1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਵੈਕਸੀਨ ਲੈ ਚੁੱਕੇ ਕਨੇਡੀਅਨਜ਼ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਜਲਦੀ ਮਿਲੇਗੀ ਹੋਟਲ ਕੁਆਰੰਟੀਨ ਤੋਂ ਛੋਟ

ਫ਼ੈਡਰਲ ਹੈਲਥ ਮਨਿਸਟਰ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਪੜਾਅਵਾਰ ਸਿਲਸਿਲੇ ਵਿਚ ਰੋਕਾਂ ਨਰਮ ਕੀਤੀਆਂ ਜਾਣਗੀਆਂ।

ਟਰੂਡੋ ਏਅਰਪੋਰਟ ਤੇ ਆਪਣੇ ਸਮਾਨ ਨਾਲ ਇੱਕ ਮੁਸਾਫ਼ਿਰ

ਇੱਕ ਅੰਤਰਰਾਸ਼ਟਰੀ ਯਾਤਰੀ ਦੀ ਮੌਂਟਰੀਅਲ ਦੇ ਟਰੂਡੋ ਏਅਰਪੋਰਟ ਤੇ 22 ਫ਼ਰਵਰੀ ਦੀ ਤਸਵੀਰ, ਇਸ ਦਿਨ ਤੋਂ ਕੈਨੇਡਾ ਦਾਖ਼ਲ ਹੋਣ ਵਾਲੇ ਸਾਰੇ ਮੁਸਾਫ਼ਰਾਂ ਲਈ ਤਿੰਨ ਦਿਨਾਂ ਦੇ ਲਾਜ਼ਮੀ ਹੋਟਲ ਕੁਆਰੰਟੀਨ ਦਾ ਨਿਯਮ ਲਾਗੂ ਹੋਇਆ ਸੀ।

ਤਸਵੀਰ: La Presse canadienne / Ryan Remiorz

RCI

ਫ਼ੈਡਰਲ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਦਾਖ਼ਲ ਹੋਣ ਵਾਲੇ ਕੈਨੇਡੀਅਨ ਨਾਗਰਿਕ ਅਤੇ ਪਰਮਾਨੈਂਟ ਰੇਜ਼ੀਡੈਂਟਸ, ਜਿਹਨਾਂ ਦਾ ਕੋਵਿਡ ਟੀਕਾਕਰਣ ਪੂਰਾ ਹੋ ਚੁੱਕਾ ਹੈ, ਉਹਨਾਂ ਨੂੰ ਆਪਣੀ ਕੁਆਰੰਟੀਨ ਮਿਆਦ ਪੂਰੀ ਕਰਨ ਲਈ ਹੁਣ ਹੋਟਲ ਵਿਚ ਰੁਕਣ ਦੀ ਜ਼ਰੂਰਤ ਨਹੀਂ ਹੋਵੇਗੀ।

ਹੈਲਥ ਮਨਿਸਟਰ ਪੈਟੀ ਹਾਈਡੂ ਨੇ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਕੁਝ ਰੋਕਾਂ ਨੂੰ ਨਰਮ ਕੀਤਾ ਜਾਵੇਗਾ। 

ਉਹਨਾਂ ਕਿਹਾ ਕਿ ਜਿਹਨਾਂ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੇਜ਼ੀਡੈਂਟਸ ਦਾ ਕੋਵਿਡ ਟੀਕਾਕਰਣ ਪੂਰਾ ਹੋ ਚੁੱਕਾ ਹੈ ਉਹਨਾਂ ਨੂੰ ਵੀ ਕੈਨੇਡਾ ਪਹੁੰਚਣ 'ਤੇ ਕੋਵਿਡ ਟੈਸਟ ਕਰਵਾਉਣਾ ਪਵੇਗਾ ਅਤੇ ਟੈਸਟ ਰਿਜ਼ਲਟ ਨੈਗੇਟਿਵ ਆਉਣ ਤੱਕ ਉਹਨਾਂ ਕੋਲ ਢੁੱਕਵਾਂ ਆਈਸੋਲੇਸ਼ਨ (ਇਕਾਂਤਵਾਸ) ਪਲਾਨ ਹੋਣਾ ਵੀ ਜ਼ਰੂਰੀ ਹੋਵੇਗਾ। 

