1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਫ਼ੈਡਰਲ ਰਾਜਨੀਤੀ

ਕੁਆਰੰਟੀਨ ਨਿਯਮਾਂ ਦੀ ਛੋਟ ਦੇ ਦਾਇਰੇ ਵਿਚ ਨਾ ਆਉਣ ਕਰਕੇ ਕੁਝ ਕੈਨੇਡੀਅਨਜ਼ ਵਿਚ ਨਾਰਾਜ਼ਗੀ

ਰਸ਼ੀਆ, ਚਾਈਨਾ ਅਤੇ ਹੋਰ ਦੇਸ਼ਾਂ ਦੀਆਂ ਬਣਾਈਆਂ ਵੈਕਸੀਨਾਂ ਲੈਣ ਵਾਲਿਆਂ ਨੂੰ 14 ਦਿਨਾਂ ਦੇ ਕੁਆਰੰਟੀਨ ਨਿਯਮ ਵਿਚ ਛੋਟ ਨਹੀਂ ਮਿਲ ਸਕੇਗੀ

ਕੈਲਗਰੀ ਦੀ ਜਮਪਲ ਕੇਟੀ ਗਿਬਸਨ ਆਪਣੇ ਪਤੀ ਬੇਨ ਅਤੇ ਆਪਣੇ ਤਿੰਨ ਸਾਲ ਦੇ ਬੱਚਿਆਂ ਨੈਸ਼ ਅਤੇ ਬ੍ਰੁਕਲੀਨ ਨਾਲ

ਕੈਲਗਰੀ ਦੀ ਜਮਪਲ ਕੇਟੀ ਗਿਬਸਨ ਆਪਣੇ ਪਤੀ ਬੇਨ ਅਤੇ ਆਪਣੇ ਤਿੰਨ ਸਾਲ ਦੇ ਬੱਚਿਆਂ ਨੈਸ਼ ਅਤੇ ਬ੍ਰੁਕਲੀਨ ਨਾਲ ਅਬੂ ਧਾਬੀ ਦੇ ਇਕ ਬੀਚ ਤੇ। ਉਸਨੂੰ ਇਹ ਜਾਣਕੇ ਕਾਫੀ ਨਿਰਾਸ਼ਾ ਹੋਈ ਕਿ ਜੇ ਹੋਟਲ ਕੁਆਰੰਟੀਨ ਨਿਯਮ ਵਿਚ ਛੋਟ ਲਾਗੂ ਹੁੰਦੀ ਹੈ ਤਾਂ ਵੀ ਉਸਨੂੰ ਕੈਨੇਡਾ ਆਉਣ ਤੇ 14 ਦਿਨਾਂ ਲਈ ਕੁਆਰੰਟੀਨ ਹੋਣਾ ਪੈ ਸਕਦਾ ਹੈ।

RCI

ਅਬੂ ਧਾਬੀ ਵਿਚ ਰਹਿੰਦੀ ਕੇਟੀ ਗਿਬਸਨ ਦੇ ਮਨ ਵਿਚ ਚੀਨ ਦੁਆਰਾ ਤਿਆਰ ਕੀਤੀ ਸਾਇਨੋਫਾਰਮ ਵੈਕਸੀਨ ਲੈਣ ਬਾਰੇ ਕੋਈ ਸ਼ੰਕਾ ਨਹੀਂ ਸੀ। ਉਸ ਵੇਲੇ ਕੇਟੀ ਅਤੇ ਉਸਦੇ ਪਤੀ ਨੇ ਬਿਨਾ ਕਿਸੇ ਝਿਝਕ ਦੇ ਇਹ ਇੱਕੋ ਇੱਕ ਉਪਲਬਦ ਵੈਕਸੀਨ ਲਗਵਾ ਲਈ। 36 ਸਾਲ ਦੀ ਅਧਿਆਪਕ ਕੇਟੀ ਮੂਲ ਰੂਪ ਵਿਚ ਕੈਲਗਰੀ ਤੋਂ ਹੈ। 

