1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦੇਣ ਵਿਚ ਕੈਨੇਡਾ ਕਿਵੇਂ ਬਣਿਆ ਨੰਬਰ 1 ਦੇਸ਼

64 % ਤੋਂ ਵੱਧ ਯੋਗ ਕੈਨੇਡੀਅਨਾਂ ਨੂੰ ਕੋਵਿਡ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ

ਇਕ ਡਾਕਟਰ ਇਕ ਬੱਚੀ ਨੂੰ ਟੀਕਾ ਲਗਾਉਂਦਿਆਂ

13 ਸਾਲ ਦੀ ਜੂਲੀਆ ਲੋਰੈਨਟੀ ਟੋਰੌਂਟੋ ਦੇ ਇੱਕ ਕਲੀਨਿਕ ਵਿਚ ਡਾ ਗੈਰੀ ਬਲੋਚ ਕੋਲੋਂ ਫਾਈਜ਼ਰ ਦੀ ਵੈਕਸੀਨ ਪ੍ਰਾਪਤ ਕਰਦਿਆਂ। ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਕੈਨੇਡਾ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ।

ਤਸਵੀਰ: Evan MItsui

RCI

ਮਸ਼ਹੂਰ ਅਮਰੀਕੀ ਕਾਰਡੀਓਲੌਜਿਸਟ ਅਤੇ ਖੋਜੀ ਐਰਿਕ ਟੋਪੋਲ ਕਈ ਮਹੀਨਿਆਂ ਤੋਂ ਦੁਨੀਆ ਭਰ ਵਿਚ ਕੋਵਿਡ ਟੀਕਾਕਰਨ ਮੁਹਿੰਮਾਂ ਉੱਤੇ ਨਜ਼ਰ ਬਣਾਏ ਹੋਏ ਹਨ ਅਤੇ ਉਹ ਆਪਣੇ ਗੁਆਂਢੀ ਮੁਲਕ ਦੇ ਵੈਕਸੀਨੇਸ਼ਨ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਪਹੁੰਚਣ ਤੋਂ ਕਾਫ਼ੀ ਪ੍ਰਭਾਵਿਤ ਹਨ।

ਉਹਨਾਂ ਨੇ ਆਪਣੀ ਤਾਜ਼ਾ ਟਵੀਟ ਵਿਚ ਕੈਨੇਡਾ ਦੀ ਵੈਕਸੀਨ ਮੁਹਿੰਮ ਦੀ ਰਫ਼ਤਾਰ ਦੀ ਪ੍ਰਸ਼ੰਸਾ ਕੀਤੀ ਹੈ।

ਉਹਨਾਂ ਕਿਹਾ ਕਿ ਕੈਨੇਡਾ ਦਾ ਸਿਖਰ 'ਤੇ ਪਹੁੰਚਣਾ ਮੁੱਖ ਤੌਰ 'ਤੇ ਉਸਦੇ ਕਲਚਰ (ਸਭਿਆਚਾਰ) ਕਰਕੇ ਸੰਭਵ ਹੋਇਆ ਹੈ। 

ਸੀਬੀਸੀ ਨੂੰ ਦਿੱਤੇ ਇਕ ਇੰਟਰਵਿਊ ਵਿਚ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਮੁਕਾਬਲੇ ਕੈਨੇਡਾ ਦੇ ਲੋਕ ਜ਼ਿਆਦਾ ਵਿਗਿਆਨਕ ਸਮਝ ਵਾਲੇ ਹਨ ਅਤੇ ਉਹਨਾਂ ਵਿਚ ਵੈਕਸੀਨ ਨੂੰ ਲੈਕੇ ਝਿਝਕ ਤੇ ਵੈਕਸੀਨ ਦਾ ਵਿਰੋਧ ਵੀ ਮੁਕਾਬਲਤਨ ਘੱਟ ਹੈ। 

ਅਵਰ ਵਰਲਡ ਇਨ ਡਾਟਾ ਨਾਮ ਦੀ ਔਨਲਾਈਨ ਖੋਜ ਪਬਲੀਕੇਸ਼ਨ ਮੁਤਾਬਿਕ, ਹਾਲ ਹੀ ਵਿਚ ਕੈਨੇਡਾ ਸਭ ਤੋਂ ਵੱਧ ਆਬਾਦੀ ਨੂੰ ਕੋਵਿਡ ਦੀ ਪਹਿਲੀ ਡੋਜ਼ ਦੇ ਚੁੱਕਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਇਜ਼ਰਾਇਲ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ। ਇਜ਼ਰਾਇਲ ਵੱਲੋਂ ਫਿਲਹਾਲ ਆਪਣੇ 63 ਫ਼ੀਸਦੀ ਨਾਗਰਿਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ ਪਰ ਕੈਨੇਡਾ 64 ਫ਼ੀਸਦੀ ਤੋਂ ਵਧੇਰੇ ਕੈਨੇਡੀਅਨ ਲੋਕਾਂ ਨੂੰ ਪਹਿਲੀ ਡੋਜ਼ ਦੇ ਚੁੱਕਾ ਹੈ। 

