1. ਮੁੱਖ ਪੰਨਾ
  2. ਸਮਾਜ
  3. ਸੁਦੇਸ਼ੀ

ਟੋਰੌਂਟੋ ਰੈਲੀ ਦੌਰਾਨ ਢਾਹੇ ਗਏ ਐਗਰਟਨ ਰਾਇਰਸਨ ਦੇ ਬੁੱਤ ਦਾ ਨਹੀਂ ਹੋਵੇਗਾ ਪੁਨਰ ਸਥਾਪਨ

ਵਿਦਿਆਰਥੀਆਂ ਅਤੇ ਪ੍ਰੋਫ਼ੈਸਰਾਂ ਵੱਲੋਂ ਰਾਇਰਸਨ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ।

ਹਥੌੜੇ ਨਾਲ ਮੌਜੂਦ ਇੱਕ ਪ੍ਰਦਰਸ਼ਨਕਾਰੀ ਅਤੇ ਜ਼ਮੀਨ ਤੇ ਪਿਆ ਬੁੱਤ

ਰੇਜ਼ੀਡੈਂਸ਼ੀਅਲ ਸਕੂਲ ਸਿਸਟਮ ਉਲੀਕਣ ਵਿਚ ਭੂਮਿਕਾ ਨਿਭਾਉਣ ਵਾਲੇ ਐਗਰਟਨ ਰਾਇਰਸਨ ਦਾ ਬੁੱਤ ਐਤਵਾਰ ਨੂੰ ਢਾਹੇ ਜਾਣ ਤੋਂ ਬਾਅਦ ਜ਼ਮੀਨ ਤੇ ਪਿਆ ਹੋਇਆ

ਤਸਵੀਰ: Radio-Canada / Evan Mitsui

RCI

ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ ਕਿਹਾ ਹੈ ਐਗਰਟਨ ਰਾਇਰਸਨ ਦੇ ਢਾਹੇ ਗਏ ਬੁੱਤ ਨੂੰ ਨਾ ਤਾਂ ਪੁਨਰ ਸਥਾਪਿਤ ਕੀਤਾ ਜਾਵੇਗਾ ਅਤੇ ਨਾ ਹੀ ਇਸਨੂੰ ਤਬਦੀਲ ਕੀਤਾ ਜਾਵੇਗਾ। ਕਲ ਟੋਰੌਂਟੋ ਵਿਚ ਹੋਏ ਮੁਜ਼ਾਹਰਿਆਂ ਦੌਰਾਨ ਯੂਨੀਵਰਸਿਟੀ ਦੇ ਬਾਹਰ ਲੱਗੇ ਇਸ ਬੁੱਤ ਦੀ ਢਾਹ ਭੰਨ੍ਹ ਕੀਤੀ ਗਈ ਸੀ।

ਐਗਰਟਨ ਰਾਇਰਸਨ ਦੀ ਰੇਜ਼ੀਡੈਂਸ਼ੀਅਲ ਸਕੂਲ ਸਿਸਟਮ ਦੀ ਰੂਪ ਰੇਖਾ ਤਿਆਰ ਕਰਨ ਵਿਚ ਅਹਿਮ ਭੂਮਿਕਾ ਹੋਣ ਕਰਕੇ, ਪਿਛਲੇ ਕੁਝ ਸਾਲਾਂ ਤੋਂ ਵਿਦਿਆਰਥੀ ਅਤੇ ਸਟਾਫ਼ ਯੂਨੀਵਰਸਿਟੀ ਡਾਊਨਟਾਊਨ ਕੈਂਪਸ ਤੋਂ ਰਾਇਰਸਨ ਦਾ ਬੁੱਤ ਹਟਾਏ ਜਾਣ ਦੀ ਮੰਗ ਕਰਦੇ ਰਹੇ ਸਨ। 

