1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਕਾਰੋਬਾਰ

ਜੀ 7 ਸੰਮੇਲਨ 'ਚ ਹਿੱਸਾ ਲੈਣ ਲਈ ਟਰੂਡੋ ਯੂ ਕੇ ਰਵਾਨਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ 7 ਸੰਮੇਲਨ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ।

ਤਸਵੀਰ: Radio-Canada / Adrian Wyld/The Canadian Press

Sarbmeet Singh

ਕੈਨੇਡਾ ਵੱਲੋਂ 100 ਮਿਲੀਅਨ ਤੱਕ ਕੋਵਿਡ -19 ਵੈਕਸੀਨ ਖੁਰਾਕਾਂ ਦੇਣ ਦਾ ਅਹਿਦ ।

ਕੋਰਨਵਾਲ ਵਿੱਚ ਹੋ ਰਹੇ ਜੀ -7 ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂ ਕੇ ਪਹੁੰਚ ਚੁੱਕੇ ਹਨ ।

ਇਸ ਸੰਮੇਲਨ ਤੋਂ ਬਾਅਦ, ਉਹ 14 ਜੂਨ ਨੂੰ ਹੋ ਰਹੇ ਨਾਟੋ ਸੰਮੇਲਨ ਵਿੱਚ ਵੀ ਸ਼ਮੂਲੀਅਤ ਕਰਨਗੇ । ਇੱਥੇ ਦੱਸਣਯੋਗ ਹੈ ਕਿ ਸਾਲ 2019 ਤੋਂ ਬਾਅਦ , ਜੀ -7 ਨੇਤਾਵਾਂ ਦੀ ਇਹ ਪਹਿਲੀ ਵਿਅਕਤੀਗਤ ਬੈਠਕ ਹੋਵੇਗੀ ਅਤੇ ਪ੍ਰਧਾਨ ਮੰਤਰੀ ਟਰੂਡੋ ਪੰਜਵੀਂ ਵਾਰ ਜੀ -7 ਸੰਮੇਲਨ 'ਚ ਹਿੱਸਾ ਲੈਣਗੇ।

ਕੋਵਿਡ- 19 ਮਹਾਂਮਾਰੀ ਦੇ ਦੌਰਾਨ, ਟਰੂਡੋ ਦਾ ਇਹ ਪਹਿਲਾ ਵਿਦੇਸ਼ ਦੌਰਾ ਹੈ। ਇਸਤੋਂ ਪਹਿਲਾ ਟਰੂਡੋ ਨੇ ਪਿਛਲੇ ਸਾਲ ਫਰਵਰੀ ਵਿੱਚ ਇਥੋਪੀਆ, ਸੈਨੇਗਲ, ਕੁਵੈਤ ਤੇ ਜਰਮਨੀ ਦਾ ਦੌਰਾ ਕੀਤਾ ਸੀ ।

ਇਸ ਸੰਮੇਲਨ ਦੌਰਾਨ ਵੱਖ-ਵੱਖ ਮੁਲਕਾਂ ਨੂੰ ਕੋਵਿਡ- 19 ਵੈਕਸੀਨ ਦੇਣ ਬਾਰੇ ਵੀ ਗੱਲਬਾਤ ਹੋਵੇਗੀ । ਯੂ ਕੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਰਾਲਫ ਗੋਡਾਲੇ ਨੇ ਕੈਨੇਡਾ ਵੱਲੋਂ 100 ਮਿਲੀਅਨ ਤੱਕ ਕੋਵਿਡ -19 ਵੈਕਸੀਨ ਖੁਰਾਕਾਂ ਦੇਣ ਦੀ ਗੱਲ ਆਖੀ ਹੈ ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਟਵੀਟ ਕਰ ਕਿਹਾ ਹੈ ਕਿ ਅਸੀਂ ਆਪਣੇ ਭਾਈਵਾਲਾਂ ਨਾਲ ਮਿਲ ਕੇ ਮਹਾਂਮਾਰੀ ਨੂੰ ਖਤਮ ਕਰਨ ਅਤੇ ਦੁਨੀਆ ਭਰ 'ਚ ਕੋਵਿਡ- 19 ਵੈਕਸੀਨ ਦੀ ਵੰਡ ਬਾਰੇ ਕੰਮ ਕਰ ਰਹੇ ਹਾਂ।

ਕੀ ਹੈ ਜੀ 7 ਸੰਮੇਲਨ

ਜੀ 7 , ਸੱਤ ਵਿਕਸਤ ਦੇਸ਼ਾ ਦਾ ਇੱਕ ਸੰਗਠਨ ਹੈ ਜਿਸ ਵਿੱਚ ਕੈਨੇਡਾ, ਅਮਰੀਕਾ, ਇਟਲੀ, ਯੂ ਕੇ, ਜਪਾਨ, ਫਰਾਂਸ ਅਤੇ ਜਰਮਨੀ ਮੈਂਬਰ ਹਨ। ਇਸ ਵਾਰ ਦਾ ਜੀ 7 ਸੰਮੇਲਨ ਯੂ ਕੇ ਵਿੱਚ 11 ਤੋਂ 13 ਜੂਨ ਦਰਮਿਆਨ ਹੋ ਰਿਹਾ ਹੈ । ਇਸ ਨੂੰ ਗਰੁੱਪ ਆਫ਼ ਸੈਵਨ ਵੀ ਕਿਹਾ ਜਾਂਦਾ ਹੈ। ਸ਼ੁਰੂਆਤ ਵਿਚ ਇਹ ਛੇ ਦੇਸ਼ਾਂ ਦਾ ਸਮੂਹ ਸੀ ਜਿਸਦੀ ਪਹਿਲੀ ਬੈਠਕ 1975 ਵਿਚ ਹੋਈ ਸੀ।

