1. ਮੁੱਖ ਪੰਨਾ
  2. ਸਮਾਜ
  3. ਪੁਰਾਤੱਤਵ ਵਿਗਿਆਨ

ਬੀ ਸੀ ਦੇ ਸਿੱਖ ਮੋਟਰਸਾਈਕਲ ਰਾਈਡਰਜ਼ ਨੇ ਮਾਰਿਆ ਮੂਲਨਿਵਾਸੀਆਂ ਦੇ ਹੱਕ 'ਚ ਹਾਅ ਦਾ ਨਾਅਰਾ

ਐਬਟਸਫੋਰਡ ਤੋਂ ਕੈਮਲੂਪਸ ਤੱਕ ਕੀਤੀ ਮੋਟਰਸਾਈਕਲ ਯਾਤਰਾ ।

ਐਬਟਸਫੋਰਡ ਤੋਂ ਕੈਮਲੂਪਸ ਤੱਕ ਕੀਤੀ ਮੋਟਰਸਾਈਕਲ ਯਾਤਰਾ ।

ਬੀ ਸੀ ਦੇ ਵੱਖ-ਵੱਖ ਮੋਟਰਸਾਈਕਲ ਕਲੱਬਾਂ ਵੱਲੋਂ ਮੂਲਨਿਵਾਸੀ ਭਾਈਚਾਰੇ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ ।

ਤਸਵੀਰ: Radio-Canada

Sarbmeet Singh

ਕੈਮਲੂਪਸ ਦੇ ਸਾਬਕਾ ਇੰਡੀਅਨ ਰੇਜ਼ੀਡੈਂਸ਼ੀਅਲ ਸਕੂਲ ਵਿੱਚ ਲੰਘੇ ਮਹੀਨੇ ਦੌਰਾਨ 215 ਬੱਚਿਆਂ ਦੇ ਅਵਸ਼ੇਸ਼ ਮਿਲਣ ਤੇ , ਬੀ ਸੀ ਦੇ ਵੱਖ-ਵੱਖ ਮੋਟਰਸਾਈਕਲ ਕਲੱਬਾਂ ਵੱਲੋਂ ਮੂਲਨਿਵਾਸੀ ਭਾਈਚਾਰੇ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ ।

ਸਿੱਖ ਰਾਈਡਰਜ਼ ਆਫ ਕੈਨੇਡਾ ਦੇ ਸੱਦੇ ਤੇ ਹੋਰਨਾਂ ਕਲੱਬਾਂ ਵੱਲੋਂ ਵੀ ਇਸ ਵਿੱਚ ਭਾਗ ਲਿਆ ਗਿਆ ਅਤੇ ਇਹਨਾਂ ਮੋਟਰਸਾਈਕਲ ਚਾਲਕਾਂ ਨੇ ਐਬਟਸਫੋਰਡ ਤੋਂ ਕੈਮਲੂਪਸ ਤੱਕ 300 ਤੋਂ ਵਧੇਰੇ ਕਿਲੋਮੀਟਰ ਤੱਕ ਦਾ ਸਫ਼ਰ ਕਰੀਬ 5 ਘੰਟਿਆ 'ਚ ਤੈਅ ਕੀਤਾ ।

ਸਿੱਖ ਰਾਈਡਰਜ਼ ਆਫ ਕੈਨੇਡਾ ਕਲੱਬ ਦੇ ਪ੍ਰੈਜ਼ੀਡੈਂਟ ਦਲਜੀਤ ਸੰਧੂ ਨੇ ਦੱਸਿਆ ਕਿ ਇਸ ਮੋਟਰਸਾਈਕਲ ਯਾਤਰਾ ਦਾ ਮਕਸਦ ਮੂਲਨਿਵਾਸੀ ਭਾਈਚਾਰੇ ਨਾਲ ਹੋ ਰਹੀਆਂ ਜ਼ਿਆਦਤੀਆਂ ਬਾਰੇ ਜਾਗਰੂਕਤਾ ਲਿਆਉਣਾ ਸੀ । ਸੰਧੂ ਨੇ ਦੱਸਿਆ ਕਿ ਮੂਲਨਿਵਾਸੀ ਭਾਈਚਾਰਾ ਲਗਾਤਾਰ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ ਅਤੇ ਐਨੇ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਉਹਨਾਂ ਨੂੰ ਸਾਫ਼ ਪਾਣੀ ਤੱਕ ਉਪਲੱਬਧ ਨਹੀਂ ਕਰਵਾ ਸਕੀ ਹੈ ।

