1. ਮੁੱਖ ਪੰਨਾ
  2. ਰਾਜਨੀਤੀ
  3. ਸੰਘ ਰਾਜਨੀਤੀ

ਕੈਨੇਡਾ 'ਚ ਹੋਟਲ ਕੁਆਰੰਟੀਨ ਤੋਂ ਇਨਕਾਰ ਕਰਨ ਵਾਲੇ ਯਾਤਰੀਆਂ ਨੂੰ ਹੋਵੇਗਾ 5000 ਡਾਲਰ ਤੱਕ ਦਾ ਜੁਰਮਾਨਾ

ਸਰਕਾਰੀ ਸਲਾਹਕਾਰ ਪੈਨਲ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੁਆਰੰਟੀਨ ਸਿਸਟਮ ਵਿਚ ਖ਼ਾਮੀਆਂ ਹਨ।

ਦੋ ਯਾਤਰੀ ਏਅਰਪੋਰਟ ਅਧਿਕਾਰੀ ਨੂੰ ਯਾਤਰਾ ਦਸਤਾਵੇਜ਼ ਦਿਖਾਉਂਦੀਆਂ

ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 23 ਫ਼ਰਵਰੀ ਨੂੰ ਲਈ ਗਈ ਦੋ ਯਾਤਰੀਆਂ ਦੀ ਤਸਵੀਰ। ਸ਼ੁਕਰਵਾਰ ਤੋਂ ਕੈਨੇਡਾ ਪਹੁੰਚ ਰਹੇ ਜਿਹੜੇ ਯਾਤਰੀ ਹੋਟਲ ਕੁਆਰੰਟੀਨ ਤੋਂ ਇਨਕਾਰ ਕਰਨਗੇ ਉਹਨਾਂ ਨੂੰ $ 5000 ਤੱਕ ਦਾ ਜੁਰਮਾਨਾ ਹੋਵੇਗਾ।

ਤਸਵੀਰ: Radio-Canada / Sam Nar

RCI

ਕੈਨੇਡਾ ਆਉਣ ਵਾਲੇ ਜਿਹੜੇ ਹਵਾਈ ਯਾਤਰੀ ਨਿਰਧਾਰਿਤ ਹੋਟਲਾਂ ਵਿਚ ਕੁਆਰੰਟੀਨ ਹੋਣ ਤੋਂ ਇਨਕਾਰ ਕਰਨਗੇ ਉਨ੍ਹਾਂ ਨੂੰ 5000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਫ਼ੈਡਰਲ ਸਰਕਾਰ ਨੇ ਐਲਾਨ  (ਨਵੀਂ ਵਿੰਡੋ)ਕੀਤਾ ਹੈ ਕਿ, ਆਉਂਦੇ ਸ਼ੁਕਰਵਾਰ ਤੋਂ, ਜਿਹੜੇ ਅੰਤਰਰਾਸ਼ਟਰੀ ਹਵਾਈ ਯਾਤਰੀ ਕੈਨੇਡਾ ਪਹੁੰਚਣ 'ਤੇ ਲੋੜੀਂਦਾ ਕੋਵਿਡ ਟੈਸਟ ਕਰਵਾਉਣ ਤੋਂ ਮਨਾ ਕਰਨਗੇ ਜਾਂ ਕੁਆਰੰਟੀਨ ਹੋਟਲ ਵਿਚ ਜਾਣ ਤੋਂ ਇਨਕਾਰ ਕਰਨਗੇ, ਉਹਨਾਂ ਨੂੰ ਹਰ ਨਿਯਮ ਦੀ ਉਲੰਘਣਾ ਲਈ 5000 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ- ਮੌਜੂਦਾ ਜੁਰਮਾਨੇ ਵਿਚ ਇਹ 2000 ਡਾਲਰ ਦਾ ਵਾਧਾ ਹੈ। 