ਜੀ 7 ਮੈਂਬਰਾਂ ਤੋਂ ਇਲਾਵਾ, ਯੂ ਕੇ ਵੱਲੋਂ ਆਸਟਰੇਲੀਆ, ਭਾਰਤ, ਦੱਖਣੀ ਅਫਰੀਕਾ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਨੂੰ ਵੀ ਬੁਲਾਇਆ ਹੈ। ਕੈਨੇਡਾ ਨੇ 2018 ਵਿੱਚ ਜੀ 7 ਦੀ ਪ੍ਰਧਾਨਗੀ ਕੀਤੀ ਸੀ ਅਤੇ 2022 'ਚ ਹੋਣ ਵਾਲੇ ਸੰਮੇਲਨ ਦੀ ਪ੍ਰਧਾਨਗੀ ਜਰਮਨੀ ਵੱਲੋਂ ਕੀਤੀ ਜਾਵੇਗੀ ।

ਜੀ 7 ਸੰਮੇਲਨ ਦੌਰਾਨ ਵੱਖ ਵੱਖ ਮੁਲਕਾਂ ਦੇ ਨੇਤਾ ।

ਜੀ 7 ਸੰਮੇਲਨ ਦੌਰਾਨ ਵੱਖ ਵੱਖ ਮੁਲਕਾਂ ਦੇ ਨੇਤਾ ।

ਤਸਵੀਰ: Justin Trudeau/ Twitter

ਜੀ 7 ਸੰਮੇਲਨ ਦੌਰਾਨ ਕੋਰੋਨਾਵਾਇਰਸ , ਕੋਵਿਡ- 19 ਵੈਕਸੀਨ , ਮਹਾਂਮਾਰੀ ਤੋਂ ਬਾਹਰ ਆਉਣ ,ਵਾਤਾਵਰਨ ਅਤੇ ਗਲੋਬਲ ਕਾਰਪੋਰੇਟ ਟੈਕਸ ਬਾਰੇ ਗੱਲਬਾਤ ਹੋਵੇਗੀ । ਇਸ ਸੰਮੇਲਨ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਯੂ ਐਸ ਦੇ ਰਾਸ਼ਟਰਪਤੀ ਜੋ ਬਾਈਡਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਮੇਤ ਹੋਰ ਨੇਤਾ ਸ਼ਾਮਿਲ ਹੋਣਗੇ ।

ਕੰਜ਼ਰਵੇਟਿਵ ਪਾਰਟੀ ਦੇ ਨਿਸ਼ਾਨੇ 'ਤੇ ਲਿਬਰਲ ਸਰਕਾਰ

ਉਧਰ ਵਿਰੋਧੀ ਧਿਰ ਵੱਲੋਂ ਟਰੂਡੋ ਦੇ ਇਸ ਦੌਰੇ ਨੂੰ ਲਈ ਕੇ ਲਿਬਰਲ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਪਹੁੰਚ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਓਟਵਾ ਦੇ ਇੱਕ ਹੋਟਲ ਵਿੱਚ ਕੁਆਰਨਟੀਨ ਕਰਨਗੇ, ਜੋ ਕਿ ਸਰਕਾਰ ਵੱਲੋਂ ਕੁਆਰਨਟੀਨ ਲਈ ਪ੍ਰਵਾਨਿਤ ਹੋਟਲਾਂ ਵਿੱਚੋਂ ਇੱਕ ਨਹੀਂ ਹੈ। ਕੰਜ਼ਰਵੇਟਿਵ ਐਮ ਪੀ ਜੌਨ ਬਾਰਲੋ ਵੱਲੋਂ ਇਹ ਮੁੱਦਾ ਹਾਊਸ ਆਫ ਕਾਮਨਜ਼ 'ਚ ਚੱਕਿਆ ਗਿਆ । ਉਹਨਾਂ ਨੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਮੁਖੀ ਇਆਨ ਸਟੀਵਰਟ ਤੋਂ ਇਸ ਬਾਰੇ ਸਵਾਲ ਪੁੱਛਿਆ । ਜੌਨ ਬਾਰਲੋ ਨੇ ਕਿਹਾ ਕਿ ਇਹ ਅਜੀਬ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਪੱਧਰ 'ਤੇ ਯਾਤਰਾ ਕਰ ਰਿਹਾ ਹੈ, ਜਦਕਿ ਉਹ ਬਾਕੀ ਕੈਨੇਡੀਅਨਜ ਨੂੰ ਅਜਿਹਾ ਨਾ ਕਰਨ ਲਈ ਕਹਿ ਰਹੇ ਹਨ ।

ਕੰਜ਼ਰਵੇਟਿਵ ਐਮ ਪੀ ਮਿਸ਼ੇਲ ਰੈਮਪੈਲ ਗਾਰਨਰ ਨੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੁਆਰਨਟੀਨ ਪਲੈਨ ਤੇ ਸਵਾਲ ਚੁੱਕੇ ਹਨ ।

Sarbmeet Singh

ਸੁਰਖੀਆਂ