫ਼ੀ ਸਮਾਂ ਲਗਦਾ ਹੈ I 

ਬਰੈਮਪਟਨ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਭੋਜਨ ਦੀ ਡਲਿਵਰੀ ਦਾ ਕੰਮ ਕਰਨ ਦਾ ਰੁਝਾਨ ਹੈ ਪਰ ਹੁਣ ਲਾਈਸੈਂਸ ਦੀ ਅਣਹੋਂਦ ਕਾਰਨ ਬਹੁਤੇ ਵਿਦਿਆਰਥੀ ਇਹ ਕੰਮ ਵੀ ਨਹੀਂ ਕਰ ਪਾ ਰਹੇ ਜਿਸ ਨਾਲ ਨੌਜਵਾਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ I 

ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਉਹ ਕੁੱਝ ਮਹੀਨੇ ਪਹਿਲਾਂ ਕੈਨੇਡਾ ਆਇਆ ਹੈ ਅਤੇ ਲਾਕਡਾਊਨ ਦੇ ਚਲਦਿਆਂ ਰੱਦ ਹੋਏ ਰੋਡ ਟੈਸਟ ਦੁਬਾਰਾ ਸ਼ੁਰੂ ਹੋਣ ਦੀ ਉਡੀਕ 'ਚ ਹੈ I ਅੰਮ੍ਰਿਤ ਨੇ ਕਿਹਾ ਕਿ ਲਾਈਸੈਂਸ ਨਾ ਹੋਣ ਕਰਕੇ ਉਸਨੂੰ ਕੰਮ ਲੱਭਣ ਵਿੱਚ ਵੀ ਦਿੱਕਤ ਆ ਰਹੀ ਹੈ I 

ਸੂਬਾ ਸਰਕਾਰ ਵੱਲੋਂ ਰੋਡ ਟੈਸਟ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ I ਇਸ ਬਾਰੇ ਜਾਰੀ ਇਕ ਪ੍ਰੈਸ ਬਿਆਨ 'ਚ ਟਰਾਂਸਪੋਰਟੇਸ਼ਨ ਮਨਿਸਟਰ ਕੈਰੋਲਿਨ ਮਲਰੋਨੀ ਨੇ ਕਿਹਾ ਕਿ ਮਹਾਂਮਾਰੀ ਦੇ ਦੌਰਾਨ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਜਨਤਾ ਦੀ ਸਿਹਤ ਅਤੇ ਸੁਰੱਖਿਆ ਹੈ। ਉਹਨਾਂ ਕਿਹਾ ਕਿ ਟੈਸਟ ਜਲਦੀ ਕਰਵਾਉਣ ਲਈ ਨਵੇਂ ਨਿਰੀਖਕ ਭਰਤੀ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ I

ਕੋਵਿਡ -19 ਕਰਕੇ ਲੱਗੀਆ ਪਾਬੰਦੀਆਂ ਦੇ ਕਾਰਨ ਰੋਡ ਟੈਸਟ ਦੇ ਬੈਕਲਾਗ ਨੂੰ ਖ਼ਤਮ ਕਰਨ ਲਈ ਇਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ I
ਕੈਰੋਲਿਨ ਮਲਰੋਨੀ , ਟਰਾਂਸਪੋਰਟੇਸ਼ਨ ਮਨਿਸਟਰ , ਓਨਟੇਰੀਓ

ਨਿਯਮਾਂ ਮੁਤਾਬਿਕ ਸਾਰੇ ਰੋਡ ਟੈਸਟ ਬੁਕਿੰਗ ਕਰਵਾਉਣ ਤੋਂ ਬਾਅਦ ਹੀ ਹੋਣਗੇ ਅਤੇ ਰੋਡ ਟੈਸਟ ਦੌਰਾਨ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀ ਵਰਤਦਿਆਂ ਮਾਸਕ ਆਦਿ ਦੀ ਵਰਤੋਂ ਕਰਨੀ ਪਵੇਗੀ I 

ਭਾਵੇਂ ਕਿ ਸੂਬੇ 'ਚ ਰੋਡ ਟੈਸਟ ਦੁਬਾਰਾ ਸ਼ੁਰੂ ਹੋਣ ਜਾ ਰਹੇ ਹਨ ਪਰ ਲੋਕਾਂ ਦਾ ਮੰਨਣਾ ਹੈ ਕਿ ਹੁਣ ਟੈਸਟ ਦੇਣ ਤੋਂ ਪਹਿਲਾਂ ਗੱਡੀ ਚਲਾਉਣੀ ਸਿੱਖਣ ਲਈ ਵੀ ਉਡੀਕ ਕਰਨੀ ਪਵੇਗੀ ਕਿਉਂਕਿ ਡਰਾਈਵਿੰਗ ਲੈਸਨ ਦੇਣ ਵਾਲਿਆਂ ਕੋਲ ਵੀ ਇੱਕੋ ਦਮ ਰਸ਼ ਹੋਣ ਦੀ ਸੰਭਾਵਨਾ ਹੈ I ਪ੍ਰਾਪਤ ਜਾਣਕਾਰੀ ਮੁਤਾਬਿਕ ਸੂਬੇ ਵਿੱਚ ਕੋਵਿਡ-19 ਨਿਯਮਾਂ ਦੇ ਮੱਦੇਨਜ਼ਰ , ਫਿਲਹਾਲ ਇਨ ਪਰਸਨ ਡਰਾਈਵਿੰਗ ਲੈਸਨ ਨਹੀਂ ਦਿੱਤੇ ਜਾ ਸਕਦੇ ਅਤੇ ਇਹ ਲੈਸਨ ਸੂਬੇ ਦੀ ਮੁੜ ਖੁੱਲਣ ਦੀ ਯੋਜਨਾ ਅਧੀਨ ਦੂਸਰੇ ਪੜਾਅ 'ਚ ਦਿੱਤੇ ਜਾ ਸਕਣਗੇ I 

