1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਟੀਕੇ ਕਾਰਨ ਵਿਰਲੇ ਮਾਮਲਿਆਂ ਵਿੱਚ ਪੈਦਾ ਹੋਣ ਵਾਲੇ ਖ਼ੂਨ ਦੇ ਥੱਕਿਆਂ ਦੀ ਪਹੇਲੀ ਹੁਣ ਸੁਲਝ ਗਈ ਹੈ

ਮੁੰਬਈ, ਭਾਰਤ ਵਿਖੇ, ਇੱਕ ਨਰਸ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਬਣਾਈ ਐਸਟ੍ਰਾਜੈਨੀਕਾ-ਓਕਸਫ਼ਰਡ ਕੋਵਿਡ-19 ਵੈਕਸੀਨ, ਕੋਵੀਸ਼ੀਲਡ ਦੀ ਸ਼ੀਸ਼ੀ ਵਿਖਾਉਂਦੀ ਹੋਈ। ਜਰਮਨੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਐਸਟ੍ਰਾਜੈਨੀਕਾ-ਓਕਸਫ਼ਰਡ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਕਾਰਨ ਗੰਭੀਰ, ਪਰ ਵਿਰਲੇ ਮਾਮਲਿਆਂ ਵਿੱਚ ਪੈਦਾ ਹੋਣ ਵਾਲੇ ਖ਼ੂਨ ਦੇ ਥੱਕਿਆਂ ਦਾ ਸਬੰਧ ਟੀਕੇ ਦੀ ਕਾਰਜ ਪ੍ਰਣਾਲੀ ਨਾਲ ਹੈ। (ਫ੍ਰਾਂਸਿਸ ਮੈਸਕਰੇਨਸ/ਰਾਇਟਰਜ਼)

ਮੁੰਬਈ, ਭਾਰਤ ਵਿਖੇ, ਇੱਕ ਨਰਸ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਬਣਾਈ ਐਸਟ੍ਰਾਜੈਨੀਕਾ-ਓਕਸਫ਼ਰਡ ਕੋਵਿਡ-19 ਵੈਕਸੀਨ, ਕੋਵੀਸ਼ੀਲਡ ਦੀ ਸ਼ੀਸ਼ੀ ਵਿਖਾਉਂਦੀ ਹੋਈ। ਜਰਮਨੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਐਸਟ੍ਰਾਜੈਨੀਕਾ-ਓਕਸਫ਼ਰਡ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਕਾਰਨ ਗੰਭੀਰ, ਪਰ ਵਿਰਲੇ ਮਾਮਲਿਆਂ ਵਿੱਚ ਪੈਦਾ ਹੋਣ ਵਾਲੇ ਖ਼ੂਨ ਦੇ ਥੱਕਿਆਂ ਦਾ ਸਬੰਧ ਟੀਕੇ ਦੀ ਕਾਰਜ ਪ੍ਰਣਾਲੀ ਨਾਲ ਹੈ। (ਫ੍ਰਾਂਸਿਸ ਮੈਸਕਰੇਨਸ/ਰਾਇਟਰਜ਼)

ਤਸਵੀਰ: Paul Chiasson

RCI

ਜਰਮਨੀ ਦੇ ਖੋਜਕਰਤਾਵਾਂ ਮੁਤਾਬਿਕ ਸੁਰੱਖਿਆ ਵਧਾਉਣ ਲਈ ਅਡੀਨੋਵਾਇਰਸ ਵੈਕਟਰ ਟੀਕਿਆਂ ਨੂੰ ਅਨੂਕੂਲਿਤ ਕਰਨ ਵਿੱਚ ਸਿਧਾਂਤ ਮਦਦ ਕਰ ਸਕਦਾ ਹੈ

ਕੋਵਿਡ-19 ਦੇ ਦੋ ਮੁੱਖ ਟੀਕਿਆਂ ਕਾਰਨ, ਗੰਭੀਰ, ਪਰ ਵਿਰਲੇ ਮਾਮਲਿਆਂ ਵਿੱਚ ਪੈਦਾ ਹੋਣ ਵਾਲੇ ਖ਼ੂਨ ਦੇ ਥੱਕਿਆਂ ਦਾ ਹੱਲ ਜਰਮਨੀ ਦੇ ਖੋਜਕਰਤਾਵਾਂ ਦੀ ਇੱਕ ਟੀਮ ਨੇ ਸੁਝਾਇਆ ਹੈ, ਪਰ ਹੋਰਨਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੰਭਾਵਿਤ ਮਾਰੂ ਹਾਲਤ ਪਿਛਲੇ ਕਾਰਨਾਂ ਸਬੰਧੀ ਤੱਤ ਕੱਢਣਾ, ਫ਼ਿਲਹਾਲ ਬਹੁਤ ਜਲਦੀ ਹੈ।

ਫਿਰ ਵੀ, ਅਣਛਪੇ ਅਧਿਐਨ (ਨਵੀਂ ਵਿੰਡੋ) ਪਿਛਲੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਿਧਾਂਤ ਐਸਟ੍ਰਾਜੈਨੀਕਾ-ਓਕਸਫ਼ਰਡ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਨੂੰ ਅਨੂਕੂਲਿਤ ਕਰਨ ਵਿੱਚ ਲਬਾਰਟਰੀਆਂ ਦੀ ਮਦਦ ਕਰੇਗਾ ਅਤੇ ਸੰਭਾਵਨਾ ਹੈ ਕਿ ਇਸ ਨਾਲ ਵਿਸ਼ਵ ਪੱਧਰ ‘ਤੇ ਲਾਏ ਜਾ ਰਹੇ ਟੀਕਿਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।

