1. ਮੁੱਖ ਪੰਨਾ
  2. ???
  3. ਪੁਰਾਤੱਤਵ ਵਿਗਿਆਨ

ਰੇਜ਼ੀਡੈਂਸ਼ੀਅਲ ਸਕੂਲ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲਣ ਦਾ ਮਾਮਲਾ ; ਇਸ ਲਈ ਕੈਨੇਡਾ ਜ਼ਿੰਮੇਵਾਰ : ਟਰੂਡੋ

1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਭਾਈਚਾਰੇ ਦੇ ਬੱਚਿਆਂ ਨੂੰ ਰੇਜ਼ੀਡੈਂਸ਼ੀਅਲ ਸਕੂਲਾਂ ਵਿੱਚ ਰੱਖਿਆ ਗਿਆ ਸੀ ।

ਪੀਸ ਟਾਵਰ ਤੇ ਅੱਧਾ ਝੁਕਿਆ ਝੰਡਾ ।

ਬੀ ਸੀ ਦੇ ਸਾਬਕਾ ਕੈਮਲੂਪਸ ਇੰਡੀਅਨ ਰੇਜ਼ੀਡੈਂਸ਼ੀਅਲ ਸਕੂਲ ਵਿਚਲੇ 215 ਬੱਚਿਆਂ ਦੀ ਮੌਤ ਦੇ ਸੋਗ ਚ ਪੀਸ ਟਾਵਰ ਤੇ ਅੱਧਾ ਝੁਕਿਆ ਝੰਡਾ ।

ਤਸਵੀਰ: Radio-Canada / Olivier Hyland/CBC

RCI

ਚੇਤਾਵਨੀ: ਇਸ ਲੇਖ ਵਿੱਚ ਸ਼ਾਮਲ ਵੇਰਵਿਆਂ ਤੋ ਕੁਝ ਪਾਠਕ ਅਸਹਿਜ ਮਹਿਸੂਸ ਕਰ ਸਕਦੇ ਹਨ ।

ਬੀ ਸੀ ਦੇ ਸਾਬਕਾ ਕੈਮਲੂਪਸ ਇੰਡੀਅਨ ਰੇਜ਼ੀਡੈਂਸ਼ੀਅਲ ਸਕੂਲ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲਣ ਦਾ ਮੁੱਦਾ ਹਾਊਸ ਆਫ ਕੌਮਨਜ਼ ਵਿੱਚ ਗੂੰਜਿਆ। ਇਸ ਬਾਰੇ ਬੋਲਦਿਆ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਲਈ ਕੈਨੇਡਾ ਜ਼ਿੰਮੇਵਾਰਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡੀਅਨਜ਼ ਆਪਣੀਆਂ ਅੱਖਾਂ ਬੰਦ ਕਰਕੇ ਅਜਿਹਾ ਕੁਝ ਨਾ ਹੋਇਆ ਹੋਣ ਦਾ ਦਿਖਾਵਾ ਨਹੀ ਕਰ ਸਕਦੇ । ਉਹਨਾਂ ਕਿਹਾ ਕਿ ਸਾਨੂੰ ਮੰਨਣਾ ਚਾਹੀਦਾ ਹੈ ਕਿ ਦੇਸ਼, ਬੱਚਿਆਂ ਸਮੇਤ ਉਹਨਾ ਦੇ ਪਰਿਵਾਰਾਂ ਤੇ ਭਾਈਚਾਰੇ ਪ੍ਰਤੀ ਆਪਣੇ ਫਰਜ਼ ਨਿਭਾਉਣ ਵਿੱਚ ਅਸਫਲ ਰਿਹਾ ਹੈ।

ਟਰੂਡੋ ਨੇ ਕਿਹਾ ਕਿ ਇਹਨਾ ਬੱਚਿਆਂ ਨੇ ਵੱਡੇ ਹੋ ਕੇ ਭਾਈਚਾਰੇ ਦੀ ਅਗਵਾਈ ਕਰਨੀ ਸੀ ਅਤੇ ਅਜਿਹਾ ਨਹੀ ਹੋਇਆ ਹੈ ਤੇ ਇਸ ਲਈ ਦੇਸ਼ ਜ਼ਿੰਮੇਵਾਰ ਹੈ।

