1. ਮੁੱਖ ਪੰਨਾ
  2. ਸਮਾਜ
  3. ਨਫ਼ਰਤ ਅਧਾਰਤ ਅਪਰਾਧ

ਇੱਕ ਮੁਸਲਿਮ ਪਰਿਵਾਰ ਨੂੰ ਜਾਣ ਬੁਝ ਕੇ ਮਾਰੀ ਗੱਡੀ ਨਾਲ ਟੱਕਰ,4 ਲੋਕਾਂ ਦੀ ਹੋਈ ਮੌਤ, ਦੋਸ਼ੀ ਗ੍ਰਿਫ਼ਤਾਰ

ਓਨਟੇਰੀਓ ਦੇ ਲੰਡਨ ਸ਼ਹਿਰ ਵਿਚ ਬੀਤੇ ਐਤਵਾਰ ਹੋਈ ਘਟਨਾ ਵਿਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ , ਇੱਕ ਬੱਚਾ ਵੀ ਹਸਪਤਾਲ ਵਿਚ ਜ਼ੇਰੇ ਇਲਾਜ

ਇਕ ਪੋਲ ਹੇਠ ਪਏ ਫੁਲ ਅਤੇ ਨਜ਼ਦੀਕ ਖੜੇ ਕੁਝ ਲੋਕ

ਲੰਡਨ ਵਿਚ ਵਾਪਰੀ ਨਫ਼ਰਤੀ ਹਮਲੇ ਦੀ ਵਾਰਦਾਤ ਵਿਚ ਮਾਰੇ ਗਏ ਪਰਿਵਾਰ ਦੇ ਜੀਆਂ ਦੀ ਯਾਦ ਵਿਚ ਘਟਨਾ ਸਥਾਨ 'ਤੇ ਬਣੇ ਇਕ ਆਰਜ਼ੀ ਯਾਦਗਾਰ ਸਮਾਰਕ ਤੇ ਇਕੱਠੇ ਹੋਏ ਕੁਝ ਲੋਕ

ਤਸਵੀਰ: Reuters / Carlos Osorio

RCI

ਓਨਟੇਰੀਓ ਦੇ ਲੰਡਨ ਸ਼ਹਿਰ ਵਿਚ ਬੀਤੇ ਐਤਵਾਰ ਵਾਪਰੀ ਹਿੱਟ ਐਂਡ ਰਨ ਦੀ ਘਟਨਾ ਵਿਚ ਇੱਕ 20 ਸਾਲ ਦੇ ਵਿਅਕਤੀ ਨੂੰ 4 ਕਤਲ ਅਤੇ 1 ਇਰਾਦਾ ਕਤਲ ਦੇ ਇਲਜ਼ਾਮਾਂ ਲਈ ਚਾਰਜ ਕੀਤਾ ਗਿਆ ਹੈ। ਲੰਡਨ ਪੁਲਿਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੇ ਇਸ ਮੁਸਲਿਮ ਪਰਿਵਾਰ ਉੱਤੇ ਜਾਣ ਬੁਝ ਕੇ ਹਮਲਾ ਕੀਤਾ ਸੀ।

ਡਿਟੈਕਟਿਵ ਇੰਸਪੈਕਟਰ ਪੌਲ ਵੇਟ ਦਾ ਕਹਿਣਾ ਹੈ ਕਿ 20 ਸਾਲ ਦੇ ਮੁਜਰਿਮ ਨਥੇਨੀਅਲ ਵੈਲਟਮਨ ਉੱਤੇ ਅੱਤਵਾਦ ਨਾਲ ਸਬੰਧਤ ਦੋਸ਼ ਵੀ ਆਇਦ ਕੀਤੇ ਜਾਂ ਸਕਦੇ ਹਨ। 

ਉਹ ਕਲ ਦੁਪਹਿਰ ਵੀਡੀਓ ਲਿੰਕ ਦੇ ਜ਼ਰੀਏ ਅਦਾਲਤ ਵਿਚ ਵੀ ਪੇਸ਼ ਹੋਇਆ ਸੀ। 

ਇਸ ਗੱਲ ਦੇ ਸਬੂਤ ਮਿਲੇ ਹਨ ਕਿ ਇਹ ਵਾਰਦਾਤ ਯੋਜਨਾਬੱਧ ਸੀ ਅਤੇ ਜਾਣ ਬੁਝ ਕੇ ਇਸ ਪਰਿਵਾਰ ਨੂੰ ਸਿਰਫ਼ ਉਹਨਾਂ ਦੇ ਮੁਸਲਮਾਨ ਹੋਣ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ, ਵੇਟ ਨੇ ਕਿਹਾ।