ਹਾਲਾਂਕਿ ਇਹ ਆਮ ਨਹੀਂ ਹੈ, ਪਰ ਟੀਕੇ ਕਾਰਨ ਹੋਇਆ ਇਮਿਊਨ ਥ੍ਰੋਮਬੋਟਿਕ ਥ੍ਰੋਮਬੋਸਾਈਟੋਪੀਨੀਆ (ਵੀਆਈਟੀਟੀ), ਖ਼ੂਨ ਦੇ ਸਧਾਰਨ ਥੱਕੇ ਨਾਲੋਂ ਕੀਤੇ ਜ਼ਿਆਦਾ ਗੰਭੀਰ ਹੈ ਕਿਉਂਕਿ ਇਸ ਨਾਲ ਸੈਰੇਬਰਲ ਵੇਨਸ ਸਾਈਨਸ ਥ੍ਰੋਮਬੋਸਿਸ (ਸੀਵੀਐੱਸਟੀ) ਹੋ ਸਕਦਾ ਹੈ, ਜਿਸ ਨਾਲ ਦਿਮਾਗ਼ ਵਿੱਚੋਂ ਖ਼ੂਨ ਕੱਢਣ ਵਾਲੀਆਂ ਨਾੜਾਂ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ ਅਤੇ ਖ਼ੂਨ ਦਾ ਮਾਰੂ ਰਿਸਾਵ ਸ਼ੁਰੂ ਹੋ ਸਕਦਾ ਹੈ।

ਜਰਮਨੀ ਦੇ ਖੋਜਕਰਤਾਵਾਂ ਦਾ ਸੁਝਾਅ ਹੈ ਕਿ ਇਨ੍ਹਾਂ ਦੋਵਾਂ, ਇੱਕੋ ਤਰ੍ਹਾਂ ਦੇ ਟੀਕਿਆਂ ਦੇ ਮਾਮਲੇ ਵਿੱਚ, ਮਸਲਾ ਟੀਕੇ ਦੀ ਕਾਰਜ ਪ੍ਰਣਾਲੀ ਨਾਲ ਸਬੰਧਿਤ ਹੈ, ਜੋ ਕੋਸ਼ਕਾਵਾਂ ਨੂੰ ਜੈਨੈਟਿਕ ਨਿਰਦੇਸ਼ ਭੇਜਣ ਲਈ ਅਡੀਨੋਵਾਇਰਸ ਵੈਕਟਰ ਤਕਨੀਕ ਦੀ ਵਰਤੋਂ ਕਰਦੇ ਹਨ, ਤਾਂ ਜੋ ਕੋਰੋਨਾਵਾਇਰਸ ਦਾ ਸਪਾਈਕ ਪ੍ਰੋਟੀਨ ਪੈਦਾ ਹੋ ਸਕੇ।

ਕੈਰੋਲੀਨ ਲਿਵਿੰਗਸਟੋਨ, 64, ਮਈ 26 ਨੂੰ, ਟੋਰਾਂਟੋ ਦੀ ਇੱਕ ਸਥਾਨਕ ਫ਼ਾਰਮੇਸੀ ਵਿਖੇ ਐਸਟ੍ਰਾਜੈਨੀਕਾ-ਓਕਸਫ਼ਰਡ ਕੋਵਿਡ-19 ਦਾ, ਆਪਣਾ ਦੂਜਾ ਟੀਕਾ ਲਵਾਉਂਦੇ ਹੋਏ। (ਇਵਾਨ ਮਿਤਸੁਈ/ਸੀਬੀਸੀ)

ਕੈਰੋਲੀਨ ਲਿਵਿੰਗਸਟੋਨ, 64, ਮਈ 26 ਨੂੰ, ਟੋਰਾਂਟੋ ਦੀ ਇੱਕ ਸਥਾਨਕ ਫ਼ਾਰਮੇਸੀ ਵਿਖੇ ਐਸਟ੍ਰਾਜੈਨੀਕਾ-ਓਕਸਫ਼ਰਡ ਕੋਵਿਡ-19 ਦਾ, ਆਪਣਾ ਦੂਜਾ ਟੀਕਾ ਲਵਾਉਂਦੇ ਹੋਏ। (ਇਵਾਨ ਮਿਤਸੁਈ/ਸੀਬੀਸੀ)

ਤਸਵੀਰ: Evan Mitsui/CBC

ਲੱਭਤਾਂ, ਜੋ ਬੁੱਧਵਾਰ ਆਨਲਾਈਨ ਛਪੀਆਂ ਅਤੇ ਜਿਨ੍ਹਾਂ ਦੀ ਹਾਲੇ ਸਮੀਖਿਆ ਨਹੀਂ ਹੋਈ, ਉਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਟੀਕੇ ਸਪਾਈਕ ਪ੍ਰੋਟੀਨ ਦੇ ਡੀਐੱਨਏ ਜੀਨ, ਸਿੱਧਾ ਕੋਸ਼ਕਾਵਾਂ ਦੇ ਨਿਊਕਲੀਅਸ ਵਿੱਚ ਭੇਜਦੇ ਹਨ, ਜਿਸ ਦੌਰਾਨ ਸਪਾਈਕ ਪ੍ਰੋਟੀਨ ਡੀਐੱਨਏ ਦੇ ਕੁਝ ਹਿੱਸਿਆਂ ਵਿੱਚ ਜੋੜ ਪੈ ਜਾਂਦਾ ਹੈ, ਜਾਂ ਉਹ ਟੁੱਟ ਜਾਂਦੇ ਹਨ।

ਲਬਾਰਟਰੀ ਵਿੱਚ ਕੀਤੇ ਗਏ ਟੀਮ ਦੇ ਆਪਣੇ ਕਾਰਜ ਉੱਤੇ ਅਧਾਰਿਤ ਅਧਿਐਨ, ਜਿਸ ਵਿੱਚ ਆਮ ਤੌਰ ‘ਤੇ ਵਰਤੇ ਜਾਂਦੇ ਹੇਲਾ ਹਿਊਮਨ ਸੈੱਲ ਲਾਈਨ ਉੱਤੇ ਪ੍ਰਯੋਗ ਕੀਤੇ ਗਏ, ਇਹ ਦਰਸਾਉਂਦੇ ਹਨ ਕਿ ਇਨ੍ਹਾਂ ਅਣਚਾਹੇ ਟੋਟਿਆਂ ਕਾਰਨ ਸਪਾਈਕ ਪ੍ਰੋਟੀਨ ਡੀਐੱਨਏ ਦੇ ਅੰਦਰ ਨਵੇਂ ਰੂਪ ਵਿਕਸਿਤ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਪ੍ਰੋਟੀਨਾਂ ਦਾ ਕੋਸ਼ਕਾਵਾਂ ਨਾਲ ਜੁੜਨਾ ਔਖਾ ਹੋ ਜਾਂਦਾ ਹੈ, ਜਿਸ ਕਾਰਨ ਉਹ ਸਰੀਰ ਵਿੱਚ ਫੈਲ ਜਾਂਦੇ ਹਨ ਅਤੇ ਸੋਜਿਸ਼ਾਂ ਹੁੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਖ਼ੂਨ ਦੇ ਥੱਕੇ ਬਣਦੇ ਹਨ।