ਫ਼ੈਡਰਲ ਸਰਕਾਰ ਨੇ 22 ਫ਼ਰਵਰੀ ਤੋਂ ਇਹ ਨਿਯਮ ਬਣਾਇਆ ਹੋਇਆ ਹੈ ਕਿ ਜੋ ਵੀ ਅੰਤਰਰਾਸ਼ਟਰੀ ਯਾਤਰੀ ਕੈਨੇਡਾ ਦਾਖ਼ਲ ਹੋਵੇਗਾ, ਉਸਦਾ ਕੈਨੇਡਾ ਪਹੁੰਚਣ ਤੇ ਕੋਵਿਡ ਟੈਸਟ ਕੀਤਾ ਜਾਵੇਗਾ ਅਤੇ ਜਦੋਂ ਤੱਕ ਉਸਦਾ ਕੋਵਿਡ ਰਿਜ਼ਲਟ ਨਹੀਂ ਆ ਜਾਂਦਾ, ਉਸਨੂੰ ਆਪਣੇ 14 ਦਿਨਾਂ ਦੇ ਕੁਆਰੰਟੀਨ ਪੀਰੀਅਡ ਵਿਚੋਂ ਤਿੰਨ ਦਿਨ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਹੋਟਲ ਵਿਚ ਬਿਤਾਉਣੇ ਪੈਣਗੇ। ਹੋਟਲ ਵਿਚ ਰਹਿਣ ਦਾ ਖ਼ਰਚਾ ਵੀ ਯਾਤਰੀਆਂ ਦਾ ਹੀ ਹੋਵੇਗਾ ਜੋ ਤਕ਼ਰੀਬਨ 2000 ਡਾਲਰ ਹੋ ਸਕਦਾ ਹੈ। 

ਮੁਸਾਫ਼ਰਾਂ ਨੂੰ ਕੈਨੇਡਾ ਦਾਖ਼ਲ ਤੋਂ ਪਹਿਲਾਂ ਵੀ ਕੋਵਿਡ ਟੈਸਟ ਦੇਣਾ ਲਾਜ਼ਮੀ ਹੈ।

ਜੁਰਮਾਨੇ ਵਿਚ ਇਹ ਇਜ਼ਾਫ਼ਾ ਇੱਕ ਸਰਕਾਰੀ ਸਲਾਹਕਾਰ ਪੈਨਲ ਦੀ ਪਿਛਲੇ ਹਫ਼ਤੇ ਆਈ ਰਿਪੋਰਟ ਤੋਂ ਬਾਅਦ ਹੋਇਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਨੂੰ ਹੋਟਲ ਕੁਆਰੰਟੀਨ ਸਿਸਟਮ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਪ ਉਹਨਾਂ ਦੇ ਕੁਆਰੰਟੀਨ ਦੇ ਪ੍ਰਬੰਧ ਕਰਨ ਦੇਣੇ ਚਾਹੀਦੇ ਹਨ। 

ਪੈਨਲ ਨੇ ਕਿਹਾ ਸੀ ਕਿ ਕੁਆਰੰਟੀਨ ਸਿਸਟਮ ਵਿਚ ਕਈ ਖ਼ਾਮੀਆਂ ਹਨ। ਜਿਵੇਂ ਕਈ ਯਾਤਰੀ ਹੋਟਲ ਕੁਆਰੰਟੀਨ ਦੀ ਬਜਾਏ 3000 ਡਾਲਰ ਦੇ ਜੁਰਮਾਨੇ ਨੂੰ ਇੱਕ ਵਿਕਲਪ ਦੇ ਤੌਰ ਤੇ ਵਰਤ ਰਹੇ ਹਨ। 

