1. ਮੁੱਖ ਪੰਨਾ
  2. ਸਮਾਜ
  3. ਆਵਾਸ

ਰੂੜ੍ਹੀਵਾਦੀ ਪਰਵਾਸੀ ਏਸ਼ੀਅਨ ਮਾਪਿਆਂ ਨੇ ਨਸਲੀ ਬੇਇਨਸਾਫ਼ੀ ਨੂੰ ਕਿਸ ਤਰ੍ਹਾਂ ਬਿਹਤਰ ਤਰੀਕੇ ਨਾਲ ਸਮਝਿਆ

ਪਰਵਾਸੀਆਂ ਕੋਲ ਨਸਲਵਾਦ ਦੇ ਖ਼ਿਲਾਫ਼ ਚੁੱਪ ਰਹਿਣ ਦੇ ਜਾਇਜ਼ ਡਰ ਅਤੇ ਕਾਰਨ ਹੋ ਸਕਦੇ ਹਨ, ਪਰ ਬਤੌਰ ਅਗਲੀ ਪੀੜ੍ਹੀ ਸਾਡੀ ਜਿੰਮੇਵਾਰੀ ਵੀ ਅਹਿਮ ਹੈ

ਇਕ ਗ੍ਰਾਫਿਕ ਵਿਚ ਦੋ ਔਰਤਾਂ ਅਤੇ ਇੱਕ ਮਰਦ

ਪੀਆ ਕੋ ਮੁਤਾਬਕ ਬਲੈਕ ਲਾਇਵਜ਼ ਮੈਟਰ ਅੰਦੋਲਨ ਦੌਰਾਨ ਹੋਏ ਜ਼ਬਰਦਸਤ ਪ੍ਰਦਰਸ਼ਨ ਉਸਦੇ ਆਪਣੇ ਮਾਪਿਆਂ ਨਾਲ ਰਿਸ਼ਤੇ ਵਿਚ ਇਕ ਅਹਿਮ ਮੋੜ ਸਾਬਿਤ ਹੋਏ।

ਤਸਵੀਰ: Radio-Canada / Nicole Jang

RCI

ਮੇਰੀ ਜ਼ਿੰਦਗੀ ਵਿਚ ਇਕ ਅਜਿਹਾ ਸਮਾਂ ਵੀ ਸੀ ਜਦੋਂ ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰੇ ਪਰੰਪਰਾਵਾਦੀ, ਇਮੀਗ੍ਰੈਂਟ (ਪਰਵਾਸੀ) ਮਾਂ-ਬਾਪ ਅਤੇ ਮੈਂ, ਸਮਾਜਿਕ ਨਿਆਂ ਦੇ ਮੁਦਿਆਂ ਉੱਤੇ ਆਹਮੋ-ਸਾਹਮਣੇ ਹੋਵਾਂਗੇ।

ਕਈ ਮੁਸ਼ਕਿਲ ਤਕਰਾਰਾਂ ਅਤੇ ਵਿਚਾਰ ਵਟਾਂਦਰਿਆਂ ਤੋਂ ਬਾਅਦ ਮੈਂ ਖ਼ੁਦ ਨੂੰ ਸਮਝਾ ਲਿਆ ਸੀ ਕਿ ਉਹ ਆਪਣੇ ਤਰੀਕਿਆਂ ਨਾਲ ਠੀਕ ਨੇ ਅਤੇ ਮੈਂ ਆਪਣੇ ਤਰੀਕੇ ਨਾਲ। 

