1. ਮੁੱਖ ਪੰਨਾ
  2. ਤਕਨਾਲੋਜੀ

ਬਰੈਮਪਟਨ ਰਹਿੰਦੇ ਇੱਕ ਪਿਤਾ ਨੇ ਆਪਣੇ ਬੇਟੇ ਲਈ 3D ਪ੍ਰਿੰਟਰ ਨਾਲ ਤਿਆਰ ਕੀਤਾ ਹੱਡੀਆਂ ਜੋੜਨ ਵਾਲਾ ਪਲਾਸਤਰ

ਡਾਕਟਰ ਮੁਤਾਬਕ ਭਵਿੱਖ ਵਿਚ ਇਸ ਤਕਨੀਕ ਦੀ ਵਧੇਰੇ ਵਰਤੋਂ ਕੀਤੀ ਜਾ ਸਕੇਗੀ

ਇੱਕ 3D ਪ੍ਰਿੰਟਰ

ਇੱਕ 3D ਪ੍ਰਿੰਟਰ ਰਾਹੀਂ ਕੰਧ ਦਾ ਇੱਕ ਪੈਨਲ ਤਿਆਰ ਕੀਤੇ ਜਾਣ ਦੀ ਤਸਵੀਰ

ਤਸਵੀਰ: Associated Press / Terry Chea

RCI

ਬਰੈਮਪਟਨ ਰਹਿੰਦੇ ਇੱਕ ਪਿਤਾ ਨੇ ਆਪਣੇ ਦਫ਼ਤਰ ਵਿਚ ਮੌਜੂਦ 3D ਪ੍ਰਿੰਟਰ ਨਾਲ ਆਪਣੇ ਬੇਟੇ ਲਈ ਇੱਕ ਅਨੋਖੀ ਚੀਜ਼ ਤਿਆਰ ਕੀਤੀ ਹੈ: ਹੱਡੀਆਂ ਜੋੜਨ ਵਾਲਾ ਪਲਾਸਤਰ।

ਤਿੰਨ ਸਾਲ ਦੇ ਅਨਮੋਲ ਸਿੰਘ ਨੇ ਸੁਪਰ ਹੀਰੋ ਬਣਨ ਦੀ ਕੋਸ਼ਿਸ਼ ਕਰਦਿਆਂ ਕੁਰਸੀ ਤੋਂ ਛਾਲ਼ ਮਾਰ ਦਿੱਤੀ, ਜਿਸ ਕਰਕੇ ਉਸਦੀ ਬਾਂਹ ਵਿਚ ਫਰੈਕਚਰ (ਹੱਡੀ ਟੁੱਟਣਾ) ਹੋ ਗਿਆ। 

ਬੱਚੇ ਦੇ ਪਿਤਾ ਹਰਗੁਰਦੀਪ ਸਿੰਘ ਮੁਤਾਬਿਕ ਉਹਨਾਂ ਨੂੰ ਦੱਸਿਆ ਗਿਆ ਕਿ ਲੰਬੇ ਉਡੀਕ ਪੀਰੀਅਡ ਕਰਕੇ ਅਨਮੋਲ ਨੂੰ ਫਰੈਕਚਰ ਕਲੀਨਿਕ ਵਿਚ ਦਿਖਾਉਣ ਲਈ ਸੱਤ ਦਿਨਾਂ ਤੱਕ ਇੰਤਜ਼ਾਰ ਕਰਨਾ ਪੈਣਾ ਸੀ। 

