1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੀ ਲੰਡਨ ਹਮਲੇ ਦੇ ਮਾਮਲੇ ਵਿਚ ਅੱਤਵਾਦ ਦੇ ਦੋਸ਼ ਆਇਦ ਕਰਨੇ ਸੰਭਵ ਹੋਣਗੇ?

ਨੈਸ਼ਨਲ ਕੌਂਸਿਲ ਫ਼ੌਰ ਕੈਨੇਡੀਅਨ ਮੁਸਲਿਮਜ਼ ਅਤੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਆਖਿਆ ਹੈ।

6 ਪੁਲਿਸ ਅਧਿਕਾਰੀ

ਪੁਲਿਸ ਅਧਿਕਾਰੀ ਓਨਟੇਰੀਓ ਦੇ ਲੰਡਨ ਸ਼ਹਿਰ ਵਿਚ ਬੀਤੇ ਐਤਵਾਰ ਹੋਏ ਘਾਤਕ ਕਾਰ ਹਮਲੇ ਤੋਂ ਬਾਅਦ ਸਬੂਤ ਤਲਾਸ਼ ਕਰਦੇ ਹੋਏ।

ਤਸਵੀਰ: La Presse canadienne / Geoff Robins

RCI

ਲੰਡਨ ਪੁਲਿਸ ਦਾ ਕਹਿਣਾ ਹੈ ਕੀ ਉਹ ਹਾਲ ਹੀ ਵਿਚ ਇੱਕ ਮੁਸਲਿਮ ਪਰਿਵਾਰ ਉੱਤੇ ਗੱਡੀ ਨਾਲ ਕੀਤੇ ਹਮਲੇ ਦੇ ਦੋਸ਼ੀ ਉੱਤੇ ਅੱਤਵਾਦ ਦੇ ਦੋਸ਼ ਆਇਦ ਕਰਨ ਬਾਰੇ ਵਿਚਾਰ ਕਰ ਰਹੀ ਹੈ। ਐਤਵਾਰ ਨੂੰ ਹੋਈ ਇਸ ਘਟਨਾ ਵਿਚ ਦੋਸ਼ੀ ਨੇ ਇਕ ਪਰਿਵਾਰ ਨੂੰ ਗੱਡੀ ਥੱਲੇ ਉਹਨਾਂ ਦੇ ਮੁਸਲਮਾਨ ਹੋਣ ਦੀ ਵਜ੍ਹਾ ਨਾਲ ਕੁਚਲ ਦਿੱਤਾ ਸੀ, ਜਿਸ ਵਿਚ 4 ਜਣਿਆਂ ਦੀ ਮੌਤ ਹੋ ਗਈ ਸੀ ਅਤੇ 9 ਸਾਲ ਦਾ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ ਸੀ। 

ਪਰ ਕਨੇਡੀਅਨ ਕਾਨੂੰਨ ਦੇ ਅਧੀਨ ਅਜਿਹੇ ਦੋਸ਼ ਆਇਦ ਕਰਨ ਲਈ ਸਬੂਤ ਜੁਟਾਉਣਾ ਹਮੇਸ਼ਾ ਸੌਖਾ ਨਹੀਂ ਹੁੰਦਾ। 

ਅਸੀਂ ਇੱਥੇ ਕਾਨੂੰਨੀ ਸਿਸਟਮ ਦੀ ਗੱਲ ਕਰ ਰਹੇ ਹਾਂ। ਕਿਸੇ ਸਿਆਸਤ ਬਾਰੇ ਜਾਂ ਇਸ ਬਾਰੇ ਨਹੀਂ ਕਿ ਮੈਂ ਜਾਂ ਕੋਈ ਹੋਰ, ਆਪਣੀ ਡਿਨਰ ਟੇਬਲ ਤੇ ਬੈਠੇ ਗੱਲਾਂ ਕਰਦਿਆਂ,ਅੱਤਵਾਦ ਬਾਰੇ ਕੀ ਨਜ਼ਰੀਆ ਰੱਖਦਾ ਹੈ। ਯੂਨੀਵਰਸਿਟੀ ਔਫ਼ ਕੈਲਗਰੀ ਵਿਚ ਲੌ (ਕਾਨੂੰਨ) ਦੇ ਪ੍ਰੋਫ਼ੈਸਰ ਮਾਇਕਲ ਨੈਸਬੇਟ ਨੇ ਕਿਹਾ। 