ਮੈਂ ਇੰਨੀ ਗ਼ਲਤ ਹੋਣ ਤੇ ਇੰਨੀ ਖ਼ੁਸ਼ ਕਦੇ ਨਹੀਂ ਹੋਈ। 

ਮੇਰੇ ਮਾਂ ਬਾਪ ਮੈਨੂੰ ਹਮੇਸ਼ਾਂ ਤੋਂ ਸੋਸ਼ਲ ਐਕਟਿਵਿਜ਼ਮ (ਸਮਾਜਿਕ ਕ੍ਰਿਆਸ਼ੀਲਤਾ) ਬਾਰੇ ਬੋਲਣ ਤੋਂ ਸਾਵਧਾਨ ਕਰਦੇ ਰਹੇ ਸਨ। ਦਰਅਸਲ ਘੱਟ ਗਿਣਤੀਆਂ ਦੇ ਇਹ ਕਲਾਸਿਕ ਆਦਰਸ਼ ਹਨ : ਸਿਰ ਨੀਵਾਂ ਰੱਖੋ, ਚੰਗੇ ਗ੍ਰੇਡਜ਼ (ਨੰਬਰ) ਪ੍ਰਾਪਤ ਕਰੋ, ਸਖ਼ਤ ਮੇਹਨਤ ਕਰੋ - ਅਤੇ ਅਜਿਹਾ ਕੁਝ ਨਾ ਕਰੋ ਜੋ ਨਸਲੀ ਬੇਇਨਸਾਫ਼ੀ ਦਾ ਜ਼ਿਕਰ ਛੇੜੇ, ਖ਼ਾਸ ਤੌਰ ਤੇ ਅਜਿਹਾ ਕੁਝ, ਜਿਸਦਾ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਜਾਂ ਨਾਗਰਿਕਤਾ ਦੀ ਅਰਜ਼ੀ ਉੱਤੇ ਅਸਰ ਪਵੇ। 

ਮੈਨੂੰ ਯਾਦ ਆਉਂਦਾ ਹੈ ਕਿ ਪਹਿਲੀ ਵਾਰੀ ਮੇਰੀ ਮਾਂ ਨਾਲ ਮੇਰੀ ਤਕਰਾਰ ਉਦੋਂ ਹੋਈ ਸੀ ਜਦੋਂ ਮੈਂ ਅਮੈਂਡਾ ਟੌਡ  (ਨਵੀਂ ਵਿੰਡੋ)ਵੱਲੋਂ ਸਾਈਬਰਬੁਲਿੰਗ (ਇੰਟਰਨੈੱਟ ਤੇ ਹੁੰਦੀ ਧੱਕੇਸ਼ਾਹੀ) ਕਰਕੇ ਕੀਤੀ ਖ਼ੁਦਕਸ਼ੀ ਬਾਰੇ ਆਪਣਾ ਨਵਾਂ ਫੇਸਬੁੱਕ ਅਕਾਊਂਟ ਇਸਤੇਮਾਲ ਕੀਤਾ ਸੀ। ਅਮੈਂਡਾ ਟੌਡ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਇੱਕ ਟੀਨੇਜਰ ਸੀ ਜਿਸਨੇ 2012 ਵਿਚ ਖੁਦਕਸ਼ੀ ਕੀਤੀ ਸੀ। ਮੇਰੀ ਮਾਂ ਨੇ ਮੈਨੂੰ ਇਸ ਮਾਮਲੇ ਵਿਚ ਨਾ ਪੈਣ ਦੀ ਬੇਨਤੀ ਕੀਤੀ। ਪਰ ਫ਼ੇਰ ਸਾਡਾ ਝਗੜਾ ਹੋ ਗਿਆ ਅਤੇ ਇਸਦਾ ਕੋਈ ਹੱਲ ਵੀ ਨਾ ਹੋਇਆ। 

