1. ਮੁੱਖ ਪੰਨਾ
  2. ਵਿਗਿਆਨ
  3. ਸਿੱਖਿਆ

ਬੀ ਸੀ ਦੇ ਦੋ ਵਿਦਿਆਰਥੀਆਂ ਨੇ ਜਿੱਤੀ ਸ਼ੁਲਿਕ ਲੀਡਰ ਸਕਾਲਰਸ਼ਿਪ

ਕੁਸ਼ਲ ਮੁਜਰਾਲ ਨੇ ਇੱਕ ਲੱਖ ਡਾਲਰ ਤੇ ਰੋਬਿਨ ਯਾਦਵ ਨੇ ਅੱਸੀ ਹਜ਼ਾਰ ਡਾਲਰ ਦੇ ਵਜ਼ੀਫੇ ਜਿੱਤੇ ।

ਸ਼ੁਲਿਚ ਲੀਡਰ ਸਕਾਲਰਸ਼ਿਪ

2012 'ਚ ਸ਼ੁਰੂ ਕੀਤੀ ਇਸ ਸਕਾਲਰਸ਼ਿਪ ਅਧੀਨ ਹਰ ਸਾਲ 100 ਵਜ਼ੀਫੇ ਦਿੱਤੇ ਜਾਂਦੇ ਹਨ।

ਤਸਵੀਰ: Schulich Leader website/ logo

Sarbmeet Singh

ਸ਼ੁਲਿਕ ਲੀਡਰ ਸਕਾਲਰਸ਼ਿਪ ਵੱਲੋਂ ਹਾਲ ਵਿੱਚ ਹੀ ਵਜ਼ੀਫ਼ਿਆਂ ਦੀ ਘੋਸ਼ਣਾ ਕੀਤੀ ਗਈ ਹੈ ।

ਕੈਨੇਡਾ ਦੇ ਸੂਬੇ ਬੀ ਸੀ ਦੇ ਸ਼ਹਿਰ ਡੈਲਟਾ ਸਥਿਤ ਬਰਨਸਵਿਊ ਸੈਕੰਡਰੀ ਸਕੂਲ ਦੇ ਵਿਦਿਆਰਥੀ ਕੁਸ਼ਲ ਮੁਜਰਾਲ ਨੇ ਸ਼ੁਲਿਕ ਲੀਡਰ ਸਕਾਲਰਸ਼ਿਪ ਤਹਿਤ 1 ਲੱਖ ਡਾਲਰ ਦਾ ਵਜ਼ੀਫਾ ਜਿੱਤਿਆ ਹੈ। ਮੁਜਰਾਲ ਨੂੰ ਉਸ ਦੀਆਂ ਸ਼ਾਨਦਾਰ ਅਕੈਡਮਿਕ ਅਤੇ ਕਮਿਊਨਿਟੀ ਸੰਬੰਧੀ ਪ੍ਰਾਪਤੀਆਂ ਲਈ ਚੁਣਿਆ ਗਿਆ ਹੈ। ਕੁਸ਼ਲ , ਹੁਣ ਉਨਟੇਰਿਓ ਦੀ ਯੂਨੀਵਰਸਿਟੀ ਆਫ਼ ਵਾਟਰਲੂ 'ਚੋ ਸੋਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰੇਗਾ।

ਮੁਜਰਾਲ ਮੁਤਾਬਿਕ ਉਸ ਨੂੰ ਇੱਕ ਲੱਖ ਡਾਲਰ ਦੀ ਸਕਾਲਰਸ਼ਿਪ ਜਿੱਤਣ ਤੋਂ ਬਾਅਦ ਯਕੀਨ ਨਹੀਂ ਹੋ ਰਿਹਾ ਸੀ। ਮੁਜਰਾਲ ਨੇ ਕਿਹਾ ਕਿ ਇਹ ਵਜ਼ੀਫਾ ਉਸਨੂੰ ਆਪਣੇ ਸੁਪਨਿਆਂ ਨੂੰ ਸਰ ਕਰਨ 'ਚ ਮਦਦ ਕਰੇਗਾ ਅਤੇ ਉਹ ਪੜਾਈ 'ਤੇ ਧਿਆਨ ਕੇਂਦਰਿਤ ਕਰ ਸਕੇਗਾ । ਉਸਨੇ ਦੱਸਿਆ ਕਿ ਉਸਦਾ ਭਰਾ ਵੀ ਪੜ ਰਿਹਾ ਹੈ ਸੋ ਇਸ ਵਜ਼ੀਫੇ ਨਾਲ ਉਹਨਾਂ ਨੂੰ ਕਾਫੀ ਆਰਥਿਕ ਇਮਦਾਦ ਮਿਲੇਗੀ ।