ਇਹ ਦਰਅਸਲ ਗੁੰਝਲਦਾਰ ਖੇਤਰ ਹੈ.....ਕਿਉਂਕਿ ਸਾਡੇ ਕੋਲ ਕੈਨੇਡਾ ਵਿਚ ਅੱਤਵਾਦ ਦੀ ਪਰਿਭਾਸ਼ਾ ਹੀ ਨਹੀਂ ਹੈ।

ਬੀਤੇ ਐਤਵਾਰ, 4 ਲੋਕ- ਸਲਮਾਨ ਅਫ਼ਜ਼ਾਲ , 46 , ਉਸਦੀ ਪਤਨੀ ਮਦੀਹਾ ਸਲਮਾਨ, 44 , ਉਹਨਾਂ ਦੀ 15 ਸਾਲ ਦੀ ਬੇਟੀ ਯਮਨਾ ਅਫ਼ਜ਼ਾਲ ਅਤੇ ਸਲਮਾਨ ਅਫ਼ਜ਼ਾਲ ਦੀ 74 ਸਾਲ ਦੀ ਮਾਂ- ਸੈਰ ਕਰਨ ਵੇਲੇ ਇੱਕ ਕਾਲੇ ਰੰਗ ਦੇ ਪਿਕ-ਅਪ ਟਰੱਕ ਨਾਲ ਕੁਚਲ ਕੇ ਮਾਰ ਦਿੱਤੇ ਗਏ। ਇਸ ਪਰਿਵਾਰ ਦਾ ਇੱਕੋ ਇੱਕ ਮੈਂਬਰ, 9 ਸਾਲ ਦਾ ਫਾਇਜ਼ ਜਿਉਂਦਾ ਬਚਿਆ ਹੈ। 

ਦੇਖੋ | ਕੀ ਲੰਡਨ ਹਮਲੇ ਨੂੰ ਅੰਜਾਮ ਦੇਣ ਵਾਲੇ ਤੇ ਅੱਤਵਾਦ ਦੇ ਦੋਸ਼ ਲੱਗ ਸਕਦੇ ਹਨ।

ਸੋਮਵਾਰ ਨੂੰ, ਲੰਡਨ ਪੁਲਿਸ ਨੇ 20 ਸਾਲ ਦੇ ਇੱਕ ਵਿਅਕਤੀ ਨੂੰ 4 ਕਤਲ ਅਤੇ 1 ਇਰਾਦਾ ਕਤਲ ਦੇ ਇਲਜ਼ਾਮਾਂ ਲਈ ਚਾਰਜ ਕੀਤਾ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਵਾਰਦਾਤ ਯੋਜਨਾਬੱਧ ਸੀ ਅਤੇ ਜਾਣ ਬੁਝ ਕੇ ਇਸ ਪਰਿਵਾਰ ਨੂੰ ਸਿਰਫ਼ ਉਹਨਾਂ ਦੇ ਮੁਸਲਮਾਨ ਹੋਣ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ। 

ਲੰਡਨ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਪੌਲ ਵੇਟ ਦਾ ਕਹਿਣਾ ਹੈ ਕਿ ਉਹ ਆਰ.ਸੀ.ਐਮ.ਪੀ. (ਰੌਇਲ ਕਨੇਡੀਅਨ ਮਾਉੰਟੇਡ ਪੁਲਿਸ) ਅਤੇ ਸਰਕਾਰੀ ਵਕੀਲਾਂ ਨਾਲ ਇਸ ਮਾਮਲੇ ਵਿਚ ਅੱਤਵਾਦ ਦੇ ਦੋਸ਼ ਆਇਦ ਕੀਤੇ ਜਾਣ ਦੀ ਸੰਭਾਵਨਾਵਾਂ ਬਾਰੇ ਗੱਲਬਾਤ ਕਰ ਰਹੇ ਹਨ। 

ਨੈਸ਼ਨਲ ਕੌਂਸਿਲ ਫ਼ੌਰ ਕੈਨੇਡੀਅਨ ਮੁਸਲਿਮਜ਼ ਨੇ ਇਸ ਘਟਨਾ ਨੂੰ ਕੈਨੇਡੀਅਨ ਧਰਤੀ ਉੱਤੇ ਵਾਪਰਿਆ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਅਤੇ ਉਹ ਚਾਹੁੰਦੇ ਹਨ ਕਿ ਇਸ ਮਾਮਲੇ ਤੇ ਇਸ ਲਿਹਾਜ਼ ਨਾਲ ਹੀ ਕਾਰਵਾਈ ਕੀਤੀ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਮੰਗਲਵਾਰ ਨੂੰ ਹਾਊਸ ਔਫ਼ ਕੌਮਨਜ਼ ਵਿਚ ਇਸ ਵਾਰਦਾਤ ਨੂੰ ਨਫ਼ਰਤ ਅਧਾਰਤ ਇੱਕ ਅੱਤਵਾਦੀ ਹਮਲਾ ਆਖਿਆ ਸੀ। ਉਹਨਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਿਨਸੇਂਟ ਰਿਗਬੀ ਨੇ ਵੀ ਆਪਣੇ ਭਾਸ਼ਣ ਵਿਚ ਇਸ ਹਮਲੇ ਨੂੰ ਅੱਤਵਾਦ ਕਿਹਾ ਸੀ। 

