1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਲੰਡਨ ਹਮਲੇ ਨੂੰ ਅੰਜਾਮ ਦੇਣ ਵਾਲੇ 20 ਸਾਲਾ ਨੌਜਵਾਨ ਖਿਲਾਫ਼ ਲੱਗੇ ਅੱਤਵਾਦ ਦੇ ਦੋਸ਼

ਲੰਡਨ ਹਮਲੇ ਵਿਚ ਮਾਰੇ ਗਏ ਪਰਿਵਾਰ ਦੀ ਇਕ ਤਸਵੀਰ

(ਖੱਬੇ ਤੋਂ ਸੱਜੇ )ਯਮਨਾ ਅਫ਼ਜ਼ਾਲ 15 ,ਮਦੀਹਾ ਸਲਮਾਨ, 44 ,ਤਲਤ ਅਫ਼ਜ਼ਾਲ , 74 ਅਤੇ ਸਲਮਾਨ ਅਫ਼ਜ਼ਾਲ 46 । 6 ਜੂਨ ਨੂੰ ਪੈਦਲ ਜਾਂਦੇ ਇਸ ਪਰਿਵਾਰ ਨੂੰ ਪਿਕ-ਅਪ ਚਲਾ ਰਹੇ ਵਿਅਕਤੀ ਨੇ ਗੱਡੀ ਥੱਲੇ ਕੁਚਲ ਕੇ ਮਾਰ ਦਿੱਤਾ ਸੀ।

RCI

ਬੀਤੇ ਹਫ਼ਤੇ ਓਨਟੇਰੀਓ ਦੇ ਲੰਡਨ ਸ਼ਹਿਰ ਵਿਚ ਇੱਕ ਮੁਸਲਿਮ ਪਰਿਵਾਰ ਨੂੰ ਗੱਡੀ ਥੱਲੇ ਕੁਚਲ ਕੇ ਮਾਰਨ ਦੇ ਮਾਮਲੇ ਵਿਚ ਚਾਰ ਕ਼ਤਲ ਅਤੇ ਇੱਕ ਇਰਾਦਾ ਕ਼ਤਲ ਦੇ ਮਾਮਲੇ ਵਿਚ ਚਾਰਜ ਕੀਤੇ ਨੌਜਵਾਨ ਦੇ ਖਿਲਾਫ਼ ਅੱਤਵਾਦ ਦੇ ਦੋਸ਼ ਵੀ ਲਗਾ ਦਿੱਤੇ ਗਏ ਹਨ।

20 ਸਾਲ ਦੇ ਨਥੇਨੀਅਲ ਵੈਲਟਮਨ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਪੇਸ਼ੀ ਦੌਰਾਨ, ਫੈਡਰਲ ਅਤੇ ਸੂਬੇ ਦੇ ਸਰਕਾਰੀ ਵਕੀਲਾਂ ਨੇ ਉਸ ਉੱਤੇ ਅੱਤਵਾਦ ਨਾਲ ਸਬੰਧਤ ਦੋ ਦੋਸ਼ ਆਇਦ ਕੀਤੇ। 

ਲੰਘੀ 6 ਜੂਨ ਨੂੰ ਸਲਮਾਨ ਅਫ਼ਜ਼ਾਲ , 46 , ਉਸਦੀ ਪਤਨੀ ਮਦੀਹਾ ਸਲਮਾਨ, 44 , ਉਹਨਾਂ ਦੀ 15 ਸਾਲ ਦੀ ਬੇਟੀ ਯਮਨਾ ਅਫ਼ਜ਼ਾਲ ਅਤੇ ਸਲਮਾਨ ਅਫ਼ਜ਼ਾਲ ਦੀ 74 ਸਾਲ ਦੀ ਮਾਂ- ਸੈਰ ਕਰਨ ਵੇਲੇ ਇੱਕ ਕਾਲੇ ਰੰਗ ਦੇ ਪਿਕ-ਅਪ ਟਰੱਕ ਨਾਲ ਕੁਚਲ ਕੇ ਮਾਰ ਦਿੱਤੇ ਗਏ। ਇਸ ਪਰਿਵਾਰ ਦਾ ਇੱਕੋ ਇੱਕ ਮੈਂਬਰ, 9 ਸਾਲ ਦਾ ਫਾਇਜ਼ ਜਿਉਂਦਾ ਬਚਿਆ ਹੈ ਜੋ ਅਜੇ ਵੀ ਹਸਪਤਾਲ ਵਿਚ ਇਲਾਜ ਅਧੀਨ ਹੈ। ਜਾਂਚ ਅਧਿਕਾਰੀਆਂ ਅਨੁਸਾਰ ਇਹ ਵਾਰਦਾਤ ਯੋਜਨਾਬੱਧ ਸੀ ਅਤੇ ਜਾਣ ਬੁਝ ਕੇ ਇਸ ਪਰਿਵਾਰ ਨੂੰ ਸਿਰਫ਼ ਉਹਨਾਂ ਦੇ ਮੁਸਲਮਾਨ ਹੋਣ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ। 