ਖੋਜਕਰਤਾਵਾਂ ਮੁਤਾਬਿਕ ਇਸ ਪ੍ਰਕਿਰਿਆ ਦੇ ਤਿੰਨ ਪੜਾਅ ਹਨ: ਖ਼ੂਨ ਵਿੱਚ ਵਹਿੰਦੇ, ਇਹ ਭਟਕੇ ਸਪਾਈਕ ਪ੍ਰੋਟੀਨ, ਇਨ੍ਹਾਂ ਉੱਤੇ ਹਮਲਾ ਕਰਨ ਲਈ ਡਿਜ਼ਾਈਨ ਕੀਤੇ ਨਵੇਂ ਬਣੇ ਰੋਗਨਾਸ਼ਕ, ਅਤੇ ਨਾਲ ਹੀ ਦਿਮਾਗ਼ ਵਿੱਚੋਂ ਖ਼ੂਨ ਲਿਆਉਣ ਵਾਲੀਆਂ ਨਾੜਾਂ ਵਿੱਚ ਖ਼ੂਨ ਦੇ ਵਹਾਅ ਨਾਲ ਸਬੰਧਿਤ ਬਹੁਤ ਹੀ ਖ਼ਾਸ ਹਾਲਾਤ, ਸਭ ਮਿਲ ਕੇ ਟੀਕੇ ਤੋਂ ਬਾਅਦ, ਵਿਰਲੇ ਮਾਮਲਿਆਂ ਵਿੱਚ, ਪਰ ਬਹੁਤ ਹੀ ਗੰਭੀਰ, ਹਾਲਾਤ ਪੈਦਾ ਕਰਦੇ ਹਨ, ਟੀਮ ਨੇ ਲਿਖਿਆ।

ਕੈਨੇਡਾ ਦੀ ਜਾਂ ਸਿਹਤ ਏਜੰਸੀ (ਪੀਐੱਚਏਸੀ) (ਨਵੀਂ ਵਿੰਡੋ) ਦਾ ਅੰਦਾਜ਼ਾ ਹੈ ਕਿ ਐਸਟ੍ਰਾਜੈਨੀਕਾ ਟੀਕਾ ਲਵਾਉਣ ਵਾਲੇ ਕੈਨੇਡਾ ਵਾਸੀਆਂ ਵਿੱਚ ਵੀਆਈਟੀਟੀ ਦੀ ਦਰ 83,000 ਵਿੱਚੋਂ 1 ਹੈ ਅਤੇ  55,000 ਲੋਕਾਂ ਵਿੱਚੋਂ 1 ਨੂੰ ਮੌਤ ਦਾ ਖ਼ਤਰਾ 20 ਤੋਂ 50 ਪ੍ਰਤੀਸ਼ਤ ਹੈ, ਪਰ ਜਿਵੇਂ-ਜਿਵੇਂ ਹੋਰ ਅੰਕੜੇ ਆਉਣਗੇ, ਇਹ ਅੰਕੜੇ ਵੀ ਬਦਲ ਸਕਦੇ ਹਨ।

ਸੀਬੀਸੀ ਨਿਊਜ਼ ਨੂੰ ਵੀਰਵਾਰ ਦਿੱਤੇ ਇੱਕ ਬਿਆਨ ਵਿੱਚ ਪੀਐੱਚਏਸੀ ਨੇ ਕਿਹਾ ਕਿ ਕੈਨੇਡਾ ਵਿੱਚ ਹੁਣ ਤੱਕ ਦੋ ਮਿਲੀਅਨ ਟੀਕੇ ਲੱਗ ਚੁੱਕੇ ਹਨ ਅਤੇ ਵੀਆਈਟੀਟੀ ਦੇ 27 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਅਤੇ ਇਨ੍ਹਾਂ ਮਾਮਲਿਆਂ ਨਾਲ ਸਬੰਧਿਤ ਹੁਣ ਤੱਕ ਪੰਜ ਮੌਤਾਂ ਹੋਈਆਂ ਹਨ।

ਐੱਮ-ਆਰਐੱਨਏ ਟੀਕਿਆਂ ਦੇ ਮਾਮਲੇ ਵਿੱਚ ਅਜਿਹੀ ਸਮੱਸਿਆ ਨਹੀਂ ਹੈ

ਖੋਜਕਰਤਾਵਾਂ ਦਾ ਕਹਿਣਾ ਕਿ ਉਨ੍ਹਾਂ ਦਾ ਅਧਿਐਨ ਪਹਿਲਾ ਮਾਲੀਕਿਊਲਰ ਸਬੂਤ ਪੇਸ਼ ਕਰਦਾ ਹੈ ਕਿ ਅਡੀਨੋਵਾਇਰਸ ਵੈਕਟਰ-ਅਧਾਰਿਤ ਟੀਕੇ ਜੋ ਸਪਾਈਕ ਪ੍ਰੋਟੀਨ ਬਣਾਉਂਦੇ ਹਨ, ਉਨ੍ਹਾਂ ਦੇ ਮਾਮਲੇ ਵਿੱਚ ਇੱਕ ਅਜਿਹਾ ਮਸਲਾ ਹੈ ਜੋ ਐੱਮ-ਆਰਐੱਨਏ ਅਧਾਰਿਤ ਟੀਕਿਆਂ ਦੇ ਮਾਮਲੇ ਵਿੱਚ ਨਹੀਂ ਹੈ, ਜਿਵੇਂ ਫ਼ਾਈਜ਼ਰ ਅਤੇ ਮੋਡਰਨਾ।