ਪਰਿਵਾਰ ਦੀ ਬੇਨਤੀ 'ਤੇ, ਪੀੜਤ ਅਤੇ ਮ੍ਰਿਤਕਾਂ ਦੇ ਨਾਮ ਜਾਰੀ ਨਹੀਂ ਕੀਤੇ ਗਏ ਹਨ। 

ਮਾਰੇ ਗਏ ਲੋਕ ਹਨ:

  • 74 ਸਾਲ ਦੀ ਔਰਤ
  • 46 ਸਾਲ ਦਾ ਮਰਦ 
  • 44 ਸਾਲ ਦੀ ਔਰਤ 
  • 15 ਸਾਲ ਦੀ ਲੜਕੀ 

ਇਸ ਹਾਦਸੇ ਵਿਚ 9 ਸਾਲ ਦਾ ਇੱਕੋ ਲੜਕਾ ਜਿਉਂਦਾ ਬਚਿਆ ਹੈ ਪਰ ਉਹ ਵੀ ਹਸਪਤਾਲ ਵਿਚ ਗੰਭੀਰ ਜ਼ਖਮ ਹੋਣ ਕਰਕੇ ਜ਼ੇਰੇ ਇਲਾਜ ਹੈ। 

ਐਤਵਾਰ ਸ਼ਾਮ ਕਰੀਬ 8:40 ਵਜੇ ਜਦੋਂ ਇਹ ਪਰਿਵਾਰ ਹਾਈਡ ਪਾਰਕ ਰੋਡ ਦੇ ਨਜ਼ਦੀਕ ਤੁਰ ਰਿਹਾ ਸੀ ਅਤੇ ਸੜਕ ਦੇ ਦੂਸਰੇ ਪਾਸੇ ਜਾਣ ਲਈ ਇੰਟਰਸੈਕਸ਼ਨ ਉੱਤੇ ਉਡੀਕ ਕਰ ਰਿਹਾ ਸੀ, ਉਦੋਂ ਇੱਕ ਪਿਕ-ਅਪ ਟਰੱਕ ਨੇ ਉਹਨਾਂ ਵਿਚ ਟੱਕਰ ਮਾਰ ਦਿੱਤੀ। 

ਪੁਲਸ ਨੂੰ 911 ਉੱਤੇ ਕਈ ਕਾਲਾਂ ਆਈਆਂ ਅਤੇ ਐਮਰਜੈਂਸੀ ਕ੍ਰੂ ਵੀ ਫੌਰਨ ਘਟਨਾ ਸਥਾਨ ਤੇ ਪਹੁੰਚ ਗਿਆ ਸੀ। 

ਟੋਰੌਂਟੋ ਦੇ ਸੈਂਟਰ ਫ਼ੌਰ ਫੌਰੈਂਸਿਕ ਸਾਇੰਸ ਵਿਚ ਅੱਜ ਮ੍ਰਿਤਕਾਂ ਦਾ ਪੋਸਟ ਮੌਰਟਮ ਕੀਤਾ ਜਾਵੇਗਾ। 

ਇਸ ਘਟਨਾ ਦੇ ਸਬੰਧ ਵਿਚ ਮੁਸਲਿਮ ਭਾਈਚਾਰੇ ਤੋਂ ਇਲਾਵਾ ਹੋਰ ਭਾਈਚਾਰਿਆਂ ਅਤੇ ਸਿਆਸਤਦਾਨਾਂ ਵੱਲੋਂ ਵੀ ਆਪਣੇ ਪ੍ਰਤੀਕਰਮ ਦਿੱਤੇ ਗਏ ਨੇ। 

ਲੰਡਨ ਦੇ ਮੇਅਰ ਐਡ ਹੋਲਡਰ ਨੇ ਸਬੰਧਤ ਪਰਿਵਾਰ ਅਤੇ ਸ਼ਹਿਰ ਦੇ ਮੁਸਲਿਮ ਭਾਈਚਾਰੇ ਨਾਲ ਸ਼ੋਕ ਪ੍ਰਗਟ ਕੀਤਾ।

