1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਨਫ਼ਰਤ ਅਪਰਾਧ

ਓਨਟੇਰੀਓ ਵਿੱਚ ਮਾਰੇ ਗਏ ਮੁਸਲਿਮ ਪਰਿਵਾਰ ਦੀ ਯਾਦ ਵਿੱਚ ਕੈਨੇਡਾ ਭਰ 'ਚ ਸੋਗ ਦੀ ਲਹਿਰ

ਮ੍ਰਿਤਕਾਂ ਦੀ ਯਾਦ 'ਚ ਰੱਖੇ ਗਏ ਗੁਲਦਸਤੇ ।

ਮ੍ਰਿਤਕ ਪਰਿਵਾਰ ਦੀ ਯਾਦ 'ਚ ਲੰਡਨ ਸ਼ਹਿਰ 'ਚ ਇਕ ਵਿਜਿਲ ਦਾ ਆਯੋਜਨ ਕੀਤਾ ਗਿਆ ।

ਤਸਵੀਰ: Radio-Canada / Andrew Lupton/CBC

Sarbmeet Singh

ਓਨਟੇਰੀਓ ਵਿੱਚ ਬੀਤੇ ਐਤਵਾਰ ਨੂੰ ਇੱਕ ਹਮਲੇ 'ਚ ਮੁਸਲਿਮ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਤੋਂ ਬਾਅਦ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ।

ਮੁਸਲਿਮ ਭਾਈਚਾਰੇ ਦੇ ਮੈਂਬਰਾਂ ਵੱਲੋ ਵੱਖ-ਵੱਖ ਸੂਬਿਆਂ 'ਚ ਲੰਡਨ ਸ਼ਹਿਰ ਦੇ ਪੀੜਤਾਂ ਦੀ ਯਾਦ 'ਚ ਵਿਜਿਲ ਦਾ ਆਯੋਜਨ ਕੀਤਾ ਜਾ ਰਿਹਾ ਹੈ ।

ਮ੍ਰਿਤਕ ਪਰਿਵਾਰ ਦੀ ਯਾਦ 'ਚ ਮੰਗਲਵਾਰ ਸ਼ਾਮ ਨੂੰ ਲੰਡਨ ਸ਼ਹਿਰ ਵਿੱਚ ਇਕ ਵਿਜਿਲ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਓਨਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਮੇਤ ਹੋਰਨਾਂ ਰਾਜਨੀਤਿਕ ਹਸਤੀਆਂ ਵੱਲੋ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।

ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਇਸ ਵਿਜਿਲ 'ਚ ਸ਼ਾਮਿਲ ਹੋਏ । ਓਨਟੇਰੀਓ ਦੀ ਸਰਕਾਰ ਵੱਲੋ ਇਸ ਵਿਜਿਲ ਲਈ ਕੋਵਿਡ-19 ਸੰਬੰਧੀ ਪਾਬੰਦੀਆਂ 'ਚ ਢਿੱਲ ਵੀ ਦਿੱਤੀ ਗਈ ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸਲਾਮੋਫੋਬੀਆ ਬਾਰੇ ਵੀ ਗੱਲਬਾਤ ਕੀਤੀ । ਉਹਨਾਂ ਕਿਹਾ ਕਿ ਦੇਸ਼ 'ਚ ਨਸਲਵਾਦ ਇੱਕ ਮੰਦਭਾਗੀ ਗੱਲ ਹੈ । ਉਹਨਾਂ ਨੇ ਇਸਨੂੰ ਖ਼ਤਮ ਕਰਨ ਦੀ ਗੱਲ ਵੀ ਆਖੀ। ਇਸਤੋਂ ਪਹਿਲਾਂ ਹਾਊਸ ਆਫ ਕਾਮਨਜ਼ 'ਚ ਬੋਲਦਿਆਂ , ਪ੍ਰਧਾਨ ਮੰਤਰੀ ਟਰੂਡੋ ਨੇ ਇਸਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ।