ਹਾਲ ਹੀ ਵਿਚ ਬੀਸੀ ਸੂਬੇ ਦੇ ਕੈਮਲੂਪਸ ਸ਼ਹਿਰ ਵਿਚ ਸਥਿਤ ਇਕ ਸਾਬਕਾ ਰੇਜ਼ੀਡੈਂਸ਼ੀਅਲ ਸਕੂਲ ਵਿਚੋਂ 215 ਬੱਚਿਆਂ ਦੇ ਅਵਸ਼ੇਸ਼ ਮਿਲਣ ਦੇ ਮਾਮਲੇ ਦੇ ਸੰਬੰਧ ਵਿਚ ਐਤਵਾਰ ਸ਼ਾਮ ਟੋਰੌਂਟੋ ਵਿਚ ਹੋਈ ਰੈਲੀ ਦੌਰਾਨ ਰਾਇਰਸਨ ਦੇ ਬੁੱਤ ਨੂੰ ਢਾਹ ਦਿੱਤਾ ਗਿਆ।

ਟਵਿੱਟਰ ਉੱਤੇ ਪੋਸਟ ਕੀਤੀ ਗਈ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਇਸ ਬੁੱਤ ਨੂੰ ਰੱਸੀ ਨਾਲ ਖਿੱਚਿਆ ਗਿਆ ਅਤੇ ਇਸਦੇ ਜ਼ਮੀਨ 'ਤੇ ਡਿੱ ਗਣਤੋਂ ਬਾਅਦ ਕੁਝ ਲੋਕ ਖੁਸ਼ੀ ਵਿਚ ਰੌਲ਼ਾ ਪਾ ਰਹੇ ਹਨ। ਸੀਬੀਸੀ ਨਿਊਜ਼ ਵੱਲੋਂ ਇਸ ਵੀਡੀਓ ਦੇ ਅੰਸ਼ਾਂ ਦੀ ਤਸਦੀਕ ਅਤੇ ਇਸਨੂੰ ਫ਼ਿਲਮਾਉਣ ਵਾਲੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। 

ਘਟਨਾ ਸਥਾਨ ਦੀਆਂ ਤਸਵੀਰਾਂ ਵਿਚ ਨਜ਼ਰ ਆ ਰਿਹਾ ਹੈ ਕਿ ਬੁੱਤ ਨੂੰ ਨੀਚੇ ਡੇਗੇ ਜਾਣ ਤੋਂ ਬਾਅਦ ਉਸਦੇ ਸਰ ਨੂੰ ਧੜ੍ਹ ਨਾਲੋਂ ਅੱਡ ਕਰ ਦਿੱਤਾ ਗਿਆ। 

ਬੁੱਤ ਦੇ ਸਿਰ ਉੱਤੇ ਕੁਝ ਲੋਕਾਂ ਦੇ ਪੈਰ

ਕੁਝ ਪ੍ਰਦਰਸ਼ਨਕਾਰੀ ਐਗਰਟਨ ਰਾਇਰਸਨ ਦੇ ਬੁੱਤ ਦੇ ਅੱਡ ਕੀਤੇ ਗਏ ਸਿਰ ਉੱਤੇ ਖੜ੍ਹੇ ਹੋਏ

ਤਸਵੀਰ: Radio-Canada / Evan Mitsui

ਅੱਜ ਸਵੇਰੇ ਦਿੱਤੇ ਇੱਕ ਬਿਆਨ ਵਿਚ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਮੁਹੰਮਦ ਲਾਸ਼ਿਮੀ ਨੇ ਕਿਹਾ ਕਿ ਇਹ ਬੁੱਤ ਬਦਲਿਆ ਜਾਂ ਪੁਨਰ ਸਥਾਪਿਤ ਨਹੀਂ ਕੀਤਾ ਜਾਵੇਗਾ।

ਇਸ ਬੁੱਤ ਦਾ ਭਵਿੱਖ ਇੱਕ ਟਾਸਕ ਫ਼ੋਰਸ ਦੁਆਰਾ ਵਿਚਾਰਿਆ ਜਾ ਰਿਹਾ ਸੀ, ਜਿਸਦਾ ਮਕਸਦ ਯੂਨੀਵਰਸਿਟੀ ਦੇ ਨਾਮ, ਐਰਗਰਟਨ ਰਾਇਰਸਨ ਦੀ ਵਿਰਾਸਤ ਅਤੇ ਕੈਂਪਸ ਵਿਚ ਹੋਰ ਯਾਦਗਾਰੀ ਤੱਤਾਂ ਉੱਤੇ ਵਿਚਾਰ ਕਰਨਾ ਹੈ। ਲਾਸ਼ਿਮੀ ਨੇ ਕਿਹਾ।