ਇਹ ਸਾਡੇ ਲਈ ਉਪਲਬਦ ਸੀ ਤਾਂ ਲਗਵਾ ਲਈ, ਉਸਨੇ ਸੋਚਿਆ।ਆਖ਼ਰ ਵੈਕਸੀਨ ਤਾਂ ਵੈਕਸੀਨ ਹੀ ਹੈ।

ਦੋ ਸਾਲ ਤੋਂ ਬਾਹਰ ਰਹਿ ਰਿਹਾ ਚਾਰ ਜੀਆਂ ਦਾ ਇਹ ਪਰਿਵਾਰ ਕੈਨੇਡਾ ਪਹੁੰਚਣ ਲਈ ਬੇਤਾਬ ਹੈ। ਕੈਨੇਡਾ ਵਿਚ ਕੋਵਿਡ ਕੇਸਾਂ ਵਿਚ ਲਗਾਤਾਰ ਆ ਰਹੀ ਕਮੀ ਕਰਕੇ ਪਰਿਵਾਰ ਨੂੰ ਕੁਝ ਉਮੀਦ ਵੀ ਹੋਈ ਸੀ ਕਿ ਬੌਰਡਰ ਰੋਕਾਂ ਕੁਝ ਨਰਮ ਹੋਣਗੀਆਂ ਅਤੇ ਉਹਨਾਂ ਦੀ ਯਾਤਰਾ ਸੰਭਵ ਹੋ ਸਕੇਗੀ। 

ਪਿਛਲੇ ਹਫ਼ਤੇ ਫ਼ੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਲਦੀ ਹੀ ਉਹਨਾਂ ਕੈਨੇਡੀਅਨ ਵਾਸੀਆਂ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਤੇ ਹੋਟਲ ਕੁਆਰੰਟੀਨ ਤੋਂ ਛੋਟ ਮਿਲੇਗੀ ਜਿਹਨਾਂ ਦਾ ਟੀਕਾਕਰਨ ਹੋ ਚੁੱਕਾ ਹੈ। ਪਰ ਜਦੋਂ ਕੇਟੀ ਨੂੰ ਪਤਾ ਲੱਗਿਆ ਕਿ ਉਹ ਇਸ ਦਾਇਰੇ ਵਿਚ ਨਹੀਂ ਆਉਂਦੀ ਤਾਂ ਉਸਨੂੰ ਕਾਫੀ ਨਿਰਾਸ਼ਾ ਹੋਈ। 

ਹੋਟਲ ਕੁਆਰੰਟੀਨ ਨਿਯਮ ਦੀ ਸੰਭਾਵਿਤ ਛੋਟ ਤੋਂ ਸਿਰਫ ਕੈਨੇਡਾ ਦਾਖ਼ਲ ਹੋਣ ਵਾਲੇ ਉਹਨਾਂ ਕੈਨੇਡੀਅਨਾਂ ਨੂੰ ਹੀ ਫ਼ਾਇਦਾ ਹੋਵੇਗਾ ਜਿਹਨਾਂ ਨੇ ਕੈਨੇਡਾ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਕੋਵਿਡ ਵੈਕਸੀਨ ਹੀ ਪ੍ਰਾਪਤ ਕੀਤੀ ਹੈ। ਬਾਹਰਲੇ ਮੁਲਕਾਂ ਵਿਚ ਰਹਿੰਦੇ ਕੇਟੀ ਅਤੇ ਉਸ ਵਰਗੇ ਬਾਕੀ ਕੈਨੇਡੀਅਨ ਜਿਹਨਾਂ ਨੇ ਅਜਿਹੀ ਵੈਕਸੀਨ ਲਈ ਹੈ ਜੋ ਸਰਕਾਰ ਦੀ ਸੂਚੀ ਵਿਚ ਨਹੀਂ, ਉਹ ਲੋਕ ਨਿਯਮਾਂ ਦੀ ਛੋਟ ਦੇ ਯੋਗ ਨਹੀਂ ਹੋਣਗੇ। 