ਸਰਕਾਰ ਦੇ ਦੱਸਣ ਮੁਤਾਬਕ, 14 ਅਪ੍ਰੈਲ ਤੋਂ 24 ਮਈ ਦੇ ਦਰਮਿਆਨ, 1000 ਤੋਂ ਵੱਧ ਯਾਤਰੀਆਂ ਨੂੰ ਹੋਟਲ ਕੁਆਰੰਟੀਨ ਤੋਂ ਇਨਕਾਰ ਕਰਨ ਲਈ ਜੁਰਮਾਨੇ ਕੀਤੇ ਗਏ ਅਤੇ 400 ਤੋਂ ਵੱਧ ਲੋਕਾਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਜਾਂ ਕੈਨੇਡਾ ਪਹੁੰਚਣ ਤੋਂ ਬਾਅਦ ਕੋਵਿਡ ਟੈਸਟ ਨਾ ਦੇਣ ਕਰਕੇ ਜੁਰਮਾਨੇ ਹੋਏ ਹਨ।

'ਸਿੱਧੇ ਘਰ ਜਾਓ'

ਜੁਰਮਾਨੇ ਵਿਚ ਕੀਤਾ ਵਾਧਾ ਸ਼ਾਇਦ ਕੁਝ ਲੋਕਾਂ ਨੂੰ ਹੋਟਲ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨ ਤੋਂ ਨਾ ਰੋਕ ਸਕੇ, ਕਿਉਂਕਿ ਇੱਥੇ ਇਹ ਵੀ ਨਿਰਭਰ ਕਰਦਾ ਹੈ ਕਿ ਉਹਨਾਂ ਦਾ ਇਰਾਦਾ ਕੀ ਹੈ ਅਤੇ ਉਹ ਉਤਰਦੇ ਕਿਹੜੀ ਥਾਂ ਹਨ ।

ਕੇਂਟ ਸੌਂਡਰਜ਼ - ਜਿਸ ਕੋਲ ਕੈਨੇਡਾ ਅਤੇ ਯੂ.ਐਸ. ਦੋਵੇਂ ਦੇਸ਼ਾਂ ਦੀ ਨਾਗਰਿਕਤਾ ਹੈ ਅਤੇ ਉਹ ਲਾਸ ਵੇਗਸ ਵਿਚ ਰਹਿੰਦਾ ਹੈ - ਅਪ੍ਰੈਲ ਵਿਚ ਹਵਾਈ ਸਫ਼ਰ ਕਰਕੇ ਵੈਨਕੂਵਰ ਪਹੁੰਚਿਆ ਸੀ। ਉਹ ਕਹਿੰਦਾ ਹੈ ਕੀ ਉਸਨੇ ਏਅਰਪੋਰਟ ਤੇ ਮੌਜੂਦ ਹੈਲਥ ਔਫ਼ਿਸ਼ਲਜ਼ (ਸਿਹਤ ਅਧਿਕਾਰੀਆਂ) ਨੂੰ ਸੂਚਿਤ ਕੀਤਾ ਸੀ ਕੀ ਉਹ ਕੁਆਰੰਟੀਨ ਲਈ ਸਿੱਧਾ ਆਪਣੇ ਇੱਕ ਦੋਸਤ ਦੇ ਘਰ ਜਾ ਰਿਹਾ ਹੈ। 

ਉਸ ਔਫ਼ਿਸ਼ਲ ਨੇ ਉਸਨੂੰ 3,450 ਡਾਲਰ ( $3,000 ਜਮਾਂ ਬਾਕੀ ਫੀਸਾਂ) ਦਾ ਜੁਰਮਾਨਾ ਕਰ ਦਿੱਤਾ। ਸੌਂਡਰਜ਼ ਨੇ ਸੀਬੀਸੀ ਨੂੰ ਦੱਸਿਆ ਹੈ ਕਿ ਇਹ ਜੁਰਮਾਨਾ ਭਰਨ ਦਾ ਉਸਦਾ ਕੋਈ ਇਰਾਦਾ ਨਹੀਂ ਹੈ। 