ਪਰ ਲੋਕਾਂ ਨੂੰ ਅੱਤਵਾਦ ਲੱਗਣ ਵਾਲੀਆਂ ਹਿੰਸਾ ਦੀਆਂ ਸਾਰੀਆਂ ਘਟਨਾਵਾਂ ਉੱਤੇ ਅੱਤਵਾਦ ਦੇ ਤੌਰ ਤੇ ਮੁਕਦਮੇ ਨਹੀਂ ਚਲਾਏ ਜਾਂਦੇ। 

ਇੱਦਾਂ ਪਹਿਲੀ ਵਾਰੀ ਨਹੀਂ ਹੋਇਆ

ਟਰੂਡੋ ਅਤੇ ਬਾਕੀ ਸਿਆਸਤਦਾਨਾਂ ਨੇ 2017 ਵਿਚ ਕਿਊਬੈਕ ਦੀ ਇਕ ਮਸਜਿਦ ਵਿਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਵੀ ਅੱਤਵਾਦੀ ਹਮਲਾ ਆਖਿਆ ਸੀ। ਇਸ ਗੋਲੀਆਂ ਚਲਾਉਣ ਵਾਲੇ ਮੁਜਰਿਮ ਨੇ ਛੇ ਲੋਕਾਂ ਦੇ ਕਤਲ ਅਤੇ ਛੇ ਲੋਕਾਂ ਦੇ ਇਰਾਦਾ ਕਤਲ ਦੇ ਮਾਮਲਿਆਂ ਵਿਚ ਆਪਣਾ ਜੁਰਮ ਕਬੂਲਿਆ ਸੀ, ਪਰ ਉਸ ਖ਼ਿਲਾਫ਼ ਅੱਤਵਾਦ ਦਾ ਕੋਈ ਮਾਮਲਾ ਦਰਜ ਨਹੀਂ ਸੀ ਕੀਤਾ ਗਿਆ।

2018 ਵਿਚ ਟੋਰੌਂਟੋ ਵਿਚ ਹੋਏ ਵੈਨ ਹਮਲੇ ਵਿਚ ਵੀ 10 ਲੋਕ ਮਾਰੇ ਗਏ ਸਨ ਅਤੇ ਇਸ ਸੰਬੰਧ ਵਿਚ ਵੀ ਅੱਤਵਾਦੀ ਦੋਸ਼ ਆਇਦ ਕਰਨ ਦੇ ਵਿਚਾਰ ਵਟਾਂਦਰੇ ਹੋਏ ਸਨ। ਪੁਲਿਸ ਮੁਤਾਬਕ ਹਮਲਾਵਰ ਨੇ ਗ੍ਰਿਫ਼ਤਾਰੀ ਤੋਂ ਬਾਅਦ ਦੱਸਿਆ ਸੀ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਮਾਰ ਦੇਣਾ ਚਾਹੁੰਦਾ ਸੀ ਕਿਉਂਕਿ ਉਹ ਇੰਸਲ ਲਹਿਰ ਤੋਂ ਪ੍ਰਭਾਵਿਤ ਸੀ। ਇੰਸਲ ਲਹਿਰ ਔਰਤਾਂ ਨਾਲ ਨਫ਼ਰਤ ਦੀ ਇੱਕ ਵਿਚਾਰਧਾਰਾ ਹੈ ਜਿਸ ਦਾ ਆਧਾਰ ਕਿਸੇ ਵਿਅਕਤੀ ਦਾ ਔਰਤਾਂ ਨਾਲ ਜਿਸਮਾਨੀ ਸਬੰਧ ਵਿਚ ਅਸਫ਼ਲ ਹੋਣਾ ਹੁੰਦਾ ਹੈ। 