ਮੈਂ ਸੋਚਦੀ ਸੀ ਕਿ ਮੇਰੇ ਸਮਾਜਿਕ ਨਿਆਂ ਬਾਰੇ ਐਕਟਿਵਿਜ਼ਮ (ਕ੍ਰਿਆਸ਼ੀਲਤਾ) ਨੂੰ ਲੈਕੇ ਮੇਰੀ ਮਾਂ ਦੀ ਨਿਰੰਤਰ ਫ਼ਿਕਰ ਬੇਤੁਕੀ ਹੈ। ਪਰ ਹੁਣ ਬਾਲਗ਼ ਹੋਕੇ ਸਮਝ ਆਇਆ ਕਿ ਉਹਨਾਂ ਦੇ ਡਰ ਅਤੇ ਚਿੰਤਾਵਾਂ ਬਿਲਕੁਲ ਜਾਇਜ਼ ਸਨ। ਇੱਕ ਫ਼ਿਲਿਪੀਨੋ ਵਿਅਕਤੀ ਦੇ ਤੌਰ ਤੇ, ਜਿਸਦਾ ਜਨਮ ਅਤੇ ਪਰਵਰਿਸ਼ ਫਿਲੀਪੀਨਜ਼ ਵਿਚ ਫਰਡੀਨੈਂਡ ਮਾਰਕੋ ਦੇ ਤਾਨਾਸ਼ਾਹੀ ਸ਼ਾਸਨ ਦੇ ਦੌਰਾਨ ਹੋਈ ਹੋਵੇ, ਮੇਰੀ ਮਾਂ ਬਖ਼ੂਬੀ ਵਾਕਿਫ਼ ਸੀ ਕਿ ਸਮਾਜਿਕ ਨਿਆਂ ਕਾਰਕੁੰਨਾਂ ਦਾ ਅੰਜਾਮ ਘਾਤਕ ਵੀ ਹੋ ਸਕਦਾ ਹੈ। 

ਮੇਰੇ ਪਿਤਾ ਦਾ ਨਸਲੀ ਸੰਬੰਧ ਚੀਨ ਤੋਂ ਹੈ; ਉਹਨਾਂ ਦੇ ਦਾਦਾ ਜੀ ਚੀਨ ਵਿਚ ਉਸ ਸਮੇਂ ਦੀਆਂ ਸਮਾਜਿਕ ਅਤੇ ਸਿਆਸੀ ਪਰਿਸਥਿਤੀਆਂ ਕਰਕੇ ਫਿਲੀਪੀਨਜ਼ ਚਲੇ ਗਏ ਸਨ। ਗ਼ਰੀਬੀ ਕਰਕੇ ਮੇਰੇ ਪਿਤਾ ਦਾ ਪਰਿਵਾਰ ਨਾਗਰਿਕਤਾ ਦੀ ਅਰਜ਼ੀ ਦੇਣ ਦੇ ਸਮਰੱਥ ਨਹੀਂ ਸੀ ਅਤੇ 51 ਸਾਲ ਦੀ ਉਮਰ ਵਿਚ ਜਾ ਕੇ ਕੈਨੇਡੀਅਨ ਨਾਗਰਿਕ ਬਣਨ ਤੱਕ ਮੇਰੇ ਪਿਤਾ ਦੀ ਕੋਈ ਵੀ ਨਾਗਰਿਕਤਾ ਨਹੀਂ ਸੀ। ਮੇਰੇ ਪਿਤਾ ਇਸ ਗੱਲ ਬਾਰੇ ਚਿੰਤਤ ਸਨ ਕੀ ਅਸੀਂ ਜੋ ਵੀ ਕਰਦੇ ਸੀ ਉਹ ਪੂਰੇ ਪਰਿਵਾਰ ਦੇ ਨਾਗਰਿਕਤਾ ਹਾਸਿਲ ਕਰਨ ਦੇ ਕਾਰਜਾਂ ਨੂੰ ਪ੍ਰਭਾਵਿਤ ਕਰ ਸਕਦਾ ਸੀ। 

ਪੀਆ ਕੋ ਆਪਣੇ ਪਰਿਵਾਰ ਨਾਲ

ਸਮਾਜਿਕ ਨਿਆਂ ਦੇ ਮੁੱਦਿਆਂ ਤੇ ਪੀਆ ਕੋ ਅਤੇ ਉਸਦੇ ਪਰੰਪਰਾਵਾਦੀ ਪਰਿਵਾਰ ਵਿਚ ਅਕਸਰ ਮਤਭੇਦ ਰਹੇ ਹਨ, ਪਰ ਬਲੈਕ ਲਾਇਵਜ਼ ਮੈਟਰ ਅੰਦੋਲਨ ਨੇ ਕਾਫ਼ੀ ਕੁਝ ਬਦਲ ਦਿੱਤਾ।