ਸੂਚੀ ਵਿਚ ਨਹੀਂ 

ਪਿਛਲੇ ਹਫ਼ਤੇ ਫੈਡਰਲ ਸਰਕਾਰ ਨੇ ਆਪਣੇ ਐਲਾਨ ਵਿਚ ਕਿਹਾ ਸੀ ਕਿ ਸੰਭਾਵਿਤ ਛੋਟਾਂ ਉਹਨਾਂ ਕੈਨੇਡੀਅਨ ਵਾਸੀਆਂ ਤੇ ਹੀ ਲਾਗੂ ਹੋਣਗੀਆਂ ਜਿਹਨਾਂ ਨੇ ਹੈਲਥ ਕੈਨੇਡਾ ਦੁਆਰਾ ਮਨਜ਼ੂਰ ਕੀਤੀਆਂ ਫਾਈਜ਼ਰ, ਮੌਡਰਨਾ, ਐਸਟ੍ਰਾਜ਼ੈਨਕਾ ਅਤੇ ਜੈਨਸਨ ਦੀਆਂ ਵੈਕਸੀਨਾਂ ਲਗਵਾਈਆਂ ਹੋਣ। 

ਵਰਲਡ ਹੈਲਥ ਔਰਗੇਨਾਈਜ਼ੇਸ਼ਨ (ਵਿਸ਼ਵ ਸਿਹਤ ਸੰਸਥਾਨ) ਦੁਆਰਾ ਮਨਜ਼ੂਰ ਕੀਤੇ ਜਾਣ ਦੇ ਬਾਵਜੂਦ, ਸਾਇਨੋਫਾਰਮ ਇਸ ਸੂਚੀ ਵਿਚ ਨਹੀਂ ਹੈ।

ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਹਾਸੋਹੀਣੀ ਗੱਲ ਹੈ ਕਿਉਂਕਿ ਬਾਹਰਲੇ ਮੁਲਕਾਂ ਵਿਚ ਅਜਿਹੇ ਬਹੁਤ ਸਾਰੇ ਕੈਨੇਡੀਅਨ ਲੋਕ ਹਨ ਜਿਹਨਾਂ ਨੂੰ ਵੱਖਰੀਆਂ ਵੈਕਸੀਨਾਂ ਦਿੱਤੀਆਂ ਗਈਆਂ ਹਨ, ਕੇਟੀ ਨੇ ਕਿਹਾ। ਜਦੋਂ ਵਰਲਡ ਹੈਲਥ ਔਰਗੇਨਾਈਜ਼ੇਸ਼ਨ ਨੇ ਇਸਨੂੰ ਮਾਨਤਾ ਦਿੱਤੀ ਹੈ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਕੈਨੇਡਾ ਇਸਨੂੰ ਮਾਨਤਾ ਕਿਉਂ ਨਹੀਂ ਦਿੰਦਾ। 

ਇਸੇ ਤਰ੍ਹਾਂ ਰਸ਼ੀਆ ਦੀ ਸਪੁਤਨਿਕ V ਵੈਕਸੀਨ ਵੀ ਇਸ ਸੂਚੀ ਵਿਚ ਸ਼ਾਮਲ ਨਹੀਂ ਹੈ। ਸਪੁਤਨਿਕ V ਵੈਕਸੀਨ ਰਸ਼ੀਆ ਸਮੇਤ ਮੈਕਸੀਕੋ, ਭਾਰਤ, ਬ੍ਰਾਜ਼ੀਲ, ਅਰਜਨਟੀਨਾ ਅਤੇ ਕਈ ਹੋਰ ਦੱਖਣੀ ਅਮਰੀਕੀ ਦੇਸ਼ਾਂ ਵਿਚ ਦਿੱਤੀ ਜਾ ਰਹੀ ਹੈ। ਹੰਗਰੀ, ਸਰਬੀਆ ਅਤੇ ਸਲੋਵਾਕੀਆ ਵਿਚ ਵੀ ਇਸਦੇ ਇਸਤੇਮਾਲ ਨੂੰ ਮੰਜ਼ੂਰੀ ਮਿਲੀ ਹੋਈ ਹੈ। 

