1. ਮੁੱਖ ਪੰਨਾ
  2. ਰਾਜਨੀਤੀ
  3. ਸੰਘ ਰਾਜਨੀਤੀ

ਟਰੂਡੋ ਨੇ ਕੈਥਲਿਕ ਚਰਚ ਨੂੰ ਕੀਤੀ ਰਿਹਾਇਸ਼ੀ ਸਕੂਲਾਂ ਦੇ ਰਿਕਾਰਡ ਪ੍ਰਕਾਸ਼ਿਤ ਕਰਨ ਦੀ ਮੰਗ

ਸਕੂਲ ਦੇ ਦਸਤਾਵੇਜ਼ ਬੀਸੀ ਦੇ ਸਾਬਕਾ ਰਿਹਾਇਸ਼ੀ ਸਕੂਲ ਵਿਚ ਦਫ਼ਨਾਏ ਗਏ ਬੱਚਿਆਂ ਦੀ ਪਛਾਣ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦੇ ਹਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਰਿਹਾਇਸ਼ੀ ਸਕੂਲ ਸਿਸਟਮ ਵਿਚ ਕੈਥਲਿਕ ਚਰਚ ਦੀ ਭੂਮਿਕਾ ਨੂੰ ਉਜਾਗਰ ਕੀਤਾ। ਇਨ੍ਹਾਂ ਸਕੂਲਾਂ ਵਿੱਚ ਘੱਟੋ ਘੱਟ 4,100 ਬੱਚਿਆਂ ਦੀ ਮੌਤ ਹੋਈ ਹੈ

ਤਸਵੀਰ: La Presse canadienne / Sean Kilpatrick

RCI

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੁਲੰਬੀਆ ਸੂਬੇ ਦੇ ਇੱਕ ਸਾਬਕਾ ਸਕੂਲ ਵਿਚ ਬੱਚਿਆਂ ਦੇ ਅਵਸ਼ੇਸ਼ ਮਿਲਣ ਦੇ ਮਾਮਲੇ ਤੋਂ ਬਾਅਦ ਮੁਲਕ ਦੇ ਤਮਾਮ ਕੈਥਲਿਕਸ ਨੂੰ ਅਪੀਲ ਕੀਤੀ ਹੈ ਕਿ ਉਹ ਕੈਥਲਿਕ ਚਰਚ ਕੋਲੋਂ ਇਸ ਮਾਮਲੇ ਬਾਬਤ ਕਾਰਵਾਈ ਕਰਵਾਉਣ ਲਈ ਦਬਾਅ ਬਣਾਉਣ।

ਤਕੈਮਲੂਪਸ ਤੇ ਸੈਕਵੇਪੇਮਕ ਫ਼ਸਟ ਨੇਸ਼ਨ ਨੇ ਬੀਤੇ ਹਫ਼ਤੇ ਕੈਮਲੂਪਸ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਦੇ ਵਿਹੜੇ ਵਿਚੋਂ ਬੱਚਿਆਂ ਦੇ 215 ਅਵਸ਼ੇਸ਼ ਅੰਗ ਮਿਲਣ ਦੀ ਪੁਸ਼ਟੀ ਕੀਤੀ ਸੀ। ਇਹ ਸਕੂਲ 1890 ਤੋਂ 1969 ਤੱਕ ਕੈਥਲਿਕ ਚਰਚ ਦਵਾਰਾ ਚਲਾਇਆ ਜਾਂਦਾ ਸੀ। 

ਚਰਚ ਅਧਿਕਾਰੀ ਹੁਣ ਤੱਕ ਇਸ ਸਕੂਲ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਦਾ ਵਿਰੋਧ ਕਰਦੇ ਰਹੇ ਨੇ। ਇਹ ਵਿਰੋਧ ਦਫ਼ਨਾਏ ਗਏ ਬੱਚਿਆਂ ਦੀ ਪਛਾਣ ਕਰ ਦੇ ਜਤਨਾਂ ਵਿਚ ਰੁਕਾਵਟ ਪੈਦਾ ਕਰ ਰਿਹਾ ਹੈ। 