ਕੈਨੇਡਾ ਵਿਚ ਕਤਲ ਦੇ ਮਾਮਲੇ ਵਿਚ ਅੱਤਵਾਦ ਦੇ ਦੋਸ਼ ਸ਼ਾਮਲ ਕੀਤੇ ਜਾਣ ਦੇ ਕੁਝ ਚੁਣਿੰਦਾ ਮਾਮਲਿਆਂ ਵਿਚੋਂ ਇਕ ਬੀਤੇ ਸਾਲ ਦਾ ਟੋਰੌਂਟੋ ਮਸਾਜ ਪਾਰਲਰ ਤੇ ਹਮਲੇ ਦਾ ਮਾਮਲਾ ਵੀ ਹੈ। 17 ਸਾਲ ਦੇ ਨੌਜਵਾਨ ਨੂੰ ਕਤਲ ਦੇ ਮਾਮਲੇ ਲਈ ਚਾਰਜ ਕਰਕੇ ਕੁਝ ਮਹੀਨਿਆਂ ਬਾਅਦ ਪੁਲਿਸ ਨੇ ਉਸਦੇ ਦੋਸ਼ਾਂ ਵਿਚ ਅੱਤਵਾਦ ਨੂੰ ਵੀ ਸ਼ਾਮਲ ਕਰ ਦਿੱਤਾ ਸੀ ਕਿਉਂਕਿ ਉਹਨਾਂ ਮੁਤਾਬਕ ਉਹਨਾਂ ਨੂੰ ਇਸ ਹਮਲੇ ਦੇ ਇੰਸਲ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਦੇ ਸਬੂਤ ਮਿਲੇ ਸਨ। ਇਹ ਮਾਮਲਾ ਅਜੇ ਵੀ ਅਦਾਲਤ ਵਿਚ ਹੈ।  

ਨੈਸਬੇਟ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਅੱਤਵਾਦ ਦੇ ਦੋਸ਼ ਆਇਦ ਕਰਨ ਦੇ ਮਾਮਲਿਆਂ ਵਿਚ ਇੱਕ ਵੱਡੀ ਚੁਣੌਤੀ ਇਹ ਆਉਂਦੀ ਹੈ ਕਿ ਕੈਨੇਡਾ ਦੇ ਅੱਤਵਾਦ ਵਿਰੋਧੀ ਕਾਨੂੰਨ ਇਸ ਚੀਜ਼ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਨੇ ਕਿ ਕਿਸੇ ਅੱਤਵਾਦੀ ਵਾਰਦਾਤ ਨੂੰ ਉਸਦੇ ਵਾਪਰਨ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਵੇ। 

9/11 ਤੋਂ ਬਾਅਦ, ਫ਼ੈਡਰਲ ਸਰਕਾਰ ਨੇ ਕ੍ਰਿਮੀਨਲ ਕੋਡ ਵਿਚ ਸੋਧ ਕਰਕੇ ,ਨਵੇਂ ਅੱਤਵਾਦੀ ਜੁਰਮਾਂ , ਜਿਸ ਵਿਚ ਕਿਸੇ ਸਿਆਸੀ, ਧਾਰਮਿਕ ਜਾਂ ਵਿਚਾਰਧਾਰਕ ਕਾਰਨ ਕਰਕੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਉਹਨਾਂ ਨੂੰ ਧਮਕਾਉਣਾ ਸ਼ਾਮਲ ਹੈ, ਨੂੰ ਸ਼ਾਮਲ ਕੀਤਾ ਗਿਆ। ਇਹਨਾਂ ਵਿਚ ਕਿਸੇ ਅੱਤਵਾਦੀ ਗਤੀਵਿਧੀ ਵਿਚ ਮਦਦ ਕਰਨੀ ਅਤੇ ਜਾਂ ਅੱਤਵਾਦ ਲਈ ਵਿੱਤੀ ਸਹਾਇਤਾ ਵੀ ਸ਼ਾਮਲ ਹੈ। 

ਇਹ 9/11 ਵਰਗੀ ਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਸੀ। ਨਾ ਕਿ ਘਟਨਾ ਵਾਪਰਨ ਤੋਂ ਬਾਅਦ ਉਸਨੂੰ ਜੁਰਮ ਕਰਾਰ ਦੇਣ ਲਈ, ਕਿਉਂਕਿ ਕਤਲ ਤਾਂ ਮੁਲਕ ਵਿਚ ਪਹਿਲਾਂ ਤੋਂ ਹੀ ਸਭ ਤੋਂ ਸੰਗੀਨ ਜੁਰਮ ਹੈ। ਨੈਸਬੇਟ ਨੇ ਕਿਹਾ। 