ਅਡੀਨੋਵਾਇਰਸ ਟੀਕੇ ਆਪਣਾ ਪੂਰਾ ਡੀਐੱਨਏ (ਐਂਟੀਜੈੱਨ ਲਈ ਜੀਨ ਸਮੇਤ) ਨਿਊਕਲੀਅਸ ਵਿੱਚ ਭੇਜਦੇ ਹਨ, ਜਿੱਥੇ ਪ੍ਰਤੀਲਿਪੀ ਬਣਦੀ ਹੈ, ਫ਼ਰੈਂਕਫ਼ਰਟ ਦੀ ਗੋਥ ਯੂਨੀਵਰਸਿਟੀ ਵਿਖੇ ਫਾਰਮਾਸਿਊਟੀਕਲ ਬਾਇਓਲੋਜੀ ਅਤੇ ਇਸ ਅਧਿਐਨ ਦੇ ਮੁੱਖ ਲੇਖਕ ਪ੍ਰੋ. ਰੋਲਫ਼ ਮਾਰਸਚੈਲਕ ਨੇ ਸੀਬੀਸੀ ਨਿਊਜ਼ ਨੂੰ ਈ-ਮੇਲ ਰਾਹੀਂ ਦੱਸਿਆ। ਪ੍ਰਤੀਲਿਪੀ ਦਾ ਮਤਲਬ ਹੈ ਡੀਐੱਨਏ ਤੋਂ ਆਰਐੱਨਏ ਦੀਆਂ ਕਾਪੀਆਂ ਤਿਆਰ ਕਰਨੀਆਂ। 

ਮਾਰਸਚੈਲਕ ਦਾ ਕਹਿਣਾ ਹੈ ਕਿ ਨਿਊਕਲੀਅਸ ਦੇ ਬਾਹਰ ਕੋਸ਼ੀਕਾ ਦੇ ਸਾਈਟੋਸੋਲ ਵੱਲ ਰਹਿ ਜਾਣ ਵਾਲਾ ਆਰਐੱਨਏ ਫਿਰ ਟੁਕੜਿਆਂ ਵਿੱਚ ਗੁੰਦਿਆ ਜਾਂਦਾ ਹੈ ਜਿਸ ਰਾਹੀਂ ਛੋਟੇ-ਛੋਟੇ ਰੂਪ ਪ੍ਰੋਟੀਨ ਦੇ ਤਿਆਰ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਯੋਗ ਕਰਦਿਆਂ ਗੁੰਦਵੇਂ ਤੱਤਾਂ ਦੀ ਕਾਫ਼ੀ ਮਾਤਰਾ ਵਿੱਚ ਪਛਾਣ ਹੋਈ, ਉਹ ਕਾਫ਼ੀ ਸਨ।

26 ਮਈ ਦੇ ਦਿਨ, ਟੋਰਾਂਟੋ ਦੀ ਇੱਕ ਸਥਾਨਕ ਫ਼ਾਰਮੇਸੀ ਵਿਖੇ ਐਸਟ੍ਰਾਜੈਨੀਕਾ ਕੋਵਿਡ-19 ਟੀਕੇ ਦੀਆਂ ਦੂਜੀਆਂ ਖ਼ੁਰਾਕਾਂ ਤਿਆਰ ਹੁੰਦੀਆਂ ਹੋਈਆਂ। ਜ਼ਿਆਦਾਤਰ ਰਾਜਾਂ ਨੇ ਲੋਕਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦੇਣੀ ਬੰਦ ਕਰ ਦਿੱਤੀ ਹੈ।(ਇਵਾਨ ਮਿਤਸੁਈ/ਸੀਬੀਸੀ)

26 ਮਈ ਦੇ ਦਿਨ, ਟੋਰਾਂਟੋ ਦੀ ਇੱਕ ਸਥਾਨਕ ਫ਼ਾਰਮੇਸੀ ਵਿਖੇ ਐਸਟ੍ਰਾਜੈਨੀਕਾ ਕੋਵਿਡ-19 ਟੀਕੇ ਦੀਆਂ ਦੂਜੀਆਂ ਖ਼ੁਰਾਕਾਂ ਤਿਆਰ ਹੁੰਦੀਆਂ ਹੋਈਆਂ। ਜ਼ਿਆਦਾਤਰ ਰਾਜਾਂ ਨੇ ਲੋਕਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦੇਣੀ ਬੰਦ ਕਰ ਦਿੱਤੀ ਹੈ।(ਇਵਾਨ ਮਿਤਸੁਈ/ਸੀਬੀਸੀ)

ਤਸਵੀਰ: Evan Mitsui/CBC

ਜੇ ਇਸ ਅਧਿਐਨ ਦੀਆਂ ਲੱਭਤਾਂ ਸਹੀ ਸਾਬਿਤ ਹੋਈਆਂ, ਤਾਂ ਭਵਿੱਖ ਵਿੱਚ ਐਸਟ੍ਰਾਜੈਨੀਕਾ-ਓਕਸਫ਼ਰਡ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਦੇ ਨਿਰੂਪਣ ਵਿੱਚ ਬਦਲਾਅ ਹੋ ਸਕਦਾ ਹੈ ਤਾਂ ਜੋ ਵਿਰਲੇ ਮਾਮਲਿਆਂ ਵਿੱਚ ਖ਼ੂਨ ਦੇ ਥੱਕਿਆਂ ਤੋਂ ਬਚਾਅ ਹੋ ਸਕੇ।

ਖੋਜਕਰਤਾਵਾਂ ਮੁਤਾਬਿਕ, ਉਨ੍ਹਾਂ ਦੀ ਪੁਰਜ਼ੋਰ ਸਲਾਹ ਹੈ ਕਿ ਅਡੀਨੋਵਾਇਰਸ ਵੈਕਟਰ ਟੀਕੇ ਪੁਨਰ-ਅਨੁਕੂਲਿਤ ਕੀਤੇ ਜਾਣ ਤਾਂ ਜੋ ਗੈਰ-ਇਰਾਦਤਨ ਜੋੜ ਪ੍ਰਕਿਰਿਆ ਨੂੰ ਰੋਕਿਆ ਜਾ ਸਕੇ ਅਤੇ ਟੀਕਿਆਂ ਦੇ ਸੁਰੱਖਿਆ ਪੱਧਰ ਵਿੱਚ ਵਾਧਾ ਹੋ ਸਕੇ। 