ਅਸੀਂ ਸੋਚਿਆ ਕਿ ਅਸੀਂ ਕੁਝ ਚੰਗਾ ਕਰ ਰਹੇ ਹਾਂ 

ਲਿਨ ਟੌਗਨੇਟ-ਲੋਗੀ , ਇੱਕ ਕੈਨੇਡੀਅਨ ਨਰਸ ਹੈ ਜੋ ਪਿਛਲੇ 10 ਸਾਲ ਤੋਂ ਮਾਸਕੋ ਵਿਚ ਰਹੀ ਰਹੀ ਹੈ। ਜਦੋਂ ਫ਼ਰਵਰੀ ਵਿਚ ਵਿਦੇਸ਼ੀ ਨਾਗਰਿਕਾਂ ਵਾਸਤੇ ਰਸ਼ੀਆ ਵਿਚ ਵੈਕਸੀਨ ਦਿੱਤੀ ਜਾਣੀ ਸ਼ੁਰੂ ਹੋਈ ਤਾਂ ਉਦੋਂ ਉਸਨੇ ਵੀ ਵੈਕਸੀਨ ਲਗਵਾ ਲਈ। ਇੱਕ ਹੈਲਥ-ਕੇਅਰ ਪ੍ਰੋਫੈਸ਼ਨਲ ਦੇ ਤੌਰ ਤੇ ਉਸਨੇ ਫ਼ੈਸਲਾ ਕੀਤਾ ਕਿ ਉਹ ਖੁਦ ਨੂੰ ਅਤੇ ਬਾਕੀਆਂ ਨੂੰ ਸੁਰੱਖਿਅਤ ਰੱਖਣ ਲਈ ਜੋ ਵੈਕਸੀਨ ਵੀ ਉਪਲਬਦ ਹੈ ਉਸਦਾ ਟੀਕਾ ਲਗਵਾਏਗੀ। 

ਇਹ ਬਹੁਤ ਹੀ ਨਿਰਾਸ਼ਾਜਨਕ ਹੈ, ਜਦੋਂ ਤੁਸੀਂ ਸੋਚਿਆ ਕਿ ਤੁਸੀਂ ਕੁਝ ਚੰਗਾ ਕਰ ਰਹੇ ਹੋ ਅਤੇ ਬਾਅਦ ਵਿਚ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਰਥ ਹੈ, ਉਸਨੇ ਕਿਹਾ। 

ਸਪੁਤਨਿਕ ਨੂੰ ਫ਼ਿਲਹਾਲ WHO, (ਵਰਲਡ ਹੈਲਥ ਔਰਗੇਨਾਈਜ਼ੇਸ਼ਨ)  ਤੋਂ ਪ੍ਰਵਾਨਗੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ। 

ਲਿਨ ਟੌਗਨੇਟ-ਲੋਗੀ

ਲਿਨ ਟੌਗਨੇਟ-ਲੋਗੀ , ਇੱਕ ਕੈਨੇਡੀਅਨ ਨਰਸ ਹੈ ਜੋ ਪਿਛਲੇ 10 ਸਾਲ ਤੋਂ ਮਾਸਕੋ ਵਿਚ ਰਹੀ ਰਹੀ ਹੈ। ਜਦੋਂ ਫ਼ਰਵਰੀ ਵਿਚ ਵਿਦੇਸ਼ੀ ਨਾਗਰਿਕਾਂ ਵਾਸਤੇ ਰਸ਼ੀਆ ਵਿਚ ਵੈਕਸੀਨ ਦਿੱਤੀ ਜਾਣੀ ਸ਼ੁਰੂ ਹੋਈ ਤਾਂ ਉਦੋਂ ਉਸਨੇ ਵੀ ਵੈਕਸੀਨ ਲਗਵਾ ਲਈ। ਸਪੁਤਨਿਕ ਨੂੰ ਫ਼ਿਲਹਾਲ WHO ਤੋਂ ਪ੍ਰਵਾਨਗੀ ਮਿਲਣ ਦੀ ਉਡੀਕ ਹੈ।