ਇੱਕ ਕੈਥਲਿਕ ਹੋਣ ਦੇ ਨਾਤੇ, ਮੈਂ ਕੈਥਲਿਕ ਚਰਚ ਵੱਲੋਂ ਲਏ ਗਏ ਫ਼ੈਸਲੇ ਅਤੇ ਪਿਛਲੇ ਕਈ ਸਾਲਾਂ ਵਿਚ ਲਏ ਗਏ ਫ਼ੈਸਲਿਆਂ ਤੋਂ ਬਹੁਤ ਜ਼ਿਆਦਾ ਨਿਰਾਸ਼ ਹਾਂ। ਪ੍ਰਧਾਨ ਮੰਤਰੀ ਨੇ ਅੱਜ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ। 

ਟਰੂਡੋ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਪੋਪ ਫ੍ਰਾੰਸਿਸ ਨੂੰ ਰਿਹਾਇਸ਼ੀ ਸਕੂਲਾਂ ਦੇ ਸਬੰਧ ਵਿਚ ਰਸਮੀ ਤੌਰ ਤੇ ਮੁਆਫੀ ਮੰਗਣ ਅਤੇ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਨਾਲ ਜੁੜੇ ਦਸਤਾਵੇਜ਼ਾਂ ਨੂੰ ਪ੍ਰਕਾਸ਼ਿਤ ਕਰਨ ਦੀ ਗੱਲ ਕੀਤੀ ਸੀ।

ਪਰ ਚਰਚ ਵੱਲੋਂ ਅਜਿਹੀ ਕਿਸੇ ਵੀ ਬੇਨਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਯਾਦਗਾਰੀ ਸਮਾਰਕ ਵਿਚ ਪਏ ਜੁੱਤਿਆਂ ਦੀ ਤਸਵੀਰ

ਰਿਹਾਇਸ਼ੀ ਸਕੂਲਾਂ ਵਿਚ ਬੱਚਿਆਂ ਦੇ ਅਵਸ਼ੇਸ਼ ਮਿਲਣ ਦੀਆਂ ਖ਼ਬਰਾਂ ਤੋਂ ਬਾਅਦ ਮੁਲਕ ਭਰ ਵਿਚ ਇਹਨਾਂ ਬੱਚਿਆਂ ਦੀ ਯਾਦ ਵਿਚ ਕਈ ਸਮਾਰਕ ਬਣਾਏ ਗਏ ਹਨ।

ਤਸਵੀਰ: Radio-Canada / Brian Morris

ਅਸੀਂ ਅਜੇ ਵੀ ਚਰਚ ਵੱਲੋਂ ਵਿਰੋਧ ਹੀ ਦੇਖ ਰਹੇ ਹਾਂ। ਟਰੂਡੋ ਨੇ ਕਿਹਾ 

ਮੈਨੂੰ ਲੱਗਦਾ ਕਿ ਇਹ ਸਾਡੇ ਸਭ ਲਈ ਇੱਕ ਬਹੁਤ ਹੀ ਮਹੱਤਵਪੂਰਨ ਪਲ ਹੋਵੇਗਾ, ਖ਼ਾਸ ਤੌਰ ਤੇ ਮੁਲਕ ਭਰ ਵਿਚ ਰਹਿੰਦੇ ਕੈਥਲਿਕਸ ਲਈ, ਕਿ ਉਹ ਆਪਣੇ ਲੋਕਲ ਪਾਦਰੀਆਂ ਅਤੇ ਕੈਥਲਿਕ ਆਗੂਆਂ ਤੱਕ ਆਪਣੀ ਗੱਲ ਸਪਸ਼ਟ ਕਰਨ ਕਿ ਉਹ ਹੁਣ ਉਡੀਕ ਕਰ ਰਹੇ ਨੇ ਕਿ ਇਸ ਮਾਮਲੇ ਵਿਚ ਚਰਚ ਅੱਗੇ ਆਕੇ ਆਪਣੀ ਜ਼ਿੰਮੇਵਾਰੀ ਨੂੰ ਕਬੂਲ ਕਰੇ। 