     

ਸੈਕੰਡ ਓਪੀਨੀਅਨ (ਨਵੀਂ ਵਿੰਡੋ)

ਜਦੋਂ ਸਾਨੂੰ ਪਤਾ ਹੋਵੇ ਕਿ ਇਹ ਸਭ ਜੋੜ ਕਿਸ ਜਗ੍ਹਾ ਪੈਦਾ ਹੁੰਦੇ ਹਨ, ਤਾਂ ਅਸੀਂ ਜੀਨ ਨੂੰ ਤਬਦੀਲ ਕਰਕੇ ਜੋੜਾਂ ਨੂੰ ਬਣਨ ਤੋਂ ਰੋਕ ਸਕਦੇ ਹਾਂ, ਮਾਰਸਚੈਲਕ ਨੇ ਸੀਬੀਸੀ ਨਿਊਜ਼ ਨੂੰ ਦੱਸਿਆ। 

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਐੱਮ-ਆਰਐੱਨਏ ਟੀਕਿਆਂ, ਜਿਵੇਂ ਕਿ ਫ਼ਾਈਜ਼ਰ-ਬਾਇਓਐੱਨਟੈੱਕ ਅਤੇ ਮੋਡਰਨਾ ਦੇ ਮਾਮਲੇ ਵਿੱਚ ਜੋੜੇ ਬਣਨ ਅਤੇ ਖ਼ੂਨ ਦੇ ਥੱਕਿਆਂ ਸਬੰਧੀ ਅਜਿਹੀ ਸਮੱਸਿਆ ਨਹੀਂ ਆਉਂਦੀ ਕਿਉਂਕਿ ਉਨ੍ਹਾਂ ਵੱਲੋਂ ਭੇਜਿਆ ਗਿਆ ਸਪਾਈਕ ਪ੍ਰੋਟੀਨਡੀਐੱਨਏ ਕੋਸ਼ੀਕਾ ਦੇ ਨਿਊਕਲੀਅਸ ਦੇ ਅੰਦਰ ਨਹੀਂ ਪਹੁੰਚ ਪਾਉਂਦਾ। 

ਮਾਹਿਰਾਂ ਮੁਤਾਬਿਕ, ਅੰਕੜੇ ‘ਘੱਟ’ ਹਨ, ਹੋਰ ਖੋਜ ਦੀ ਲੋੜ ਹੈ

ਪਰ ਬਾਹਰੀ ਮਾਹਿਰ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਕਾਰਨਾਂ ਸਬੰਧੀ ਠੋਸ ਅੰਕੜਿਆਂ ਦੀ ਘਾਟ ਹੋਣ ਕਾਰਨ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਿਧਾਂਤ ਨੂੰ ਅਧਾਰ ਬਣਾ ਕੇ ਠੋਸ ਸਿੱਟੇ ਕੱਢਣਾ ਜਲਦਬਾਜ਼ੀ ਹੋਵੇਗੀ।

ਲੇਖਕਾਂ ਨੇ ਪ੍ਰਭਾਵ-ਪੂਰਨ ਢੰਗ ਨਾਲ ਇਹ ਦਰਸਾਇਆ ਹੈ ਕਿ ਵਾਇਰਲ-ਵੈਕਟਰ ਟੀਕਿਆਂ ਅਤੇ ਐੱਮ-ਆਰਐੱਨਏ ਟੀਕਿਆਂ ਰਾਹੀਂ ਭੇਜੇ ਗਏ ਸਪਾਈਕ ਪ੍ਰੋਟੀਨ ਨੂੰ ਪ੍ਰਾਸੈੱਸ ਕਰਨ ਦੀ ਪ੍ਰਕਿਰਿਆ ਵਿੱਚ ਕੁਝ ਫ਼ਰਕ ਹੋ ਸਕਦਾ ਹੈ, ਪਰ ਉਨ੍ਹਾਂ ਸਿੱਧੇ — ਸਪਸ਼ਟ ਤੌਰ 'ਤੇ ਇਹ ਨਹੀਂ ਦਰਸਾਇਆ — ਕਿ ਇਹ ਫ਼ਰਕ ਥ੍ਰੋਮਬੋਟਿਕ ਪ੍ਰਕਿਰਿਆ ਦਾ ਕਾਰਨ ਬਣਦਾ ਹੈ, ਹੈਮਿਲਟਨ ਦੀ ਮੈਕਮਾਸਟਰ ਯੂਨੀਵਰਸਿਟੀ ਵਿਖੇ ਇਨਫੈਕਸ਼ੀਅਸ ਡਿਜ਼ੀਜ਼ਿਜ਼ ਐਂਡ ਇਮਿਊਨੋਲੋਜੀ ਦੇ ਐਸੋਸੀਏਟ ਪ੍ਰੋਫੈਸਰ ਮੈਥੀਊ ਮਿਲਰ ਨੇ ਕਿਹਾ।

ਡਲਹੌਜ਼ੀ ਯੂਨੀਵਰਸਿਟੀ ਵਿਖੇ ਅਸਿਸਟੈਂਟ ਪ੍ਰੋਫੈਸਰ ਅਤੇ ਕੈਨੇਡੀਅਨ ਸੈਂਟਰ ਫ਼ਾਰ ਵੈਕਸੀਨੋਲੋਜੀ ਅਤੇ ਵੈਕਸੀਨ ਐਂਡ ਇਨਫੈਕਸ਼ੀਅਸ ਡਿਜ਼ੀਜ਼ ਆਰਗੇਨਾਈਜ਼ੇਸ਼ਨ, ਸਸਕੈਟੂਨ ਵਿਖੇ ਵਾਇਰੋਲੋਜਿਸਟ, ਪ੍ਰੋ. ਐਲੀਸਨ ਕੈਲਵਿਨ ਨੇ ਵੀ ਲੱਭਤਾਂ ਦੀ ਸਮੀਖਿਆ ਕਰਦਿਆਂ ਸਾਵਧਾਨੀ ਭਰਿਆ ਵਤੀਰਾ ਅਪਣਾਇਆ। ਉਨ੍ਹਾਂ ਕਿਹਾ ਕਿ ਇਸ ਦੇ ਸਮਰਥਨ ਵਿੱਚ ਅੰਕੜੇ ‘ਘੱਟ’ ਹਨ।