ਕੰਜ਼ਰਵੇਟਿਵ ਲੀਡਰ ਐਰਿਨ ਓਟੂਲ ਨੇ ਕਿਹਾ ਕਿ ਰਿਹਾਇਸ਼ੀ ਸਕੂਲ ਪ੍ਰਣਾਲੀ , ਦੇਸ਼ ਦੀ ਕਹਾਣੀ ਦਾ ਇੱਕ ਦੁਖਦਾਈ ਹਿੱਸਾ ਹੈ ਅਤੇ ਹੋਰ ਅਫਸੋਸ ਦੀ ਗੱਲ ਹੈ ਕਿ ਇਸ ਵਿੱਚ ਅਜੇ ਵੀ ਨਵੇਂ ਅਧਿਆਇ ਸ਼ਾਮਲ ਹੋ ਰਹੇ ਹਨ । ਓਟੂਲ ਮੁਤਾਬਿਕ ਮਾਪੇ ਹੋਣ ਦੇ ਨਾਤੇ 215 ਬੱਚਿਆਂ ਦੇ ਦਫ਼ਨ ਹੋਣ ਬਾਰੇ ਸੋਚਣਾ ਵੀ ਦੁੱਖਦਾਈ ਹੈ । ਉਹਨਾਂ ਕਿਹਾ ਕਿ ਇਕ ਮੈਂਬਰ ਪਾਰਲੀਮੈਂਟ ਤੇ ਕੰਜ਼ਰਵੇਟਿਵ ਨੇਤਾ ਦੇ ਤੌਰ ਤੇ ਇਹ ਘਟਨਾ, ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਇਹਨਾਂ ਜਖ਼ਮਾਂ ਨੂੰ ਭਰਨ ਦੀ ਜ਼ਰੂਰਤ ਹੈ ।

ਓਟੂਲ ਨੇ ਟਰੂਡੋ ਤੋ ਰੀਕਨਸੀਲੀਏਸ਼ਨ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਅਮਲ ਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ । ਆਪਣੀ ਪਾਰਟੀ ਦੀ ਤਰਫ਼ੋਂ ਹਮਾਇਤ ਦਾ ਭਰੋਸਾ ਦਿੰਦਿਆਂ , ਓਟੂਲ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਕੈਨੇਡਾ ਦਿਵਸ ਤੱਕ ਕੋਈ ਠੋਸ ਯੋਜਨਾ ਲਿਆਉਣ ਲਈ ਕਿਹਾ ਹੈ ।

ਇਹ ਸਕੂਲ ਨਸਲਕੁਸ਼ੀ ਲਈ ਤਿਆਰ ਕੀਤੇ ਗਏ ਸਨ : ਐਨਡੀਪੀ

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨਜ਼ ਇਸ ਘਟਨਾ ਤੋ ਕੰਬ ਗਏ ਹਨ ।

ਜਗਮੀਤ ਸਿੰਘ ਨੇ ਕਿਹਾ ਹੈ ਕਿ ਦੇਸ਼ ਭਰ ਦੇ ਲੋਕ ਇਸ ਦਹਿਸ਼ਤ ਨੂੰ ਦਰਸਾਉਣ ਲਈ ਯਾਦਗਾਰਾਂ ਲਗਾਉਂਦੇ ਰਹਿੰਦੇ ਹਨ ਜਿਸਤੋ ਸਿੱਧ ਹੁੰਦਾ ਹੈ ਕਿ ਇਹ ਰਿਹਾਇਸ਼ੀ ਸਕੂਲ, ਸਕੂਲ ਨਹੀਂ ਸਨ ਬਲਕਿ ਮੂਲਨਿਵਾਸੀ ਲੋਕਾਂ ਨੂੰ ਖਤਮ ਕਰਨ ਲਈ ਬਣਾਏ ਗਏ ਅਦਾਰੇ ਸਨ।

ਵੈਨਕੂਵਰ ਈਸਟ ਤੋ ਸੰਸਦ ਮੈਂਬਰ ਜੈਨੀ ਕਵਾਨ ਨੇ ਹਾਊਸ ਆਫ ਕੌਮਨਜ਼ ਵਿਚ ਬੋਲਦਿਆਂ, ਰਿਹਾਇਸ਼ੀ ਸਕੂਲਾਂ ਦੇ ਸੰਦਰਭ ਵਿੱਚ ਨਸਲਕੁਸ਼ੀ ਸ਼ਬਦ ਅਪਣਾਉਣ ਦੀ ਅਪੀਲ ਕੀਤੀ। ਕਵਾਨ ਨੇ ਕਿਹਾ ਕਿ ਇਸਨੂੰ ਸੱਭਿਆਚਾਰਕ ਨਸਲਕੁਸ਼ੀ ਦੀ ਬਜਾਏ ਸੰਯੁਕਤ ਰਾਸ਼ਟਰ ਦੁਆਰਾ ਪਰਿਭਾਸ਼ਤ ਨਸਲਕੁਸ਼ੀ ਕਿਹਾ ਜਾਵੇ ।