ਲਿਨ ਨੂੰ ਉਮੀਦ ਸੀ ਕਿ ਉਹ ਇਹਨਾਂ ਗਰਮੀਆਂ ਵਿਚ ਆਪਣੇ ਘਰ ਵਿਨੀਪੈਗ ਆਏਗੀ ਪਰ ਹੁਣ ਉਸਨੇ ਨਾ ਆਉਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਕੈਨੇਡਾ ਆਉਣ ਤੇ ਉਸਨੂੰ ਆਪਣੀਆਂ ਛੁਟੀਆਂ ਵਿਚੋਂ ਦੋ ਹਫ਼ਤਿਆਂ ਦਾ ਸਮਾਂ ਇਕਾਂਤਵਾਸ ਵਿਚ ਗੁਜ਼ਾਰਨਾ ਪਵੇਗਾ। 

ਮੈਂ ਬਹੁਤ ਨਿਰਾਸ਼ ਹਾਂ ਕਿਉਂਕਿ ਉਹਨਾਂ ਨੂੰ ਇੱਦਾਂ ਨਹੀਂ ਲਗਦਾ ਕਿ ਬਾਕੀ ਵੈਕਸੀਨਾਂ ਵੀ ਹੈਲਥ ਕੈਨਡਾ ਵੱਲੋਂ ਮੰਜ਼ੂਰਸ਼ੁਦਾ ਵੈਕਸੀਨਾਂ ਵਾਂਗ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ, ਲਿਨ ਨੇ ਕਿਹਾ।

ਲਿਨ ਅਤੇ ਗਿਬਸਨ ਦੋਵਾਂ ਨੂੰ ਲਗਦਾ ਹੈ ਕਿ ਫੈਡਰਲ ਸਰਕਾਰ ਨੂੰ ਆਪਣੀ ਨਵੀ ਨੀਤੀ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ ਤਾਂਕਿ ਹੈਲਥ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਾਂ ਤੋਂ ਵੱਖਰੀਆਂ ਵੈਕਸੀਨਾਂ ਲੈਣ ਵਾਲੇ ਕੈਨੇਡੀਅਨਜ਼ ਨੂੰ ਵੀ ਸ਼ਾਮਲ ਕੀਤਾ ਜਾ ਸਕੇ। 

ਫ਼ੈਡਰਲ ਸਰਕਾਰ ਨੇ 22 ਫ਼ਰਵਰੀ ਤੋਂ ਇਹ ਨਿਯਮ ਬਣਾਇਆ ਹੋਇਆ ਹੈ ਕਿ ਜੋ ਵੀ ਅੰਤਰਰਾਸ਼ਟਰੀ ਯਾਤਰੀ ਕੈਨੇਡਾ ਦਾਖ਼ਲ ਹੋਵੇਗਾ, ਉਸਦਾ ਕੈਨੇਡਾ ਪਹੁੰਚਣ ਤੇ ਕੋਵਿਡ ਟੈਸਟ ਕੀਤਾ ਜਾਵੇਗਾ ਅਤੇ ਜਦੋਂ ਤੱਕ ਉਸਦਾ ਕੋਵਿਡ ਰਿਜ਼ਲਟ ਨਹੀਂ ਆ ਜਾਂਦਾ, ਉਸਨੂੰ ਆਪਣੇ 14 ਦਿਨਾਂ ਦੇ ਕੁਆਰੰਟੀਨ ਪੀਰੀਅਡ ਵਿਚੋਂ ਤਿੰਨ ਦਿਨ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਹੋਟਲ ਵਿਚ ਬਿਤਾਉਣੇ ਪੈਣਗੇ। ਜ਼ਮੀਨੀ ਸਰਹੱਦਾਂ ਤੋਂ ਕੈਨੇਡਾ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਵੀ ਕੋਵਿਡ ਟੈਸਟ ਦੇਣਾ ਲਾਜ਼ਮੀ ਹੈ ਅਤੇ 14 ਦਿਨਾਂ ਦੇ ਕੁਆਰੰਟੀਨ ਪੀਰੀਅਡ ਦੌਰਾਨ ਦੁਬਾਰਾ ਉਹਨਾਂ ਦਾ ਕੋਵਿਡ ਟੈਸਟ ਕੀਤਾ ਜਾਂਦਾ ਹੈ। 