ਦੇਖੋ | ਪੁਲਿਸ ਚੀਫ਼ ਸਟੀਵ ਵਿਲੀਅਮਜ਼ ਮੁਤਾਬਿਕ ਇਹ ਹਮਲਾ ਸੋਚ ਸਮਝ ਕੇ ਕੀਤਾ ਗਿਆ ਸੀ।

ਇਹ ਇੱਕ ਸਮੂਹਿਕ ਕਤਲ ਦੀ ਘਟਨਾ ਹੈ, ਜੋ ਮੁਸਲਮਾਨਾਂ ਖ਼ਿਲਾਫ਼ ਵਾਪਰੀ ਹੈ- ਜੋ ਲੰਡਨ ਵਾਸੀਆਂ ਨਾਲ ਵਾਪਰੀ ਹੈ, ਜਿਸ ਦਾ ਸਰੋਤ ਨਫ਼ਰਤ ਸੀ, ਉਹਨਾਂ ਕਿਹਾ। ਇਹ ਬਿਆਨ ਨਾ ਕੀਤੀ ਜਾ ਸਕਣ ਵਾਲੀ ਨਫ਼ਰਤੀ ਘਟਨਾ, ਇਸ ਇਸਲਾਮੋਫੋਬੀਆ ਦੀ ਘਟਨਾ ਤੋਂ ਬਾਅਦ ਹੁਣ [ਸਮਾਜ ਨੂੰ] ਦਿਆਲਤਾ,ਹਮਦਰਦੀ, ਰਹਿਮਦਿਲੀ, ਏਕਤਾ, ਨਿਆਂ- ਅਤੇ ਸਭ ਤੋਂ ਅਹਿਮ, ਪਿਆਰ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਲੰਡਨ ਅਤੇ ਦੇਸ਼ ਭਰ ਦੇ ਮੁਸਲਿਮ ਭਾਈਚਾਰੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਸਾਡੇ ਮੁਲਕ ਵਿਚ ਇਸਲਾਮੋਫੋਬੀਆ ਦੀ ਕੋਈ ਜਗ੍ਹਾ ਨਹੀਂ ਹੈ। 

ਕੰਜ਼ਰਵੇਟਿਵ ਲੀਡਰ ਐਰਿਨ ਓਟੂਲ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਇਸ ਨਫ਼ਰਤੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। 

ਓਨਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਵੀ ਇਸ ਘਟਨਾ ਉੱਤੇ ਗਹਿਰਾ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਨਾਲ਼ ਉਹਨਾਂ ਦੀ ਪੂਰੀ ਹਮਦਰਦੀ ਹੈ। ਇਸ ਨਫ਼ਰਤੀ ਹਮਲੇ ਦੀ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਸਾਡੇ ਸਮਾਜ ਵਿਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ। 

ਲੰਡਨ ਦੇ ਇੱਕ ਵਕੀਲ ਅਤੇ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਨਵਾਜ਼ ਤਾਹਿਰ ਨੇ ਕਿਹਾ, ਉਹ ਮਾਸੂਮ ਲੋਕ ਸਨ ਅਤੇ ਉਹ ਸਿਰਫ਼ ਮੁਸਲਿਮ ਹੋਣ ਦੇ ਕਾਰਨ ਮਾਰੇ ਗਏ ਹਨ।

ਅਸੀਂ ਨਫ਼ਰਤ ਦੇ ਖਿਲਾਫ ਹਮੇਸ਼ਾ ਲੜਾਂਗੇ। ਅਸੀਂ ਇਸਲਾਮੋਫੋਬੀਆ ਦੇ ਖਿਲਾਫ ਹਮੇਸ਼ਾ ਡਟੇ ਰਹਾਂਗੇ। ਅਸੀਂ ਪਿਆਰ, ਵਿਸ਼ਵਾਸ ਅਤੇ ਨਿਆਂ ਦੀ ਭਾਲ ਦੇ ਨਾਲ ਅੱਤਵਾਦ ਦੇ ਖਿਲਾਫ ਹਮੇਸ਼ਾ ਡਟੇ ਰਹਾਂਗੇ। ਨਫ਼ਰਤ ਕਦੇ ਵੀ ਪਿਆਰ ਨੂੰ ਹਰਾ ਨਹੀਂ ਸਕੇਗੀ।