ਰੋਕਾਂ ਵਿਚ ਇਹ ਨਰਮੀ ਸਿਰਫ਼ ਉਹਨਾਂ ਕੈਨੇਡੀਅਨ ਲੋਕਾਂ ਤੇ ਹੀ ਲਾਗੂ ਹੋਵੇਗੀ ਜਿਹੜੇ ਹੈਲਥ ਕੈਨੇਡਾ ਵੱਲੋਂ ਮੰਜ਼ੂਰਸ਼ੁਦਾ ਕੋਵਿਡ 19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹੋਣ । ਟੂਰਿਸਟਾਂ 'ਤੇ ਇਹ ਨਰਮੀ ਲਾਗੂ ਨਹੀਂ ਹੋਵੇਗੀ। 

ਮਿਨਿਸਟਰ ਹਾਈਡੂ ਅਨੁਸਾਰ ਇਹ ਯੋਜਨਾ ਕੋਵਿਡ ਮਾਮਲਿਆਂ ਦੀ ਗਿਣਤੀ ਤੇ ਨਿਰਭਰ ਕਰੇਗੀ। 

ਅਸੀਂ ਕੈਨੇਡਾ ਸਮੇਤ ਦੁਨੀਆ ਭਰ ਵਿੱਚ ਕੋਵਿਡ ਕੇਸਾਂ ਦੀ ਬਦਲ ਰਹੀ ਗਿਣਤੀ ਅਤੇ ਟੀਕਾਕਰਣ ਦੀ ਦਰ ਨੂੰ ਬਹੁਤ ਸਾਵਧਾਨੀ ਨਾਲ ਦੇਖ ਰਹੇ ਹਾਂ, ਉਹਨਾਂ ਕਿਹਾ। 

ਸੂਤਰਾਂ ਮੁਤਾਬਿਕ ਆਮ ਲੋਕਾਂ ਵਾਸਤੇ ਰੋਕਾਂ ਹਟਾਏ ਜਾਣ ਬਾਰੇ ਵਧੇਰੇ ਵੇਰਵੇ ਆਉਣੇ ਅਜੇ ਬਾਕੀ ਹਨ। ਸੀਬੀਸੀ ਵੱਲੋਂ ਸੂਤਰਾਂ ਦਾ ਨਾਮ ਇਸ ਕਰਕੇ ਨਸ਼ਰ ਨਹੀਂ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਇਸ ਵਿਸ਼ੇ ਤੇ ਜਨਤਕ ਤੌਰ ਤੇ ਬੋਲਣ ਦੀ ਇਜਾਜ਼ਤ ਨਹੀਂ ਹੈ। 

ਫ਼ੈਡਰਲ ਸਰਕਾਰ ਨੇ 22 ਫ਼ਰਵਰੀ ਤੋਂ ਇਹ ਨਿਯਮ ਬਣਾਇਆ ਹੋਇਆ ਹੈ ਕਿ ਜੋ ਵੀ ਅੰਤਰਰਾਸ਼ਟਰੀ ਹਵਾਈ ਯਾਤਰੀ ਕੈਨੇਡਾ ਦਾਖ਼ਲ ਹੋਵੇਗਾ, ਉਸਦਾ ਕੈਨੇਡਾ ਪਹੁੰਚਣ ਤੇ ਕੋਵਿਡ ਟੈਸਟ ਕੀਤਾ ਜਾਵੇਗਾ ਅਤੇ ਜਦੋਂ ਤੱਕ ਉਸਦਾ ਕੋਵਿਡ ਰਿਜ਼ਲਟ ਨਹੀਂ ਆ ਜਾਂਦਾ, ਉਸਨੂੰ ਆਪਣੇ 14 ਦਿਨਾਂ ਦੇ ਕੁਆਰੰਟੀਨ ਪੀਰੀਅਡ ਵਿਚੋਂ ਤਿੰਨ ਦਿਨ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਹੋਟਲ ਵਿਚ ਬਿਤਾਉਣੇ ਪੈਣਗੇ। 

ਕੇਟੀ ਸਿਮਪਸਨ ਦੀਆਂ ਫਾਈਲਾਂ ਦੇ ਨਾਲ 

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕ਼ਵੀ, ਪੱਤਰਕਾਰ, ਆਰਸੀਆਈ

ਸੁਰਖੀਆਂ