ਹੈਲਥ ਕਨੇਡਾ ਵੱਲੋਂ ਕੋਈ ਸਪਸ਼ਟੀਕਰਨ ਨਹੀਂ

ਸੀਬੀਸੀ ਨੇ ਹੈਲਥ ਕੈਨੇਡਾ ਕੋਲੋਂ ਸਪਸ਼ਟੀਕਰਨ ਮੰਗਿਆ ਕਿ ਜਿਹਨਾਂ ਲੋਕਾਂ ਨੇ ਹੈਲਥ ਕੈਨੇਡਾ ਦੀ ਪ੍ਰਵਾਨਗੀ ਵਾਲੀਆਂ ਵੈਕਸੀਨਾਂ ਤੋਂ ਵੱਖਰੀਆਂ ਵੈਕਸੀਨਾਂ ਲਿੱਤੀਆਂ ਹਨ ਉਹ ਨਵੀਆਂ ਛੋਟਾਂ ਦੇ ਯੋਗ ਕਿਉਂ ਨਹੀਂ ਹਨ। ਹੈਲਥ ਕੈਨੇਡਾ ਨੇ ਅਜਿਹਾ ਕਰਨ ਪਿਛੇ ਕਾਰਨ ਸਪਸ਼ਟ ਨਹੀਂ ਕੀਤੇ ਅਤੇ ਕਿਹਾ ਕਿ ਜੁਲਾਈ ਮਹੀਨੇ ਵਿਚ ਸੰਭਾਵਿਤ ਤੌਰ ਤੇ ਲਾਗੂ ਹੋਣ ਵਾਲੀਆਂ ਛੋਟਾਂ ਦੇ ਵੇਰਵੇ ਅਗਲੇ ਕੁਝ ਹਫ਼ਤਿਆਂ ਵਿਚ ਉਬਲਬਦ ਹੋਣਗੇ। 

ਹੈਲਥ ਮਨਿਸਟਰ ਨੂੰ ਸਲਾਹ ਦੇਣ ਲਈ ਬਣਾਏ ਮਾਹਰਾਂ ਦੇ ਇੱਕ ਪੈਨਲ ਨੇ ਪਿਛਲੇ ਮਹੀਨੇ ਸਿਫਾਰਿਸ਼ ਕੀਤੀ ਸੀ ਕਿ ਕੈਨੇਡਾ ਨੂੰ ਹੋਟਲ ਕੁਆਰੰਟੀਨ ਸਿਸਟਮ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ ਅਤੇ ਜਿਹਨਾਂ ਯਾਤਰੀਆਂ ਨੇ ਕੋਵਿਡ ਵੈਕਸੀਨ ਦੀ ਇੱਕ ਡੋਜ਼ ਵੀ ਲਿੱਤੀ ਹੈ ਉਹਨਾਂ ਨੂੰ ਕੋਵਿਡ ਟੈਸਟ ਨੈਗੇਟਿਵ ਆਉਂਦਿਆਂ ਇਕਾਂਤਵਾਸ ਖ਼ਤਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਅਗਲੇ ਹਫ਼ਤੇ ਸਰਕਾਰ ਨੇ ਕਿਹਾ ਸੀ ਕਿ 14 ਦਿਨਾਂ ਦੀ ਕੁਆਰੰਟੀਨ ਨਿਯਮ ਵਿਚ ਜਲਦੀ ਤਬਦੀਲੀ ਕੀਤੀ ਜਾਵੇਗੀ। 