'ਇਸ ਵਿਚ ਕੋਈ ਜਾਦੂ ਨਹੀਂ ਹੈ' 

ਓਨਟੇਰੀਓ ਦੀ ਕੋਵਿਡ ਵੈਕਸੀਨ ਟਾਸ੍ਕ ਫੋਰਸ ਦੇ ਮੈਂਬਰ ਅਤੇ ਇੰਫੈਕਸ਼ਸ ਡਿਸੀਜ਼ ਮਾਹਰ, ਡਾ ਇਸਾਕ ਬੋਗੋਚ ਨੇ ਕਿਹਾ, ਇਸ ਵਿਚ ਕੋਈ ਜਾਦੂ ਨਹੀਂ ਹੈ । 

ਇਹ ਸਭ ਫ਼ੈਡਰਲ, ਸੂਬਾਈ ਅਤੇ ਲੋਕਲ ਪੱਧਰ ਉੱਤੇ ਮਿਲਕੇ ਕੰਮ ਕਰਨ ਦਾ ਨਤੀਜਾ ਹੈ। ਸਾਡੇ ਕੋਲ ਮੁਲਕ ਭਰ ਵਿਚ ਤੇਜ਼ੀ ਨਾਲ ਵੈਕਸੀਨ ਦਿੱਤੇ ਜਾ ਸਕਣ ਦੀ ਬੜੀ ਪ੍ਰਭਾਵਸ਼ਾਲੀ ਸਮਰੱਥਾ ਹੈ, ਉਹਨਾਂ ਨੇ ਕਿਹਾ।

ਪਰ ਅਵਰ ਵਰਲਡ ਇਨ ਡਾਟਾ ਦੇ ਮੁਖੀ ਐਡਵਰਡ ਮੈਥਿਊ ਦਾ ਕਹਿਣਾ ਹੈ ਕਿ ਇਸ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹਨ। 

ਟੀਕਾਕਰਨ ਵਿਚ ਕੈਨੇਡਾ ਦਾ ਸਿਖਰ ਤੇ ਪਹੁੰਚਣਾ ਮੁਖ ਤੌਰ ਤੇ ਇਸ ਗੱਲ ਕਰਕੇ ਸੰਭਵ ਹੋਇਆ ਹੈ ਕਿਉਂਕਿ ਕੈਨੇਡਾ ਨੇ ਵੱਧ ਤੋਂ ਵੱਧ ਕੈਨੇਡੀਅਨਾਂ ਨੂੰ ਪਹਿਲੀ ਡੋਜ਼ ਦਿੱਤੇ ਜਾਣ ਅਤੇ ਦੂਸਰੀ ਡੋਜ਼ ਦਾ ਵਕਫ਼ਾ ਵਧਾਉਣ ਦੀ ਨੀਤੀ ਅਪਣਾਈ ਹੈ, ਸੀਬੀਸੀ ਨੂੰ ਕੀਤੀ ਈ-ਮੇਲ ਵਿਚ ਉਹਨਾਂ ਕਿਹਾ।

ਇਸਦਾ ਮਤਲਬ ਇਹ ਹੈ ਕਿ ਕੈਨੇਡਾ ਦਾ ਪਹਿਲੀ ਤੋਂ ਦੂਸਰੀ ਡੋਜ਼ ਦਾ ਅਨੁਪਾਤ ਦੁਨੀਆ ਵਿਚ ਸਭ ਤੋਂ ਘੱਟ ਹੈ, ਉਹਨਾਂ ਕਿਹਾ। 

ਪਰ ਫੇਰ ਵੀ ਕੁਝ ਮਾਹਿਰ ਮੰਨਦੇ ਹਨ ਕਿ ਇੱਕ ਡੋਜ਼ ਨਾਲ ਦਿੱਤੀ ਗਈ ਆੰਸ਼ਿਕ ਸੁਰੱਖਿਆ ਨੇ ਮੁਲਕ ਵਿਚ ਕੋਵਿਡ ਦੀ ਤੀਸਰੀ ਲਹਿਰ ਤੇ ਕਾਬੂ ਪਾਉਣ ਵਿਚ ਮਦਦ ਕੀਤੀ ਹੈ। 