ਕੁਸ਼ਲ ਮੁਜਰਾਲ ਦੀ ਫਾਈਲ ਫੋਟੋ ।

ਕੁਸ਼ਲ ਮੁਜਰਾਲ ਨੇ ਦੱਸਿਆ ਕਿ ਉਸਦਾ ਭਰਾ ਵੀ ਪੜ ਰਿਹਾ ਹੈ ਸੋ ਇਸ ਵਜ਼ੀਫੇ ਨਾਲ ਉਹਨਾਂ ਨੂੰ ਕਾਫੀ ਆਰਥਿਕ ਇਮਦਾਦ ਮਿਲੇਗੀ ।

ਤਸਵੀਰ: ਕੁਸ਼ਲ ਮੁਜਰਾਲ

ਕੁਸ਼ਲ ਮੁਜਰਾਲ ਦੇ ਪਿਤਾ ਗੁਰਪਾਲ ਮੁਜਰਾਲ ਨੇ ਕਿਹਾ ਕਿ ਕੁਸ਼ਲ ਇੱਕ ਬਹੁਤ ਹੀ ਮਿਹਨਤੀ ਬੱਚਾ ਹੈ । ਉਹਨਾਂ ਦੱਸਿਆ ਕਿ ਪਰਿਵਾਰ ਨੂੰ ਇਸ ਖ਼ਬਰ ਤੇ ਯਕੀਨ ਕਰਨ 'ਚ ਥੋੜਾ ਸਮਾਂ ਲੱਗਿਆ । ਕੁਸ਼ਲ ਦੇ ਪਿਤਾ ਨੇ ਦੱਸਿਆ ਕਿ ਉਹ 1996 ਵਿੱਚ ਕੈਨੇਡਾ ਆਏ ਸਨ । ਗੁਰਪਾਲ ਮੁਜਰਾਲ ਨੇ ਕਿਹਾ ਕਿ ਕੁਸ਼ਲ ਕਲਾਸ ਦੇ ਬਾਕੀ ਬੱਚਿਆਂ ਦੀ ਵੀ ਪੜਾਈ 'ਚ ਮਦਦ ਕਰਦਾ ਸੀ ।

ਕੀ ਹੈ ਸ਼ੁਲਿਕ ਲੀਡਰ ਸਕਾਲਰਸ਼ਿਪ

ਸ਼ੁਲਿਕ ਲੀਡਰ ਸਕਾਲਰਸ਼ਿਪ ਕੈਨੇਡਾ ਦੀਆਂ 20 ਯੂਨੀਵਰਸਿਟੀਆਂ ਵਿੱਚ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਜਾਂ ਗਣਿਤ (ਸਟੈਮ) ਦੇ ਅੰਡਰ ਗ੍ਰੈਜੂਏਟ ਪ੍ਰੋਗਰਾਮਜ਼ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। 2012 'ਚ ਸ਼ੁਰੂ ਕੀਤੀ ਇਸ ਸਕਾਲਰਸ਼ਿਪ ਅਧੀਨ ਹਰ ਸਾਲ 100 ਵਜ਼ੀਫੇ ਦਿੱਤੇ ਜਾਂਦੇ ਹਨ। ਦੇਸ਼ ਦਾ ਹਰ ਹਾਈ ਸਕੂਲ , ਹਰ ਵਿਦਿਅਕ ਵਰ੍ਹੇ ਵਿੱਚ ਵਜ਼ੀਫ਼ੇ ਲਈ ਇੱਕ ਵਿਦਿਆਰਥੀ ਨੂੰ ਨਾਮਜ਼ਦ ਕਰ ਸਕਦਾ ਹੈ ।

ਕੁਸ਼ਲ ਮੁਜਰਾਲ ਤੋਂ ਇਲਾਵਾ ਸਰੀ ਦੇ ਕੁਈਨ ਐਲਿਜ਼ਾਬੇਥ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ, ਰੋਬਿਨ ਯਾਦਵ ਨੇ ਵੀ 80,000 ਡਾਲਰ ਦਾ ਵਜ਼ੀਫਾ ਜਿੱਤਆ ਹੈ। ਰੋਬਿਨ, ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਕੰਪਿਊਟਰ ਸਾਇੰਸ ਦੀ ਪੜਾਈ ਕਰੇਗਾ ।