ਤਸਵੀਰ: Radio-Canada / Pia Co

ਇਕ ਬਾਲਗ਼ ਦੇ ਤੌਰ ਤੇ, ਮੈਂ ਹੁਣ ਸਮਝਦੀ ਹਾਂ ਕਿ ਮੇਰੀ ਸਮਾਜਿਕ ਕਾਰਕੁੰਨ ਬਣਨ ਦੀ ਇੱਛਾ ਬਾਰੇ ਉਹਨਾਂ ਦਾ ਮੁੱਢਲਾ ਵਿਰੋਧ ਅਤੇ ਸਮਾਜਿਕ ਨਿਆਂ ਦੇ ਮਸਲਿਆਂ ਬਾਰੇ ਉਹਨਾਂ ਦੀਆਂ  ਭਾਵਨਾਵਾਂ ਸਾਡੇ ਪਿਛੋਕੜ, ਕਦਰਾਂ-ਕੀਮਤਾਂ ਅਤੇ ਮੇਰੇ ਪ੍ਰਤੀ ਉਹਨਾਂ ਦੇ ਮੋਹ ਨਾਲ ਜੁੜੀਆਂ ਸਨ। ਮੇਰੀ ਪੂਰੇ ਸਮਾਜ ਪ੍ਰਤੀ ਜ਼ਿੰਮੇਵਾਰੀ ਤੋਂ ਜ਼ਿਆਦਾ ਜ਼ਰੂਰੀ ਉਹਨਾ ਲਈ ਮੈਨੂੰ ਸੁਰੱਖਿਅਤ ਰੱਖਣਾ ਸੀ । 

ਬੀਤੇ ਸਾਲ ਇੱਕ ਮਿਨਿਆਪਲਿਸ ਪੁਲਿਸ ਔਫ਼ੀਸਰ ਦਵਾਰਾ ਜੌਰਜ ਫ਼ਲੌਇਡ ਨੂੰ ਕ਼ਤਲ ਕੀਤੇ ਜਾਣ ਦੀ ਘਟਨਾ (ਨਵੀਂ ਵਿੰਡੋ) ਤੋਂ ਬਾਅਦ ਬਲੈਕ ਲਾਇਵਜ਼ ਮੈਟਰ ਅੰਦੋਲਨ ਦੌਰਾਨ ਹੋਏ ਜ਼ਬਰਦਸਤ ਪ੍ਰਦਰਸ਼ਨ - ਮੇਰੇ ਅਤੇ ਮੇਰੇ ਮਾਪਿਆਂ ਦੇ ਰਿਸ਼ਤੇ ਵਿਚ ਇਕ ਅਹਿਮ ਮੋੜ ਸਾਬਿਤ ਹੋਏ। ਹੋਰਾਂ ਵਾੰਗੂ, ਉਹ ਵੀ ਜੌਰਜ ਫ਼ਲੌਇਡ ਦੀ ਉਹ ਵੀਡੀਓ ਦੇਖ ਕੇ ਕਾਫ਼ੀ ਸਹਿਮ ਗਏ, ਜਿਸ ਵਿਚ ਪੁਲਿਸ ਔਫ਼ੀਸਰ ਨੇ ਉਸਦੀ ਗਰਦਨ 'ਤੇ ਆਪਣਾ ਗੋਢਾ ਧਰਿਆ ਹੋਇਆ ਸੀ ਅਤੇ ਫ਼ਲੌਇਡ ਕਹਿ ਰਿਹਾ ਸੀ , ਮੈਨੂੰ ਸਾਹ ਨਹੀਂ ਆ ਰਿਹਾ। ਫ਼ੇਰ ਖ਼ਬਰ ਆਈ ਬ੍ਰਿਔਨਾਂ ਟੇਲਰ ਦੀ ਮੌਤ ਦੀ, ਜਿਸ ਨੂੰ ਲੁਈਜ਼ਵਿਲ , ਕੇਂਟਕੀ ਪੁਲਿਸ ਵੱਲੋਂ ਉਸਦੇ ਘਰ ਵਿਚ ਗੋਲੀ ਮਾਰੀ ਗਈ ਸੀ। ਇਹ ਸਭ ਕੁਝ ਇਸ ਮਹਾਮਾਰੀ ਦੇ ਦੌਰ ਵਿਚ ਵਾਪਰਿਆ, ਜਦੋਂ ਲੋਕਾਂ ਨੂੰ ਆਪਣੀ ਸਰਕਾਰ ਅਤੇ ਇੱਕ ਤਰ੍ਹਾਂ ਨਾਲ ਪੁਲਿਸ ਉੱਤੇ ਵਧੇਰੇ ਨਿਰਭਰ ਹੋਣਾ ਪਿਆ। 