ਲੰਡਨ ਹਮਲੇ ਦੇ ਕਥਿਤ ਦੋਸ਼ੀ ਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਬਹੁਤੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਪੁਲਿਸ ਨੇ ਵੀ ਸਪਸ਼ਟ ਨਹੀਂ ਕੀਤਾ ਕਿ ਮਸ਼ਕੂਕ ਨੇ ਆਪਣੀ ਗ੍ਰਿਫ਼ਤਾਰੀ ਵੇਲੇ ਉਹਨਾਂ ਨੂੰ ਅਜਿਹਾ ਕੀ ਕਿਹਾ ਹੋਣਾ, ਜਿਸ ਕਰਕੇ ਪੁਲਿਸ ਮੰਨਦੀ ਹੈ ਕਿ ਪਰਿਵਾਰ ਤੇ ਹਮਲਾ ਉਹਨਾਂ ਦੇ ਮੁਸਲਮਾਨ ਹੋਣ ਦੀ ਵਜ੍ਹਾ ਨਾਲ ਕੀਤਾ ਗਿਆ ਹੈ। 

ਇੱਕ ਲੜਕੀ ਘਟਨਾ ਸਥਾਨ ਉੱਤੇ ਪਏ ਫੁੱਲਾਂ ਕੋਲ ਬੈਠੀ ਹੋਈ

ਲੰਡਨ ਵਿਚ ਹੋਏ ਹਮਲੇ ਵਾਲੀ ਥਾਂ ਤੇ ਇਕ ਔਰਤ ਮ੍ਰਿਤਕਾਂ ਨੂੰ ਸ਼੍ਰਧਾਂਜਨਲੀ ਦਿੰਦੇ ਹੋਏ. ਪੁਲਿਸ ਦਾ ਕਹਿਣਾ ਹੈ ਕਿ ਮੁਸਲਿਮ ਪਰਿਵਾਰ ਤੇ ਹੋਇਆ ਇਹ ਹਮਲਾ ਨਫਰਤੀ ਅਪਰਾਧ ਦਾ ਮਾਮਲਾ ਹੈ.

ਤਸਵੀਰ: Reuters / Carlos Osorio

ਕਾਰਲਟਨ ਯੂਨੀਵਰਸੀਟੀ ਵਿਚ ਅੰਤਰਰਾਸ਼ਟਰੀ ਮੁੱਦਿਆਂ ਦੀ ਪ੍ਰੋਫ਼ੈਸਰ ਲੀਆ ਵੈਸਟ ਨੇ ਸੀਬੀਸੀ ਦੇ ਪਾਵਰ ਐਂਡ ਪੌਲੀਟਿਕਸ ਨੂੰ ਦੱਸਿਆ ਕਿ ਅੱਤਵਾਦ ਦਾ ਦੋਸ਼ ਆਇਦ ਕਰਨ ਲਈ ਇਹ ਜਾਨਣਾ ਬਹੁਤ ਅਹਿਮ ਹੈ ਕਿ ਹਮਲਾਵਰ ਨੂੰ ਕਿਸ ਚੀਜ਼ ਨੇ ਪ੍ਰੇਰਿਤ ਜਾਂ ਉਤਸਾਹਿਤ ਕੀਤਾ ਸੀ। 

ਦੋਸ਼ ਲਗਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ : ਪਹਿਲਾ,ਕਿਸੇ ਨੂੰ ਮਾਰਨ ਜਾਂ ਗੰਭੀਰ ਜ਼ਖਮੀ ਕਰਨ ਦੀ ਵਜ੍ਹਾ, ਦੂਸਰਾ, ਇਹ ਸਬੂਤ ਕਿ ਘਟਨਾ ਨੂੰ ਕਿਸੇ ਸਿਆਸੀ, ਧਾਰਮਿਕ ਜਾਂ ਵਿਚਾਰਧਾਰਕ ਮੰਤਵ, ਉਪਦੇਸ਼ ਜਾਂ ਕਾਰਨ ਕਰਕੇ ਅੰਜਾਮ ਦਿੱਤਾ ਗਿਆ ਹੈ ਅਤੇ ਤੀਸਰਾ ,ਇਹ ਸਬੂਤ ਕਿ ਘਟਨਾ ਨੂੰ ਆਮ ਲੋਕਾਂ ਜਾਂ ਅਬਾਦੀ ਦੇ ਕਿਸੇ ਖ਼ਾਸ ਵਰਗ ਨੂੰ ਧਮਕਾਉਣ ਲਈ ਅੰਜਾਮ ਦਿੱਤਾ ਗਿਆ ਹੈ। 