ਇਹ ਕੋਈ ਦੁਰਘਟਨਾ ਨਹੀਂ ਸੀ । ਇਹ ਨਫ਼ਰਤ ਨਾਲ ਪ੍ਰੇਰਿਤ ਅੱਤਵਾਦੀ ਹਮਲਾ ਸੀ
ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਪ੍ਰੀਮੀਅਰ ਫੋਰਡ ਨੇ ਵੀ ਇਸ ਘਟਨਾ ਉੱਪਰ ਦੁੱਖ ਜ਼ਾਹਿਰ ਕੀਤਾ । ਉਹਨਾਂ ਕਿਹਾ ਕਿ ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ।

ਉਧਰ ਵੈਨਕੂਵਰ 'ਚ ਸੋਮਵਾਰ ਨੂੰ ਹੋਏ ਵਿਜਿਲ ਦੌਰਾਨ ਮ੍ਰਿਤਕਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ ਗਈ ।

ਬੀ ਸੀ ਮੁਸਲਿਮ ਐਸੋਸੀਏਸ਼ਨ ਦੇ ਯੂਸਫ ਸਿਰਾਗ ਨੇ ਦੱਸਿਆ ਕਿ ਅਲ ਜਾਮੀਆ ਮਸਜਿਦ ਵੱਲੋ ਇਸ ਵਿਜਿਲ ਨੂੰ ਆਯੋਜਿਤ ਕੀਤਾ ਗਿਆ ਸੀ ਤੇ ਵੱਖ- ਵੱਖ ਭਾਈਚਾਰੇ ਦੇ ਲੋਕਾਂ ਵੱਲੋ ਇਸ ਵਿਜਿਲ 'ਚ ਭਾਗ ਲਿਆ ਗਿਆ ।

ਸਿਰਾਗ ਨੇ ਭਰੇ ਮਨ ਨਾਲ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਹੈ ਜਿਸ 'ਚ ਪੈਦਲ ਜਾ ਰਹੇ ਪਰਿਵਾਰ ਨੂੰ ਸਿਰਫ ਉਹਨਾਂ ਦੇ ਧਰਮ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ । ਉਹਨਾਂ ਕਿਹਾ ਕਿ ਕੈਨੇਡਾ 'ਚ ਮੁਸਲਿਮ ਭਾਈਚਾਰਾ ਲੰਬੇ ਸਮੇਂ ਤੋਂ ਇਸਲਾਮੋਫੋਬੀਆ ਦਾ ਸ਼ਿਕਾਰ ਹੋ ਰਿਹਾ ਹੈ ।