ਸਿੱਖ ਰਾਈਡਰਜ਼ ਆਫ ਕੈਨੇਡਾ ਕਲੱਬ ਦੇ ਪ੍ਰੈਜ਼ੀਡੈਂਟ ਦਲਜੀਤ ਸੰਧੂ  ।

ਸਿੱਖ ਰਾਈਡਰਜ਼ ਆਫ ਕੈਨੇਡਾ ਕਲੱਬ ਦੇ ਪ੍ਰੈਜ਼ੀਡੈਂਟ ਦਲਜੀਤ ਸੰਧੂ ਨੇ ਦੱਸਿਆ ਕਿ ਇਸ ਮੋਟਰਸਾਈਕਲ ਯਾਤਰਾ ਦਾ ਮਕਸਦ ਮੂਲਨਿਵਾਸੀ ਭਾਈਚਾਰੇ ਨਾਲ ਹੋ ਰਹੀਆਂ ਜ਼ਿਆਦਤੀਆਂ ਬਾਰੇ ਜਾਗਰੂਕਤਾ ਲਿਆਉਣਾ ਸੀ ।

ਤਸਵੀਰ: Radio-Canada

ਇਹਨਾਂ ਸਿੱਖ ਰਾਈਡਰਜ਼ ਦਾ ਮੰਨਣਾ ਹੈ ਕਿ ਸਿੱਖ ਭਾਈਚਾਰਾ ਵੀ ਬੀਤੇ ਸਮੇਂ 'ਚ ਧੱਕੇ ਦਾ ਸ਼ਿਕਾਰ ਹੋ ਚੁਕਿਆ ਹੈ ਅਤੇ ਇਹ ਮਾਰਚ ਵੀ ਉਹਨਾਂ ਦਿਨਾਂ 'ਚ ਹੀ ਕੱਢਿਆ ਗਿਆ ਹੈ ਜਿੰਨ੍ਹਾਂ ਦਿਨਾਂ 'ਚ ਕਈ ਦਹਾਕੇ ਪਹਿਲਾਂ ਸਿੱਖ ਭਾਈਚਾਰੇ ਦੇ ਧਾਰਮਿਕ ਅਸਥਾਨਾਂ ਤੇ ਹਮਲਾ ਕੀਤਾ ਗਿਆ ਸੀ ।

ਇਸ ਮੋਟਰਸਾਈਕਲ ਮਾਰਚ 'ਚ ਸ਼ਾਮਿਲ ਲਖਵਿੰਦਰ ਸਿੰਘ ਤੇ ਗਗਨਦੀਪ ਸਰਾਂ ਨੇ ਦੱਸਿਆ ਕਿ ਇਸ ਮਾਰਚ ਨੇ ਕਰੀਬ 330 ਕਿਲੋਮੀਟਰ ਦੂਰੀ ਤੈਅ ਕੀਤੀ । ਲਖਵਿੰਦਰ ਮੁਤਾਬਿਕ ਭਾਵੇਂ ਕਿ ਮੌਸਮ ਕੁੱਝ ਹੱਦ ਤੱਕ ਖਰਾਬ ਸੀ ਪਰ ਉਹਨਾਂ ਨੇ ਕਰੀਬ 5 ਘੰਟਿਆ 'ਚ ਇਹ ਸਫ਼ਰ ਤੈਅ ਕਰ ਲਿਆ । ਗਗਨਦੀਪ ਸਰਾਂ ਨੇ ਕਿਹਾ ਕਿ ਇਹ ਬੇਹੱਦ ਭਾਵੁਕ ਕਰ ਦੇਣ ਵਾਲੇ ਪਲ ਸਨ । ਉਹਨਾਂ ਦੱਸਿਆ ਕਿ ਇਸ ਮੌਕੇ 'ਤੇ ਸਿੱਖ ਭਾਈਚਾਰੇ ਦੀਆਂ ਰਵਾਇਤਾਂ ਮੁਤਾਬਿਕ ਅਰਦਾਸ ਵੀ ਕੀਤੀ ਗਈ ।

ਲਖਵਿੰਦਰ ਸਿੰਘ ਤੇ ਗਗਨਦੀਪ ਸਰਾਂ ।

ਲਖਵਿੰਦਰ ਸਿੰਘ ਤੇ ਗਗਨਦੀਪ ਸਰਾਂ ਨੇ ਦੱਸਿਆ ਕਿ ਇਸ ਮਾਰਚ ਨੇ ਕਰੀਬ 330 ਕਿਲੋਮੀਟਰ ਦੂਰੀ ਤੈਅ ਕੀਤੀ ।