ਟੀਕਾਕਰਨ ਦੀ ਸ਼ੁਰੂਆਤ ਵਿਚ ਕੈਨੇਡਾ ਦੂਜੇ ਦੇਸ਼ਾਂ ਤੋਂ ਕਾਫ਼ੀ ਪਿੱਛੇ ਸੀ। ਚਾਰ ਮਹੀਨੇ ਪਹਿਲਾਂ, ਮਾਰਚ ਦੀ ਸ਼ੁਰੂਆਤ ਤੱਕ, ਕੈਨੇਡਾ ਵਿਚ 4 ਫ਼ੀਸਦੀ ਤੋਂ ਵੀ ਘੱਟ ਅਬਾਦੀ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਸੀ - ਜੋ ਕਿ ਫ਼ਰਾਂਸ (4.7%) ਅਤੇ ਜਰਮਨੀ ਤੇ ਇਟਲੀ (5.1% ਦੋਵੇਂ ) ਤੋਂ ਥੋੜਾ ਪਿੱਛੇ, ਪਰ ਅਮਰੀਕਾ(15.2 %), ਯੂਕੇ (30.5 %) ਅਤੇ ਇਜ਼ਰਾਇਲ (55 %) ਦੇ ਮੁਕਾਬਲੇ ਕਾਫ਼ੀ ਪਿੱਛੇ ਸੀ।

ਰਫ਼ਤਾਰ 'ਚ ਆਈ ਤੇਜ਼ੀ 

ਮੈਥਿਊ ਦਾ ਕਹਿਣਾ ਹੈ ਕਿ 1 ਅਪ੍ਰੈਲ ਤੋਂ ਬਾਅਦ ਕੈਨੇਡਾ ਦੀ ਵੈਕਸੀਨੇਸ਼ਨ ਦੀ ਰਫ਼ਤਾਰ ਵਿਚ ਜ਼ਬਰਦਸਤ ਤੇਜ਼ੀ ਆਈ ।

ਪਹਿਲਾਂ ਹਰ ਰੋਜ਼ ਔਸਤਨ 188,000 ਲੋਕਾਂ ਨੂੰ ਕੈਨੇਡਾ ਵਿਚ ਹਰ ਰੋਜ਼ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਰਹੀ ਸੀ , ਪਰ ਹੁਣ ਔਸਤਨ 375,000 ਲੋਕਾਂ ਨੂੰ, ਜੋ ਕਿ ਕਰੀਬ ਇੱਕ ਫ਼ੀਸਦੀ ਆਬਾਦੀ ਕਹੀ ਸਕਦੀ ਹੈ, ਨੂੰ ਰੁਜ਼ਾਨਾ ਵੈਕਸੀਨ ਡੋਜ਼ ਦਿੱਤੀ ਜਾ ਰਹੀ ਹੈ। ਇਸੇ ਕਰਕੇ ਕੈਨੇਡਾ ਹੁਣ ਜੀ-7 ਦੇਸ਼ਾਂ ਵਿਚ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ ਅਤੇ ਇਸ ਰਫ਼ਤਾਰ ਵਿਚ ਕਮੀ ਆਉਣ ਦੇ ਵੀ ਕੋਈ ਲੱਛਣ ਨਹੀਂ ਹਨ। 

ਵੈਕਸੀਨ ਕਲੀਨਿਕ ਦੇ ਬਾਹਰ ਖੜੇ ਕੁਝ ਲੋਕ ਅਤੇ ਇੱਕ ਬੋਰਡ ਪਾਰਕਿੰਗ ਦਾ ਇਸ਼ਾਰਾ ਕਰਦਿਆਂ

ਵੈਨਕੂਵਰ ਦੇ ਕਿੱਲਰਨੀ ਕਮਿਊਨਿਟੀ ਸੈਂਟਰ ਵਿਖੇ ਲੋਕ ਕੋਵਿਡ ਵੈਕਸੀਨ ਲਈ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਦਿਆਂ। ਪਹਿਲਾਂ ਕੈਨੇਡਾ ਵੈਕਸੀਨ ਦਿੱਤੇ ਜਾਣ ਦੇ ਮਾਮਲੇ ਵਿਚ ਕਈ ਦੇਸ਼ਾਂ ਤੋਂ ਪਿੱਛੇ ਸੀ ਪਰ 1 ਅਪ੍ਰੈਲ ਤੋਂ ਬਾਅਦ ਕੈਨੇਡਾ ਦੀ ਵੈਕਸੀਨੇਸ਼ਨ ਦੀ ਰਫ਼ਤਾਰ ਵਿਚ ਜ਼ਬਰਦਸਤ ਤੇਜ਼ੀ ਆਈ।