ਕੋਈ ਅਪਰਾਧਕ ਪਿਛੋਕੜ ਨਹੀਂ 

ਪੁਲਿਸ ਦਾ ਕਹਿਣਾ ਹੈ ਕਿ ਇਸ ਬਾਰੇ ਸਪਸ਼ਟ ਰੂਪ ਵਿਚ ਨਹੀਂ ਕਿਹਾ ਜਾਂ ਸਕਦਾ ਕਿ ਇਸ ਨੌਜਵਾਨ ਦਾ ਕਿਸੇ ਖ਼ਾਸ ਸਮੂਹ ਨਾਲ ਨਫ਼ਰਤ ਕਰਨ ਵਾਲੇ ਕਿਸੇ ਗਰੁੱਪ ਨਾਲ ਕੋਈ ਸਬੰਧ ਹੋਵੇਗਾ। 

ਇਸ 20 ਸਾਲ ਦੇ ਨੌਜਵਾਨ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ। 

ਦੇਖੋ | ਇਮਾਮ ਮੁਨੀਰ ਅਲ-ਕਾਸਿਮ ਨੇ ਕਿਹਾ ਕਿ ਨਫ਼ਰਤ ਦੀ ਇਹ ਲਹਿਰ ਰੁਕਣੀ ਚਾਹੀਦੀ ਹੈ।

ਹਾਦਸੇ ਵਾਲੇ ਸਥਾਨ ਤੋਂ ਕੁਝ ਹੀ ਦੂਰੀ ਉੱਤੇ ਵੈਲਟਮਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਨੇ ਇੱਕ ਵੇਸਟ ਪਹਿਨਿਆ ਹੋਇਆ ਸੀ ਜੋ ਬੌਡੀ ਆਰਮਰ (ਸ਼ਸਤਰ ਰੱਖਣ ਦੀ ਪੇਟੀ) ਵਰਗਾ ਪ੍ਰਤੀਤ ਹੋ ਰਿਹਾ ਸੀ। 

ਪੁਲਿਸ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਉਹਨਾਂ ਨੂੰ ਕਿਸ ਆਧਾਰ 'ਤੇ ਲੱਗਦਾ ਹੈ ਕਿ ਇਸ ਪੀੜਤ ਪਰਿਵਾਰ ਨੂੰ ਉਹਨਾਂ ਦੇ ਧਰਮ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ। 

ਹਫੜਾ-ਦਫੜੀ ਦਾ ਮਾਹੌਲ ਸੀ

ਘਟਨਾ ਸਥਾਨ ਦੇ ਨਜ਼ਦੀਕ ਰਹਿੰਦੀ ਪੇਜ ਮਾਰਟਿਨ ਰਾਤੀਂ ਕਰੀਬ 8.30 ਵਜੇ ਨਾਲ਼ ਦੇ ਗੈਸ ਸਟੇਸ਼ਨ ਤੇ ਗੈਸ [ਪੈਟਰੌਲ] ਪਵਾਉਣ ਨਿੱਕਲੀ ਸੀ ਅਤੇ ਜਦੋਂ ਉਹ ਰੇਡ ਲਾਈਟ ਤੇ ਖੜੀ ਸੀ ਤਾਂ ਉਸਦੇ ਨੇੜਿਓਂ ਕਾਲੇ ਰੰਗ ਦਾ ਇਕ ਬੇਹੱਦ ਤੇਜ਼ ਰਫ਼ਤਾਰ ਵਾਹਨ ਲੰਘਿਆ। 

ਉਹ ਗੈਸ ਸਟੇਸ਼ਨ ਵੱਲ ਚਲੀ ਗਈ। ਘਰ ਵਾਪਸ ਪਰਤਣ ਵੇਲੇ ਉਸਨੇ ਕਾਰ ਦੇ ਸ਼ੀਸ਼ੇ ਵਿਚੋਂ ਦੇਖਿਆ ਕਿ ਸਾਰਨੀਆ ਰੋਡ ਉੱਤੇ ਕਾਰਾਂ ਇਕੱਠੀਆਂ ਹੋ ਰਹੀਆਂ ਸਨ ਅਤੇ ਐਮਰਜੰਸੀ ਦਸਤਾ ਵੀ ਪਹੁੰਚ ਰਿਹਾ ਸੀ। 