ਕਿਸੇ ਕਿਸਮ ਦੇ ਅੱਤਵਾਦ ਦੇ ਦੋਸ਼ ਆਇਦ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਵਿਅਕਤੀ ਦੇ ਅਜਿਹਾ ਕਰਨ ਦੇ ਮੰਤਵਾਂ ਬਾਰੇ ਬਰੀਕੀ ਨਾਲ ਤਫਤੀਸ਼ ਕਰਨੀ ਪਵੇਗੀ ,ਵੈਸਟ ਨੇ ਕਿਹਾ, ਜੋ ਕਿ ਡਿਪਾਰਟਮੈਂਟ ਔਫ਼ ਜਸਟਿਸ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਵਕੀਲ ਹਨ। 

ਜਾਂਚ ਅਧਿਕਾਰੀ ਇਸ ਬਾਬਤ ਜਾਣਕਾਰੀ ਇਕੱਠੇ ਕਰ ਰਹੇ ਹੋਣਗੇ ਅਤੇ ਇਲੈਕਟਰੌਨਿਕ ਰਿਕਾਰਡਾਂ/ਦਸਤਾਵੇਜ਼ਾਂ ਦੀ ਵੀ ਬਰੀਕੀ ਨਾਲ ਜਾਂਚ ਹੋ ਰਹੀ ਹੋਵੇਗੀ ਜਿਸ ਨਾਲ ਇਸ ਹਮਲੇ ਦੇ ਮੰਤਵ ਅਤੇ ਇਸਦੀ ਯੋਜਨਾ ਬਾਬਤ ਕੋਈ ਸਬੂਤ ਮਿਲ ਸਕਣ। 

ਜਦੋਂ ਪੁਲਿਸ ਹਮਲੇ ਤੋਂ ਬਾਅਦ ਸਬੂਤਾਂ ਦੀ ਭਾਲ ਕਰਦੀ ਹੈ, ਤਾਂ ਉਸਨੂੰ ਹਮੇਸ਼ਾ ਇਹ ਚੁਣੌਤੀ ਹੁੰਦੀ ਹੈ ਕਿ ਜਾਂ ਤਾਂ ਸਬੂਤ ਨਸ਼ਟ ਹੋ ਚੁੱਕੇ ਹੁੰਦੇ ਹਨ ਜਾਂ ਉਹਨਾਂ ਨੂੰ ਡੀਕੋਡ ਕਰਕੇ ਸਮਝਣਾ ਕਾਫੀ ਮੁਸ਼ਕਲ ਹੁੰਦਾ ਹੈ। 

ਨੈਸਬੇਟ ਦਾ ਕਹਿਣਾ ਹੈ ਕਿ ਜੇ ਕਿਸੇ ਘਟਨਾ ਦੇ ਤੁਰੰਤ ਬਾਅਦ ਅੱਤਵਾਦ ਦੇ ਦੋਸ਼ ਆਇਦ ਨਹੀਂ ਕੀਤੇ ਗਏ ਤਾਂ ਇਸਦਾ ਇਹ ਮਤਲਬ ਨਹੀਂ ਕਿ ਉਹ ਬਾਅਦ ਵਿਚ ਨਹੀਂ ਲਗਾਏ ਜਾਣਗੇ। ਉਹਨਾਂ ਕਿਹਾ ਕਿ ਕਤਲ ਸਾਬਿਤ ਕਰਨਾ ਮੁਕਬਲਾਤਨ ਸੌਖਾ ਹੁੰਦਾ ਹੈ ਜਿਸਦੀ ਸਜ਼ਾ ਵੀ ਸਭ ਤੋਂ ਕਠੋਰ ਹੁੰਦੀ ਹੈ ਪਰ ਅੱਤਵਾਦ ਦਾ ਦੋਸ਼ ਸਾਬਿਤ ਕਰਨ ਲਈ ਸਬੂਤ ਜੁਟਾਉਣ ਵਿਚ ਅਕਸਰ ਥੋੜਾ ਵੱਧ ਸਮਾਂ ਲਗ ਜਾਂਦਾ ਹੈ। 