ਤਸਵੀਰ: Bel Nelms

ਕੈਨੇਡਾ ਦੀ ਪਬਲਿਕ ਸਰਵਿਸੇਜ਼ ਐਂਡ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਅਨੰਦ ਨੇ ਹਾਲ ਹੀ ਵਿਚ ਕਿਹਾ ਸੀ ਕਿ ਜੁਲਾਈ ਮਹੀਨੇ ਦੇ ਅੰਤ ਤੱਕ ਕੈਨੇਡਾ ਘੱਟੋ ਘੱਟ 55 ਮਿਲੀਅਨ ਕੋਵਿਡ ਖੁਰਾਕਾਂ ਹੋਰ ਪ੍ਰਾਪਤ ਕਰੇਗਾ। 

ਪਰ ਕੁਝ ਮਹੀਨੇ ਪਹਿਲਾਂ ਕੈਨੇਡਾ ਕੋਵਿਡ ਵੈਕਸੀਨ ਦੀ ਨਿਰੰਤਰ ਅਤੇ ਵੱਡੀ ਸਪਲਾਈ ਪ੍ਰਾਪਤ ਕਾਰਨ ਵਿਚ ਅਸਮਰੱਥ ਹੋ ਗਿਆ ਸੀ ਜਿਸਦਾ ਵੱਡਾ ਅਸਰ ਮੁਲਕ ਦੀ ਟੀਕਾਕਰਨ ਦਰ ਤੇ ਵੀ ਹੋਇਆ ਸੀ। 

ਇਸਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਲੰਬੇ ਸਮੇਂ ਤੋਂ ਵੈਕਸੀਨ ਸਪਲਾਈ ਲਈ ਹੋਰ ਦੇਸ਼ਾਂ ਤੇ ਨਿਰਭਰ ਹਾਂ, ਜੇਸਨ ਕਿੰਡਰਾਚੁਕ ਨੇ ਕਿਹਾ, ਜੋ ਯੂਨੀਵਰਸਿਟੀ ਔਫ਼ ਮੈਨੀਟੋਬਾ ਵਿਚ ਅਸਿਸਟੈਂਟ ਪ੍ਰੋਫ਼ੈਸਰ ਅਤੇ ਵਾਇਰਸ ਖੋਜ ਮਾਹਿਰ ਹਨ। 

ਸਾਡੇ ਕੋਲ ਅਜਿਹੀ ਸਮਰੱਥਾ ਨਹੀਂ ਸੀ ਕਿ ਅਸੀਂ ਕੈਨੇਡਾ ਵਿਚੋਂ ਹੀ ਇਹਨਾਂ ਵੈਕਸੀਨਾਂ ਨੂੰ ਪ੍ਰਾਪਤ ਕਰਕੇ ਇਹਨਾਂ ਦੀ ਵੰਡ ਸ਼ੁਰੂ ਕਰ ਸਕਦੇ। 

ਕੈਨੇਡਾ ਦੀ ਹੋਰ ਦੇਸ਼ਾਂ 'ਤੇ ਨਿਰਭਰਤਾ

ਕੈਨੇਡਾ ਨੂੰ ਅਮਰੀਕਾ ਅਤੇ ਯੂ.ਕੇ. ਵਰਗੇ ਦੇਸ਼ਾਂ ਤੇ ਨਿਰਭਰ ਹੋਣਾ ਪੈਣਾ ਸੀ ਜੋ ਕਿ ਖ਼ੁਦ ਆਪਣੇ ਪਲਾਂਟਾਂ ਵਿਚ ਬਣੀਆਂ ਵੈਕਸੀਨਾਂ ਨੂੰ ਆਪਣੀ ਆਬਾਦੀ ਨੂੰ ਦੇਣ ਨੂੰ ਹੀ ਤਰਜੀਹ ਦੇ ਰਹੇ ਸਨ । 