ਮੈਂ ਆਪਣੇ ਲੋਕਾਂ ਨੂੰ ਕਹਿੰਦਾ ਹਾਂ ਕਿ ਉਹਨਾਂ ਦੇ ਕੰਮ ਦੀ ਇੱਜ਼ਤ ਕਰੋ ਅਤੇ ਉਹਨਾਂ ਨਾਲ ਜੁੜੋ, ਕਿਉਂਕਿ ਸਾਨੂੰ ਸਾਡੀ ਯੂਨੀਵਰਸਿਟੀ ਦੇ ਸਾਰਿਆਂ ਮੁੱਦਿਆਂ 'ਤੇ ਸ਼ਾਮਲ ਹੋਣਾ ਚਾਹੀਦਾ ਹੈ - ਗੱਲਬਾਤ, ਬਹਿਸ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਰਾਹੀਂ।

ਲਾਸ਼ਿਮੀ ਮੁਤਾਬਕ, ਕਲ ਦੁਪਹਿਰ ਕੁਈਨਜ਼ ਪਾਰਕ ਤੋਂ ਸ਼ੁਰੂ ਹੋਕੇ ਗੋਲਡ ਸਟ੍ਰੀਟ 'ਤੇ ਸਮਾਪਤ ਹੋਣ ਵਾਲੇ ਇਸ ਪ੍ਰਦਰਸ਼ਨ ਵਿਚ 1000 ਤੋਂ ਵੱਧ ਲੋਕ ਸ਼ਾਮਲ ਹੋਏ ਸਨ। 

ਕੁਝ ਆਖ਼ਰੀ ਲੋਕਾਂ ਦੇ ਵੀ ਉਥੋਂ ਜਾਣ ਤੋਂ ਕਰੀਬ ਇੱਕ ਘੰਟੇ ਬਾਅਦ, ਗੋਲਡ ਸਟ੍ਰੀਟ ਉੱਤੇ ਇੱਕ ਟਰੱਕ ਪਹੁੰਚਿਆ ਅਤੇ ਐਗਰਟਨ ਰਾਇਰਸਨ ਦੇ ਬੁੱਤ ਨੂੰ ਨੀਚੇ ਖਿੱਛਣ ਲਈ ਅੱਗੇ ਵਧਿਆ। ਸਾਨੂੰ ਇਸ ਗੱਲ ਤੋਂ ਰਾਹਤ ਹੈ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ, ਉਹਨਾਂ ਕਿਹਾ।

ਟੋਰੌਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਤੋਂ ਜਾਣੂੰ ਹਨ ਅਤੇ ਇਸਦੀ ਜਾਂਚ ਕੀਤੀ ਜਾਵੇਗੀ। 

'ਇਹ ਬਹੁਤ ਥੋੜ੍ਹਾ ਨਿਆਂ ਹੈ' 

ਕੈਂਪਸ ਵਿਚ ਇਸ ਬੁੱਤ ਦੇ ਢਾਹੇ ਜਾਣ ਤੋਂ ਬਾਅਦ ਜਮਾਂ ਹੋਏ ਲੋਕਾਂ ਵਿਚ ਮੌਜੂਦ ਕ੍ਰੈਗ ਸੇਂਟ ਡੈਨਿਸ ਨੇ ਕਿਹਾ ਕਿ ਇਸਨੂੰ ਢਾਹਿਆ ਜਾਣਾ ਸਮੁੱਚੇ ਮੁਲਕ ਦੇ ਦੁਖਾਂ ਦੇ ਨਿਵਾਰਨ ਦੀ ਸ਼ੁਰੂਆਤ ਹੈ।