ਤੁਸੀਂ ਮੇਰੇ ਕੋਲੋਂ 3,450 ਡਾਲਰ ਕਢਵਾ ਲਵੋਂਗੇ? ਤੁਸੀਂ ਸੁਪਨਾ ਦੇਖ ਰਹੇ ਹੋ,ਉਸਨੇ ਕਿਹਾ। 

ਨਾਲ ਹੀ ਅਜੇ ਤੱਕ ਇਸ ਤਰਾਂ ਦੀ ਵੀ ਕੋਈ ਸੂਚਨਾ ਨਹੀਂ ਮਿਲੀ ਹੈ ਕਿ ਕੈਲਗਰੀ ਲੈਂਡ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਵਿਚੋਂ ਕਿਸੇ ਨੂੰ ਜੁਰਮਾਨਾ ਹੋਇਆ ਹੋਵੇ। 

ਇਸ ਮਹਾਮਾਰੀ ਦੇ ਦੌਰਾਨ, ਕੈਨੇਡਾ ਆਉਣ ਵਾਲੀਆਂ ਅੰਤਰਰਾਸ਼ਟਰੀ ਫਲਾਈਟਾਂ ਸਿਰਫ਼ ਟੋਰੌਂਟੋ, ਵੈਨਕੂਵਰ, ਕੈਲਗਰੀ ਅਤੇ ਮੌਂਟਰੀਅਲ ਹਵਾਈ ਅੱਡਿਆਂ ਤੇ ਹੀ ਲੈਂਡ ਕਰ ਸਕਦੀਆਂ ਹਨ। 

ਬੀਤੇ ਮਹੀਨੇ, ਕੈਲਗਰੀ ਪੁਲਿਸ ਨੇ ਸੀਬੀਸੀ ਨੂੰ ਦੱਸਿਆ ਸੀ ਕਿ ਕਿਉਂਕਿ ਐਲਬਰਟਾ ਨੇ ਕਦੇ ਵੀ ਫ਼ੈਡਰਲ ਕੌਂਟਰਾਵੇਂਸ਼ਨ ਐਕਟ ਨੂੰ ਨਹੀਂ ਅਪਣਾਇਆ - ਜੋ ਪੁਲਿਸ ਨੂੰ ਲੋਕਾਂ ਉੱਤੇ ਫ਼ੈਡਰਲ ਅਪਰਾਧਾਂ ਲਈ ਜੁਰਮਾਨੇ ਲਗਾਉਣ ਦੀ ਇਜਾਜ਼ਤ ਦਿੰਦਾ ਹੈ - ਇਸ ਕਰਕੇ ਕੈਲਗਰੀ ਪੁਲਿਸ ਹੋਟਲ ਕੁਆਰੰਟੀਨ ਤੋਂ ਇਨਕਾਰ ਕਰਨ ਵਾਲੇ ਸਿਰਫ਼ ਉਸ ਵਿਅਕਤੀ ਦੀ ਜਾਂਚ ਕਰ ਸਕਦੀ ਹੈ ਜਿਸਦੀ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ। 

ਐਲਨ ਪ੍ਰਾਉਟ ਦੀ ਮੈਕਸੀਕੋ ਦੀ ਤਸਵੀਰ

ਐਲਨ ਪ੍ਰਾਉਟ ਪਿਊਰਤੋ ਵੱਲਾਰਤਾ, ਮੈਕਸੀਕੋ ਵਿੱਖੇ। ਪ੍ਰਾਉਟ ਨੇ ਕੈਨੇਡਾ ਪਹੁੰਚਣ ਤੇ ਹੋਟਲ ਵਿਚ ਕੁਆਰੰਟੀਨ ਕਰਨ ਤੋਂ ਮਨਾ ਕਰ ਦਿੱਤਾ ਸੀ ਅਤੇ ਅਜੇ ਤੱਕ ਉਸਨੂੰ ਜੁਰਮਾਨਾ ਵੀ ਨਹੀਂ ਹੋਇਆ ਹੈ। (ਐਲਨ ਪ੍ਰਾਉਟ ਦਵਾਰਾ ਦਿੱਤੀ ਗਈ ਤਸਵੀਰ)