ਫ਼ਲੌਇਡ ਦੀ ਮੌਤ ਤੋਂ ਕੁਝ ਦਿਨ ਬਾਅਦ, ਮੇਰੀ ਮਾਂ ਨੇ ਮੈਨੂੰ ਪੁੱਛਿਆ ਕਿ ਸਿਆਹ ਨਸਲ ਦੇ ਲੋਕਾਂ ਦੀਆਂ ਪੁਲਿਸ ਨਾਲ ਸਬੰਧਤ ਹੋਈਆਂ ਮੌਤਾਂ ਲਈ ਪੁਲਿਸ ਨੂੰ ਅਕਸਰ ਜ਼ਿੰਮੇਵਾਰ ਕਿਉਂ ਨਹੀਂ ਠਹਿਰਾਇਆ ਜਾਂਦਾ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਉੱਤਰੀ ਅਮਰੀਕਾ ਵਿਚ ਪੁਲਿਸ ਦੀ ਸ਼ੁਰੂਆਤ ਗੁਲਾਮਾਂ ਨੂੰ ਪਕੜਨ ਦੇ ਸਿਲਸਿਲੇ ਨਾਲ ਜੁੜੀ ਹੈ। ਬਸਤੀਵਾਦ ਦੇ ਦੌਰ ਵਿਚ ਪੁਲਿਸ ਫੋਰਸ ਆਧੁਨਿਕ ਫੋਰਸ ਵਾੰਗੂ ਨਹੀਂ ਸੀ ਅਤੇ ਕਿਸੇ ਵੇਲੇ ਪੁਲਿਸ ਦਾ ਇਸਤੇਮਾਲ ਗ਼ੁਲਾਮ ਬਣਾਏ ਗਏ ਲੋਕਾਂ ਨੂੰ ਭੱਜਣ ਤੋਂ ਰੋਕਣ ਲਈ ਵੀ ਕੀਤਾ ਜਾਂਦਾ ਰਿਹਾ ਹੈ। 