ਮੈਨੀਟੋਬਾ ਤੋ ਸੰਸਦ ਮੈਂਬਰ ਨਿੱਕੀ ਐਸ਼ਟਨ ਨੇ ਵੀ ਇਸਦੀ ਪ੍ਰੋੜਤਾ ਕੀਤੀ । ਉਹਨਾਂ ਕਿਹਾ ਕਿ ਮੂਲਨਿਵਾਸੀਆਂ ਨਾਲ ਹੋਈ ਧੱਕੇਸ਼ਾਹੀ ਨੂੰ ਨਸਲਕੁਸ਼ੀ ਵਜੋਂ ਸਵੀਕਾਰਿਆ ਜਾਣਾ ਚਾਹੀਦਾ ਹੈ ।

ਐਨਡੀਪੀ ਦੀ ਸੰਸਦ ਮੈਂਬਰ ਲੀਆ ਗਜ਼ਾਨ ਨੇ ਕਿਹਾ ਕਿ ਟਰੂਡੋ ਅਕਸਰ ਹੀ ਦ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ (ਟੀਆਰਸੀ) ਦੀ ਰਿਪੋਰਟ ਬਾਰੇ ਗੱਲ ਕਰਦੇ ਹਨ ਪਰ ਉਹ ਇਸ ਉੱਪਰ ਅਮਲ ਕਰਨ ਚ ਢਿੱਲ ਦਿਖਾ ਰਹੇ ਹਨ ।

ਗ੍ਰੀਨਜ਼ ਪਾਰਟੀ ਦੀ ਸੰਸਦ ਮੈਂਬਰ ਐਲਿਜ਼ਾਬੈਥ ਮੇਅ ਨੇ ਕੌਮਨਜ਼ ਚ ਕਿਹਾ ਕਿ ਕੈਨੇਡੀਅਨਜ਼ ਨੂੰ ਸੱਚਾਈ ਦਾ ਸਾਹਮਣਾ ਕਰਨਾ ਪਵੇਗਾ। ਕਰਾਊਂਨ-ਇੰਡੀਜ਼ੀਨਸ ਰਿਲੇਸ਼ਨਜ ਮਨਿਸਟਰ ਕੈਰੋਲਿਨ ਬੇਨੇਟ ਨੇ ਕਿਹਾ ਕਿ ਅਸੀਂ ਇਸ ਘਟਨਾ ਤੋ ਬਾਅਦ ਬੁਰੀ ਤਰਾਂ ਕੰਬ ਗਏ ਹਾਂ ।

ਤਕੈਮਲੂਪਸ ਤੇ ਸੈਕਵੇਪੇਮਕ ਕੁਕਪੀ 7 ਮੂਲ ਨਿਵਾਸੀ ਗਰੁੱਪ ਦੇ ਮੁਖੀ ਰੋਜ਼ਾਨੇ ਕਾਸਿਮਿਰ ਨੇ ਫੈਡਰਲ ਸਰਕਾਰ ਤੋ ਜਲਦ ਤੋ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਕਾਸਿਮਿਰ ਨੇ ਕਿਹਾ ਕਿ ਸਰਕਾਰ ਦੀ ਭਾਈਚਾਰੇ ਤੇ ਪੀੜਤ ਪਰਿਵਾਰਾਂ ਪ੍ਰਤੀ ਜਿੰਮੇਵਾਰੀ ਤੇ ਜਵਾਬਦੇਹੀ ਬਣਦੀ ਹੈ ।

ਵੱਡੀ ਗਿਣਤੀ ਵਿਚ ਹੋਈ ਬੱਚਿਆਂ ਦੀ ਮੌਤ: ਰਿਪੋਰਟ

ਦ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਨੇ ਰਿਹਾਇਸ਼ੀ ਸਕੂਲਾਂ ਬਾਰੇ ਲੰਮੀ ਛਾਣਬੀਣ ਤੋਂ ਬਾਅਦ ਗੁੰਮ ਹੋਏ ਬੱਚਿਆਂ ਬਾਰੇ ਛੇ ਸਿਫਾਰਸ਼ਾਂ ਕੀਤੀਆਂ ਸਨ।