ਕਿੰਡਰਾਚੁਕ ਦੇ ਕਹਿਣ ਮੁਤਾਬਿਕ ਇਹ ਗੱਲ ਸ਼ੁਰੂ ਤੋਂ ਹੀ ਪਤਾ ਸੀ ਕਿ ਫ਼ੈਡਰਲ ਸਰਕਾਰ ਦੇ ਵੈਕਸੀਨ ਖ਼ਰੀਦ ਕਰਾਰਾਂ ਅਨੁਸਾਰ ਸਪਰਿੰਗ ਅਤੇ ਗਰਮੀਆਂ ਦੇ ਮੌਸਮ ਤੋਂ ਪਹਿਲਾਂ ਹੀ ਵੱਡੀ ਤਾਦਾਦ ਵਿਚ ਵੈਕਸੀਨ ਡੋਜ਼ਾਂ ਕੈਨੇਡਾ ਪਹੁੰਚਣੀਆਂ ਸ਼ੁਰੂ ਹੋਣੀਆਂ ਸਨ। 

ਕੈਨੇਡਾ ਦੇ ਮਾਮਲੇ ਵਿਚ ਮੈਨੂੰ ਲੱਗਦਾ ਹੈ ਕਿ ਜੇ ਸਾਰੀਆਂ ਚੀਜ਼ਾਂ ਨੂੰ ਧਿਆਨ ਵਿਚ ਰੱਖ ਕੇ ਸੋਚੀਏ ਤਾਂ ਅਸੀਂ ਬੇਹਤਰ ਕੀਤਾ ਹੈ, ਉਹਨਾਂ ਕਿਹਾ। ਜੇ ਅਜਿਹਾ ਪਹਿਲਾਂ ਕੀਤਾ ਜਾਂਦਾ ਤਾਂ ਸਾਡੇ ਲਈ ਬੇਹਤਰ ਹੁੰਦਾ? ਬਿਲਕੁਲ।

ਕੋਵਿਡ ਵੈਕਸੀਨ ਦੀ ਵੱਖਰੇ ਦੇਸ਼ਾਂ ਵਿਚ ਸਥਿਤੀ ਦਰਸਾਉਂਦਾ ਗ੍ਰਾਫ਼

ਅਵਰ ਵਰਲਡ ਇਨ ਡਾਟਾ ਦੀ ਜਾਣਕਾਰੀ ਤੇ ਆਧਾਰਤ

ਟੀਕਾਕਰਨ ਦੀ ਦਰ ਵਧਾਉਣ ਵਿਚ ਸੂਬਿਆਂ ਦਾ ਵੀ ਯੋਗਦਾਨ ਰਿਹਾ ਹੈ ਕਿਉਂਕਿ ਉਹਨਾਂ ਨੇ ਵੀ ਸਪਲਾਈ ਨਾਲ ਸਬੰਧਤ ਕਈ ਚੁਣੌਤੀਆਂ ਦੇ ਹਿਸਾਬ ਨਾਲ ਖ਼ੁਦ ਨੂੰ ਬੇਹਤਰ ਤਰੀਕੇ ਨਾਲ ਤਿਆਰ ਕੀਤਾ ਸੀ। 

ਸੂਬਿਆਂ ਨੇ ਬਦਲਦੀਆਂ ਪਰਿਸਥਿਤੀਆਂ ਦੇ ਹਿਸਾਬ ਨਾਲ ਖ਼ੁਦ ਨੂੰ ਢਾਲ ਕੇ ਟੀਕਾਕਰਨ ਮੁਹਿੰਮ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।

ਹਰੇਕ ਖੇਤਰ ਨੇ ਬਿਹਤਰ ਢੰਗ ਨਾਲ ਆਪਣਾ ਸਹਿਯੋਗ ਦਿੱਤਾ ਹੈ - ਸਿਹਤ ਖੇਤਰ, ਪਬਲਿਕ ਹੈਲਥ, ਕਲੀਨੀਕਲ ਕੇਅਰ , ਫਾਰਮੇਸੀਆਂ, ਪ੍ਰਾਇਮਰੀ ਕੇਅਰ, ਸਭ ਨੇ ਆਪਣੇ ਹਿੱਸੇ ਦੀ ਭੂਮਿਕਾ ਨਿਭਾਈ ਹੈ। ਅਸੀਂ ਰਲ਼ ਕੇ ਇਸ ਨੂੰ ਸਿਰੇ ਚੜ੍ਹਾਉਣ ਦਾ ਰਾਹ ਤਲਾਸ਼ ਕੀਤਾ । 

ਮਾਰਕ ਗੌਲਮ (ਨਵੀਂ ਵਿੰਡੋ) · ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕ਼ਵੀ, ਪੱਤਰਕਾਰ, ਆਰਸੀਆਈ

ਸੁਰਖੀਆਂ