ਬਾਅਦ ਵਿਚ ਮੇਰੇ ਪਿਤਾ ਨੇ ਮੈਨੂੰ ਪੁੱਛਿਆ ਕਿ ਬਲੈਕ ਲਾਇਵਜ਼ ਮੈਟਰ ਅੰਦੋਲਨ ਦੇ ਨਾਲ ਨਾਲ ਦੰਗੇ ਕਿਉਂ ਹੋਏ ਸਨ; ਉਹਨਾਂ ਦੇ ਹਿਸਾਬ ਨਾਲ ਦੰਗਿਆਂ ਕਾਰਨ ਉਹ ਮੁੱਖ ਸੰਦੇਸ਼ ਭਟਕ ਗਿਆ ਜਿਸਨੂੰ ਫ਼ੈਲਾਉਣ ਲਈ ਪ੍ਰਦਰਸ਼ਨ ਹੋ ਰਹੇ ਸਨ। ਅਸੀਂ ਚਰਚਾ ਕੀਤੀ ਕਿ ਕਿਵੇਂ ਸਰਕਾਰਾਂ ਅਕਸਰ ਹੀ ਸ਼ਾਂਤਮਈ ਪ੍ਰਦਰਸ਼ਨਾਂ ਵੱਲ ਧਿਆਨ ਨਹੀਂ ਦਿੰਦੀਆਂ। ਮੈਂ ਮੰਨਦੀ ਹਾਂ ਕਿ ਇੱਕ ਬਿਹਤਰ ਸੰਸਾਰ ਵਿਚ ਦੰਗੇ ਨਹੀਂ ਹੋਣੇ ਚਾਹੀਦੇ, ਪਰ ਇੱਕ ਅਜਿਹੀ ਦੁਨੀਆ ਜਿੱਥੇ ਸਿਆਹ ਨਸਲ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਹ ਦੱਸਣਾ ਪਵੇ ਕਿ ਉਹ ਪੁਲਿਸ ਨਾਲ ਹਮੇਸ਼ਾ ਸਹਿਯੋਗ ਕਰਨ ਨਹੀਂ ਤਾਂ ਉਹ ਮਾਰੇ ਵੀ ਜਾ ਸਕਦੇ ਹਨ, ਅਜਿਹੇ ਸਮਾਜ ਵਿਚ ਦੰਗਿਆਂ ਦੀ ਸੰਭਾਵਨਾ ਹੋ ਵੀ ਸਕਦੀ ਹੈ। 

ਐਟਲਾਂਟਾ ਵਿਚ 6 ਏਸ਼ੀਅਨ ਔਰਤਾਂ ਦੇ ਗਿਣ-ਮਿਥ ਕੇ ਕੀਤੇ ਗਏ ਕ਼ਤਲ ਦੀ ਘਟਨਾ ਨੇ ਨਸਲਵਾਦ ਦੇ ਮਸਲਿਆਂ ਨੂੰ ਇਕ ਵਾਰੀ ਫ਼ੇਰ ਉਜਾਗਰ ਕੀਤਾ ਹੈ। ਮੇਰਾ ਪਰਿਵਾਰ ਇਸ ਗੱਲ ਤੋਂ ਜਾਣੂ ਸੀ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਏਸ਼ੀਆਈ ਮੂਲ ਦੇ ਬਜ਼ੁਰਗਾਂ ਨੂੰ ਸਰੀਰਕ ਹਮਲਿਆਂ ਅਤੇ ਨਸਲੀ ਤੁਹਮਤਾਂ ਅਤੇ ਅਪਮਾਨਜਨਕ ਸ਼ਬਦਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ, ਪਰ ਇਹ ਕ਼ਤਲ ਦੀਆਂ ਘਟਨਾਵਾਂ ਘਰ ਦੇ ਨੇੜੇ ਵਾਪਰੀਆਂ ਸਨ। ਮੇਰੇ ਬਚਪਨ ਵਿਚ ਅਸੀਂ ਐਟਲਾਂਟਾ ਵਿਚ ਵੀ ਰਹੇ ਹਾਂ। ਇਸ ਭਿਆਨਕ ਹਾਦਸੇ ਤੋਂ ਬਾਅਦ ਮੈਂ ਆਪਣੇ ਮਾਪਿਆਂ ਦੀ ਸੁਰੱਖਿਆ ਬਾਰੇ ਵੀ ਸੋਚਣ ਲੱਗ ਪਈ ਅਤੇ ਮੈਂ ਆਪਣੀ ਯੂਨੀਵਰਸਿਟੀ ਦੇ ਇੱਕ ਅਖ਼ਬਾਰ ਵਿਚ ਇੱਕ ਸੰਪਾਦਕੀ ਲਿਖ ਕੇ ਏਸ਼ੀਅਨ ਮੂਲ ਦੇ ਨੌਜਵਾਨਾਂ ਨੂੰ ਏਸ਼ੀਅਨ ਵਿਰੋਧੀ ਨਸਲਵਾਦ (ਐਂਟੀ-ਏਸ਼ੀਅਨ ਰੇਸਿਜ਼ਮ)  ਦੇ ਖ਼ਿਲਾਫ਼ ਖੜ੍ਹਨ ਅਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਆਖਿਆ। 