ਦ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੀ ਰਿਪੋਰਟ ਦੀਆਂ ਸਿਫ਼ਾਰਿਸ਼ਾਂ ਵਿਚੋਂ ਇੱਕ ਸਿਫਾਰਿਸ਼ ਪੋਪ ਵੱਲੋਂ ਰਸਮੀ ਮੁਆਫੀ ਮੰਗੇ ਜਾਣ ਦੀ ਵੀ ਹੈ। 

ਕੈਨੇਡਾ ਵੱਲੋਂ ਵੀ ਇਹਨਾਂ ਦਸਤਾਵੇਜ਼ਾਂ ਨੂੰ ਪ੍ਰਕਸ਼ਿਤ ਹੋਣ ਤੋਂ ਰੋਕਿਆ ਜਾਂਦਾ ਰਿਹਾ ਹੈ

ਫ਼ੈਡਰਲ ਸਰਕਾਰ 'ਤੇ ਵੀ ਰਿਹਾਇਸ਼ੀ ਸਕੂਲਾਂ ਵਿਚ ਹੋਈਆਂ ਵਧੀਕੀਆਂ ਅਤੇ ਇਸ ਸਕੂਲ ਸਿਸਟਮ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਪ੍ਰਕਾਸ਼ਿਤ ਕਰਨ ਦੇ ਜਤਨਾਂ ਦਾ ਵਿਰੋਧ ਕਰਨ ਦੇ ਇਲਜ਼ਾਮ ਲਗਦੇ ਰਹੇ ਨੇ। 

ਸਾਲ 2020 ਵਿਚ ਹੀ ਕੈਨੇਡਾ, ਓਨਟੇਰੀਓ ਸੁਪੀਰੀਅਰ ਕੋਰਟ ਵਿਚ ਦਾਇਰ ਇੱਕ ਕੇਸ ਜਿੱਤ ਗਿਆ ਸੀ ਜਿਸ ਵਿਚ ਰਿਹਾਇਸ਼ੀ ਸਕੂਲਾਂ ਵਿਚ ਦੁਰਵਿਹਾਰ ਅਤੇ ਸ਼ੋਸ਼ਣ ਦੇ ਦਾਅਵਿਆਂ ਦੇ ਅੰਕੜਿਆਂ ਨੂੰ ਨੈਸ਼ਨਲ ਸੈਂਟਰ ਫ਼ੌਰ ਟਰੁੱਥ ਐਂਡ ਰੀਕਨਸੀਲੀਏਸ਼ਨ ਨੂੰ ਦਿੱਤੇ ਜਾਣ ਤੋਂ ਰੋਕ ਲੱਗ ਗਈ ਸੀ। 

ਸਾਲ 2017 ਵਿਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਵੀ ਫ਼ੈਸਲਾ ਕੀਤਾ ਸੀ ਕਿ ਰਿਹਾਇਸ਼ੀ ਸਕੂਲਾਂ ਵਿਚ ਸ਼ੋਸ਼ਣ ਨਾਲ ਸਬੰਧਤ ਹਜ਼ਾਰਾਂ ਦੀ ਤਾਦਾਦ ਵਿਚ ਦਸਤਾਵੇਜ਼ ਨਸ਼ਟ ਕਰ ਦਿੱਤੇ ਜਾਣੇ ਚਾਹੀਦੇ ਹਨ। 

ਹਾਲਾਂਕਿ ਕੈਨੇਡਾ ਕੋਲ ਰਿਹਾਇਸ਼ੀ ਸਕੂਲਾਂ ਨਾਲ ਸਬੰਧਤ ਕੁਝ ਦਸਤਾਵੇਜ਼ ਮੌਜੂਦ ਹਨ, ਪਰ ਫ਼ੈਡਰਲ ਸਰਕਾਰ ਨੇ ਕੁਝ ਅਜਿਹੇ ਕਾਨੂੰਨੀ ਸਮਝੌਤਿਆਂ ਤੇ ਹਸਤਾਖਰ ਕੀਤੇ ਹੋਏ ਹਨ ਜਿਹਨਾਂ ਕਰਕੇ ਬਿਨਾ ਚਰਚ ਦੀ ਇਜਾਜ਼ਤ ਇਹ ਦਸਤਾਵੇਜ਼ ਨਸ਼ਰ ਨਹੀਂ ਕੀਤੇ ਜਾ ਸਕਦੇ। 