ਅਸੀਂ ਕਿਹਾ, ਠੀਕ ਹੈ, ਉਹ ਆਪਣੇ ਆਰਜ਼ੀ ਸਲਿੰਗ (ਬਾਂਹ ਦਾ ਭਾਰ ਸੰਭਾਲਣ ਵਾਲਾ ਇੱਕ ਪਟਾ) ਵਿਚ ਹੈ, ਪਰ ਕੀ ਅਸੀਂ ਉਸਦੇ ਤਜਰਬੇ ਨੂੰ ਬਿਹਤਰ ਬਣਾ ਸਕਦੇ ਹਾਂ? ਹਰਗੁਰਦੀਪ ਨੇ ਕਿਹਾ। ਹਰਗੁਰਦੀਪ, ਕੈਡ ਮਾਈਕਰੋ ਸੌਲਿਊਸ਼ਨਜ਼ ਇੰਕ ਵਿਚ ਐਡਵਾਨਜ਼ਡ ਮੈਨੂਫੈਕਚਰਿੰਗ ਦਾ ਵਾਈਸ ਪ੍ਰੈਜ਼ੀਡੈਂਟ ਹੈ। 

ਇਸ ਜਗ੍ਹਾ ਤੇ ਕਈ 3D ਪ੍ਰਿੰਟਰ ਮੌਜੂਦ ਹਨ, ਜਿਸ ਕਰਕੇ ਉਸਦੇ ਮਨ ਵਿਚ ਆਪਣੇ ਬੇਟੇ ਲਈ ਇੱਕ ਹਲਕੇ ਭਾਰ ਵਾਲਾ, ਵਾਟਰਪ੍ਰੂਫ਼ ਪਲਾਸਤਰ ਬਣਾਉਣ ਦਾ ਖ਼ਿਆਲ ਆਇਆ। ਹਰਗੁਰਦੀਪ ਨੇ 3D ਪਲਾਸਤਰ ਬਣਾਉਣ ਦੀ ਪਰਕ੍ਰਿਆ ਨੂੰ ਰਿਕਾਰਡ ਕਰਕੇ ਦੁਨੀਆ ਭਰ ਵਿਚ ਆਪਣੇ ਪ੍ਰੋਫੈਸ਼ਨਲ ਸਾਥੀਆਂ ਅਤੇ ਸੋਸ਼ਲ ਮੀਡਿਆ ਉੱਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕੀਤਾ। 

ਆਖ਼ਿਰ ਨੂੰ ਉਸਦੇ ਬੇਟੇ ਲਈ ਇੱਕ ਹਲਕੇ ਭਾਰ ਅਤੇ ਵਿਲੱਖਣ ਅੰਦਾਜ਼ ਵਾਲਾ ਪਲਾਸਤਰ ਤਿਆਰ ਹੋ ਗਿਆ।

ਮੇਰੀ ਪਤਨੀ ਨੂੰ ਇੱਕ ਕਮਾਲ ਦਾ ਵਿਚਾਰ ਆਇਆ, ਉਸਨੇ ਕਿਹਾ, ਕਿਉਂ ਨਾ ਆਪਾਂ ਆਪਣੇ ਪਰਿਵਾਰ ਵਾਲਿਆਂ ਨੂੰ ਅਨਮੋਲ ਲਈ ਵਿਅਕਤੀਗਤ ਸੁਨੇਹੇ ਅਤੇ ਸਟਿੱਕਰ ਭੇਜਣ ਨੂੰ ਕਹੀਏ, ਜਿਸ ਤਰ੍ਹਾਂ ਮਾਰਕਰ ਪੈਨ ਨਾਲ ਲਿਖੇ ਜਾਂਦੇ ਨੇ? ਹਰਗੁਰਦੀਪ ਨੇ ਕਿਹਾ। 

ਆਪਣੇ ਨਿਵੇਕਲੇ ਪਲਾਸਤਰ ਨਾਲ ਅਨਮੋਲ ਬਹੁਤ ਆਰਾਮ ਵਿਚ ਸੀ ਅਤੇ ਖੁਸ਼ ਸੀ - ਅਤੇ ਨਾਲ ਹੀ ਖੁਸ਼ ਸਨ ਡਾ. ਕ੍ਰਿਸਟੋਫਰ ਲੂ, ਜੋ ਜੌਰਜਟਾਊਨ ਹਸਪਤਾਲ ਵਿਚ ਹੱਡੀਆਂ ਦੇ ਮਾਹਰ ਹਨ। 