ਡਰਾਈਵਿੰਗ ਲੈਸਨ ਦੇਣ ਵਾਲੇ ਸਾਧੂ ਸਿੰਘ ਦਾ ਕਹਿਣਾ ਹੈ ਕਿ ਟੈਸਟ ਦੇਣ ਲਈ ਕਈ ਮਹੀਨਿਆਂ ਦੀ ਉਡੀਕ ਕਰਨੀ ਪੈ ਰਹੀ ਹੈ ਅਤੇ ਉਹਨਾਂ ਨੂੰ ਸਿੱਖਣ ਲਈ ਬਹੁਤ ਸਾਰੇ ਲੋਕਾਂ ਦੇ ਫ਼ੋਨ ਆ ਰਹੇ ਹਨ ਪਰ ਉਹ ਸਭ ਨੂੰ ਸਮਾਂ ਦੇਣ 'ਚ ਅਸਮਰੱਥ ਹੋਣਗੇ I ਸਾਧੂ ਸਿੰਘ ਮੁਤਾਬਿਕ ਕਈ ਮਹੀਨੇ ਟੈਸਟ ਨਾ ਹੋਣ ਕਰਕੇ ਬੈਕਲਾਗ ਬਹੁਤ ਵੱਧ ਗਿਆ ਹੈ ਅਤੇ ਸਰਕਾਰ ਨੂੰ ਇਸ ਸਬੰਧੀ ਲੋੜੀਂਦੇ ਕਦਮ ਚੱਕਣੇ ਚਾਹੀਦੇ ਹਨ I 

ਟਰਾਂਸਪੋਰਟੇਸ਼ਨ ਮਨਿਸਟਰ ਕੈਰੋਲਿਨ ਮਲਰੋਨੀ ਮੁਤਾਬਿਕ ਡਰਾਈਵਿੰਗ ਟੈਸਟ ਲੋਕੇਸ਼ਨਜ਼ 'ਤੇ ਹੋਰ ਨਿਰੀਖ਼ਕ ਭਰਤੀ ਕਰਨ, ਟੈਸਟ ਲੋਕੇਸ਼ਨਜ਼ ਦੇ ਕੰਮ-ਕਾਰ ਦੇ ਘੰਟਿਆਂ 'ਚ ਵਾਧੇ ਦੇ ਨਾਲ ਨਾਲ ਵੀਕਐਂਡ ਦੌਰਾਨ ਵੀ ਟੈਸਟ ਲਏ ਜਾਣਗੇ ਤਾਂ ਜੋ ਬੈਕਲਾਗ ਨੂੰ ਖ਼ਤਮ ਕੀਤਾ ਜਾ ਸਕੇ I ਸੂਬਾਈ ਸਰਕਾਰ ਇਸ ਕੰਮ ਲਈ 16 ਮਿਲੀਅਨ ਡਾਲਰ ਤੋਂ ਵਧੇਰੇ ਦੀ ਰਾਸ਼ੀ ਦਾ ਨਿਵੇਸ਼ ਕਰੇਗੀ I 

ਮਹਿਕਮੇ ਵੱਲੋਂ ਬੈਕਲਾਗ ਖ਼ਤਮ ਕਰਨ ਲਈ 6 ਆਰਜ਼ੀ ਡਰਾਈਵਿੰਗ ਟੈਸਟ ਸੈਂਟਰ ਸਥਾਪਿਤ ਕਰਨ ਦੀ ਗੱਲ ਵੀ ਆਖੀ ਗਈ ਹੈ I ਭਾਵੇਂ ਕਿ ਟਰਾਂਸਪੋਰਟ ਮਿਨਿਸਟਰੀ ਮੁਤਾਬਿਕ ਟੈਸਟ ਲੈਣ ਲਈ 167 ਹੋਰ ਨਿਰੀਖਕ ਭਰਤੀ ਕੀਤੇ ਜਾਣੇ ਹਨ ਪਰ ਇਸਤੋਂ ਪਹਿਲਾਂ 87 ਨਿਰੀਖਕ ਭਰਤੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਜਿਸ ਵਿੱਚੋ ਫਿਲਹਾਲ ਤੱਕ ਸਿਰਫ਼ 35 ਹੀ ਭਰਤੀ ਕੀਤੇ ਜਾ ਸਕੇ ਹਨ I 

ਲਾਈਸੈਂਸ ਦੀ ਉਡੀਕ ਕਰਦੇ ਇਹਨਾਂ ਨੌਜਵਾਨਾਂ ਨੂੰ ਨੇੜ ਭਵਿੱਖ ਵਿੱਚ ਕੋਈ ਆਸ ਦੀ ਕਿਰਨ ਨਜ਼ਰ ਨਹੀ ਆ ਰਹੀ I 

Sarbmeet Singh

ਸੁਰਖੀਆਂ