ਮੈਨੂੰ ਗਣਿਤ ਅਧਾਰਿਤ ਅੰਕੜੇ ਵੇਖਣ ਨੂੰ ਨਹੀਂ ਮਿਲੇ ਜੋ ਜੋੜਾਂ ਦੇ ਰੂਪਾਂ ਅਤੇ ਖ਼ੂਨ ਦੇ ਥੱਕਿਆਂ ਦਰਮਿਆਨ ਕਾਰਨ ਅਧਾਰਿਤ ਸਬੰਧ ਦਰਸਾਉਂਦੇ ਹੋਣ, ਸੀਬੀਸੀ ਨਿਊਜ਼ ਨੂੰ ਲਿਖੀ ਇੱਕ ਈ-ਮੇਲ ਵਿੱਚ ਉਨ੍ਹਾਂ ਕਿਹਾ। 

ਮੇਰੇ ਹਿਸਾਬ ਨਾਲ ਇਹ ਇੱਕ ਦਿਲਚਸਪ ਨਿਰੀਖਣ ਹੈ ਜਿਸ ਬਾਰੇ ਹੋਰ ਅਧਿਐਨ ਹੋਣਾ ਚਾਹੀਦਾ ਹੈ, ਪਰ ਇਸ ਸਮੇਂ ਮੇਰਾ ਇਸ ਉੱਤੇ ਵਿਸ਼ਵਾਸ ਨਹੀਂ।

ਵੇਖੋ | ਟੀਕਿਆਂ ਅਤੇ ਖ਼ੂਨ ਦੇ ਥੱਕਿਆਂ ਬਾਰੇ ਜਰਮਨੀ ਦੇ ਅਧਿਐਨ ਬਾਰੇ ਕੈਨੇਡੀਅਨ ਮਾਹਿਰ ਦਾ ਵਿਸ਼ਲੇਸ਼ਣ: 

ਹੈਮਿਲਟਨ ਦੀ ਮੈਕਮਾਸਟਰ ਯੂਨੀਵਰਸਿਟੀ ਵਿਖੇ ਇਨਫੈਕਸ਼ੀਅਸ ਡਿਜ਼ੀਜ਼ਿਜ਼ ਐਂਡ ਇਮਿਊਨੋਲੋਜੀ ਦੇ ਐਸੋਸੀਏਟ ਪ੍ਰੋਫੈਸਰ, ਮੈਥੀਊ ਮਿਲਰ ਨੇ ਜਰਮਨੀ ਵਿਖੇ ਹੋਈ ਖੋਜ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ, ਟੀਕਾ ਲਵਾਉਣ ਮਗਰੋਂ ਖ਼ੂਨ ਦੇ ਥੱਕਿਆਂ ਸਬੰਧੀ ਵਿਰਲੇ ਮਾਮਲਿਆਂ ਵਿੱਚ ਪੈਦਾ ਹੋਣ ਵਾਲੀ, ਪਰ ਗੰਭੀਰ ਹਾਲਤ, ਦਾ ਸੰਭਾਵਿਤ ਹੱਲ ਪੇਸ਼ ਕੀਤਾ ਗਿਆ, ਪਰ ਐਸੋਸੀਏਟ ਪ੍ਰੋਫੈਸਰ ਮੈਥੀਊ ਮਿਲਰ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਟੀਮ ਦੀਆਂ ਲੱਭਤਾਂ ਦਾ ਸਮਰਥਨ ਕਰਦੇ ਕਾਰਨ ਅਧਾਰਿਤ ਸਬੂਤ ਹਾਲੇ ਮੌਜੂਦ ਨਹੀਂ ਹਨ। 2:06

ਹੈਮਿਲਟਨ ਦੇ ਸੇਂਟ ਜੋਸਫ ਹੈਲਥ ਸੈਂਟਰ ਵਿਖੇ ਇਨਫੈਕਸ਼ੀਅਸ ਡਿਜ਼ੀਜ਼ਿਜ਼ ਦੇ ਮਾਹਿਰ, ਡਾ. ਜ਼ੈਨ ਚਾਗਲਾ ਨੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਹੋਰ ਖੋਜ ਦੀ ਲੋੜ ਹੈ, ਅਤੇ ਇਹ ਵੀ ਆਖਿਆ ਕਿ ਸਿਧਾਂਤ ਵੀਆਈਟੀਟੀ ਦੀ ਇੱਕ ਮੁੱਖ ਵਿਸ਼ੇਸ਼ਤਾ ਦੀ ਵਿਆਖਿਆ ਨਹੀਂ ਕਰਦਾ: ਪਲੇਟਲੈਟਸ ਘੱਟ ਹੋਣਾ, ਖ਼ੂਨ ਦੇ ਉਹ ਛੋਟੇ-ਛੋਟੇ ਤੱਤ ਜਿਹੜੇ ਖ਼ੂਨ ਰਿਸਾਵ ਰੋਕਣ ਲਈ ਥੱਕਿਆਂ ਤੋਂ ਬਚਾਉਂਦੇ ਹਨ।

ਇਹ ਲੱਭਤ ਗੁਮਰਾਹਕੁਨ ਹੋ ਸਕਦੀ ਹੈ ... ਜਾਂ ਕਹਿ ਲਓ ਇਹ ਠੋਸ ਸਬੂਤ ਤਾਂ ਬਿਲਕੁਲ ਹੀ ਨਹੀਂ ਹੈ, ਚਾਗਲਾ ਨੇ ਸੀਬੀਸੀ ਨਿਊਜ਼ ਨੂੰ ਕਿਹਾ।