1800 ਵਿਆਂ ਤੋਂ ਰੇਜ਼ੀਡੈਂਸ਼ੀਅਲ ਸਕੂਲ ਸਿਸਟਮ ਦੇ ਹੋਂਦ ਵਿਚ ਆਉਂਣ ਤੋਂ ਬਾਅਦ ਜੋ ਹੁੰਦਾ ਆਇਆ ਹੈ , ਉਸ ਬਾਰੇ ਵਧੇਰੇ ਜਾਗਰੂਕਤਾ ਫੈਲਾਅ ਸਕਣ ਲਈ ਇਸ ਬੁੱਤ ਦਾ ਡੇਗੇ ਜਾਣਾ ਬਹੁਤ ਜ਼ਰੂਰੀ ਘਟਨਾ ਹੈ, ਸੇਂਟ ਡੈਨਿਸ ਨੇ ਕਿਹਾ, ਜਿਸਦਾ ਸਬੰਧ ਕ੍ਰੀ ਮੂਲ ਨਿਵਾਸੀ ਭਾਈਚਾਰੇ ਨਾਲ ਹੈ ਅਤੇ ਉਸਦਾ ਦਾਦਾ ਵੀ ਰੇਜ਼ੀਡੈਂਸ਼ੀਅਲ ਸਕੂਲ ਵਿਚ ਹੁੰਦਾ ਸੀ। 

ਇੱਕ ਵਿਅਕਤੀ ਜ਼ਮੀਨ ਤੇ ਪਏ ਬੁੱਤ ਨੂੰ ਤੋੜਦਿਆਂ, ਪਿੱਛੇ ਕੁਝ ਹੋਰ ਲੋਕ ਵੀ ਮੌਜੂਦ

ਪ੍ਰਦਰਸ਼ਨਕਾਰੀ ਵੱਲੋਂ ਰਾਇਰਸਨ ਦੇ ਬੁੱਤ ਦਾ ਸਿਰ ਭੰਨੇ ਜਾਣ ਦੀ ਇੱਕ ਤਸਵੀਰ

ਤਸਵੀਰ: Radio-Canada / Evan Mitsui

ਟੋਰੌਂਟੋ ਦੇ ਪੱਛਮ ਵਿਚ ਪੈਂਦੇ ਓਕਵਿੱਲ ਦੇ ਸ਼ੈਰੀਡਨ ਕਾਲਜ ਦੇ ਵਿਦਿਆਰਥੀ ਦਿਸ਼ਾਨੀ ਫਰਨੈਂਡੋ ਦਾ ਕਹਿਣਾ ਹੈ ਕਿ ਇਸ ਬੁੱਤ ਨੂੰ ਬਹੁਤ ਚਿਰ ਪਹਿਲਾਂ ਹੀ ਲਾਹਿਆ ਜਾਣਾ ਚਾਹੀਦਾ ਸੀ। 

ਇਹ ਬੁੱਤ ਨਸਲਵਾਦ ਦਾ ਪ੍ਰਤੀਕ ਹੈ, ਇਹ ਬੁੱਤ ਜ਼ੁਲਮ ਦਾ ਪ੍ਰਤੀਕ ਹੈ। ਇਸਨੂੰ ਰਾਇਰਸਨ ਯੂਨੀਵਰਸਿਟੀ ਵੱਲੋਂ ਸਵੈਇੱਛਤ ਤੌਰ ਤੇ ਬਹੁਤ ਪਹਿਲਾਂ ਹਟਾ ਦਿੱਤਾ ਜਾਣਾ ਚਾਹੀਦਾ ਸੀ। ਹਾਲਾਂਕਿ ਅਜਿਹਾ ਨਹੀਂ ਹੋਇਆ।

ਮੇਰੇ ਮੰਨਣਾ ਹੈ ਕਿ ਮੂਲ ਨਿਵਾਸੀਆਂ ਲਈ ਇਹ ਬਹੁਤ ਥੋੜ੍ਹਾ ਨਿਆਂ ਹੈ, ਜੋ ਕਿ ਕਾਫ਼ੀ ਨਹੀਂ ਹੈ। ਇਹ ਅਜੇ ਸ਼ੁਰੂਆਤ ਹੈ, ਫਰਨੈਂਡੋ ਨੇ ਕਿਹਾ। 