ਦੋ ਔਰਤਾਂ ਐਟਲਾਂਟਾ ਗੋਲੀਕਾਂਡ ਤੋਂ ਬਾਅਦ ਬਣੇ ਯਾਦਗਾਰ ਸਮਾਰਕ ਤੇ ਪੀੜਤਾਂ ਨੂੰ ਯਾਦ ਕਰਦਿਆਂ

ਹੈਲਨ ਪਾਰਕ ਟਰੂਔਂਗ, 34 ਅਤੇ ਸਾਰਾ ਟੈਂਗ, 31 ਐਟਲਾਂਟਾ ਦੇ ਗੋਲ੍ਡ ਸਪਾ ਦੇ ਬਾਹਰ ਹੋਈ ਸ਼ੂਟਿੰਗ ਵਿਚ ਮਾਰੀਆਂ ਔਰਤਾਂ ਦੀ ਯਾਦ ਵਿਚ ਬਣਾਏ ਇਕ ਆਰਜ਼ੀ ਯਾਦਗਾਰ ਸਮਾਰਕ ਉੱਤੇ ਫੁੱਲ ਅਰਪਣ ਕਰਨ ਤੋਂ ਬਾਅਦ। ਪੀਆ ਕੋ ਕਹਿੰਦੀ ਹੈ ਕਿ ਇਸ ਘਟਨਾ ਨੇ ਉਸ ਅੰਦਰ ਛੁਪੇ ਏਸ਼ੀਅਨ ਵਿਰੋਧੀ ਡਰ ਨੂੰ ਉਜਾਗਰ ਕਰ ਦਿੱਤਾ ਹੈ ਕਿ ਉਸਦੇ ਮਾਂ ਬਾਪ ਨਾਲ ਵੀ ਅਜਿਹਾ ਹਾਦਸਾ ਵਾਪਰ ਸਕਦਾ ਹੈ।

ਤਸਵੀਰ: Reuters / SHANNON STAPLETON

ਮੇਰੇ ਮਾਂ-ਬਾਪ, ਜੋ ਲੱਗਭਗ ਇੱਕ ਦਹਾਕੇ ਪਹਿਲਾਂ ਮੈਨੂੰ ਮੇਰੇ ਵਿਚਾਰ ਫ਼ੇਸਬੁੱਕ ਤੱਕ ਤੇ ਸਾਂਝੇ ਕਰਨ ਤੋਂ ਵੀ ਝਿਜਕ ਮਹਿਸੂਸ ਕਰਦੇ ਸਨ, ਉਹਨਾਂ ਨੇ ਮੇਰਾ ਸੰਪਾਦਕੀ ਆਪਣੇ ਸਾਰੇ ਦੋਸਤਾਂ ਨਾਲ ਸਾਂਝਾ ਕੀਤਾ। ਕਈ ਸਾਲਾਂ ਦੇ ਮਤਭੇਦਾਂ ਅਤੇ ਅਸਹਿਮਤੀਆਂ ਤੋਂ ਬਾਅਦ ਹੁਣ ਮਹਿਸੂਸ ਹੁੰਦਾ ਹੈ ਕਿ ਮਾਪਿਆਂ ਨਾਲ ਖੁੱਲ ਕੇ ਸਮਾਜਿਕ ਨਿਆਂ ਦੇ ਮਸਲਿਆਂ 'ਤੇ ਕੀਤੇ ਵਿਚਾਰ ਵਟਾਂਦਰੇ ਦਾ ਕੁਝ ਅਸਰ ਹੋ ਰਿਹਾ ਹੈ। 