ਤਸਵੀਰ: Radio-Canada

ਯੋਰਕਟਨ, ਸਸਕੈਚਵਨ ਦਾ ਰਹਿਣ ਵਾਲਾ ਐਲਨ ਪ੍ਰਾਉਟ ਜੋ ਮੈਕਸੀਕੋ ਤੋਂ 26 ਅਪ੍ਰੈਲ ਨੂੰ ਕੈਲਗਰੀ ਪਹੁੰਚਿਆ ਸੀ, ਉਸਨੇ ਹੋਟਲ ਵਿਚ ਕੁਆਰੰਟੀਨ ਕਰਨ ਤੋਂ ਵੀ ਮਨਾ ਕਰ ਦਿੱਤਾ ਸੀ ਅਤੇ ਅਜੇ ਤੱਕ ਉਸਨੂੰ ਜੁਰਮਾਨਾ ਵੀ ਨਹੀਂ ਹੋਇਆ ਹੈ। 

ਮੈਂ ਬਹੁਤ ਖੁਸ਼ ਹਾਂ, ਉਸਨੇ ਕਿਹਾ।ਮੇਰਾ ਮਤਲਬ ਹੈ, ਜੇ ਮੈਨੂੰ ਜੁਰਮਾਨਾ ਹੋ ਜਾਂਦਾ ਤਾਂ ਮੈਂ ਬਰਬਾਦ ਹੋ ਜਾਂਦਾ। 

ਪ੍ਰਾਉਟ ਦਾ ਕਹਿਣਾ ਹੈ ਕਿ ਉਸਨੇ ਹੋਟਲ ਕੁਆਰੰਟੀਨ ਤੋਂ ਇਸ ਕਰਕੇ ਇਨਕਾਰ ਕੀਤਾ ਸੀ ਕਿਉਂਕਿ ਉਸਨੂੰ ਲੱਗਿਆ ਸੀ ਕਿ ਉਹ ਇਕ ਵਿਅਸਤ ਹੋਟਲ ਦੇ ਮੁਕਾਬਲੇ ਆਪਣੇ ਘਰ ਵਿਚ ਬਿਹਤਰ ਸੁਰੱਖਿਅਤ ਢੰਗ ਨਾਲ ਕੁਆਰੰਟੀਨ ਕਰ ਸਕਦਾ ਹੈ। 

ਸਿੱਧਾ ਆਪਣੇ ਘਰ ਜਾਓ, ਅਤੇ ਆਪਣਾ ਕੁਆਰੰਟੀਨ ਕਰੋ।

ਮੌਜੂਦਾ ਹੋਟਲ ਕੁਆਰੰਟੀਨ ਰੋਕਾਂ ਦੀ ਮਿਆਦ 21 ਜੂਨ ਨੂੰ ਖ਼ਤਮ ਹੋ ਰਹੀ ਹੈ, ਪਰ ਸਰਕਾਰੀ ਪੈਨਲ ਵੱਲੋਂ ਇਸ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਸਲਾਹ 'ਤੇ ਅਮਲ ਹੋਵੇਗਾ ਜਾ ਨਹੀਂ, ਇਸ ਬਾਰੇ ਸਰਕਾਰ ਨੇ ਫ਼ਿਲਹਾਲ ਕੁਝ ਨਹੀਂ ਕਿਹਾ ਹੈ। 

ਸੋਫ਼ੀਆ ਹੈਰਿਸ (ਨਵੀਂ ਵਿੰਡੋ) · ਸੀਬੀਸੀ

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕਵੀ, ਪੱਤਰਕਾਰ, ਆਰਸੀਆਈ

ਸੁਰਖੀਆਂ