ਦੋ ਦਿਨ ਪਹਿਲਾਂ ਹੀ ਲੰਡਨ ਦੇ ਇਸ ਪਰਿਵਾਰ ਦੀਆਂ ਅੰਤਿਮ ਰਸਮਾਂ( ਦਫ਼ਨ-ਕਫ਼ਨ) ਕੀਤਾ ਗਿਆ ਸੀ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। 

ਐਲਗਿਨ ਮਿਡਲਸੈਕਸ ਡਿਟੈਂਸ਼ਨ ਸੈਂਟਰ ਤੋਂ ਵੀਡੀਓ ਮਾਧਿਅਮ ਰਾਹੀਂ ਅਦਾਲਤ ਵਿਚ ਪੇਸ਼ ਹੋਣ ਵੇਲੇ ਵੈਲਟਮਨ ਨੇ ਸੰਤਰੀ ਰੰਗ ਦੀ ਟੀ-ਸ਼ਰਟ ਅਤੇ ਪੈਂਟ ਪਹਿਨੀ ਹੋਈ ਸੀ ਅਤੇ ਨੀਲੇ ਰੰਗ ਦਾ ਮਾਸਕ ਪਹਿਨਿਆ ਹੋਇਆ ਸੀ। ਉਸਨੇ ਜੱਜ ਨੂੰ ਦੱਸਿਆ ਕਿ ਉਸਨੇ ਫ਼ਿਲਹਾਲ ਕੋਈ ਵਕੀਲ ਨਹੀਂ ਕੀਤਾ ਹੈ। 

ਪਬਲਿਕ ਪ੍ਰੌਸੀਕਿਊਸ਼ਨ ਸਰਵਿਸ ਔਫ਼ ਕੈਨੇਡਾ ਦੀ ਸਾਰਾ ਸ਼ੇਖ ( ਸਰਕਾਰੀ ਵਕੀਲ ) ਨੇ ਮੁਜਰਿਮ ਨੂੰ ਕਿਹਾ, ਮਿਸਟਰ ਵੈਲਟਮਨ , ਤੁਹਾਨੂੰ ਕ਼ਤਲ ਦੇ ਚਾਰ ਮਾਮਲਿਆਂ ਲਈ ਚਾਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹਨਾਂ ਕ਼ਤਲਾਂ ਨੂੰ ਜਾਣ-ਬੁਝ ਕੇ ਯੋਜਨਾਬੱਧ ਤਰੀਕੇ ਨਾਲ ਅੰਜਾਮ ਦੇਣ ਦੇ ਇਲਜ਼ਾਮਾਂ ਦੇ ਚਲਦਿਆਂ ਹੁਣ ਇਲਜ਼ਾਮਾਂ ਵਿਚ ਅੱਤਵਾਦ ਦੇ ਦੋਸ਼ ਵੀ ਸ਼ਾਮਿਲ ਹਨ। 

ਸਰਕਾਰੀ ਵਕੀਲਾਂ ਨੇ ਅੱਤਵਾਦ ਦੇ ਦੋਸ਼ਾਂ ਦੀ ਪੁਸ਼ਟੀ ਕਰਨ ਵਾਲੇ ਇੱਕ ਦਸਤਾਵੇਜ਼ ਤੇ ਵੀ ਹਸਤਾਖਰ ਕੀਤੇ । 

'ਕੋਈ ਹੋਰ ਸੰਭਾਵਿਤ ਖ਼ਤਰਾ ਨਹੀਂ' 

ਵੈਲਟਮਨ ਉੱਤੇ ਅੱਤਵਾਦ ਦੇ ਦੋਸ਼ ਆਇਦ ਹੋਣੇ ਚਾਹੀਦੇ ਹਨ ਜਾ ਨਹੀਂ ਇਸ ਬਾਰੇ ਲੰਡਨ ਪੁਲਿਸ ਲਗਾਤਾਰ ਆਰ.ਸੀ.ਐਮ.ਪੀ. (ਰੌਇਲ ਕਨੇਡੀਅਨ ਮਾਉੰਟੇਡ ਪੁਲਿਸ)ਦੀ ਵਿਸ਼ੇਸ਼ ਟੀਮ, ਮਿਨਿਸਟ੍ਰੀ ਔਫ਼ ਅਟੌਰਨੀ ਜਨਰਲ ਅਤੇ ਪਬਲਿਕ ਪ੍ਰੌਸੀਕਿਊਸ਼ਨ ਸਰਵਿਸ ਔਫ਼ ਕੈਨੇਡਾ ਨਾਲ ਮਿਲਕੇ ਕੰਮ ਕਰ ਰਹੀ ਸੀ। 

ਲੰਡਨ ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਜਾਰੀ ਕਰਦਿਆਂ ਕਿਹਾ , ਲੰਡਨ ਪੁਲਿਸ ਅਤੇ ਆਰ।ਸੀ।ਐਮ।ਪੀ। ਲੋਕਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਸ਼ੱਕੀ ਵਿਅਕਤੀ ਨਾਲ ਸੰਬੰਧਤ ਮਾਮਲੇ ਵਿਚ ਆਮ ਲੋਕਾਂ ਨੂੰ ਕਿਸੇ ਕਿਸਮ ਦਾ ਕੋਈ ਸੰਭਾਵਿਤ ਖ਼ਤਰਾ ਨਹੀਂ ਹੈ। 