ਟਰੂਡੋ ਨੇ ਕਿਹਾ ਹੈ ਕਿ ਜੇ ਕੈਨੇਡੀਅਨਜ਼ ਦੇ ਦਬਾਅ ਪਾਉਣ ਦੇ ਬਾਵਜੂਦ ਚਰਚ ਇਹਨਾਂ ਦਸਤਾਵੇਜ਼ਾਂ ਨੂੰ ਰਿਲੀਜ਼ ਨਹੀਂ ਕਰਦਾ, ਤਾਂ ਫ਼ੇਰ ਕਾਨੂੰਨੀ ਰਸਤਾ ਇਖ਼ਤਿਆਰ ਕੀਤਾ ਜਾਵੇਗਾ। 

ਇਸ ਤੋਂ ਪਹਿਲਾਂ ਕਿ ਅਸੀਂ ਕੈਥਲਿਕ ਚਰਚ ਨੂੰ ਅਦਾਲਤ ਵਿਚ ਲੈ ਕੇ ਜਾਈਏ, ਮੈਨੂੰ ਪੂਰੀ ਉਮੀਦ ਹੈ ਕਿ ਧਾਰਮਿਕ ਆਗੂ ਸਮਝ ਜਾਣਗੇ ਕਿ ਉਹਨਾਂ ਨੂੰ ਇਸ ਮਾਮਲੇ ਵਿਚ ਸਹਿਯੋਗ ਦੇਣਾ ਚਾਹੀਦਾ ਹੈ।

ਹਾਲਾਂਕਿ ਕੈਥਲਿਕ ਚਰਚ ਨੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਰਸਮੀ ਮੁਆਫੀ ਨਹੀਂ ਮੰਗੀ ਹੈ ਅਤੇ ਨਾ ਹੀ ਰਿਹਾਇਸ਼ੀ ਸਕੂਲਾਂ ਨਾਲ ਸਬੰਧਤ ਕੋਈ ਅਹਿਮ ਦਸਤਾਵੇਜ਼ਾਂ ਨੂੰ ਛਾਪਿਆ ਹੈ ਪਰ ਕੁਝ ਕੈਨੇਡੀਅਨ ਕੈਥਲਿਕ ਚਰਚਾਂ ਨੇ ਕੈਮਲੂਪਸ ਤੋਂ ਆਈ ਖ਼ਬਰ ਤੇ ਹਾਂਪੱਖੀ ਪ੍ਰਤੀਕ੍ਰਿਆ ਦਿੱਤੀ ਹੈ। 

ਅਸੀਂ ਸਾਰੇ ਸੱਚ ਦੀ ਭਾਲ ਕਰਦੇ ਹਾਂ ਅਤੇ ਇਹ ਦੁਖਦਾਈ ਖੋਜ ਸਾਡੇ ਇਤਿਹਾਸ ਦੇ ਇਸ ਹਨੇਰੇ ਅਧਿਆਇ ਅਤੇ ਸਾਡੇ ਬਹੁਤ ਸਾਰੇ ਮੂਲਨਿਵਾਸੀ ਭਰਾਵਾਂ ਅਤੇ ਭੈਣਾਂ ਦੁਆਰਾ ਹੰਢਾਈਆਂ ਤਕਲੀਫ਼ਾਂ ਬਾਰੇ ਹੋਰ ਜਾਣਨ ਦਾ ਇਕ ਹੋਰ ਮੌਕਾ ਪ੍ਰਦਾਨ ਕਰਦੀ ਹੈ, ਟੋਰੌਂਟੋ ਦੇ ਆਰ੍ਕਬਿਸ਼ਪ , ਥੌਮਸ ਕੌਲਿਨਜ਼ ਨੇ ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿਚ ਕਿਹਾ। 

ਨਿੱਕ ਬੋਇਸਵਰਟ · ਸੀਬੀਸੀ 

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕ਼ਵੀ

ਸੁਰਖੀਆਂ