ਹੁਣ ਮੈਂ ਇਹ ਗੱਲ ਪਹਿਲਾਂ ਨਾਲੋਂ ਵੀ ਜ਼ਿਆਦਾ ਸਪਸ਼ਟ ਤੌਰ ਤੇ ਮੰਨਦੀ ਹਾਂ ਕਿ ਸਮਾਜਿਕ ਨਿਆਂ ਦੀ ਕ੍ਰਿਆਸ਼ੀਲਤਾ (ਸੋਸ਼ਲ ਜਸਟਿਸ ਐਕਟਿਵਿਜ਼ਮ) ਵਿਚ ਬਜ਼ੁਰਗ ਪੀੜ੍ਹੀ ਨੂੰ ਵੀ ਅਰਥਪੂਰਨ ਢੰਗ ਨਾਲ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਅਜਿਹਾ ਕਰਨਾ ਸੌਖਾ ਨਹੀਂ ਬਲਕਿ ਭਾਵਨਾਤਮਕ ਤੌਰ ਤੇ ਕਾਫ਼ੀ ਅਕੇਵੇਂ ਵਾਲਾ ਕੰਮ ਹੋ ਸਕਦਾ ਹੈ। 

ਤੁਹਾਡੇ ਵਿਚੋਂ ਜੋ ਲੋਕ ਵੀ ਆਪਣੇ ਮਾਪਿਆਂ ਨਾਲ ਸਮਾਜਿਕ ਨਿਆਂ ਦੇ ਮੁੱਦਿਆਂ ਤੇ ਗੱਲਬਾਤ ਆਰੰਭ ਕਰ ਰਹੇ ਹਨ ਉਹਨਾਂ ਲਈ ਮੇਰੀ ਸਭ ਤੋਂ ਅਹਿਮ ਸਲਾਹ ਹੈ : ਸੁਣੋ। ਆਪਣੇ ਮਾਪਿਆਂ ਨੂੰ, ਉਹਨਾਂ ਦੇ ਤਜਰਬਿਆਂ ਨੂੰ ਅਤੇ ਉਹਨਾਂ ਦੇ ਨਜ਼ਰੀਏ ਨੂੰ ਸੁਣੋ। ਜੇ ਤੁਸੀਂ ਉਹਨਾਂ ਦੇ ਵੱਖਰੇ ਨਜ਼ਰੀਏ ਦਾ ਕਾਰਨ ਜਾਨਣ ਲਈ ਕਦੇ ਸਮਾਂ ਨਹੀਂ ਕੱਢਦੇ ਤਾਂ ਤੁਸੀਂ ਉਹਨਾਂ ਤੋਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਉਹ ਸਮਝਣ ਕਿ ਤੁਸੀਂ ਕਿਸ ਚੀਜ਼ ਦਾ ਸਮਰਥਨ ਕਰ ਰਹੇ ਹੋ। ਤੁਸੀਂ ਆਪਣੇ ਮਾਪਿਆਂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹੋ ਅਤੇ ਦੋਵੇਂ ਮਿਲਕੇ ਇਹ ਸਿੱਖ ਸਕਦੇ ਹਨ ਕਿ ਕਿਸ ਤਰ੍ਹਾਂ ਇਕੱਠੇ ਹੋਕੇ ਸਮਾਜਿਕ ਨਿਆਂ ਬਾਰੇ ਗੱਲਬਾਤ ਅਤੇ ਇਸਦੀ ਹਿਮਾਇਤ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। 

ਪੀਆ ਕੋ (ਨਵੀਂ ਵਿੰਡੋ) · ਸੀਬੀਸੀ ਦੇ ਫ਼ਸਟ ਪਰਸਨ ਲਈ 

ਪੰਜਾਬੀ ਅਨੁਵਾਦ ਅਤੇ ਰੂਪਾਂਤਰ - ਤਾਬਿਸ਼ ਨਕ਼ਵੀ

ਸੁਰਖੀਆਂ