ਕੈਮਲੂਪਸ ਦੇ ਸਾਬਕਾ ਸਕੂਲ ਦੇ ਵੇਹੜੇ ਵਿਚੋਂ ਦਫ਼ਨਾਏ ਗਏ 215 ਬੱਚਿਆਂ ਦੇ ਅਵਸ਼ੇਸ਼ ਅੰਗ ਬਰਾਮਦ ਕੀਤੇ ਜਾਣ ਦੇ ਮਾਮਲੇ ਵਿਚ ਪਿਛਲੇ ਐਤਵਾਰ ਵੀ ਟੋਰੌਂਟੋ ਵਿਚ ਸੈਂਕੜੇ ਲੋਕਾਂ ਨੇ ਰੈਲੀ ਕੀਤੀ ਸੀ। 

ਟੋਰੌਂਟੋ ਪੁਲਿਸ ਨੇ ਪ੍ਰਦਰਸ਼ਨਾਂ ਤੋਂ ਪਹਿਲਾਂ ਟਵੀਟ ਕਰਕੇ ਲੋਕਾਂ ਨੂੰ ਸ਼ਾਂਤਮਈ ਰਹਿਣ ਦੀ ਵੀ ਅਪੀਲ ਕੀਤੀ ਸੀ। 

ਪਿਛਲੇ ਹਫਤੇ ਵੀ ਇਸ ਬੁੱਤ ਦੀ ਤੋੜ-ਭੰਨ੍ਹ ਕੀਤੀ ਗਈ ਸੀ ਅਤੇ ਇਸ ਉੱਤੇ ਲਾਲ ਪੇਂਟ ਛਿੜਕਿਆ ਗਿਆ ਸੀ। 

ਕੈਮਲੂਪਸ ਵਿਚ ਅਵਸ਼ੇਸ਼ਾਂ ਦੀ ਖੋਜ ਤੋਂ ਬਾਅਦ, ਯੂਨੀਵਰਸਿਟੀ ਵਿਚ ਪੜ੍ਹਦੇ ਇੰਡੈਜਨਸ (ਮੂਲ ਨਿਵਾਸੀ) ਵਿਦਿਆਰਥੀਆਂ ਨੇ ਆਪਣੇ ਨਾਲ ਦੇ ਵਿਦਿਆਰਥੀਆਂ, ਫ਼ੈਕਲਟੀ ਅਤੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਈ-ਮੇਲ ਸਿਗਨੇਚਰਾਂ ਅਤੇ ਰੈਜ਼ਿਊਮੇ ਵਗ਼ੈਰਾ ਵਿਚ ਰਾਇਰਸਨ ਦੀ ਬਜਾਏ, ਇਸ ਅਦਾਰੇ ਨੂੰ ਐਕਸ (X) ਯੂਨੀਵਰਸਿਟੀ ਕਹਿ ਕੇ ਸੰਬੋਧਤ ਕਰਨ।  

ਇਸ ਬੁੱਤ ਦੇ ਢਾਹੇ ਜਾਣ ਤੋਂ ਪਹਿਲਾਂ ਟਵਿੱਟਰ 'ਤੇ ਪੋਸਟ ਕੀਤੇ ਇੱਕ ਬਿਆਨ ਵਿਚ ਯੂਨੀਵਰਸਿਟੀ ਨੇ ਕਿਹਾ, ਅਸੀਂ ਕੈਮਲੂਪਸ ਵਿਚ 215 ਮੂਲ ਨਿਵਾਸੀ ਬੱਚਿਆਂ ਦੇ ਅਵਸ਼ੇਸ਼ ਮਿਲਣ ਦੀ ਦੁਖਦਾਈ ਘਟਨਾ ਦੇ ਸਬੰਧ ਵਿਚ ਭਾਈਚਾਰੇ ਨਾਲ ਆਪਣਾ ਅਫ਼ਸੋਸ ਸਾਂਝਾ ਕਰਦੇ ਹਾਂ ਅਤੇ ਮੰਨਦੇ ਹਾਂ ਕਿ ਇਹਨਾਂ ਮਾਮਲਿਆਂ ਦਾ ਸਮਾਧਾਨ ਬਹੁਤ ਮਹੱਤਵਪੂਰਨ ਹੈ।

ਕਨੇਡੀਅਨ ਪ੍ਰੈਸ ਦੀਆਂ ਫਾਇਲਾਂ ਨਾਲ

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕ਼ਵੀ, ਪੱਤਰਕਾਰ, ਆਰਸੀਆਈ

ਸੁਰਖੀਆਂ