ਦੋਵਾਂ ਖੋਜਕਰਤਾਵਾਂ ਨੇ ਆਪ ਅਤੇ ਹੋਰਨਾਂ ਬਾਹਰੀ ਮਾਹਿਰਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਲੱਭਤਾਂ ਕਈ ਸਾਰੇ ਸਵਾਲਾਂ ਦਾ ਜਵਾਬ ਨਹੀਂ ਦਿੰਦੀਆਂ ਕਿ ਵਿਰਲੇ ਮਾਮਲਿਆਂ ਵਿੱਚ ਖ਼ੂਨ ਦੇ ਥੱਕੇ ਕਿਉਂ ਬਣਦੇ ਹਨ, ਅਤੇ ਇਹ ਵੀ ਕਿ ਅਜਿਹਾ ਪ੍ਰਭਾਵ ਕਿਉਂ ਬਣ ਰਿਹਾ ਹੈ ਕਿ ਇਹ ਥੱਕੇ ਉਨ੍ਹਾਂ ਨਾੜਾਂ ਵਿੱਚ ਹੀ ਬਣਦੇ ਹਨ ਜੋ ਦਿਮਾਗ਼ ਦੇ ਵਿੱਚੋਂ ਅਤੇ ਉਸ ਦੇ ਆਲ਼ੇ-ਦੁਆਲਿਓਂ ਖ਼ੂਨ ਲਿਆਉਂਦੀਆਂ ਹਨ, ਪਰ ਨਾੜਾਂ ਵਿੱਚ ਨਹੀਂ ਬਣਦੇ।

ਥੱਕਿਆਂ ਸਬੰਧੀ ਚਿੰਤਾ ਕਾਰਨ ਟੀਕਿਆਂ ਉੱਤੇ ਰੋਕ ਲੱਗੀ

ਇਹ ਅਧਿਐਨ, ਮਾਰਚ ਵਿੱਚ ਨਾਰਵੇ ਤੋਂ ਪੇਸ਼ ਹੋਏ ਅਧਿਐਨ ‘ਤੇ ਅਧਾਰਿਤ ਹੈ, ਜਿਸ ਵਿੱਚ ਵੀਆਈਟੀਟੀ ਦੇ ਕਾਰਨ ਦੀ ਪਛਾਣ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਇਸ ਦਾ ਕਾਰਨ ਐਸਟ੍ਰਾਜੈਨੀਕਾ ਦੇ ਟੀਕੇ ਮਗਰੋਂ ਹੋਣ ਵਾਲੀ "ਸ਼ਕਤੀਸ਼ਾਲੀ ਪ੍ਰਤਿਰੋਧ ਪ੍ਰਤੀਕਿਰਿਆ (ਨਵੀਂ ਵਿੰਡੋ)" ਹੈ।

ਇਸ ਲੱਭਤ ਦਾ, ਕੈਨੇਡਾ ਅਤੇ ਵਿਸ਼ਵ ਭਰ ਵਿੱਚ, ਚੱਲ ਰਹੇ ਟੀਕਾਕਰਨ ਉੱਤੇ ਤਕੜਾ ਅਸਰ ਪਿਆ, ਜਿਸ ਕਾਰਨ ਯੂਰਪ ਦੇ ਕਈ ਹਿੱਸਿਆਂ ਵਿੱਚ ਟੀਕਾਕਰਨ ਰੋਕ ਦਿੱਤਾ ਗਿਆ।

ਕੈਨੇਡਾ ਦੀ ਟੀਕੇ ਸਬੰਧੀ ਸਲਾਹ ਦੇਣ ਵਾਲੀ ਕਮੇਟੀ ਨੇ ਮਾਰਚ 16 ਨੂੰ 65 ਸਾਲ ਤੋਂ ਵੱਧ ਉਮਰ ਦੇ ਕੈਨੇਡਾ ਵਾਸੀਆਂ ਨੂੰ ਐਸਟ੍ਰਾਜੈਨੀਕਾ ਟੀਕਾ ਲਾਉਣ ਦੀ ਸਿਫ਼ਾਰਿਸ਼ ਕੀਤੀ (ਨਵੀਂ ਵਿੰਡੋ), ਉਸ ਤੋਂ ਬਾਅਦ, ਮਾਰਚ ਦੇ ਅਖ਼ੀਰ ਵਿੱਚ, ਯੂਰਪ ਤੋਂ ਵੀਆਈਟੀਟੀ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਤੁਰੰਤ ਇਹ ਰੋਕ ਲਾ ਦਿੱਤੀ (ਨਵੀਂ ਵਿੰਡੋ) ਕਿ 55 ਸਾਲ ਤੋਂ ਘੱਟ ਉਮਰ ਦੇ ਕੈਨੇਡਾ ਵਾਸੀ ਇਹ ਟੀਕਾ ਨਹੀਂ ਲਵਾ ਸਕਦੇ।

ਇਸ ਸਮੇਂ ਐਸਟ੍ਰਾਜੈਨੀਕਾ ਦੇ ਟੀਕੇ ਨੂੰ, 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ, ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਹੈ (ਨਵੀਂ ਵਿੰਡੋ), ਹਾਲਾਂਕਿ, ਜ਼ਿਆਦਾਤਰ ਰਾਜਾਂ ਨੇਟੀਕੇ ਦੀ ਪਹਿਲੀ ਖ਼ੁਰਾਕ ਲਾਉਣੀ ਬੰਦ ਕਰ ਦਿੱਤੀ ਹੈ (ਨਵੀਂ ਵਿੰਡੋ) ਅਤੇ ਭਵਿੱਖ ਵਿੱਚ ਆਉਣ ਵਾਲਾ ਮਾਲ ਦੂਜੀ ਖ਼ੁਰਾਕ ਦੇ ਤੌਰ ‘ਤੇ ਬੁੱਕ ਕਰਵਾ ਰਹੇ ਹਨ। 