ਕੁਈਨ ਐਲਿਜ਼ਾਬੇਥ ਸੈਕੰਡਰੀ ਸਕੂਲ ਦੇ ਕਾਊਂਸਲਰ, ਜੇਰੇਮੀ ਲੈਂਡਵੋਏ ਨੇ ਕਿਹਾ ਕਿ ਰੋਬਿਨ ਇੱਕ ਮਿਹਨਤੀ ਵਿਦਿਆਰਥੀ ਹੈ । ਜੇਰੇਮੀ ਅਨੁਸਾਰ ਰੋਬਿਨ ਨੂੰ ਸਕੂਲ ਦੀ 12ਵੀਂ ਜਮਾਤ ਦੇ 300 ਵਿਦਿਆਰਥੀਆਂ 'ਚੋ ਇਸ ਵਜ਼ੀਫੇ ਲਈ ਨਾਮਜ਼ਦ ਕੀਤਾ ਗਿਆ ਸੀ ।

ਰੋਬਿਨ ਪੜਾਈ 'ਚ ਅੱਵਲ ਦਰਜੇ ਦਾ ਵਿਦਿਆਰਥੀ ਹੋਣ ਦੇ ਨਾਲ ਨਾਲ ਵਲੰਟੀਅਰ ਵਜੋਂ ਵੀ ਕੰਮ ਕਰਦਾ ਹੈ ਅਤੇ ਸਕੂਲ ਦੇ ਵਾਤਾਵਰਨ ਸੰਬੰਧੀ ਕਲੱਬ ਦਾ ਪ੍ਰੈਜ਼ੀਡੈਂਟ ਵੀ ਹੈ ।
ਜੇਰੇਮੀ ਲੈਂਡਵੋਏ , ਕਾਊਂਸਲਰ , ਕੁਈਨ ਐਲਿਜ਼ਾਬੇਥ ਸੈਕੰਡਰੀ ਸਕੂਲ

ਇਸ ਬਾਰੇ ਗੱਲਬਾਤ ਕਰਦਿਆਂ ਰੋਬਿਨ ਨੇ ਕਿਹਾ ਕਿ ਉਹ ਇਸ ਪ੍ਰਾਪਤੀ ਤੇ ਖੁਸ਼ ਹੈ ਅਤੇ ਉਸਨੇ ਆਪਣੇ ਮਾਪਿਆਂ ਦਾ ਨਾਮ ਹੋਰ ਵੀ ਰੌਸ਼ਨ ਕਰਨਾ ਹੈ । ਰੋਬਿਨ ਮੁਤਾਬਿਕ ਉਸਨੇ ਜੰਗਲੀ ਅੱਗਾਂ ਦਾ ਪਤਾ ਲਗਾਉਣ ਲਈ ਇੱਕ ਪ੍ਰਾਜੈਕਟ ਤਿਆਰ ਕੀਤਾ ਹੈ ਤੇ ਉਹ ਯੂਨੀਵਰਸਿਟੀ ਦੀ ਪੜਾਈ ਦੌਰਾਨ ਇਸ ਪ੍ਰਾਜੈਕਟ ਤੇ ਹੋਰ ਕੰਮ ਕਰਨਾ ਚਾਹੇਗਾ।

ਰੋਬਿਨ ਯਾਦਵ ਦੀ ਫਾਈਲ ਫੋਟੋ ।

ਰੋਬਿਨ ਮੁਤਾਬਿਕ ਉਸਨੇ ਜੰਗਲੀ ਅੱਗਾਂ ਦਾ ਪਤਾ ਲਗਾਉਣ ਲਈ ਇੱਕ ਪ੍ਰਾਜੈਕਟ ਤਿਆਰ ਕੀਤਾ ਹੈ ਤੇ ਉਹ ਯੂਨੀਵਰਸਿਟੀ ਦੀ ਪੜਾਈ ਦੌਰਾਨ ਇਸ ਪ੍ਰਾਜੈਕਟ ਤੇ ਹੋਰ ਕੰਮ ਕਰਨਾ ਚਾਹੇਗਾ।

ਤਸਵੀਰ: ਰੋਬਿਨ ਯਾਦਵ

ਰੋਬਿਨ ਦੇ ਪਿਤਾ ਸੁਦੇਸ਼ ਯਾਦਵ, ਨੇ ਦੱਸਿਆ ਕਿ ਉਹ 2008 'ਚ ਕੈਨੇਡਾ ਆਏ ਸਨ । ਸੁਦੇਸ਼ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਤੇ ਖੁਸ਼ ਹਨ ਤੇ ਉਹ ਕਾਫੀ ਆਸਵੰਦ ਸਨ ।

ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਇਹਨਾਂ ਬੱਚਿਆਂ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਹੇ ਹਨ ।

Sarbmeet Singh

ਸੁਰਖੀਆਂ