ਮੈਂ ਮੌਡਲ ਅਤੇ ਪ੍ਰਿੰਟਿੰਗ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ, ਡਾ.ਲੂ ਨੇ ਕਿਹਾ। ਮੈਨੂੰ ਲਗਦਾ ਹੈ ਕਿ ਪਲਾਸਤਰ ਤਕਨੀਕ ਦਾ ਇਹ ਭਵਿੱਖ ਹੈ। ਪਰ ਅਜੇ ਇਸ ਤਕਨੀਕ ਦੌਰਾਨ ਕਈ ਰੁਕਾਵਟਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ, ਜਿਹਨਾਂ ਵਿਚੋਂ ਸਮਾਂ ਵੀ ਇੱਕ ਹੈ। 

ਮੈਨੂੰ ਲਗਦਾ ਹੈ ਕਿ ਇਸ ਪਲਾਸਤਰ ਨੂੰ ਪ੍ਰਿੰਟ ਕਰਨ ਵਿਚ ਕਈ ਘੰਟਿਆਂ ਦਾ ਸਮਾਂ ਲੱਗਿਆ ਸੀ, ਅਤੇ ਆਮ ਤੌਰ 'ਤੇ ਇੱਕ ਪਲਾਸਤਰ ਪਾਉਣ ਨੂੰ ਕਰੀਬ ਪੰਜ ਮਿੰਟ ਲਗਦੇ ਹਨ, ਸੋ ਅਜਿਹੀਆਂ ਚੀਜ਼ਾਂ ਚੁਣੌਤੀਆਂ ਹੋਣਗੀਆਂ।

ਪਰ ਹਰਗੁਰਦੀਪ ਇਸ ਚੁਣੌਤੀ ਲਈ ਤਿਆਰ ਲੱਗ ਰਿਹਾ ਹੈ; ਖਾਸ ਤੌਰ ਤੇ ਜਦੋਂ ਉਹ ਆਪਣੇ ਬੱਚੇ ਨੂੰ ਆਰਾਮਦਾਇਕ ਢੰਗ ਨਾਲ ਤੰਦਰੁਸਤ ਹੁੰਦਿਆਂ ਵੇਖ ਰਿਹਾ ਹੈ। 

ਉਸਨੂੰ ਇਹ ਚੀਜ਼ ਪਹਿਨਣੀ ਬਹੁਤ ਪਸੰਦ ਹੈ। ਉਹ ਹਮੇਸ਼ਾ ਇਸ ਉੱਤੇ ਬਣੇ ਸਟਿੱਕਰ ਦੂਸਰਿਆਂ ਨੂੰ ਦਿਖਾਉਂਦਾ ਰਹਿੰਦਾ ਹੈ, ਉਸਨੇ ਕਿਹਾ। 

ਅਗਲੇ ਕੁਝ ਹਫ਼ਤਿਆਂ ਵਿਚ ਅਨਮੋਲ ਦੇ ਬਿਲਕੁਲ ਤੰਦਰੁਸਤ ਹੋਣ ਦੀ ਉਮੀਦ ਹੈ- ਪਰ ਅਜੇ ਕੁਝ ਚਿਰ ਤੱਕ ਉਸਨੂੰ ਕੁਰਸੀਆਂ ਤੋਂ ਛਾਲਾਂ ਮਾਰਨ ਤੋਂ ਪਰਹੇਜ਼ ਕਰਨਾ ਪੈਣਾ ਹੈ। 

ਤਾਲੀਆ ਰਿਚੀ (ਨਵੀਂ ਵਿੰਡੋ) · ਸੀਬੀਸੀ

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕ਼ਵੀ,ਪੱਤਰਕਾਰ, ਆਰਸੀਆਈ

ਸੁਰਖੀਆਂ