ਤਸਵੀਰ: ਲਖਵਿੰਦਰ ਸਿੰਘ ਤੇ ਗਗਨਦੀਪ ਸਰਾਂ

ਦੱਸਣਯੋਗ ਹੈ ਕਿ ਲੰਘੇ ਮਹੀਨੇ ਦੌਰਾਨ ਕੈਮਲੂਪਸ ਦੇ ਸਾਬਕਾ ਇੰਡੀਅਨ ਰੇਜ਼ੀਡੈਂਸ਼ੀਅਲ ਸਕੂਲ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲਣ ਦੀ ਗੱਲ ਸਾਹਮਣੇ ਆਈ ਸੀ ਅਤੇ ਇਹ ਮੁੱਦਾ ਹਾਊਸ ਆਫ ਕੌਮਨਜ਼ ਵਿੱਚ ਵੀ ਗੂੰਜਿਆ ਸੀ । ਇਹਨਾਂ ਰਾਈਡਰਜ਼ ਵੱਲੋਂ ਉੱਕਤ ਸਾਬਕਾ ਸਕੂਲ ਦਾ ਦੌਰਾ ਵੀ ਕੀਤਾ ਗਿਆ। 1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਭਾਈਚਾਰੇ ਦੇ ਬੱਚਿਆਂ ਨੂੰ ਰਿਹਾਇਸ਼ੀ ਸਕੂਲਾਂ ਵਿੱਚ ਰੱਖਿਆ ਗਿਆ ਸੀ । ਦ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ (ਟੀਆਰਸੀ) ਦੀ ਰਿਪੋਰਟ ਮੁਤਾਬਿਕ ਇਨ੍ਹਾਂ ਸਕੂਲਾਂ ਵਿੱਚ ਘੱਟੋ ਘੱਟ 4,100 ਬੱਚਿਆਂ ਦੀ ਮੌਤ ਹੋਈ ਹੈ ।

ਕੈਮਲੂਪਸ ਪੰਜਾਬੀ ਬਾਈਕਰਜ਼ ਦੇ ਪ੍ਰੈਜ਼ੀਡੈਂਟ ਇੰਦਰ ਹੀਰ ਨੇ ਦੱਸਿਆ ਕਿ ਕਿ ਉਹਨਾਂ ਦੇ ਕਲੱਬ ਵੱਲੋਂ ਵੀ ਇਸ 'ਚ ਹਿੱਸਾ ਲਿਆ ਗਿਆ। ਇੰਦਰ ਨੇ ਕਿਹਾ ਕਿ ਮੂਲਨਿਵਾਸੀ ਭਾਈਚਾਰਾ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਹੈ ਤੇ ਇਹ ਕਦਮ ਉਹਨਾਂ ਨਾਲ ਸਦਭਾਵਨਾ ਦੇ ਤੌਰ ਤੇ ਚੱਕਿਆ ਗਿਆ ਹੈ । ਉਹਨਾਂ ਦੱਸਿਆ ਕਿ ਭਾਈਚਾਰੇ ਵੱਲੋਂ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ।

ਆਪਣੇ ਤਜ਼ਰਬੇ ਸਾਂਝੇ ਕਰਦਿਆਂ, ਦਲਜੀਤ ਸੰਧੂ ਨੇ ਕਿਹਾ ਕਿ ਇਸ ਮੋਟਰਸਾਈਕਲ ਮਾਰਚ ਨਾਲ ਇੱਕ ਬੜਾ ਵੱਡਾ ਸੰਦੇਸ਼ ਭਾਈਚਾਰੇ 'ਚ ਗਿਆ ਹੈ। ਉਹਨਾਂ ਕਿਹਾ ਕਿ ਆਰ ਸੀ ਐਮ ਪੀ ਵੱਲੋਂ ਉਹਨਾਂ ਦੇ ਕਾਫਲੇ ਨੂੰ ਐੱਸਕੋਰਟ ਕਰ ਕੇ ਲਿਜਾਇਆ ਗਿਆ।

ਕੈਮਲੂਪਸ ਪਹੁੰਚ ਕੇ ਇਹਨਾਂ ਬਾਈਕਰਜ਼ ਵੱਲੋਂ ਮੂਲਨਿਵਾਸੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਬਾਈਕ ਰਾਈਡਰਜ਼ ਦਾ ਧੰਨਵਾਦ ਵੀ ਕੀਤਾ ਗਿਆ ।

ਦਲਜੀਤ ਸੰਧੂ ਨੇ ਦੱਸਿਆ ਕਿ ਉਹਨਾਂ ਵੱਲੋਂ ਮੂਲਨਿਵਾਸੀ ਭਾਈਚਾਰੇ ਨਾਲ ਸਦਭਾਵਨਾ ਪ੍ਰਗਟਾਉਣ ਲਈ ਆਉਂਦੇ ਦਿਨਾਂ 'ਚ ਅਜਿਹੇ ਹੋਰ ਮਾਰਚ ਕੀਤੇ ਜਾਣਗੇ।

Sarbmeet Singh

ਸੁਰਖੀਆਂ