ਕਮਿਸ਼ਨ ਨੇ ਰਿਹਾਇਸ਼ੀ ਸਕੂਲ ਕਬਰਸਤਾਨਾਂ ਦੀ ਇੱਕ ਔਨਲਾਈਨ ਰਜਿਸਟਰੀ ਸਥਾਪਤ ਕਰਨ ਲਈ ਫੈਡਰਲ ਸਰਕਾਰ ਨੂੰ ਚਰਚਾਂ, ਮੂਲਨਿਵਾਸੀ ਭਾਈਚਾਰਿਆਂ ਅਤੇ ਸਾਬਕਾ ਰਿਹਾਇਸ਼ੀ ਸਕੂਲ ਵਿਦਿਆਰਥੀਆਂ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਸੀ।

ਏ.ਐੱਫ.ਐੱਨ.ਐੱਨ. ਦੇ ਕੌਮੀ ਚੀਫ਼ ਪੈਰੀ ਬੈਲੇਗਰਡੇ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਰਿਹਾਇਸ਼ੀ ਸਕੂਲਾਂ ਵਿੱਚ ਬੱਚਿਆਂ ਦੀ ਮੌਤ ਦੇ ਸਬੂਤ ਨੂੰ ਧਿਆਨ ਚ ਰੱਖਦਿਆਂ, ਫੈਡਰਲ ਸਰਕਾਰ ਨੂੰ ਲਾਜ਼ਮੀ ਤੌਰ 'ਤੇ ਹੋਰ ਰਿਹਾਇਸ਼ੀ ਸਕੂਲਾਂ ਵੱਲ ਦੇਖਣਾ ਪਵੇਗਾ ਤਾ ਜੋ ਇਕ ਵੱਡੀ ਗਲਤੀ ਨੂੰ ਸੁਧਾਰਿਆ ਜਾ ਸਕੇ ।

1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਭਾਈਚਾਰੇ ਦੇ ਬੱਚਿਆਂ ਨੂੰ ਰਿਹਾਇਸ਼ੀ ਸਕੂਲਾਂ ਵਿੱਚ ਰੱਖਿਆ ਗਿਆ ਸੀ ।

ਰੀਕਨਸੀਲੀਏਸ਼ਨ ਕਮਿਸ਼ਨ ਨੇ 2015 ਚ ਰਿਪੋਰਟ ਜਾਰੀ ਕਰਨ ਤੋ ਪਹਿਲਾ ਰਿਹਾਇਸ਼ੀ ਸਕੂਲਾਂ ਵਿੱਚ ਬੱਚਿਆਂ ਨਾਲ ਹੋ ਰਹੀਆਂ ਦਰਦਨਾਕ ਘਟਨਾਵਾਂ ਬਾਰੇ ਸੁਣਿਆ । ਸਕੂਲਾਂ ਵਿੱਚ ਬਹੁਤ ਸਾਰੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਗਿਆ।

ਇਨ੍ਹਾਂ ਸਕੂਲਾਂ ਵਿੱਚ ਘੱਟੋ ਘੱਟ 4,100 ਬੱਚਿਆਂ ਦੀ ਮੌਤ ਹੋਈ ਹੈ । ਟੀਆਰਸੀ ਦੀ ਪ੍ਰਧਾਨਗੀ ਕਰਨ ਵਾਲੀ ਸਾਬਕਾ ਸੈਨੇਟਰ ਮਰੇ ਸਿਨਕਲੇਅਰ ਮੁਤਾਬਿਕ ਇਹਨਾਂ ਮੌਤਾਂ ਦੀ ਗਿਣਤੀ ਜਿਆਦਾ ਹੋ ਸਕਦੀ ਹੈ ।

ਪੀਟਰ ਜਿਮੋਨਜਿਕ (ਨਵੀਂ ਵਿੰਡੋ) ਕੈਨੇਡੀਅਨ ਪ੍ਰੈੱਸ ਤੋ ਪ੍ਰਾਪਤ ਫਾਈਲਜ਼ ਨਾਲ

ਪੰਜਾਬੀ ਅਨੁਵਾਦ : ਸਰਬਮੀਤ ਸਿੰਘ

ਸੁਰਖੀਆਂ