ਬੀ ਸੀ ਵਿੱਚ ਵੈਨਕੂਵਰ ਆਰਟ ਗੈਲਰੀ ਵਿੱਚ ਵੀ ਆਉਂਦੇ ਵੀਰਵਾਰ ਨੂੰ ਇੱਕ ਵਿਜਿਲ ਦਾ ਆਯੋਜਨ ਕੀਤਾ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਕਰੀਬ 8:40 ਵਜੇ ਜਦੋਂ ਇਹ ਪਰਿਵਾਰ, ਸ਼ਹਿਰ ਦੇ ਹਾਈਡ ਪਾਰਕ ਰੋਡ ਦੇ ਨਜ਼ਦੀਕ ਤੁਰ ਰਿਹਾ ਸੀ ਅਤੇ ਸੜਕ ਦੇ ਦੂਸਰੇ ਪਾਸੇ ਜਾਣ ਲਈ ਇੰਟਰਸੈਕਸ਼ਨ ਉੱਤੇ ਉਡੀਕ ਕਰ ਰਿਹਾ ਸੀ, ਉਦੋਂ ਇੱਕ ਪਿਕ-ਅਪ ਟਰੱਕ ਨੇ ਉਹਨਾਂ ਵਿਚ ਟੱਕਰ ਮਾਰ ਦਿੱਤੀ। ਲੰਡਨ ਪੁਲਿਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੇ ਇਸ ਮੁਸਲਿਮ ਪਰਿਵਾਰ ਉੱਤੇ ਜਾਣ ਬੁਝ ਕੇ ਹਮਲਾ ਕੀਤਾ ਸੀ। ਇਸ ਘਟਨਾ ਵਿੱਚ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਸੀ ਜਦਕਿ ਇੱਕ ਬੱਚਾ ਜ਼ਖਮੀ ਹੋ ਗਿਆ ਸੀ। ਮ੍ਰਿਤਕਾਂ ਦੀ ਪਹਿਚਾਣ 46 ਸਾਲਾ ਸਲਮਾਨ ਅਫਜ਼ਲ, ਉਸਦੀ 44 ਸਾਲਾ ਪਤਨੀ ਮਦੀਹਾ ਸਲਮਾਨ, ਉਨ੍ਹਾਂ ਦੀ 15 ਸਾਲਾ ਬੇਟੀ ਯੁਮਨਾ ਸਲਮਾਨ ਅਤੇ ਅਫਜ਼ਲ ਦੀ 74 ਸਾਲਾ ਮਾਂ ਵਜੋਂ ਹੋਈ ਹੈ ।

ਮੈਨੀਟੋਬਾ ਦੇ ਮੁਸਲਿਮ ਭਾਈਚਾਰੇ ਵੱਲੋ ਵੀ ਵੀਰਵਾਰ ਨੂੰ ਇੱਕ ਵਿਜਿਲ ਦਾ ਆਯੋਜਨ ਕੀਤਾ ਜਾ ਰਿਹਾ ਹੈ । ਮੈਨੀਟੋਬਾ ਇਸਲਾਮਿਕ ਐਸੋਸੀਏਸ਼ਨ ਤੋਂ ਇਦਰੀਸ ਐਲਬਕਰੀ ਨੇ ਦੱਸਿਆ ਕਿ ਇਹ ਵਿਜਿਲ ਵਿਨੀਪੈਗ 'ਚ ਵੀਰਵਾਰ ਸ਼ਾਮ ਨੂੰ 8 ਵਜੇ ਆਯੋਜਿਤ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਇਹ ਵਿਜਿਲ ਡਰਾਈਵ ਇਨ ਹੋਵੇਗੀ ਅਤੇ ਇਸ ਦੌਰਾਨ ਕੋਵਿਡ- 19 ਸੰਬੰਧੀ ਪਾਬੰਦੀਆਂ ਦੀ ਪਾਲਣਾ ਕੀਤੀ ਜਾਵੇਗੀ। ਇਦਰੀਸ ਨੇ ਇਸ ਵਿਜਿਲ 'ਚ ਭਾਗ ਲੈਣ ਵਾਲਿਆ ਨੂੰ ਰਜਿਸਟਰ ਕਰਨ ਦੀ ਅਪੀਲ ਵੀ ਕੀਤੀ ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਇੱਕ ਟਵੀਟ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸਲਾਮੋਫੋਬੀਆ ਨੂੰ ਨੱਥ ਪਾਏ ਜਾਣ ਦੀ ਗੱਲ ਆਖੀ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ, ਸ਼ਾਹ ਮਹਿਮੂਦ ਕ਼ੁਰੈਸ਼ੀ ਨੇ ਵੀ ਟਵੀਟ ਕਰਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ । ਕ਼ੁਰੈਸ਼ੀ ਨੇ ਇਸ ਹਮਲੇ ਚ ਬਚੇ ਬੱਚੇ ਦੀ ਸਲਾਮਤੀ ਦੀ ਪ੍ਰਾਥਨਾ ਵੀ ਕੀਤੀ ਹੈ।

Sarbmeet Singh

ਸੁਰਖੀਆਂ