ਸਾਵਧਾਨੀ ਵਰਤਣਾ ਜ਼ਰੂਰੀ : ਮਾਹਰ

ਕੁਈਨਜ਼ ਯੂਨੀਵਰਸਿਟੀ ਵਿਚ ਇੰਫੈਕਸ਼ਸ ਡਿਸੀਜ਼ ਦੇ ਚੇਅਰ ਡਾ ਜੇਰਾਲਡ ਇਵੈਨਜ਼ ਦਾ ਕਹਿਣਾ ਹੈ ਕਿ ਕੈਨੇਡਾ ਲਈ ਅਹਿਤਿਆਤ ਵਰਤਣਾ ਜ਼ਰੂਰੀ ਹੈ ਕਿਉਂਕਿ ਸਾਇਨੋਫਾਰਮ ਅਤੇ ਸਪੁਤਨਿਕ V ਦੇ ਪ੍ਰਭਾਵਸ਼ਾਲੀ ਹੋਣ ਬਾਰੇ ਫ਼ਿਲਹਾਲ ਸੀਮਤ ਜਾਣਕਾਰੀ ਹੈ। 

ਮੈਨੂੰ ਲੱਗਦਾ ਹੈ ਕਿ ਜਿਹਨਾਂ ਬਹੁਤੇ ਦੇਸ਼ਾਂ ਵਿਚ ਇਹ ਵੈਕਸੀਨਾਂ ਮੰਜ਼ੂਰ ਕੀਤੀਆਂ ਗਈਆਂ ਹਨ ਉੱਥੇ ਡਾਟਾ ਜਮਾਂ ਕਰਨ ਵਿਚ ਪਾਰਦਰਸ਼ਤਾ ਇੱਕ ਚੁਣੌਤੀ ਹੈ, ਇਵੈਨਜ਼ ਨੇ ਕਿਹਾ। 

ਪਰ ਇਸਦੇ ਬਾਵਜੂਦ, ਇਵੈਨਜ਼ ਮੁਤਾਬਿਕ ਵੀ ਕੈਨੇਡਾ ਦੇ ਮੌਜੂਦਾ ਕੁਆਰੰਟੀਨ ਨਿਯਮਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ। 

ਭਾਵੇਂ ਕਿ ਸਰਕਾਰ ਨੇ ਕਿਹਾ ਹੈ ਕਿ ਅਗਲੇ ਮਹੀਨੇ ਰੋਕਾਂ ਵਿਚ ਕੁਝ ਨਰਮੀ ਕੀਤੀ ਜਾਵੇਗੀ ਪਰ ਅਜੇ ਵੀ ਬਾਹਰਲੇ ਮੁਲਕਾਂ ਵਿਚ ਰਹਿੰਦੇ ਬਹੁਤ ਸਾਰੇ ਕੈਨੇਡੀਅਨਜ਼ ਅਜਿਹੇ ਹਨ ਜੋ ਫ਼ਸਿਆ ਮਹਿਸੂਸ ਕਰ ਰਹੇ ਹਨ ਅਤੇ ਉਹ ਆਪਣੇ ਮੁਲਕ ਵਾਪਸ ਆਉਣ ਲਈ ਹੁਣ ਕਿਸੇ ਅਗਲੇ ਮੌਕੇ ਦੀ ਉਡੀਕ ਕਰਨਗੇ। 

ਸਲਮਾ ਨੂਰਮੁਹੰਮਦ (ਨਵੀਂ ਵਿੰਡੋ) · ਸੀਬੀਸੀ

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਆਰਸੀਆਈ

ਸੁਰਖੀਆਂ