ਹੋਰ ਰਾਜਾਂ ਨੇ ਵੀ ਐਸਟ੍ਰਾਜੈਨੀਕਾ-ਓਕਸਫ਼ਰਡ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਉੱਤੇ ਰੋਕ ਲਾ ਦਿੱਤੀ ਹੈ, ਜਿਸ ਕਾਰਨ ਇਹ ਸਵਾਲ ਉੱਠ ਰਹੇ ਹਨ ਕਿ ਆ ਰਹੇ ਮਾਲ ਦਾ ਅਤੇ ਜਿਨ੍ਹਾਂ ਨੇ ਪਹਿਲਾ ਟੀਕਾ ਲਵਾ ਲਿਆ ਹੈ ਉਨ੍ਹਾਂ ਦਾ ਕੀ ਹੋਵੇਗਾ। 3:38

ਜੌਹਨਸਨ ਐਂਡ ਜੌਹਨਸਨ ਦੇ ਟੀਕੇ ਦੀ ਸਿਫ਼ਾਰਿਸ਼ 30 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਕੈਨੇਡਾ ਵਾਸੀਆਂ ਲਈ ਕੀਤੀ ਗਈ ਹੈ (ਨਵੀਂ ਵਿੰਡੋ), ਪਰ ਕੈਨੇਡਾ ਦੇ ਟੀਕਾ ਸਲਾਹਕਾਰ ਇਹ ਵੀ ਕਹਿੰਦੇ ਹਨ ਕਿ ਹੋਰ ਕਿਸੇ ਟੀਕੇ ਦਾ ਇੰਤਜ਼ਾਰ ਕਰਨ ਤੋਂ ਪਹਿਲਾਂ ਆਪਣੇ ਭਾਈਚਾਰੇ ਵਿੱਚ ਵੀਆਈਟੀਟੀ ਬਨਾਮ ਕੋਵਿਡ-19 ਦੇ ਖ਼ਤਰੇ ਦੀ ਤੁਲਨਾ ਕਰੋ।

ਹੈਲਥ ਕੈਨੇਡਾ, ਇਹ ਸਪਸ਼ਟ ਹੋਣ ਤੋਂ ਬਾਅਦ ਕਿ ਜਿਹੜੇ ਟੀਕੇ ਪਿਛਲੇ ਹਫ਼ਤੇ ਆਏ ਸਨ ਉਹ ਯੂਐੱਸ ਦੀ ਉਸੇ ਫ਼ੈਕਟਰੀ ਵਿੱਚ ਬਣੇ ਸਨ ਜਿਹੜੀ ਗੁਣਵੱਤਾ-ਨਿਯੰਤਰਨ ਦੀ ਸਮੱਸਿਆ ਵਿੱਚ ਫਸੀ ਹੋਈ ਹੈ, ਉਸ ਟੀਕੇ ਦੀ ਪਹਿਲੀ ਖੇਪ ਦੀ ਵੰਡ ਉੱਤੇ ਰੋਕ ਲਾ ਦਿੱਤੀ ਹੈ (ਨਵੀਂ ਵਿੰਡੋ)

ਮਿਲਰ ਅਨੁਸਾਰ, ਜੇ ਵੀਆਈਟੀਟੀ ਪ੍ਰਤੀ ਪੇਸ਼ ਤਾਜ਼ਾ ਸਿਧਾਂਤ ਦੀ ਪੁਸ਼ਟੀ ਹੋ ਜਾਂਦੀ ਹੈ ਅਤੇ ਵਿਰਲੇ ਮਾਮਲਿਆਂ ਵਿੱਚ ਪੈਦਾ ਹੋਣ ਵਾਲੇ ਪਰ ਮਾਰੂ ਖ਼ੂਨ ਦੇ ਥੱਕਿਆਂ ਦੀ ਸਮੱਸਿਆ ਨੂੰ ਹੱਲ ਕਰਦਿਆਂ ਇਹ ਟੀਕੇ ਸੁਧਾਰ ਲਏ ਜਾਂਦੇ ਹਨ, ਤਾਂ ਇਹ ਕੈਨੇਡਾ ਅਤੇ ਦੁਨਿਆਵੀ ਭਾਈਚਾਰੇ ਲਈ ਇੱਕ ਚੰਗੀ ਖ਼ਬਰ ਹੋਵੇਗੀ।

ਅਸੀਂ ਪਹਿਲਾਂ ਹੀ ਅਜਿਹੇ ਸਮੇਂ ਵਿੱਚ ਜਿਉਂ ਰਹੇ ਹਾਂ ਜਿਸ ਦੌਰਾਨ ਦੁਨੀਆ ਭਰ ਵਿੱਚ ਟੀਕਿਆਂ ਦੀ ਵੰਡ ਦੇ ਮਾਮਲੇ ਵਿੱਚ ਭਾਰੀ ਨਾ-ਬਰਾਬਰੀ ਵੇਖਣ ਨੂੰ ਮਿਲ ਰਹੀ ਹੈ, ਜਿਸ ਦਾ ਕਾਰਨ ਸੀਮਤ ਸਪਲਾਈ ਅਤੇ ਦੁਨੀਆ ਭਰ ਵਿੱਚ ਪੈਦਾ ਹੋਈ ਭਾਰੀ ਮੰਗ ਹੈ, ਉਨ੍ਹਾਂ ਕਿਹਾ।

ਅਤੇ ਇਸ ਲਈ, ਆਦਰਸ਼ ਤੌਰ ‘ਤੇ, ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਟੀਕੇ ਸਾਨੂੰ ਮਿਲਣ — ਜਿਹੜੇ ਕਿ ਸੁਰੱਖਿਅਤ ਹੋਣ — ਤਾਂ ਜੋ ਉਹ ਦੁਨੀਆ ਭਰ ਦੇ ਲੋੜਵੰਦ ਲੋਕਾਂ ਨੂੰ ਲਾਏ ਜਾ ਸਕਣ।


ਤੁਹਾਡੇ ਮਨ ਵਿੱਚ ਕੋਰੋਨਾਵਾਇਰਸ ਨਾਲ ਸਬੰਧਿਤ ਕੋਈ ਸਵਾਲ ਹੈ ਜਾਂ ਸੀਬੀਸੀ ਨਿਊਜ਼ ਲਈ ਕੋਈ ਖ਼ਬਰ ਹੈ? ਸਾਡਾ ਈ-ਮੇਲ ਪਤਾ ਹੈ: Covid@cbc.ca

ਸੁਰਖੀਆਂ