'ਵਿਚਾਰਧਾਰਾ ਤੋਂ ਪ੍ਰੇਰਿਤ' ਨੂੰ ਪਰਿਭਾਸ਼ਤ ਕਰਨ ਦੀ ਜ਼ਰੂਰਤ 

ਕੈਨੇਡਾ ਵਿਚ ਹੁਣ ਤਕ ਅੱਤਵਾਦ ਦੇ ਦੋਸ਼ ਆਇਦ ਕਰਨ ਤੋਂ ਜ਼ਿਆਦਾ ਸੌਖਾ ਉਹਨਾਂ ਨੂੰ ਅਦਾਲਤ ਵਿਚ ਸਾਬਿਤ ਕਰਨਾ ਹੁੰਦਾ ਆਇਆ ਹੈ। 

ਨੈਸਬੇਟ ਦੀ ਰਿਸਰਚ ਦੇ ਅਨੁਸਾਰ, ਹੁਣ ਤਕ ਤਕਰੀਬਨ 60 ਵਿਅਕਤੀਆਂ ਖ਼ਿਲਾਫ਼ ਅੱਤਵਾਦ ਦੇ ਇੱਕ ਜਾਂ ਵੱਧ ਦੋਸ਼ ਆਇਦ ਕੀਤੇ ਗਏ ਹਨ। ਸਾਲ 2020 ਤੱਕ ਦੇ ਅੰਕੜਿਆਂ ਅਨੁਸਾਰ, 2001 ਤੋਂ ਬਾਅਦ ਕੈਨੇਡਾ ਵਿਚ 26 ਲੋਕ ਅਜਿਹੇ ਹਨ ਜੋ ਜਾਂ ਤਾਂ ਅੱਤਵਾਦ ਦੇ ਦੋਸ਼ੀ ਪਾਏ ਗਏ ਹਨ ਜਾਂ ਉਹਨਾਂ ਨੇ ਅੱਤਵਾਦ ਦੇ ਮਾਮਲਿਆਂ ਵਿਚ ਆਪਣਾ ਜੁਰਮ ਕਬੂਲ ਲਿਆ ਹੈ। 

ਕਈ ਅਜਿਹੇ ਹਨ ਜਿਹਨਾਂ ਤੇ ਅੱਤਵਾਦ ਦੇ ਇਲਜ਼ਾਮ ਲੱਗੇ ਹਨ ਪਰ ਉਹ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ, ਅਤੇ ਕਈ ਬਰੀ ਵੀ ਹੋ ਚੁੱਕੇ ਹਨ। ਅਦਾਲਤਾਂ ਵਿਚ ਇਸ ਸਮੇਂ ਅੱਤਵਾਦ ਨਾਲ ਸਬੰਧਤ 10 ਤੋਂ ਵੀ ਘੱਟ ਮਾਮਲੇ ਚਲ ਰਹੇ ਹਨ। 

ਇਸ ਮਾਮਲੇ ਵਿਚ ਵੀ ਦੋਸ਼ੀ ਪਾਏ ਜਾਣ ਦੀ ਦਰ ਓੰਨੀ ਹੀ ਹੈ ਜਿੰਨੀ ਹੋਰ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਦੀ ਹੈ, ਨੈਸਬੇਟ ਨੇ ਕਿਹਾ। 

ਉਹਨਾਂ ਕਿਹਾ, ਕਿ ਜੇ ਅੱਤਵਾਦ ਦੇ ਦੋਸ਼ ਆਇਦ ਨਹੀਂ ਵੀ ਕੀਤੇ ਗਏ, ਤਾਂ ਵੀ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੇ ਜਾਣ ਦਾ ਆਧਾਰ ਬਣਾਇਆ ਜਾ ਸਕਦਾ ਹੈ। 

ਦੇਖੋ | ਲੰਡਨ ਪੁਲਿਸ ਆਰ.ਸੀ.ਐਮ.ਪੀ. ਨਾਲ ਅੱਤਵਾਦ ਦੇ ਦੋਸ਼ ਆਇਦ ਕੀਤੇ ਜਾਣ ਦੀ ਸੰਭਾਵਨਾ ਬਾਰੇ ਗੱਲਬਾਤ ਕਰ ਰਹੀ ਹੈ

ਨੈਸਬੇਟ ਮੁਤਾਬਕ, ਕੈਨੇਡਾ ਸਰਕਾਰ ਕਾਨੂੰਨ ਨੂੰ ਜਾਂਚ ਅਧਿਕਾਰੀਆਂ ਲਈ ਵਧੇਰੇ ਉਪਯੋਗੀ ਬਣਾਉਣ ਲਈ ਦੋ ਚੀਜ਼ਾਂ ਕਰ ਸਕਦੀ ਹੈ। 