ਨਥੇਨੀਅਲ ਵੈਲਟਮਨ ਦੇ ਅਦਾਲਤ ਵਿਚ ਪੇਸ਼ ਹੁੰਦਿਆਂ ਦਾ ਇਕ ਸਕੈਚ

20 ਸਾਲ ਦਾ ਨਥੇਨੀਅਲ ਵੈਲਟਮਨ ਵੀਡੀਓ ਲਿੰਕ ਰਾਹੀਂ ਓਨਟੇਰੀਓ ਸੁਪੀਰੀਅਰ ਕੋਰਟ ਵਿਚ ਪੇਸ਼ ਹੋਇਆ। ਕ਼ਤਲ ਦੇ ਦੋਸ਼ਾਂ ਦੇ ਨਾਲ ਉਸ ਉੱਤੇ ਅੱਤਵਾਦ ਦੇ ਦੋ ਦੋਸ਼ ਵੀ ਆਇਦ ਕੀਤੇ ਗਏ ਹਨ।

ਇਸ ਰਿਲੀਜ਼ ਵਿਚ ਆਮ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਜੇ ਉਹਨਾਂ ਕੋਲ ਕਿਸੇ ਅਜਿਹੀ ਅਪਰਾਧਕ ਕੱਟੜਪੰਥੀ ਗਤੀਵਿਧੀ ਜਾਂ ਕਿਸੇ ਸ਼ੱਕੀ ਹਿਲਜੁਲ ਦੀ ਜਾਣਕਾਰੀ ਹੋਵੇ ਜੋ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੋਵੇ, ਤਾਂ ਉਹ ਪੁਲਿਸ ਨਾਲ ਜ਼ਰੂਰ ਸੰਪਰਕ ਕਰਨ।

ਕੈਨੇਡਾ ਦੇ ਅੱਤਵਾਦ ਵਿਰੋਧੀ ਕਾਨੂੰਨ ਅਤੇ ਕ੍ਰਿਮੀਨਲ ਕੋਡ ਅਧੀਨ ਅੱਤਵਾਦ ਇਕ ਸੰਗੀਨ ਅਪਰਾਧ ਹੈ ਜਿਸ ਵਿਚ ਪੂਰਨ ਜਾਂ ਅੰਸ਼ਿਕ ਤੌਰ ਤੇ ਲੋਕਾਂ ਨੂੰ ਕਿਸੇ ਸਿਆਸੀ, ਧਾਰਮਿਕ ਜਾਂ ਵਿਚਾਰਧਾਰਕ ਕਾਰਨਾਂ ਕਰਕੇ ਧਮਕਾਉਣ ਦਾ ਵਤੀਰਾ ਸ਼ਾਮਿਲ ਹੈ। 

ਲੰਡਨ ਵਿਚ ਹੋਇਆ ਹਮਲਾ ਸ਼ਹਿਰ ਵਿਚ ਸਮੂਹਿਕ ਕਤਲ ਦੀ ਪਹਿਲੀ ਘਟਨਾ ਹੈ ਜਿਸ ਤੋਂ ਬਾਅਦ ਮੁਸਲਿਮ ਭਾਈਚਾਰੇ ਵਿਚ ਡਰ ਦਾ ਮਾਹੌਲ ਹੈ। 

ਪੁਲਿਸ ਦਾ ਕਹਿਣਾ ਹੈ ਕਿ ਇਹ ਪਰਿਵਾਰ ਮੁਸਲਮਾਨ ਹੋਣ ਦੀ ਵਜ੍ਹਾ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ। 

ਇਸ ਘਾਤਕ ਹਮਲੇ ਤੋਂ ਬਾਅਦ, ਮੁਲਕ ਭਰ ਵਿਚ ਸ਼ੋਕ ਦਾ ਮਾਹੌਲ ਹੈ ਅਤੇ ਨਾਲ ਹੀ ਇਸਲਾਮੋਫੋਬੀਆ ਬਾਰੇ ਰਾਸ਼ਟਰੀ ਪੱਧਰ ਤੇ ਜਾਗਰੂਕਤਾ ਅਤੇ ਇਸ ਸਬੰਧੀ ਕਾਰਜ ਕੀਤੇ ਜਾਣ ਦੀ ਵੀ ਮੰਗ ਉੱਠ ਰਹੀ ਹੈ। 

ਇਹ ਵੀ ਪੜ੍ਹੋ ਕੀ ਲੰਡਨ ਹਮਲੇ ਦੇ ਮਾਮਲੇ ਵਿਚ ਅੱਤਵਾਦ ਦੇ ਦੋਸ਼ ਆਇਦ ਕਰਨੇ ਸੰਭਵ ਹੋਣਗੇ?

ਕੇਟ ਦੁਬਿਨਜ਼ਕੀ · ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕ਼ਵੀ, ਪੱਤਰਕਾਰ, ਆਰਸੀਆਈ

ਸੁਰਖੀਆਂ