ਹਫੜਾ-ਦਫੜੀ ਦਾ ਮਾਹੌਲ ਸੀ, ਹਰ ਪਾਸੇ ਲੋਕ ਭੱਜ ਰਹੇ ਸਨ, ਅਤੇ ਲੋਕ ਐਮਰਜੰਸੀ ਦਸਤੇ ਨੂੰ ਦੱਸ ਰਹੇ ਸਨ ਕਿ ਉਹਨਾਂ ਨੂੰ ਕਿਸ ਪਾਸੇ ਨੂੰ ਜਾਣਾ ਹੈ। ਲੋਕ ਚੀਖ਼ ਰਹੇ ਸਨ ਅਤੇ ਬਾਹਾਂ ਚੁੱਕ , ਹੱਥ ਹਿਲਾ ਕੇ ਇਸ਼ਾਰੇ ਕਰ ਰਹੇ ਸਨ। ਇਹ ਸਭ ਅਜਿਹਾ ਸੀ ਜਿਸਨੂੰ ਤੁਸੀਂ ਕਦੇ ਦੁਬਾਰਾ ਨਹੀਂ ਦੇਖਣਾ ਚਾਹੋਂਗੇ। ਮਾਰਟਿਨ ਨੇ ਕਿਹਾ। 

ਸੜਕ ਤੇ ਮੌਜੂਦ ਦੋ ਪੁਲਿਸ ਅਧਿਕਾਰੀ

ਲੰਡਨ ਓਨਟੇਰੀਓ ਵਿਚ ਹੋਏ ਪਿਕ ਅਪ ਟਰੱਕ ਹਮਲੇ ਤੋਂ ਬਾਅਦ ਪੁਲਿਸ ਅਧਿਕਾਰੀ ਘਟਨਾ ਸਥਾਨ 'ਤੇ ਜਾਂਚ ਕਰਦੇ ਹੋਏ

ਤਸਵੀਰ: La Presse canadienne / Geoff Robins

ਇਸੇ ਇਲਾਕੇ ਵਿਚ ਰਹਿੰਦੇ ਕ੍ਰਿਸਟਨ ਨਾਂ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਮੰਗੇਤਰ ਨਾਲ ਡਿਨਰ ਬਣਾ ਰਿਹਾ ਸੀ ਜਦੋਂ ਇਸ ਜੋੜੇ ਨੂੰ ਕਰੈਸ਼ (ਹਾਦਸੇ) ਦੀਆਂ ਅਵਾਜ਼ਾਂ ਆਈਆਂ। ਉਹ ਪਤਾ ਲੈਣ ਲਈ ਬਾਹਰ ਨਿੱਕਲੇ, ਪਰ ਉਹਨਾਂ ਨੂੰ ਭੀੜ ਜਮਾਂ ਹੋਣ ਤੱਕ ਇਹ ਅੰਦਾਜ਼ਾ ਨਹੀਂ ਸੀ ਕਿ ਸਥਿਤੀ ਇੰਨੀ ਗੰਭੀਰ ਹੋਵੇਗੀ।

ਸਾਰਨੀਆ ਅਤੇ ਗੇਨਜ਼ਬੋਰੋ ਰੋਡ ਦੇ ਦਰਮਿਆਨ ਹਾਈਡ ਪਾਰਕ ਰੋਡ ਨੂੰ ਪੁਲਿਸ ਜਾਂਚ ਲਈ ਬੰਦ ਕੀਤਾ ਗਿਆ ਸੀ। 

ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਕੋਲ ਇਸ ਸਬੰਧ ਵਿਚ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ  (519-661-5515, ਐਕਸਟੇਂਸ਼ਨ। 5842) 'ਤੇ ਜਾਂ ਕ੍ਰਾਈਮ ਸਟੌਪਰਜ਼ (1-800-222-TIPS) 'ਤੇ  ਫ਼ੋਨ ਕਰ ਸਕਦਾ ਹੈ। 

ਇਸ ਘਟਨਾ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਲਈ ਮਦਦ ਉਪਲਬਦ ਹੈ, ਜਿਸ ਵਿਚ ਸ਼ਾਮਲ ਹਨ :

ਮਿਡਲਸੈਕਸ ਲੰਡਨ ਦੀਆਂ ਪੀੜਤ ਸੇਵਾਵਾਂ : 226-678-4631 ਜਾਂ ਈ-ਮੇਲ staff@vsmiddlesex.org

ਮੁਸਲਿਮ ਰਿਸੋਰਸ ਸੈਂਟਰ ਫ਼ੌਰ ਸੋਸ਼ਲ ਸਪੋਰਟ ਐਂਡ ਇੰਟੀਗ੍ਰੇਸ਼ਨ: 519-672-6000 ਐਕਸਟੇਂਸ਼ਨ 309। 

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕ਼ਵੀ, ਪੱਤਰਕਾਰ, ਆਰਸੀਆਈ

ਸੁਰਖੀਆਂ