ਪਹਿਲਾ ਤਾਂ ਇਹ, ਕਿ ਅੱਤਵਾਦ ਸੰਬੰਧੀ ਮਾਮਲਿਆਂ ਵਿਚ ਪੁਲਿਸ ਏਜੰਸੀਆਂ ਦੀ ਸਮਰੱਥਾ ਅਤੇ ਤਾਕਤਾਂ ਵਿਚ ਸੁਧਾਰ ਕੀਤੇ ਜਾਣ- ਖ਼ਾਸ ਤੌਰ ਤੇ ਉਹਨਾਂ ਮਾਮਲਿਆਂ ਵਿਚ ਜਦੋਂ ਮੁਜਰਿਮ ਦਾ ਕਿਸੇ ਸਥਾਪਿਤ ਅੱਤਵਾਦੀ ਸੰਗਠਨ ਨਾਲ ਕੋਈ ਸਬੰਧ ਨਾ ਹੋਵੇ ਅਤੇ ਉਸ ਨੇ ਅੱਤਵਾਦੀ ਘਟਨਾ ਨੂੰ ਇਕੱਲਿਆਂ ਅੰਜਾਮ ਦਿੱਤਾ ਹੋਵੇ। 

ਦੂਸਰਾ, ਫ਼ੈਡਰਲ ਸਰਕਾਰ ਨੂੰ ਕਾਨੂੰਨ ਅੰਦਰ ਬਿਹਤਰ ਤਰੀਕੇ ਨਾਲ ਇਹ ਪ੍ਰਭਾਸ਼ਿਤ ਕਰਨਾ ਚਾਹੀਦਾ ਹੈ ਕਿ 'ਵਿਚਾਰਧਾਰਾ ਤੋਂ ਪ੍ਰੇਰਿਤ' ਦਾਇਰੇ ਵਿਚ ਕਿਸ ਕਿਸ ਚੀਜ਼ ਨੂੰ ਸ਼ਾਮਲ ਕੀਤਾ ਜਾਵੇ। 

ਹੁਣ ਤੱਕ ਸਾਡੇ ਕੋਲ ਕਿਸੇ ਕ੍ਰਿਮਿਨਲ ਕੋਡ ਜਾਂ ਕਿਸੇ ਅਦਾਲਤੀ ਫ਼ੈਸਲੇ ਤੋਂ ਪ੍ਰਾਪਤ ਹੋਈ ਅਜਿਹੀ ਕੋਈ ਪਰਿਭਾਸ਼ਾ ਨਹੀਂ ਹੈ ਜਿਸ ਤੋਂ ਸਪਸ਼ਟ ਹੋਵੇ ਕਿ 'ਵਿਚਾਰਧਾਰਾ ਤੋਂ ਪ੍ਰੇਰਿਤ' ਦਾ ਕੀ ਅਰਥ ਕੱਢਿਆ ਜਾਵੇ , ਉਹਨਾਂ ਕਿਹਾ।

ਜੇ ਮੈਂ ਡਿਪਾਰਟਮੈਂਟ ਔਫ਼ ਜਸਟਿਸ ਹੁੰਦਾ, ਜੇ ਮੈਂ ਵਕੀਲ ਹੁੰਦਾ, ਜੇ ਮੈਂ ਸਿਆਸਤਦਾਨ ਹੁੰਦਾ, ਤਾਂ ਮੈਂ ਜ਼ਰੂਰ ਕੋਸ਼ਿਸ਼ ਕਰਦਾ ਕਿ ਕਿਸ ਤਰ੍ਹਾਂ 'ਵਿਚਾਰਧਾਰਕ ਜਾਂ ਸਿਆਸੀ ਤੌਰ ਤੇ ਪ੍ਰੇਰਿਤ' ਨੂੰ ਬੇਹਤਰ ਪ੍ਰਭਾਸ਼ਿਤ ਕੀਤਾ ਜਾਵੇ ਤਾਂ ਜੋ ਜਾਂਚ ਅਧਿਕਾਰੀਆਂ ਨੂੰ ਵਧੇਰੇ ਸਪਸ਼ਟਤਾ ਪ੍ਰਦਾਨ ਕਰਕੇ ਉਹਨਾਂ ਦੀ ਮਦਦ ਕੀਤੀ ਜਾ ਸਕੇ।

ਕੈਥਰੀਨ ਟਨੀ · ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕ਼ਵੀ, ਪੱਤਰਕਾਰ, ਆਰਸੀਆਈ

ਸੁਰਖੀਆਂ